ਦਾਊਦ ਤੋਂ ਇਸਰਾਏਲੀਆਂ ਦੀ ਗਿਣਤੀ ਦਾ ਪਾਪ
21
1 ਸਤਾਨ ਇਸਰਾਏਲੀਆਂ ਦੇ ਵਿਰੁੱਧ ਸੀ ਅਤੇ ਦਾਊਦ ਨੂੰ ਇਸਰਾਏਲੀਆਂ ਦੀ ਗਿਣਤੀ ਕਰਨ ਲਈ ਉਕਸਾਇਆ।
2 ਤਾਂ ਦਾਊਦ ਨੇ ਯੋਆਬ ਅਤੇ ਲੋਕਾਂ ਦੇ ਆਗੂਆਂ ਨੂੰ ਕਿਹਾ, “ਜਾਓ ਅਤੇ ਬਏਰਸ਼ਬਾ ਤੋਂ ਲੈ ਕੇ ਦਾਨ ਸ਼ਹਿਰ ਤੀਕ ਇਸਰਾਏਲ ਦੇ ਲੋਕਾਂ ਦੀ ਗਿਣਤੀ ਕਰੋ ਅਤੇ ਫ਼ਿਰ ਆਣ ਕੇ ਮੈਨੂੰ ਦੱਸੋ ਕਿ ਉਨ੍ਹਾਂ ਦੀ ਗਿਣਤੀ ਕਿੰਨੀ ਹੈ ਤਾਂ ਜੋ ਮੈਨੂੰ ਪਤਾ ਲੱਗੇ ਕਿ ਇਸਰਾਏਲੀਆਂ ਦੀ ਕੁਲ ਗਿਣਤੀ ਕਿੰਨੀ ਹੈ?”
3 ਪਰ ਯੋਆਬ ਨੇ ਜਵਾਬ ਦਿੱਤਾ, “ਚਾਹੇ ਯਹੋਵਾਹ ਆਪਣੀ ਪਰਜਾ ਨੂੰ ਇਸ ਸੁਆਮੀ ਨਾਲੋਂ ਸੌ ਗੁਣਾ ਵੱਧੇਰੇ ਵਿਸ਼ਾਲ ਬਣਾ ਦੇਵੇ, ਇਸਰਾਏਲ ਦੇ ਉਹ ਸਾਰੇ ਲੋਕ ਤੇਰੇ ਨੌਕਰ ਰਹਿਣਗੇ। ਇਸ ਲਈ ਮੇਰੇ ਮਾਲਕ ਅਤੇ ਪਾਤਸ਼ਾਹ, ਤੂੰ ਅਜਿਹਾ ਕਿਉਂ ਕਰਨਾ ਚਾਹੁਂਨਾ? ਤੂੰ ਇਸਰਾਏਲ ਦੇ ਲੋਕਾਂ ਨੂੰ ਪਾਪ ਦੇ ਦੋਸ਼ੀ ਕਿਉਂ ਬਨਾਉਣਾ ਚਾਹੁੰਦਾ ਹੈਂ?”
