ਲੋਕ ਫ਼ੇਰ ਸ਼ਿਕਾਇਤ ਕਰਦੇ ਹਨ
14
1 ਉਸ ਰਾਤ ਡੇਰੇ ਦੇ ਸਾਰੇ ਲੋਕ ਉੱਚੀ-ਉੱਚੀ ਚੀਕਣ ਲੱਗੇ।
2 ਇਸਰਾਏਲ ਦੇ ਲੋਕ ਮੂਸਾ ਅਤੇ ਹਾਰੂਨ ਦੇ ਵਿਰੁੱਧ ਬੋਲਣ ਲੱਗੇ। ਸਾਰੇ ਲੋਕ ਇਕੱਠੇ ਹੋਕੇ ਆਏ ਅਤੇ ਮੂਸਾ ਅਤੇ ਹਾਰੂਨ ਨੂੰ ਕਹਿਣ ਲੱਗੇ, “ਸਾਨੂੰ ਮਿਸਰ ਵਿੱਚ ਜਾਂ ਮਾਰੂਥਲ ਅੰਦਰ ਮਰ ਜਾਣਾ ਚਾਹੀਦਾ ਸੀ। ਇਹ ਗੱਲ ਇਸ ਨਵੀਂ ਧਰਤੀ ਵਿੱਚ ਮਾਰੇ ਜਾਣ ਨਾਲੋਂ ਬਿਹਤਰ ਹੋਣੀ ਸੀ।
3 ਕੀ ਸਾਨੂੰ ਯਹੋਵਾਹ ਨੇ ਇਸ ਨਵੀਂ ਧਰਤੀ ਉੱਤੇ ਜੰਗ ਵਿੱਚ ਮਾਰੇ ਜਾਣ ਲਈ ਲਿਆਂਦਾ ਸੀ? ਦੁਸ਼ਮਣ ਸਾਨੂੰ ਮਾਰ ਦੇਵੇਗਾ ਅਤੇ ਸਾਡੀਆਂ ਪਤਨੀਆਂ ਅਤੇ ਬੱਚਿਆਂ ਨੂੰ ਖੋਹ ਲਵੇਗਾ। ਸਾਡੇ ਲਈ ਮਿਸਰ ਵਾਪਸ ਜਾਣਾ ਵੱਧੇਰੇ ਚੰਗਾ ਹੋਵੇਗਾ।”
4 ਫ਼ੇਰ ਲੋਕਾਂ ਨੇ ਇੱਕ ਦੂਜੇ ਨੂੰ ਆਖਿਆ, “ਆਉ ਆਪਾਂ ਕੋਈ ਹੋਰ ਆਗੂ ਚੁਣੀਏ ਅਤੇ ਮਿਸਰ ਨੂੰ ਵਾਪਸ ਚੱਲੇ ਜਾਈਏ।”
5 ਮੂਸਾ ਅਤੇ ਹਾਰੂਨ ਉੱਥੇ ਜਮ੍ਹਾ ਹੋਏ ਸਾਰੇ ਲੋਕਾਂ ਸਾਹਮਣੇ ਧਰਤੀ ਉੱਤੇ ਝੁਕ ਗਏ।
6 ਯਹੋਸ਼ੁਆ ਅਤੇ ਕਾਲੇਬ ਨੇ ਆਪਣੇ ਕੱਪੜੇ ਪਾੜ ਲਈ। (ਨੂਨ ਦਾ ਪੁੱਤਰ ਯਹੋਸ਼ੁਆ ਅਤੇ ਯਫ਼ੁੰਨਹ ਦਾ ਪੁੱਤਰ ਕਾਲੇਬ ਆਦਮੀਆਂ ਵਿੱਚੋਂ ਦੋ ਅਜਿਹੇ ਸਨ ਜਿਨ੍ਹਾਂ ਨੇ ਉਸ ਧਰਤੀ ਦੀ ਖੋਜ-ਪੜਤਾਲ ਕੀਤੀ ਸੀ।)
7 ਇਨ੍ਹਾਂ ਦੋਹਾਂ ਆਦਮੀਆਂ ਨੇ ਉੱਥੇ ਜਮ੍ਹਾਂ ਹੋਏ ਸਮੂਹ ਲੋਕਾਂ ਨੂੰ ਆਖਿਆ, “ਜਿਹੜੀ ਧਰਤੀ ਅਸੀਂ ਦੇਖੀ ਸੀ ਉਹ ਬਹੁਤ ਚੰਗੀ ਹੈ।
