ਯਿਸੂ ਮੂਸਾ ਅਤੇ ਏਲੀਯਾਹ ਦੇ ਨਾਲ
(ਮਰਕੁਸ 9:2-13; ਲੂਕਾ 9:28-36)
17
1 ਛੇਆਂ ਦਿਨਾਂ ਬਾਅਦ, ਯਿਸੂ ਨੇ ਪਤਰਸ, ਯਾਕੂਬ ਅਤੇ ਉਸ ਦੇ ਭਰਾ ਯੂਹੰਨਾ ਨੂੰ ਲਿਆ ਅਤੇ ਉਨ੍ਹਾਂ ਨੂੰ ਇੱਕ ਉੱਚੇ ਪਹਾੜ ਤੇ ਲੈ ਗਿਆ।
2 ਉਨ੍ਹਾਂ ਚੇਲਿਆਂ ਦੇ ਸਾਹਮਣੇ ਯਿਸੂ ਬਦਲ ਗਿਆ। ਉਸਦਾ ਮੁਖ ਸੂਰਜ ਵਾਂਗ ਚਮਕਿਆ ਅਤੇ ਉਸ ਦੇ ਕੱਪੜੇ ਚਾਨਣ ਵਰਗੇ ਚਿੱਟੇ ਹੋ ਗਏ।
3 ਫ਼ੇਰ ਉਨ੍ਹਾਂ ਦੋ ਆਦਮੀ, ਮੂਸਾ ਅਤੇ ਏਲੀਯਾਹ, ਯਿਸੂ ਨਾਲ ਗੱਲਾਂ ਕਰਦੇ ਹੋਏ ਨਜ਼ਰ ਆਏ।
4 ਤੱਦ ਪਤਰਸ ਨੇ ਅੱਗੋਂ ਯਿਸੂ ਨੂੰ ਆਖਿਆ, “ਪ੍ਰਭੂ ਜੀ ਸਾਡਾ ਇੱਥੇ ਹੋਣਾ ਚੰਗਾ ਹੈ। ਜੇ ਤੁਸੀਂ ਚਾਹੋਂ ਤਾਂ ਇੱਥੇ ਤਿੰਨ ਡੇਰੇ ਬਨਾਵਾਂ, ਇੱਕ ਤੁਹਾਡੇ ਲਈ ਇੱਕ ਮੂਸਾ ਲਈ ਅਤੇ ਇੱਕ ਏਲੀਯਾਹ ਲਈ।”
5 ਅਜੇ ਪਤਰਸ ਬੋਲ ਹੀ ਰਿਹਾ ਸੀ ਕਿ ਇੱਕ ਜੋਤਮਾਨ ਬੱਦਲ ਨੇ ਉਨ੍ਹਾਂ ਉੱਪਰ ਛਾਂ ਕੀਤੀ ਅਤੇ ਉਸ ਬੱਦਲ ਵਿੱਚੋਂ ਇੱਕ ਅਵਾਜ਼ ਇਹ ਕਹਿੰਦੀ ਆਈ ਕਿ, “ਇਹ ਮੇਰਾ ਪੁੱਤਰ ਹੈ ਅਤੇ ਮੈਂ ਇਸ ਨੂੰ ਪਿਆਰ ਕਰਦਾ ਹਾਂ।”
6 ਜਦੋਂ ਚੇਲਿਆਂ ਨੇ ਇਹ ਅਵਾਜ਼ ਸੁਣੀ ਤਾਂ ਉਹ ਘਬਰਾ ਗਏ। ਉਹ ਮੂਧੇ ਮੂੰਹ ਡਿੱਗ ਪਏ।
7 ਪਰ ਯਿਸੂ ਨੇ ਨੇੜੇ ਆਕੇ ਉਨ੍ਹਾਂ ਨੂੰ ਛੋਹਿਆ ਅਤੇ ਕਿਹਾ, “ਉੱਠੋ ਅਤੇ ਡਰੋ ਨਾ।”
8 ਤੱਦ ਉਨ੍ਹਾਂ ਨੇ ਆਪਣੀਆਂ ਅੱਖਾਂ ਚੁੱਕੀਆਂ ਤਾਂ ਉੱਥੇ ਹੋਰ ਕਿਸੇ ਨੂੰ ਨਹੀਂ ਸਿਰਫ਼ ਯਿਸੂ ਨੂੰ ਇੱਕਲਾ ਦੇਖਿਆ।
9 ਜਦੋਂ ਯਿਸੂ ਅਤੇ ਉਸ ਦੇ ਚੇਲੇ ਪਹਾੜ ਤੋਂ ਹੇਠਾਂ ਆ ਰਹੇ ਸਨ, ਯਿਸੂ ਨੇ ਉਨ੍ਹਾਂ ਨੂੰ ਆਦੇਸ਼ ਦਿੱਤਾ, “ਜਦ ਤੀਕ ਮਨੁੱਖ ਦਾ ਪੁੱਤਰ ਮੁਰਦਿਆਂ ਵਿੱਚੋਂ ਨਾ ਜੀ ਉੱਠੇ, ਉਸ ਦਰਸ਼ਨ ਦੀ ਗੱਲ ਕਿਸੇ ਨੂੰ ਨਹੀਂ ਦੱਸਣਾ।”
10 ਤੱਦ ਉਸ ਦੇ ਚੇਲਿਆਂ ਨੇ ਉਸਤੋਂ ਪੁੱਛਿਆ, “ਫ਼ੇਰ ਨੇਮ ਦੇ ਉਪਦੇਸ਼ਕ ਇਹ ਕਿਉਂ ਆਖਦੇ ਹਨ ਕਿ ਮਸੀਹ ਦੇ ਆਉਣ ਤੋਂ ਪਹਿਲਾਂ ਏਲੀਯਾਹ ਦਾ ਆਉਣਾ ਜ਼ਰੂਰੀ ਹੈ?”