4 ਪਰ ਦਾਊਦ ਪਾਤਸ਼ਾਹ ਆਪਣੀ ਗੱਲ ਤੇ ਅੜਿਆ ਰਿਹਾ ਇਸ ਲਈ ਯੋਆਬ ਨੂੰ ਪਾਤਸ਼ਾਹ ਦਾ ਹੁਕਮ ਮੰਨਣਾ ਪਿਆ। ਇਸ ਲਈ ਯੋਆਬ ਦੇਸ਼ ਵਿੱਚ ਰਹਿੰਦੇ ਸਾਰੇ ਇਸਰਾਏਲੀ ਲੋਕਾਂ ਦੀ ਗਿਣਤੀ ਕਰਨ ਲਈ ਚੱਲਾ ਗਿਆ। ਫ਼ਿਰ ਯੋਆਬ ਯਰੂਸ਼ਲਮ ਨੂੰ ਵਾਪਸ ਆ ਗਿਆ।
5 ਅਤੇ ਉਸ ਨੇ ਵਾਪਿਸ ਆ ਕੇ ਦਾਊਦ ਨੂੰ ਲੋਕਾਂ ਦੀ ਗਿਣਤੀ ਦੱਸੀ। ਉਸ ਵਕਤ ਇਸਰਾਏਲ ਵਿੱਚ ਤਲਵਾਰ ਧਾਰੀਆਂ ਦੀ ਗਿਣਤੀ 11,00,000 ਸੀ। ਅਤੇ ਯਹੂਦਾਹ ਵਿੱਚ 4,70,000 ਤਲਵਾਰ ਧਾਰੀ ਸਨ।
6 ਯੋਆਬ ਨੇ ਲੇਵੀ ਅਤੇ ਬਿਨਯਾਮੀਨ ਦੇ ਪਰਿਵਾਰ-ਸਮੂਹਾਂ ਨੂੰ ਨਾ ਗਿਣਿਆ। ਇਨ੍ਹਾਂ ਦੀ ਗਿਣਤੀ ਯੋਆਬ ਨੇ ਇਸ ਲਈ ਨਾ ਕੀਤੀ ਕਿਉਂ ਕਿ ਉਸ ਨੂੰ ਦਾਊਦ ਦਾ ਇਹ ਹੁਕਮ ਭਾਇਆ ਨਹੀਂ ਸੀ।
7 ਦਾਊਦ ਨੇ ਯਹੋਵਾਹ ਦੀ ਦਿ੍ਰਸ਼ਟੀ ਵਿੱਚ ਇੱਕ ਭੈੜਾ ਕੰਮ ਕੀਤਾ ਸੀ, ਇਸ ਲਈ ਪਰਮੇਸ਼ੁਰ ਨੇ ਇਸਰਾਏਲ ਨੂੰ ਸਜ਼ਾ ਦਿੱਤੀ।
ਪਰਮੇਸ਼ੁਰ ਦਾ ਇਸਰਾਏਲ ਨੂੰ ਦੰਡ ਦੇਣਾ
8 ਤੱਦ ਦਾਊਦ ਨੇ ਪਰਮੇਸ਼ੁਰ ਨੂੰ ਕਿਹਾ, “ਮੈਂ ਬੜੀ ਮੂਰੱਖਤਾਈ ਕੀਤੀ ਹੈ ਜੋ ਮੈਂ ਇਸਰਾਏਲੀਆਂ ਦੀ ਗਿਣਤੀ ਕੀਤੀ। ਮੇਰੇ ਕੋਲੋਂ ਵੱਡਾ ਪਾਪ ਹੋਇਆ ਹੈ ਇਸ ਲਈ ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਕਿ ਹੇ ਯਹੋਵਾਹ ਮੇਰੀ ਭੁੱਲ ਨੂੰ ਆਪਣਾ ਦਾਸ ਜਾਣ ਕੇ ਬਖਸ਼ ਦੇ।”
9-10 ਗਾਦ ਦਾਊਦ ਦਾ ਸਂਤ ਸੀ ਤਾਂ ਯਹੋਵਾਹ ਨੇ ਗਾਦ ਨੂੰ ਆਖਿਆ, “ਜਾ, ਅਤੇ ਜਾ ਕੇ ਦਾਊਦ ਨੂੰ ਦੱਸ ਕਿ ਯਹੋਵਾਹ ਨੇ ਇਹ ਵਾਕ ਕਿਹਾ ਹੈ, ਕਿ ਮੈਂ ਤੈਨੂੰ ਤਿੰਨ ਚੋਣ ਦਿੰਦਾ ਹਾਂ, ਤੂੰ ਉਨ੍ਹਾਂ ਵਿੱਚੋਂ ਇੱਕ ਦੀ ਚੋਣ ਕਰ ਲੈ ਅਤੇ ਮੈਂ ਫ਼ਿਰ ਤੈਨੂੰ ਤੇਰੀ ਉਸ ਚੋਣ ਮੁਤਾਬਕ ਸਜ਼ਾ ਦੇਵਾਂਗਾ।”