8-9 ਇਹ ਧਰਤੀ ਬਹੁਤ ਸਾਰੀਆਂ ਚੰਗਿਆਂ ਚੀਜ਼ਾਂ ਨਾਲ ਭਰੀ ਹੋਈ ਹੈ। ਜੇ ਯਹੋਵਾਹ ਸਾਡੇ ਉੱਤੇ ਪ੍ਰਸੰਨ ਹੈ, ਉਹ ਸਾਡੀ ਉਸ ਧਰਤੀ ਉੱਤੇ ਅਗਵਾਈ ਕਰੇਗਾ ਅਤੇ ਇਸ ਨੂੰ ਸਾਨੂੰ ਦੇ ਦੇਵੇਗਾ! ਯਹੋਵਾਹ ਦੇ ਖਿਲਾਫ਼ ਵਿਦਰੋਹ ਨਾ ਕਰੋ ਅਤੇ ਉਸ ਧਰਤੀ ਦੇ ਲੋਕਾਂ ਕੋਲੋਂ ਭੈਭੀਤ ਨਾ ਹੋਵੋ। ਅਸੀਂ ਉਨ੍ਹਾਂ ਨੂੰ ਹਰਾ ਸੱਕਦੇ ਹਾਂ। ਉਨ੍ਹਾਂ ਦੀ ਸੁਰੱਖਿਆ ਚਲੀ ਗਈ ਹੈ, ਕਿਉਂਕਿ ਯਹੋਵਾਹ ਸਾਡੇ ਨਾਲ ਹੈ। ਇਸ ਲਈ ਉਨ੍ਹਾਂ ਤੋਂ ਭੈਭੀਤ ਨਾ ਹੋਵੋ!”
10 ਸਾਰੇ ਲੋਕੀ ਯਹੋਸ਼ੁਆ ਅਤੇ ਕਾਲੇਬ ਨੂੰ ਪੱਥਰਾਂ ਨਾਲ ਮਾਰ ਮੁਕਾਉਣ ਦੀਆਂ ਗੱਲਾਂ ਕਰਨ ਲੱਗੇ। ਪਰ ਯਹੋਵਾਹ ਦਾ ਪਰਤਾਪ ਮੰਡਲੀ ਵਾਲੇ ਤੰਬੂ ਉੱਪਰ ਦਿਖਾਈ ਦਿੱਤਾ, ਜਿੱਥੇ ਸਮੂਹ ਲੋਕ ਉਸ ਨੂੰ ਦੇਖ ਸੱਕਦੇ ਸਨ।
11 ਯਹੋਵਾਹ ਨੇ ਮੂਸਾ ਨਾਲ ਗੱਲ ਕੀਤੀ। ਉਸ ਨੇ ਆਖਿਆ, “ਕਿੰਨਾ ਚਿਰ ਇਹ ਲੋਕ ਮੇਰੇ ਵਿਰੁੱਧ ਰਹਿਣਗੇ? ਉਹ ਦਰਸ਼ਾਉਂਦੇ ਹਨ ਕਿ ਉਨ੍ਹਾਂ ਨੂੰ ਮੇਰੇ ਉੱਤੇ ਕੋਈ ਭਰੋਸਾ ਨਹੀਂ ਹੈ। ਕਿੰਨਾ ਚਿਰ ਉਹ ਮੇਰੇ ਭੈ ਵਿਸ਼ਵਾਸ ਕਰਨ ਤੋਂ ਇਨਕਾਰੀ ਹੋਣਗੇ ਜਦ ਕਿ ਮੈਂ ਉਨ੍ਹਾਂ ਨੂੰ ਕੁਝ ਸ਼ਕਤੀਸ਼ਾਲੀ ਨਿਸ਼ਾਨ ਦਿਖਾ ਦਿੱਤੇ ਹਨ।
12 ਮੈਂ ਉਨ੍ਹਾਂ ਸਾਰਿਆਂ ਨੂੰ ਭਿਆਨਕ ਬਿਮਾਰੀ ਨਾਲ ਮਾਰ ਸੁੱਟਾਂਗਾ। ਮੈਂ ਉਨ੍ਹਾਂ ਨੂੰ ਤਬਾਹ ਕਰ ਦਿਆਂਗਾ, ਅਤੇ ਮੈਂ ਇੱਕ ਹੋਰ ਕੌਮ ਉਸਾਰਨ ਲਈ ਤੇਰੀ ਵਰਤੋਂ ਕਰਾਂਗਾ। ਅਤੇ ਤੇਰੀ ਕੌਮ ਇਨ੍ਹਾਂ ਲੋਕਾਂ ਨਾਲੋਂ ਵੱਧੇਰੇ ਤਾਕਤਵਰ ਅਤੇ ਮਹਾਨ ਹੋਵੇਗੀ।”
