ਯਿਸੂ ਦਾ ਯਰੂਸ਼ਲਮ ਵਿੱਚ ਸ਼ਾਹੀ ਦਾਖਲਾ
(ਮੱਤੀ 21:1-11; ਲੂਕਾ 19:28-40; ਯੂਹੰਨਾ 12:12-19)
11
ਯਿਸੂ ਅਤੇ ਉਸ ਦੇ ਚੇਲੇ ਯਰੂਸ਼ਲਮ ਦੇ ਨੇੜੇ ਪਹੁੰਚ ਰਹੇ ਸਨ। ਉਹ ਜੈਤੂਨ ਦੇ ਪਹਾੜ ਕੋਲ ਬੈਤਫ਼ਗਾ ਅਤੇ ਬੈਤਅਨੀਆ ਤੀਕਰ ਪਹੁੰਚੇ, ਉੱਥੇ ਉਸ ਨੇ ਆਪਣੇ ਦੋ ਚੇਲਿਆਂ ਨੂੰ ਭੇਜਿਆ। ਉਸ ਨੇ ਚੇਲਿਆਂ ਨੂੰ ਕਿਹਾ, “ਉਹ ਪਿੰਡ ਜਿਹੜਾ ਤੁਹਾਡੇ ਸਾਹਮਣੇ ਹੈ ਉੱਥੇ ਜਾਓ, ਜਦੋਂ ਤੁਸੀਂ ਉੱਥੇ ਦਾਖਲ ਹੋਵੋਂਗੇ ਤਾਂ ਉੱਥੇ ਤੁਸੀਂ ਇੱਕ ਗਧੀ ਦਾ ਬੱਚਾ ਬੰਨ੍ਹਿਆ ਹੋਇਆ ਵੇਖੋਂਗੇ, ਜਿਸ ਉੱਪਰ ਕਦੇ ਕੋਈ ਸਵਾਰ ਨਹੀਂ ਹੋਇਆ। ਉਸ ਨੂੰ ਉੱਥੋਂ ਖੋਲ੍ਹਕੇ ਮੇਰੇ ਕੋਲ ਲੈ ਆਓ। ਜੇਕਰ ਕੋਈ ਮਨੁੱਖ ਤੁਹਾਨੂੰ ਆਖੇ ਕਿ ਇਸ ਨੂੰ ਕਿੱਥੇ ਲੈ ਜਾ ਰਹੇ ਹੋ, ਤਾਂ ਉਸ ਬੰਦੇ ਨੂੰ ਕਹਿਣਾ, ‘ਪ੍ਰਭੂ ਜੀ, ਨੂੰ ਇਸਦੀ ਲੋੜ ਹੈ। ਉਹ ਜਲਦੀ ਹੀ ਇਸ ਨੂੰ ਵਾਪਸ ਭੇਜ ਦੇਵੇਗਾ।’”
ਚੇਲੇ ਪਿੰਡ ਨੂੰ ਚੱਲੇ ਗਏ। ਉਨ੍ਹਾਂ ਨੇ ਇੱਕ ਗਧੀ ਦੇ ਬੱਚੇ ਨੂੰ ਇੱਕ ਗਲੀ ਵਿੱਚ ਘਰ ਦੇ ਦਰਵਾਜ਼ੇ ਕੋਲ ਬੱਝਾ ਹੋਇਆ ਵੇਖਿਆ। ਚੇਲਿਆਂ ਨੇ ਉਸ ਨੂੰ ਖੋਲ੍ਹਿਆ। ਕੁਝ ਲੋਕ ਉੱਥੇ ਖੜ੍ਹੇ ਸਨ ਅਤੇ ਉਨ੍ਹਾਂ ਨੇ ਜਦੋਂ ਇਹ ਵੇਖਿਆ ਤਾਂ ਆਖਿਆ, “ਤੁਸੀਂ ਕੀ ਕਰ ਰਹੇ ਹੋ? ਤੁਸੀਂ ਇਸ ਗਧੀ ਦੇ ਬੱਚੇ ਨੂੰ ਕਿਉਂ ਖੋਲ੍ਹ ਰਹੇ ਹੋ?” ਚੇਲਿਆਂ ਨੇ ਉਨ੍ਹਾਂ ਨੂੰ ਉਹੀ ਉੱਤਰ ਦਿੱਤਾ ਜੋ ਯਿਸੂ ਨੇ ਉਨ੍ਹਾਂ ਨੂੰ ਕਿਹਾ ਸੀ। ਤਾਂ ਲੋਕਾਂ ਨੇ ਉਨ੍ਹਾਂ ਨੂੰ ਉਸ ਗਧੀ ਦੇ ਬੱਚੇ ਨੂੰ ਲੈ ਜਾਣ ਦਿੱਤਾ।