11-12 ਤੱਦ ਗਾਦ ਦਾਊਦ ਕੋਲ ਗਿਆ ਅਤੇ ਉਸ ਨੂੰ ਜਾ ਕੇ ਕਿਹਾ, “ਯਹੋਵਾਹ ਆਖਦਾ ਹੈ, ‘ਦਾਊਦ ਤੂੰ ਇਨ੍ਹਾਂ ਵਿੱਚੋਂ ਚੋਣ ਕਰ ਲੈ ਕਿ ਤੈਨੂੰ ਕਿਹੜਾ ਦੰਡ ਚਾਹੀਦਾ ਹੈ: ਤਿੰਨ ਸਾਲਾਂ ਦਾ ਅੰਨ ਕਾਲ ਹੋਵੇ ਜਾਂ ਤੂੰ ਆਪਣੇ ਵੈਰੀਆਂ ਸਾਮ੍ਹਣਿਓ ਤਿੰਨਾਂ ਮਹੀਨਿਆਂ ਲਈ ਭੱਜ ਜਾ, ਜਦੋਂ ਕਿ ਉਹ ਤੈਨੂੰ ਆਪਣੀਆਂ ਤਲਵਾਰਾਂ ਨਾਲ ਭਜਾਉਣ ਜਾਂ ਤਿੰਨ ਦਿਨ ਯਹੋਵਾਹ ਤੇਰੇ ਉੱਪਰ ਕਰੋਪੀ ਰਹੇ ਜਿਸ ਵਿੱਚ ਮਹਾਂਮਾਰੀ ਸਾਰੇ ਦੇਸ ਵਿੱਚ ਫ਼ੈਲ ਜਾਵੇ ਅਤੇ ਯਹੋਵਾਹ ਦਾ ਦੂਤ ਸਾਰੇ ਦੇਸ਼ ਰਾਹੀਂ ਇਸਰਾਏਲੀਆਂ ਨੂੰ ਤਬਾਹ ਕਰੇ।’ ਦਾਊਦ! ਪਰਮੇਸ਼ੁਰ ਨੇ ਮੈਨੂੰ ਇਸੇ ਲਈ ਭੇਜਿਆ ਹੈ ਤਾਂ ਜੋ ਇਨ੍ਹਾਂ ਵਿੱਚੋਂ ਤੂੰ ਚੋਣ ਕਰ ਲੈ ਤਾਂ ਜੋ ਮੈਂ ਜਾ ਕੇ ਪਰਮੇਸ਼ੁਰ ਨੂੰ ਜਵਾਬੰਦੇਹ ਹੋਵਾਂ।”
13 ਦਾਊਦ ਨੇ ਗਾਦ ਨੂੰ ਕਿਹਾ, “ਮੈਂ ਤਾਂ ਵੱਡੀ ਦੁਵਿਧਾ ਵਿੱਚ ਫ਼ਸ ਗਿਆ ਹਾਂ। ਮੈਂ ਆਪਣੀ ਸਜ਼ਾ ਲਈ ਕਿਸੇ ਮਨੁੱਖ ਦੇ ਹੱਥ ਵਿੱਚ ਨਹੀਂ ਪੈਣਾ ਚਾਹੁੰਦਾ। ਯਹੋਵਾਹ ਬੜਾ ਦਯਾਵਾਨ ਹੈ, ਇਸ ਲਈ ਮੈਂ ਯਹੋਵਾਹ ਦੇ ਉੱਪਰ ਹੀ ਛੱਡਦਾ ਹਾਂ ਉਹ ਜਿਵੇਂ ਚਾਹੇ ਮੈਨੂੰ ਦੰਡ ਦੇਵੇ।”
14 ਤਾਂ ਯਹੋਵਾਹ ਨੇ ਇਸਰਾਏਲ ਉੱਪਰ ਮਹਾਂਮਾਰੀ ਭੇਜੀ ਜਿਸ ਵਿੱਚ 70,000 ਲੋਕ ਮਰ ਗਏ।