13 ਫ਼ੇਰ ਮੂਸਾ ਨੇ ਯਹੋਵਾਹ ਨੂੰ ਆਖਿਆ, “ਜੇ ਤੂ ਅਜਿਹਾ ਕਰੋਂਗੇ, ਮਿਸਰੀ ਇਸ ਬਾਰੇ ਸੁਣਨਗੇ ਅਤੇ ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਤੂੰ ਆਪਣੇ ਲੋਕਾਂ ਨੂੰ ਮਿਸਰ ਵਿੱਚੋਂ ਬਾਹਰ ਲਿਆਉਣ ਲਈ ਆਪਣੀ ਮਹਾਨ ਸ਼ਕਤੀ ਦੀ ਵਰਤੋਂ ਕੀਤੀ।
14 ਮਿਸਰ ਦੇ ਲੋਕਾਂ ਨੇ ਕਨਾਨ ਦੇ ਲੋਕਾਂ ਨੂੰ ਇਸ ਬਾਰੇ ਦੱਸਿਆ ਸੀ। ਉਹ ਪਹਿਲਾਂ ਹੀ ਜਾਣਦੇ ਹਨ ਕਿ ਤੂੰ ਯਹੋਵਾਹ ਹੈ ਅਤੇ ਤੂੰ ਆਪਣੇ ਲੋਕਾਂ ਦੇ ਨਾਲ ਹੈ। ਉਹ ਜਾਣਦੇ ਹਨ ਕਿ ਲੋਕਾਂ ਨੇ ਤੈਨੂੰ ਦੇਖਿਆ ਹੈ। ਉਹ ਵਿਸ਼ੇਸ਼ ਬੱਦਲ ਬਾਰੇ ਜਾਣਦੇ ਹਨ। ਉਹ ਜਾਣਦੇ ਹਨ ਕਿ ਤੂੰ ਦਿਨ ਵਿੱਚ ਆਪਣੇ ਲੋਕਾਂ ਦੀ ਅਗਵਾਈ ਕਰਨ ਲਈ ਬੱਦਲ ਦੀ ਵਰਤੋਂ ਕਰਦਾ ਹੈ ਅਤੇ ਇਹ ਕਿ ਬੱਦਲ ਰਾਤ ਵੇਲੇ ਉਨ੍ਹਾਂ ਦੀ ਅਗਵਾਈ ਕਰਨ ਲਈ ਅੱਗ ਬਣ ਜਾਂਦਾ ਹੈ।
15 ਇਸ ਲਈ ਤੈਨੂੰ ਇਨ੍ਹਾਂ ਲੋਕਾਂ ਨੂੰ ਹੁਣ ਨਹੀਂ ਮਾਰਨਾ ਚਾਹੀਦਾ। ਜੇ ਤੂੰ ਇਨ੍ਹਾਂ ਨੂੰ ਮਾਰ ਦੇਵੇਗਾ ਤਾਂ ਉਹ ਸਾਰੇ ਲੋਕ ਜਿਨ੍ਹਾਂ ਨੇ ਤੇਰੀ ਸ਼ਕਤੀ ਬਾਰੇ ਸੁਣਿਆ ਹੈ, ਆਖਣਗੇ,
16 ‘ਯਹੋਵਾਹ ਇਨ੍ਹਾਂ ਲੋਕਾਂ ਨੂੰ ਉਸ ਧਰਤੀ ਉੱਤੇ ਲੈ ਜਾਣ ਵਿੱਚ ਸਫ਼ਲ ਨਹੀਂ ਹੋ ਸੱਕਿਆ ਜਿਸਦਾ ਉਸ ਨੇ ਇਨ੍ਹਾਂ ਨਾਲ ਇਕਰਾਰ ਕੀਤਾ ਸੀ। ਇਸ ਲਈ ਯਹੋਵਾਹ ਨੇ ਇਨ੍ਹਾਂ ਨੂੰ ਮਾਰੂਥਲ ਵਿੱਚ ਮਾਰ ਮੁਕਾਇਆ।’
17 “ਇਸ ਲਈ ਹੁਣ ਮਾਲਕ ਆਪਣੀ ਸ਼ਕਤੀ ਦਰਸਾ! ਇਸ ਨੂੰ ਉਸੇ ਤਰ੍ਹਾਂ ਦਰਸਾ ਜਿਵੇਂ ਤੂੰ ਆਖਿਆ ਸੀ!