11 ਯਿਸੂ ਨੇ ਉੱਤਰ ਦਿੱਤਾ, “ਉਹ ਠੀਕ ਆਖਦੇ ਹਨ ਕਿ ਉਹ ਆਵੇਗਾ ਅਤੇ ਸਭ ਕੁਝ ਬਹਾਲ ਕਰੇਗਾ।
12 ਪਰ ਮੈਂ ਤੁਹਾਨੂੰ ਆਖਦਾ ਹਾਂ, ਕਿ ਏਲੀਯਾਹ ਪਹਿਲਾਂ ਹੀ ਆ ਚੁੱਕਿਆ ਹੈ ਪਰ ਉਨ੍ਹਾਂ ਨੇ ਉਸ ਨੂੰ ਨਹੀਂ ਪਛਾਣਿਆ। ਅਤੇ ਜੋ ਬਦੀ ਲੋਕ ਕਰ ਸੱਕਦੇ ਸਨ, ਉਨ੍ਹਾਂ ਨੇ ਉਸ ਨਾਲ ਕੀਤੀ। ਇਸੇ ਤਰ੍ਹਾਂ ਮਨੁੱਖ ਦਾ ਪੁੱਤਰ ਵੀ ਉਨ੍ਹਾਂ ਹੱਥੋਂ ਦੁੱਖ ਪਾਵੇਗਾ।”
13 ਤੱਦ ਚੇਲਿਆਂ ਨੂੰ ਸਮਝ ਪਈ ਕਿ ਯਿਸੂ ਦਾ ਭਾਵ ਯੂਹੰਨਾ ਬਪਤਿਸਮਾ ਦੇਣ ਵਾਲੇ ਤੋਂ ਹੈ ਕਿ ਉਹੀ ਅਸਲ ਵਿੱਚ ਏਲੀਯਾਹ ਸੀ।
ਯਿਸੂ ਦਾ ਬਿਮਾਰ ਬੱਚੇ ਨੂੰ ਠੀਕ ਕਰਨਾ
(ਮਰਕੁਸ 9:14-29; ਲੂਕਾ 9:37-43)
14 ਜਦ ਯਿਸੂ ਅਤੇ ਉਸ ਦੇ ਚੇਲੇ ਭੀੜ ਕੋਲ ਵਾਪਸ ਪਰਤੇ ਤਾਂ ਇੱਕ ਮਨੁੱਖ ਉਸ ਦੇ ਕੋਲ ਆਇਆ ਅਤੇ ਉਸ ਅੱਗੇ ਗੋਡੇ ਨਿਵਾਕੇ ਬੋਲਿਆ,
15 ਪ੍ਰਭੂ ਜੀ, “ਮੇਰੇ ਪੁੱਤਰ ਉੱਤੇ ਦਯਾ ਕਰੋ ਕਿਉਂਕਿ ਉਹ ਮਿਰਗੀ ਦੇ ਮਾਰੇ ਬਹੁਤ ਦੁੱਖ ਪਾਉਂਦਾ ਹੈ। ਉਹ ਤਾਂ ਬਹੁਤ ਵਾਰੀ ਅੱਗ ਵਿੱਚ ਜਾਂ ਪਾਣੀ ਵਿੱਚ ਡਿੱਗ ਪੈਂਦਾ ਹੈ।
16 ਮੈਂ ਉਸ ਨੂੰ ਤੁਹਾਡੇ ਚੇਲਿਆਂ ਕੋਲ ਲਿਆਇਆ ਸੀ, ਪਰ ਉਹ ਉਸ ਨੂੰ ਚੰਗਾ ਨਾ ਕਰ ਸੱਕੇ।”
17 ਤੱਦ ਯਿਸੂ ਨੇ ਉੱਤਰ ਦਿੱਤਾ, “ਤੁਹਾਨੂੰ ਵਿਸ਼ਵਾਸ ਨਹੀਂ ਹੈ। ਤੁਹਾਡਾ ਜੀਵਨ ਢੰਗ ਗਲਤ ਹੈ। ਕਿੰਨਾ ਚਿਰ ਮੈਨੂੰ ਤੁਹਾਡੇ ਨਾਲ ਰਹਿਣਾ ਪਵੇਗਾ? ਕਿੰਨਾ ਚਿਰ ਮੈਂ ਤੁਹਾਡੇ ਨਾਲ ਸਬਰ ਤੋਂ ਕੰਮ ਲਵਾਂਗਾ। ਬੱਚੇ ਨੂੰ ਇੱਥੇ ਲਿਆਓ।”