15 ਪਰਮੇਸ਼ੁਰ ਨੇ ਯਰੂਸ਼ਲਮ ਨੂੰ ਨਸ਼ਟ ਕਰਨ ਲਈ ਦੂਤ ਨੂੰ ਭੇਜਿਆ ਪਰ ਜਦ ਹੀ ਦੂਤ ਨੇ ਯਰੂਸ਼ਲਮ ਨੂੰ ਨਾਸ ਕਰਨਾ ਸ਼ੁਰੂ ਕੀਤਾ ਤਾਂ ਯਹੋਵਾਹ ਇਸ ਨਾਸ ਨੂੰ ਵੇਖਕੇ ਪਛਤਾਇਆ। ਤਾਂ ਯਹੋਵਾਹ ਨੇ ਉਸ ਦੂਤ ਨੂੰ ਜੋ ਨਾਸ ਕਰ ਰਿਹਾ ਸੀ ਆਖਿਆ, “ਰੁਕ ਜਾ! ਬਸ ਬਹੁਤ ਹੋ ਗਿਆ!” ਉਸ ਵਕਤ ਯਹੋਵਾਹ ਦਾ ਦੂਤ ਅਜੇ ਯਬੂਸੀ ਆਰਨਾਨ ਦੇ ਪਿੜ ਕੋਲ ਖੜੋਤਾ ਸੀ।
16 ਤਾਂ ਦਾਊਦ ਨੇ ਆਪਣੀਆਂ ਅੱਖਾਂ ਉੱਪਰ ਨੂੰ ਕਰਕੇ ਅਸਮਾਨ ਵਿੱਚ ਯਹੋਵਾਹ ਦੇ ਦੂਤ ਨੂੰ ਵੇਖਿਆ। ਦੂਤ ਦੀ ਤਲਵਾਰ ਯਰੂਸ਼ਲਮ ਸ਼ਹਿਰ ਵੱਲ ਨਿਕਲੀ ਹੋਈ ਸੀ। ਤੱਦ ਦਾਊਦ ਅਤੇ ਬਜ਼ੁਰਗਾਂ ਨੇ ਧਰਤੀ ਉੱਤੇ ਸਿਰ ਨਿਵਾਂ ਕੇ ਮੱਥਾ ਟੇਕਿਆ। ਦਾਊਦ ਅਤੇ ਬਜ਼ੁਰਗਾਂ ਨੇ ਆਪਣਾ ਦੁੱਖ ਪ੍ਰਗਟ ਕਰਨ ਲਈ ਖਾਸ ਤੱਪੜ ਪਾਇਆ ਹੋਇਆ ਸੀ।
17 ਦਾਊਦ ਨੇ ਪਰਮੇਸ਼ੁਰ ਨੂੰ ਕਿਹਾ, “ਮੈਂ ਹੀ ਪਾਪੀ ਹਾਂ ਜਿਸਨੇ ਲੋਕਾਂ ਦੀ ਗਿਣਤੀ ਕਰਨ ਦਾ ਹੁਕਮ ਦਿੱਤਾ। ਮੈਂ ਹੀ ਇਹ ਬੁਰਾ ਪਾਪ ਕੀਤਾ ਹੈ। ਇਸਰਾਏਲੀਆਂ ਨੇ ਕੁਝ ਵੀ ਗ਼ਲਤ ਨਹੀਂ ਕੀਤਾ। ਹੇ ਮੇਰੇ ਹੇ ਯਹੋਵਾਹ ਮੇਰੇ ਪਰਮੇਸ਼ੁਰ, ਮੈਨੂੰ ਅਤੇ ਮੇਰੇ ਪਰਿਵਾਰ ਨੂੰ ਸਜ਼ਾ ਦੇ, ਪਰ, ਕਿਰਪਾ ਕਰਕੇ ਆਪਣੀਆਂ ਭੇਡਾਂ ਅਤੇ ਆਪਣੇ ਸ਼ਰਧਾਲੂਆਂ ਉੱਪਰ ਇਹ ਮਹਾਮਾਰੀ ਨੂੰ ਰੋਕ ਦੇਵੋ।”
18 ਤੱਦ ਯਹੋਵਾਹ ਦੇ ਦੂਤ ਨੇ ਗਾਦ ਨੂੰ ਕਿਹਾ ਕਿ ਦਾਊਦ ਨੂੰ ਆਖੋ ਕਿ ਉਹ ਯਹੋਵਾਹ ਦੇ ਉਪਾਸਨਾ ਲਈ ਇੱਕ ਜਗਵੇਦੀ ਬਣਾਏ। ਦਾਊਦ ਨੂੰ ਕਹੋ ਇਹ ਜਗਵੇਦੀ ਯਬੂਸੀ ਆਰਨਾਨ ਦੇ ਪਿੜ ਦੇ ਨਜ਼ਦੀਕ ਬਣਾਵੇ।