18 ਤੂੰ ਆਖਿਆ ਸੀ, ‘ਯਹੋਵਾਹ ਗੁੱਸਾ ਕਰਨ ਵਿੱਚ ਦੇਰ ਲਾਉਂਦਾ ਹੈ। ਯਹੋਵਾਹ ਮਹਾਨ ਪਿਆਰ ਨਾਲ ਭਰਿਆ ਹੋਇਆ ਹੈ। ਯਹੋਵਾਹ ਉਨ੍ਹਾਂ ਲੋਕਾਂ ਨੂੰ ਮਾਫ਼ ਕਰ ਦਿੰਦਾ ਹੈ ਜਿਹੜੇ ਦੋਸ਼ੀ ਹੁੰਦੇ ਹਨ ਅਤੇ ਬਿਧੀਆਂ ਨੂੰ ਤੋਂੜਦੇ ਹਨ। ਪਰ ਯਹੋਵਾਹ ਉਨ੍ਹਾਂ ਲੋਕਾਂ ਨੂੰ ਹਮੇਸ਼ਾ ਸਜ਼ਾ ਦਿੰਦਾ ਹੈ ਜਿਹੜੇ ਗੁਨਾਹਗਾਰ ਹੁੰਦੇ ਹਨ। ਯਹੋਵਾਹ ਉਨ੍ਹਾਂ ਲੋਕਾਂ ਨੂੰ ਸਜ਼ਾ ਦਿੰਦਾ ਹੈ, ਅਤੇ ਉਹ ਉਨ੍ਹਾਂ ਦੇ ਬੱਚਿਆਂ ਨੂੰ ਵੀ ਸਜ਼ਾ ਦਿੰਦਾ ਹੈ, ਉਨ੍ਹਾਂ ਦੇ ਪੋਤਿਆਂ-ਪੜਪੋਤਿਆਂ ਨੂੰ ਵੀ ਉਨ੍ਹਾਂ ਮੰਦੀਆਂ ਗੱਲਾਂ ਲਈ ਸਜ਼ਾ ਦਿੰਦਾ ਹੈ!’
19 ਹੁਣ, ਆਪਣੇ ਮਹਾਨ ਪਿਆਰ ਕਾਰਣ, ਕਿਰਪਾ ਕਰਕੇ ਇਨ੍ਹਾਂ ਲੋਕਾਂ ਦੇ ਪਾਪ ਮੁਆਫ਼ ਕਰ ਦੇ। ਇਨ੍ਹਾਂ ਨੂੰ ਉਸੇ ਤਰ੍ਹਾਂ ਮਾਫ਼ ਕਰਦੇ ਜਿਵੇਂ ਤੂੰ ਮਿਸਰ ਛੱਡਣ ਤੋਂ ਲੈ ਕੇ ਹੁਣ ਤੱਕ ਕਰਦਾ ਆਇਆ ਹੈ।”
20 ਯਹੋਵਾਹ ਨੇ ਜਵਾਬ ਦਿੱਤਾ, “ਹਾਂ ਜਿਵੇਂ ਤੂੰ ਆਖਿਆ ਹੈ, ਮੈਂ ਇਨ੍ਹਾਂ ਲੋਕਾਂ ਨੂੰ ਮਾਫ਼ ਕਰ ਦਿਆਂਗਾ।
21 ਪਰ ਮੈਂ ਤੈਨੂੰ ਸੱਚ ਦੱਸਦਾ ਹਾਂ, ਯਹੋਵਾਹ ਦਾ ਪਰਤਾਪ ਧਰਤੀ ਨੂੰ ਭਰ ਦੇਵੇਗਾ।
22 ਉਨ੍ਹਾਂ ਲੋਕਾਂ ਵਿੱਚੋਂ, ਜਿਨ੍ਹਾਂ ਨੂੰ ਮੈਂ ਮਿਸਰ ਵਿੱਚੋਂ ਲਿਆਂਦਾ ਸੀ, ਕੋਈ ਵੀ ਕਦੇ ਕਨਾਨ ਦੀ ਧਰਤੀ ਨੂੰ ਨਹੀਂ ਦੇਖ ਸੱਕੇਗਾ। ਉਨ੍ਹਾਂ ਲੋਕਾਂ ਨੇ ਮੇਰਾ ਪਰਤਾਪ ਦੇਖਿਆ ਸੀ ਅਤੇ ਉਹ ਸਾਰੇ ਮਹਾਨ ਸੰਕੇਤ ਦੇਖੇ ਸਨ ਜਿਹੜੇ ਮੈਂ ਮਿਸਰ ਵਿੱਚ ਦਰਸ਼ਾਏ ਸਨ। ਅਤੇ ਉਨ੍ਹਾਂ ਨੇ ਉਹ ਸਾਰੀਆਂ ਮਹਾਨ ਗੱਲਾਂ ਵੀ ਦੇਖੀਆਂ ਸਨ ਜਿਹੜੀਆਂ ਮੈਂ ਮਾਰੂਥਲ ਵਿੱਚ ਕੀਤੀਆਂ ਸਨ। ਪਰ ਉਨ੍ਹਾਂ ਨੇ ਮੇਰੀ ਹੁਕਮ ਅਦੂਲੀ ਕੀਤੀ ਅਤੇ ਮੈਨੂੰ 10 ਵਾਰੀ ਪਰੱਖਿਆ।