18 ਤਾਂ ਯਿਸੂ ਨੇ ਬੱਚੇ ਅੰਦਰਲੇ ਭੂਤ ਨੂੰ ਸਖਤੀ ਨਾਲ ਝਿੜਕਿਆ। ਭੂਤ ਬੱਚੇ ਵਿੱਚੋਂ ਬਾਹਰ ਆ ਗਿਆ ਅਤੇ ਉਸੇ ਘੜੀ ਬੱਚਾ ਚੰਗਾ ਹੋ ਗਿਆ।
19 ਫ਼ੇਰ ਜਦੋਂ ਯਿਸੂ ਇੱਕਲਾ ਸੀ ਚੇਲੇ ਉਸ ਕੋਲ ਆਏ ਅਤੇ ਪੁੱਛਿਆ, ਕਿ ਅਸੀਂ ਭੂਤ ਨੂੰ ਕਿਉਂ ਨਾ ਕੱਢ ਸੱਕੇ?
20 ਉਸ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਉਸ ਬੱਚੇ ਵਿੱਚੋਂ ਭੂਤ ਕੱਢਣ ਵਿੱਚ ਇਸ ਲਈ ਨਾਕਾਮਯਾਬ ਰਹੇ ਕਿਉਂਕਿ ਤੁਹਾਡੀ ਨਿਹਚਾ ਕਮਜ਼ੋਰ ਸੀ। ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜੇ ਤੁਹਾਡੇ ਵਿੱਚ ਸਰ੍ਹੋਂ ਦੇ ਦਾਣੇ ਜਿੰਨੀ ਵੀ ਵਿਸ਼ਵਾਸ ਹੋਵੇ ਤਾਂ ਤੁਸੀਂ ਇਸ ਪਹਾੜ ਨੂੰ ਵੀ ਜੇ ਕਹੋਂਗੇ, ‘ਇੱਥੋਂ ਹੱਟ ਕੇ ਉਸ ਥਾਂ ਚੱਲਾ ਜਾ’, ਤਾਂ ਉਹ ਚੱਲਿਆ ਜਾਵੇਗਾ ਅਤੇ ਤੁਹਾਡੇ ਲਈ ਕੋਈ ਵੀ ਕੰਮ ਅਨਹੋਣਾ ਨਹੀਂ ਹੋਵੇਗਾ।”
21 + ਕੁਝ ਯੂਨਾਨੀ ਪਤ੍ਰੀਆਂ ਵਿੱਚ ਤੁਕ 21 ਜੋੜਿਆ ਗਿਆ ਹੈ: “ਉਸ ਤਰ੍ਹਾਂ ਦੀ ਆਤਮਾ ਸਿਰਫ਼ ਪ੍ਰਾਰਥਨਾ ਅਤੇ ਵਰਤਾਂ ਰਾਹੀਂ ਬਾਹਰ ਆਉਁਦੀ ਹੈ।”
ਯਿਸੂ ਦਾ ਆਪਣੀ ਮੌਤ ਬਾਰੇ ਐਲਾਨ
(ਮਰਕੁਸ 9:30-32; ਲੂਕਾ 9:43-45)
22 ਬਾਅਦ ਵਿੱਚ ਸਾਰੇ ਚੇਲੇ ਗਲੀਲ ਵਿੱਚ ਇਕੱਠੇ ਹੋਏ ਤਾਂ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਮਨੁੱਖ ਦਾ ਪੁੱਤਰ ਲੋਕਾਂ ਦੇ ਹੱਥ ਸੌਂਪ ਦਿੱਤਾ ਜਾਵੇਗਾ।