19 ਗਾਦ ਨੇ ਉਹ ਸਭ ਗੱਲਾਂ ਦੱਸੀਆਂ ਜੋ ਪਰਮੇਸ਼ੁਰ ਨੇ ਉਸ ਨੂੰ ਦਾਊਦ ਨੂੰ ਦੱਸਣ ਲਈ ਕਹੀਆਂ ਸਨ ਤਾਂ ਦਾਊਦ ਆਰਨਾਨ ਦੇ ਪਿੜ ਵਿੱਚ ਗਿਆ।
20 ਉਸ ਵਕਤ ਆਰਨਾਨ ਕਣਕ ਦਾ ਗਾਹ ਪਾ ਰਿਹਾ ਸੀ ਉਸ ਨੇ ਮੁੜ ਕੇ ਵੇਖਿਆ ਤਾਂ ਉਸ ਨੂੰ ਦੂਤ ਨਜ਼ਰ ਆਇਆ ਤਾਂ ਆਰਨਾਨ ਦੇ ਚਾਰੋ ਪੁੱਤਰ ਲੁਕਣ ਲਈ ਭੱਜ ਖੜੋਤੇ।
21 ਦਾਊਦ ਆਰਨਾਨ ਕੋਲ ਪਹਾੜੀ ਉੱਪਰ ਜਾ ਰਿਹਾ ਸੀ। ਜਦੋਂ ਆਰਨਾਨ ਨੇ ਉਸ ਨੂੰ ਆਉਂਦਿਆਂ ਵੇਖਿਆ, ਉਸ ਨੇ ਪਿੜ ਵਿੱਚ ਆਪਣਾ ਕੰਮ ਛੱਡ ਦਿੱਤਾ ਅਤੇ ਦਾਊਦ ਵੱਲ ਆਇਆ। ਉਸ ਨੇ ਦਾਊਦ ਕੋਲ ਪਹੁੰਚ ਕੇ ਜ਼ਮੀਨ ਵੱਲ ਆਪਣਾ ਮੂੰਹ ਕਰਕੇ ਉਸ ਦੇ ਅੱਗੇ ਝੁਕ ਗਿਆ।
22 ਦਾਊਦ ਨੇ ਆਰਨਾਨ ਨੂੰ ਕਿਹਾ, “ਮੈਨੂੰ ਪੂਰੀ ਕੀਮਤ ਤੇ ਆਪਣਾ ਪਿੜ ਵੇਚ ਦੇ, ਤਾਂ ਜੋ ਇੱਥੇ ਮੈਂ ਯਹੋਵਾਹ ਦੀ ਉਪਾਸਨਾ ਲਈ ਇੱਕ ਜਗਵੇਦੀ ਬਣਾ ਸੱਕਾਂ। ਇਉਂ ਕਰਨ ਨਾਲ ਮਹਾਮਾਰੀ ਖਤਮ ਹੋ ਜਾਵੇਗੀ।”
23 ਆਰਨਾਨ ਨੇ ਦਾਊਦ ਨੂੰ ਕਿਹਾ, “ਤੂੰ ਇਹ ਪਿੜ ਸੰਭਾਲ ਲੈ। ਤੂੰ ਤਾਂ ਮੇਰਾ ਪਾਤਸ਼ਾਹ ਸੁਆਮੀ ਹੈਂ। ਤੈਨੂੰ ਜਿਵੇਂ ਚੰਗਾ ਲਗਦਾ ਹੈ ਤੂੰ ਕਰ ਲੈ। ਵੇਖ, ਮੈਂ ਤੈਨੂੰ ਹੋਮ ਦੀ ਭੇਟ ਲਈ ਪਸ਼ੂ ਅਤੇ ਅਨਾਜ ਦੀ ਭੇਟ ਲਈ ਕਣਕ ਵੀ ਦੇਵਾਂਗਾ।”
24 ਪਰ ਦਾਊਦ ਪਾਤਸ਼ਾਹ ਨੇ ਆਰਨਾਨ ਨੂੰ ਆਖਿਆ, “ਨਹੀਂ, ਇਸ ਸਭ ਕਾਸੇ ਲਈ ਮੈਂ ਤੈਨੂੰ ਪੂਰੀ ਕੀਮਤ ਚੁਕਾਵਾਂਗਾ। ਮੈਂ ਤੇਰੀਆਂ ਵਸਤਾਂ ਲੈ ਕੇ ਯਹੋਵਾਹ ਨੂੰ ਉਹ ਅਰਪਣ ਨਹੀਂ ਕਰਾਂਗਾ ਜੋ ਤੇਰੀ ਹੋਵੇ। ਜਿਸ ਵਸਤ ਦੀ ਮੈਨੂੰ ਕੀਮਤ ਅਦਾ ਨਾ ਕਰਨੀ ਪਵੇ ਉਹ ਭੇਟ ਮੈਂ ਕਿਵੇਂ ਕਰ ਸੱਕਦਾ ਹਾਂ?”