23 ਉਹ ਉਸ ਧਰਤੀ ਨੂੰ ਨਹੀਂ ਵੇਖਣਗੇ ਜਿਸਦਾ ਮੈਂ ਉਨ੍ਹਾਂ ਦੇ ਪੁਰਖਿਆਂ ਨਾਲ ਇਕਰਾਰ ਕੀਤਾ ਸੀ। ਉਨ੍ਹਾਂ ਲੋਕਾਂ ਵਿੱਚੋਂ ਕੋਈ ਵੀ, ਜਿਹੜੇ ਮੇਰੇ ਵਿਰੁੱਧ ਹੋ ਗਏ ਸਨ, ਕਦੇ ਵੀ ਉਸ ਧਰਤੀ ਵਿੱਚ ਦਾਖਲ ਹੋਣ ਦੇ ਕਾਬਲ ਨਹੀਂ ਹੋਵੇਗਾ।
24 ਪਰ ਮੇਰਾ ਸੇਵਕ ਕਾਲੇਬ ਵੱਖਰਾ ਸੀ। ਉਹ ਪੂਰੀ ਤਰ੍ਹਾਂ ਮੇਰਾ ਅਨੁਯਾਈ ਹੈ। ਇਸ ਲਈ ਮੈਂ ਉਸ ਨੂੰ ਉਸ ਧਰਤੀ ਉੱਤੇ ਲੈ ਜਾਵਾਂਗਾ, ਜਿਹੜੀ ਉਸ ਨੇ ਪਹਿਲਾਂ ਹੀ ਦੇਖ ਲਈ ਹੈ। ਅਤੇ ਉਸ ਦੇ ਲੋਕ ਉਹ ਧਰਤੀ ਹਾਸਿਲ ਕਰ ਲੈਣਗੇ।
25 ਉਸ ਵਾਦੀ ਵਿੱਚ ਅਮਾਲੇਕੀ ਅਤੇ ਕਨਾਨੀ ਲੋਕ ਰਹਿੰਦੇ ਹਨ। ਇਸ ਲਈ ਕੱਲ੍ਹ ਨੂੰ ਤੂੰ ਇਹ ਥਾਂ ਛੱਡ ਕੇ ਲਾਲ ਸਾਗਰ ਨੂੰ ਜਾਣ ਵਾਲੀ ਸੜਕ ਉੱਤੇ ਵਾਪਸ ਮਾਰੂਥਲ ਵੱਲ ਚੱਲਿਆ ਜਾ।”
ਯਹੋਵਾਹ ਲੋਕਾਂ ਨੂੰ ਸਜ਼ਾ ਦਿੰਦਾ ਹੈ
26 ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਆਖਿਆ,
27 “ਹੋਰ ਕਿੰਨਾ ਚਿਰ ਇਹ ਮੰਦੇ ਲੋਕ ਮੇਰੇ ਵਿਰੁੱਧ ਸ਼ਿਕਾਇਤਾਂ ਕਰਨਗੇ? ਮੈਂ ਉਨ੍ਹਾਂ ਦੀਆਂ ਸ਼ਿਕਾਇਤਾ ਸੁਣ ਲਈਆਂ ਹਨ।
28 ਇਸ ਲਈ ਉਨ੍ਹਾਂ ਨੂੰ ਆਖ, ‘ਯਹੋਵਾਹ ਆਖਦਾ ਹੈ ਕਿ ਯਹੋਵਾਹ ਅਵੱਸ਼ ਹੀ ਉਹ ਸਾਰੀਆਂ ਗੱਲਾਂ ਤੁਹਾਡੇ ਨਾਲ ਕਰੇਗਾ ਜਿਨ੍ਹਾਂ ਬਾਰੇ ਤੁਸੀਂ ਸ਼ਿਕਾਇਤ ਕੀਤੀ ਹੈ। ਤੁਹਾਡੇ ਨਾਲ ਇਹ ਕੁਝ ਵਾਪਰੇਗਾ:
29 ਤੁਸੀਂ ਇਸ ਮਾਰੂਥਲ ਅੰਦਰ ਮਾਰੇ ਜਾਵੋਂਗੇ। ਹਰ ਵਿਅਕਤੀ, ਜਿਹੜਾ 20 ਸਾਲ ਜਾਂ ਇਸਤੋਂ ਵੱਡਾ ਹੈ ਅਤੇ ਮੇਰੇ ਬੰਦਿਆ ਵਿੱਚ ਗਿਣਿਆ ਗਿਆ, ਮਾਰਿਆ ਜਾਵੇਗਾ ਕਿਉਂਕਿ ਤੁਸੀਂ ਮੇਰੇ ਖਿਲਾਫ਼ ਸ਼ਿਕਾਇਤ ਕੀਤੀ।
30 ਇਸ ਲਈ ਤੁਸੀਂ ਕਦੇ ਵੀ ਉਸ ਧਰਤੀ ਵਿੱਚ ਦਾਖਲ ਨਹੀਂ ਹੋਵੋਂਗੇ ਜਿਸਦਾ ਮੈਂ ਤੁਹਾਡੇ ਨਾਲ ਇਕਰਾਰ ਕੀਤਾ ਸੀ। ਸਿਰਫ਼ ਯਫ਼ੁੰਨਹ ਦਾ ਪੁੱਤਰ ਕਾਲੇਬ ਅਤੇ ਨੂਨ ਦਾ ਪੁੱਤਰ ਯਹੋਸ਼ੁਆ ਉਸ ਧਰਤੀ ਵਿੱਚ ਦਾਖਲ ਹੋਣਗੇ।
31 ਤੁਸੀਂ ਡਰਦੇ ਸੀ ਅਤੇ ਸ਼ਿਕਾਇਤ ਕੀਤੀ ਕਿ ਉਹ ਧਰਤੀ ਦੇ ਤੁਹਾਡੇ ਦੁਸ਼ਮਣ ਕੋਲੋਂ ਤੁਹਾਡੇ ਬੱਚੇ ਖੋਹ ਲੈਣਗੇ। ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਮੈਂ ਉਨ੍ਹਾਂ ਬੱਚਿਆਂ ਨੂੰ ਉਸ ਧਰਤੀ ਉੱਤੇ ਲਿਜਾਵਾਂਗਾ। ਉਹ ਉਸ ਧਰਤੀ ਨੂੰ ਮਾਨਣਗੇ ਜਿਸ ਨੂੰ ਤੁਸੀਂ ਕਬੂਲਣ ਤੋਂ ਇਨਕਾਰ ਕਰ ਦਿੱਤਾ ਸੀ।
32 ਜਿੱਥੇ ਤੀਕ ਤੁਸਾਂ ਲੋਕਾਂ ਦੀ ਗੱਲ ਹੈ, ਤੁਸੀਂ ਇਸ ਮਾਰੂਥਲ ਅੰਦਰ ਮਾਰੇ ਜਾਵੋਂਗੇ।
33 “‘ਤੁਹਾਡੇ ਬੱਚੇ ਇਸ ਮਾਰੂਥਲ ਵਿੱਚ 40 ਸਾਲਾਂ ਤੀਕ ਅਯਾਲੀ ਰਹਿਣਗੇ। ਉਹ ਇਸ ਵਾਸਤੇ ਦੁੱਖ ਝੱਲਣਗੇ ਕਿਉਂਕਿ ਤੁਸੀਂ ਮੇਰੇ ਨਾਲ ਵਫ਼ਾ ਨਹੀਂ ਕੀਤੀ। ਉਨ੍ਹਾਂ ਨੂੰ ਉਦੋਂ ਤੱਕ ਦੁੱਖ ਝੱਲਣਾ ਪਵੇਗਾ ਜਦੋਂ ਤੀਕ ਕਿ ਤੁਸੀਂ ਸਾਰੇ ਮਾਰੂਥਲ ਵਿੱਚ ਮਰਕੇ ਦਫ਼ਨ ਨਹੀਂ ਹੋ ਜਾਂਦੇ।