23 ਅਤੇ ਉਹ ਮਨੁੱਖ ਦੇ ਪੁੱਤਰ ਨੂੰ ਮਾਰ ਸੁੱਟਣਗੇ ਅਤੇ ਉਹ ਫ਼ਿਰ ਤੀਜੇ ਦਿਨ ਜੀ ਉੱਠੇਗਾ।” ਚੇਲੇ ਇਹ ਸੁਣਕੇ ਬੜੇ ਉਦਾਸ ਹੋਏ ਕਿ ਯਿਸੂ ਮਾਰਿਆ ਜਾਵੇਗਾ।
ਯਿਸੂ ਦਾ ਮਹਿਸੂਲ ਦੇਣ ਬਾਰੇ ਉਪਦੇਸ਼
24 ਯਿਸੂ ਅਤੇ ਉਸ ਦੇ ਚੇਲਿਆਂ ਦੇ ਕਫ਼ਰਨਾਹੂਮ ਆਉਣ ਤੋਂ ਬਾਅਦ, ਮੰਦਰ ਦਾ ਕਰ ਉਗਰਾਹੁਣ ਵਾਲੇ ਪਤਰਸ ਕੋਲ ਆਏ ਅਤੇ ਆਖਿਆ, “ਤੁਹਾਡਾ ਗੁਰੂ ਦੋ ਡ੍ਰਾਖਮਾ ਮੰਦਰ ਦਾ ਮਸੂਲ ਦਿੰਦਾ ਹੈ?”
25 ਪਤਰਸ ਨੇ ਉੱਤਰ ਦਿੱਤਾ, “ਹਾਂ, ਯਿਸੂ ਮਸੂਲ ਦਿੰਦਾ ਹੈ।”
ਜਦੋਂ ਪਤਰਸ ਘਰ ਅੰਦਰ ਆਇਆ, ਉਸ ਦੇ ਬੋਲਣ ਤੋਂ ਪਹਿਲਾਂ, ਯਿਸੂ ਬੋਲਿਆ ਅਤੇ ਉਸ ਨੂੰ ਪੁੱਛਿਆ, “ਸ਼ਮਊਨ, ਤੂੰ ਕੀ ਸੋਚਦਾ ਹੈਂ? ਧਰਤੀ ਦੇ ਰਾਜੇ ਕਿਨ੍ਹਾਂ ਤੋਂ ਕਰ ਅਤੇ ਮਸੂਲ ਵਸੂਲਦੇ ਹਨ। ਆਪਣੇ ਲੋਕਾਂ ਤੋਂ ਜਾਂ ਦੂਸਰਿਆਂ ਤੋਂ?”
26 ਪਤਰਸ ਨੇ ਜਵਾਬ ਦਿੱਤਾ, “ਉਹ ਹੋਰਾਂ ਤੋਂ ਮਸੂਲ ਵਸੂਲਦੇ ਹਨ।”
ਫ਼ਿਰ ਯਿਸੂ ਨੇ ਆਖਿਆ, “ਇਸ ਲਈ ਉਨ੍ਹਾਂ ਦੇ ਆਪਣੇ ਲੋਕਾਂ ਨੂੰ ਛੋਟ ਹੈ।
27 ਪਰ ਅਸੀਂ ਮਸੂਲੀਆਂ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ, ਇਸ ਲਈ ਇਸ ਢੰਗ ਨਾਲ ਮਸੂਲ ਅਦਾ ਕਰੋ, ਝੀਲ ਤੇ ਜਾਓ ਅਤੇ ਮੱਛੀਆਂ ਫ਼ੜੋ। ਜਿਹੜੀ ਮੱਛੀ ਤੂੰ ਪਹਿਲਾਂ ਫ਼ੜੇਂਗਾ ਉਸਦਾ ਮੂੰਹ ਖੋਲ੍ਹੀ ਅਤੇ ਚਾਰ ਦ੍ਰਾਖਮਾ ਦਾ ਇੱਕ ਸਿੱਕਾ ਮਿਲੇਗਾ। ਉਹ ਸਿੱਕਾ ਚੁੱਕੀ ਅਤੇ ਮਸੂਲੀਏ ਨੂੰ ਦੇ ਦੇਵੀਂ। ਇਸ ਨਾਲ ਮੇਰਾ ਤੇਰਾ ਮਸੂਲ ਦਿੱਤਾ ਜਾਵੇਗਾ।”