25 ਇਸ ਲਈ ਦਾਊਦ ਨੇ ਆਰਨਾਨ ਨੂੰ ਉਸ ਥਾਂ ਲਈ ਸੋਨੇ ਦੇ 15 ਪੌਂਡ ਦਿੱਤੇ।
26 ਉੱਥੇ ਦਾਊਦ ਨੇ ਯਹੋਵਾਹ ਦੀ ਉਪਾਸਨਾ ਲਈ ਜਗਵੇਦੀ ਤਿਆਰ ਕੀਤੀ। ਦਾਊਦ ਨੇ ਉੱਥੇ ਹੋਮ ਦੀਆਂ ਭੇਟਾਂ ਅਤੇ ਸੁੱਖ ਸਾਂਦ ਦੀਆਂ ਭੇਟਾਂ ਚੜ੍ਹਾਈਆਂ। ਦਾਊਦ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ। ਤਾਂ ਜਵਾਬ ਵਿੱਚ ਯਹੋਵਾਹ ਨੇ ਅਕਾਸ਼ ਤੋਂ ਹੋਮ ਦੀਆਂ ਭੇਟਾਂ ਦੀ ਜਗਵੇਦੀ ਉੱਪਰ ਅੱਗ ਭੇਜੀ।
27 ਉਸ ਵੇਲੇ ਯਹੋਵਾਹ ਨੇ ਉਸ ਦੂਤ ਨੂੰ ਆਗਿਆ ਦਿੱਤੀ ਕਿ ਉਹ ਆਪਣੀ ਤਲਵਾਰ ਫ਼ਿਰ ਮਿਆਨ ਵਿੱਚ ਪਾ ਲਵੇ।
28 ਦਾਊਦ ਨੇ ਵੇਖਿਆ ਕਿ ਯਹੋਵਾਹ ਨੇ ਯਬੂਸੀ ਆਰਨਾਨ ਦੇ ਪਿੜ ਵਿੱਚ ਉਸ ਨੂੰ ਉੱਤਰ ਦਿੱਤਾ ਹੈ ਤਾਂ ਦਾਊਦ ਨੇ ਯਹੋਵਾਹ ਨੂੰ ਬਲੀ ਚੜ੍ਹਾਈ।
29 (ਪਵਿੱਤਰ ਤੰਬੂ ਅਤੇ ਹੋਮ ਦੀਆਂ ਭੇਟਾਂ ਲਈ ਜਗਵੇਦੀ ਗਿਬਓਨ ਵਿੱਚ ਉੱਚੇ ਥਾਂ ਉੱਤੇ ਸੀ। ਜਦੋਂ ਇਸਰਾਏਲ ਦੇ ਲੋਕ ਉਜਾੜ ਵਿੱਚ ਸਨ ਉਸ ਵਕਤ ਮੂਸਾ ਨੇ ਇਹ ਪਵਿੱਤਰ ਤੰਬੂ ਬਣਾਇਆ ਸੀ।
30 ਦਾਊਦ ਕਿਉਂ ਕਿ ਪਰਮੇਸ਼ੁਰ ਤੋਂ ਭੈਭੀਤ ਸੀ ਇਸ ਲਈ ਉਹ ਉਸ ਕੋਲ ਪਵਿੱਤਰ ਤੰਬੂ ਵਿੱਚ ਨਾ ਜਾ ਸੱਕਿਆ। ਦਾਊਦ ਯਹੋਵਾਹ ਦੇ ਦੂਤ ਦੀ ਤਲਵਾਰ ਤੋਂ ਡਰਦਾ ਸੀ।)