34 ਚਾਲੀ ਸਾਲਾਂ ਤੀਕ ਤੁਸੀਂ ਆਪਣੇ ਪਾਪਾਂ ਕਾਰਣ ਦੁੱਖ ਭੋਗੋਂਗੇ। (ਮਤਲਬ ਇਹ ਕਿ ਉਨ੍ਹਾਂ 40 ਦਿਨਾਂ ਦੇ ਹਰੇਕ ਦਿਨ ਬਦਲੇ ਇੱਕ ਸਾਲ, ਜਦੋਂ ਆਦਮੀਆਂ ਨੇ ਉਸ ਧਰਤੀ ਦੀ ਖੋਜ ਪੜਤਾਲ ਕੀਤੀ ਸੀ।) ਤੁਸੀਂ ਜਾਣ ਜਾਵੋਂਗੇ ਕਿ ਮੇਰੇ ਲਈ ਤੁਹਾਡੇ ਵਿਰੁੱਧ ਹੋਣਾ ਕਿੰਨੀ ਭਿਆਨਕ ਗੱਲ ਹੈ।’
35 “ਮੈਂ ਯਹੋਵਾਹ ਹਾਂ, ਅਤੇ ਮੈਂ ਆਖ ਦਿੱਤਾ ਹੈ। ਅਤੇ ਮੈਂ ਇਕਰਾਰ ਕਰਦਾ ਹਾਂ ਕਿ ਮੈਂ ਇਨ੍ਹਾਂ ਮੰਦੇ ਲੋਕਾਂ ਲਈ ਇਹ ਸਾਰੀਆਂ ਗੱਲਾਂ ਕਰਾਂਗਾ। ਇਹ ਲੋਕ ਮੇਰੇ ਵਿਰੁੱਧ ਇਕੱਠੇ ਹੋਕੇ ਆਏ ਹਨ। ਇਸ ਲਈ ਇਹ ਸਾਰੇ ਇਸ ਮਾਰੂਥਲ ਅੰਦਰ ਮਰਨਗੇ।”
36 ਉਹ ਆਦਮੀ ਜਿਨ੍ਹਾਂ ਨੂੰ ਮੂਸਾ ਨੇ ਨਵੀਂ ਧਰਤੀ ਦੀ ਖੋਜ ਲਈ ਭੇਜਿਆ ਸੀ ਉਹੋ ਹੀ ਸਨ ਜਿਨ੍ਹਾਂ ਨੇ ਵਾਪਸ ਆਕੇ ਸਾਰੇ ਇਸਰਾਏਲੀ ਲੋਕਾਂ ਅੰਦਰ ਸ਼ਿਕਾਇਤਾਂ ਫ਼ੈਲਾਈਆਂ ਸਨ। ਉਨ੍ਹਾਂ ਆਦਮੀਆਂ ਨੇ ਆਖਿਆ ਸੀ ਕਿ ਲੋਕ ਉਸ ਧਰਤੀ ਅੰਦਰ ਦਾਖਲ ਹੋਣ ਦੇ ਸਮਰਥ ਨਹੀਂ ਸਨ।
37 ਉਹ ਆਦਮੀ ਇਸਰਾਏਲੀ ਲੋਕਾਂ ਅੰਦਰ ਮੁਸ਼ਕਿਲਾਂ ਖੜੀਆਂ ਕਰਨ ਲਈ ਜ਼ਿੰਮੇਵਾਰ ਸਨ। ਇਸ ਲਈ ਯਹੋਵਾਹ ਨੇ ਉਨ੍ਹਾਂ ਸਮੂਹ ਲੋਕਾਂ ਨੂੰ ਮਾਰਨ ਲਈ ਬਿਮਾਰੀ ਭੇਜੀ।
38 ਪਰ ਨੂਨ ਦਾ ਪੁੱਤਰ ਯਹੋਸ਼ੁਆ ਅਤੇ ਯਫ਼ੁੰਨਹ ਦਾ ਪੁੱਤਰ ਕਾਲੇਬ ਉਨ੍ਹਾਂ ਲੋਕਾਂ ਵਿੱਚੋਂ ਸਨ ਜਿਨ੍ਹਾਂ ਨੂੰ ਉਸ ਧਰਤੀ ਦੀ ਖੋਜ ਲਈ ਭੇਜਿਆ ਗਿਆ ਸੀ। ਅਤੇ ਯਹੋਵਾਹ ਨੇ ਉਨ੍ਹਾਂ ਦੋਹਾਂ ਆਦਮੀਆਂ ਨੂੰ ਬਚਾ ਲਿਆ। ਉਨ੍ਹਾਂ ਨੂੰ ਉਹ ਬਿਮਾਰੀ ਨਹੀਂ ਲਗੀ ਜਿਸਨੇ ਹੋਰਨਾ ਦਸਾਂ ਆਦਮੀਆਂ ਨੂੰ ਮਾਰ ਦਿੱਤਾ ਸੀ।
ਲੋਕ ਕਨਾਨ ਅੰਦਰ ਜਾਣ ਦੀ ਕੋਸ਼ਿਸ਼ ਕਰਦੇ ਹਨ
39 ਮੂਸਾ ਨੇ ਇਸਰਾਏਲੀ ਲੋਕਾਂ ਨੂੰ ਇਹ ਸਾਰੀਆਂ ਗੱਲਾਂ ਆਖੀਆਂ। ਲੋਕ ਬਹੁਤ ਉਦਾਸ ਹੋ ਗਏ।
40 ਦੂਸਰੇ ਦਿਨ ਸਵੇਰੇ-ਸਵੇਰੇ ਲੋਕਾਂ ਨੇ ਪਹਾੜੀ ਪ੍ਰਦੇਸ਼ ਵੱਲ ਜਾਣ ਲਈ ਚਾਲੇ ਪਾ ਦਿੱਤੇ। ਲੋਕਾਂ ਨੇ ਆਖਿਆ, “ਅਸੀਂ ਪਾਪ ਕੀਤਾ ਹੈ। ਸਾਨੂੰ ਅਫ਼ਸੋਸ ਹੈ ਕਿ ਅਸੀਂ ਯਹੋਵਾਹ ਉੱਤੇ ਭਰੋਸਾ ਨਹੀਂ ਕੀਤਾ। ਅਸੀਂ ਉਸ ਥਾਂ ਜਾਵਾਂਗੇ ਜਿਸਦਾ ਯਹੋਵਾਹ ਨੇ ਸਾਡੇ ਲਈ ਇਕਰਾਰ ਕੀਤਾ ਹੈ।”
41 ਪਰ ਮੂਸਾ ਨੇ ਆਖਿਆ, “ਤੁਸੀਂ ਯਹੋਵਾਹ ਦਾ ਆਦੇਸ਼ ਕਿਉਂ ਨਹੀਂ ਮੰਨ ਰਹੇ? ਤੁਸੀਂ ਸਫ਼ਲ ਨਹੀਂ ਹੋਵੋਂਗੇ!
42 ਉਸ ਧਰਤੀ ਉੱਤੇ ਨਾ ਜਾਵੋ। ਯਹੋਵਾਹ ਤੁਹਾਡੇ ਨਾਲ ਨਹੀਂ ਹੈ ਇਸ ਲਈ ਤੁਹਾਡੇ ਦੁਸ਼ਮਣ ਤੁਹਾਨੂੰ ਆਸਾਨੀ ਨਾਲ ਹਰਾ ਦੇਣਗੇ।
43 ਉੱਥੇ ਅਮਾਲੇਕੀ ਅਤੇ ਕਨਾਨੀ ਤੁਹਾਡੇ ਵਿਰੁੱਧ ਲੜਨਗੇ। ਤੁਸੀਂ ਯਹੋਵਾਹ ਤੋਂ ਆਪਣਾ ਮੂੰਹ ਫ਼ੇਰ ਲਿਆ ਹੈ। ਇਸ ਲਈ ਜਦੋਂ ਤੁਸੀਂ ਉਨ੍ਹਾਂ ਨਾਲ ਲੜੋਂਗੇ, ਉਹ ਤੁਹਾਡੇ ਨਾਲ ਨਹੀਂ ਹੋਵੇਗਾ।”
44 ਪਰ ਲੋਕਾਂ ਨੇ ਮੂਸਾ ਦੀ ਗੱਲ ਵਿੱਚ ਵਿਸ਼ਵਾਸ ਨਹੀਂ ਕੀਤਾ। ਇਸ ਲਈ ਉਹ ਪਹਾੜੀ ਪ੍ਰਦੇਸ਼ ਵੱਲ ਚੱਲੇ ਗਏ। ਪਰ ਮੂਸਾ ਅਤੇ ਯਹੋਵਾਹ ਦੇ ਇਕਰਾਰਨਾਮੇ ਵਾਲਾ ਸੰਦੂਕ ਲੋਕਾਂ ਦੇ ਨਾਲ ਨਹੀਂ ਗਏ।
45 ਪਹਾੜੀ ਪ੍ਰਦੇਸ਼ ਵਿੱਚ ਰਹਿਣ ਵਾਲੇ ਅਮਾਲੇਕੀ ਲੋਕ ਅਤੇ ਕਨਾਨੀ ਲੋਕ ਹੇਠਾ ਉਤਰ ਆਏ ਅਤੇ ਉਨ੍ਹਾਂ ਨੇ ਇਸਰਾਏਲ ਦੇ ਲੋਕਾਂ ਉੱਤੇ ਹਮਲਾ ਕਰ ਦਿੱਤਾ। ਅਮਾਲੇਕੀਆਂ ਅਤੇ ਕਨਾਨੀਆਂ ਨੇ ਉਨ੍ਹਾਂ ਨੂੰ ਆਸਾਨੀ ਨਾਲ ਹਰਾ ਦਿੱਤਾ ਅਤੇ ਉਨ੍ਹਾਂ ਨੂੰ ਹਾਰਮਾਹ ਤੱਕ ਭਜਾ ਦਿੱਤਾ।