ਅਤੇ ਉਹ ਗਧੀ ਦੇ ਬੱਚੇ ਨੂੰ ਯਿਸੂ ਕੋਲ ਲੈ ਆਏ। ਉਨ੍ਹਾਂ ਨੇ ਆਪਣੇ ਕੱਪੜੇ ਗਧੇ ਉੱਤੇ ਵਿਛਾਏ ਅਤੇ ਯਿਸੂ ਉਸ ਉੱਪਰ ਬੈਠ ਗਿਆ। ਬਹੁਤ ਸਾਰੇ ਲੋਕਾਂ ਨੇ ਆਪਣੇ ਕੱਪੜੇ ਰਾਹ ਤੇ ਵਿਛਾ ਦਿੱਤੇ। ਕੁਝ ਲੋਕਾਂ ਨੇ ਰਾਹ ਵਿੱਚ ਹਰੀਆਂ ਟਹਿਣੀਆਂ ਵਿਛਾ ਦਿੱਤੀਆਂ, ਜਿਹੜੀਆਂ ਉਨ੍ਹਾਂ ਨੇ ਖੇਤਾਂ ਵਿੱਚੋਂ ਵਢੀਆਂ ਸਨ। ਉਹ ਲੋਕ ਜਿਹੜੇ ਉਸ ਦੇ ਅੱਗੇ ਅਤੇ ਪਿੱਛੇ ਚੱਲੇ ਆ ਰਹੇ ਸਨ, ਸਾਰੇ ਉੱਚੀ-ਉੱਚੀ ਰੌਲਾ ਪਾ ਰਹੇ ਸਨ,
“‘ਉਸਦੀ ਉਸਤਤਿ ਕਰੋ!’
‘ਧੰਨ ਹੈ ਜੋ ਪ੍ਰਭੂ ਦੇ ਨਾਂ ਤੇ ਆਉਂਦਾ ਹੈ!’ ਜ਼ਬੂਰ 118:25-26
10 “ਸਾਡੇ ਪਿਤਾ ਦਾਊਦ ਦਾ ਰਾਜ ਜੋ ਆਉਂਦਾ ਹੈ,
ਉਸ ਉੱਤੇ ਪਰਮੇਸ਼ੁਰ ਦੀ ਕਿਰਪਾ ਰਹੇ!
ਸਵਰਗ ਚ ਪਰਮੇਸ਼ੁਰ ਦੀ ਉਸਤਤਿ ਹੋਵੇ!”
11 ਯਿਸੂ ਯਰੂਸ਼ਲਮ ਵਿੱਚ ਜਾਕੇ ਮੰਦਰ ਨੂੰ ਗਿਆ ਅਤੇ ਉਸ ਨੇ ਮੰਦਰ ਦੇ ਚਾਰੇ ਪਾਸੇ ਹਰ ਚੀਜ਼ ਤੇ ਨਿਗਾਹ ਮਾਰੀ। ਪਹਿਲਾਂ ਹੀ ਦੇਰ ਹੋ ਚੁੱਕੀ ਸੀ। ਇਸ ਲਈ ਉਹ ਬਾਰ੍ਹਾਂ ਰਸੂਲਾਂ ਦੇ ਨਾਲ ਬੈਤਅਨੀਆ ਨੂੰ ਗਿਆ।
ਯਿਸੂ ਆਖਦਾ ਹੈ ਅੰਜੀਰ ਦਾ ਰੁੱਖ ਮਰ ਜਾਵੇਗਾ
(ਮੱਤੀ 21:18-19)
12 ਅਗਲੇ ਦਿਨ, ਜਦੋਂ ਉਹ ਬੈਤਅਨੀਆ ਨੂੰ ਛੱਡ ਰਹੇ ਸਨ, ਯਿਸੂ ਨੂੰ ਭੁੱਖ ਲੱਗੀ ਸੀ। 13 ਉਸ ਨੇ ਥੋੜੀ ਵਿਥ ਤੇ ਇੱਕ ਪੱਤਿਆਂ ਵਾਲਾ ਅੰਜੀਰ ਦਾ ਦ੍ਰੱਖਤ ਵੇਖਿਆ। ਉਹ ਦ੍ਰੱਖਤ ਦੇ ਕੋਲ ਗਿਆ, ਇਹ ਵੇਖਣ ਲਈ ਕਿ ਕੀ ਇਸ ਤੇ ਕੋਈ ਫ਼ਲ ਲੱਗਾ ਹੋਇਆ ਹੈ। ਪਰ ਉਸ ਨੇ ਵੇਖਿਆ ਉਸਤੇ ਕੋਈ ਅੰਜੀਰ ਨਹੀਂ ਸੀ, ਸਿਰਫ਼ ਪੱਤੇ ਹੀ ਸਨ। ਕਿਉਂਕਿ ਅਜੇ ਅੰਜੀਰ ਲੱਗਣ ਦਾ ਮੌਸਮ ਨਹੀਂ ਸੀ। 14 ਤਾਂ ਉਸ ਨੇ ਦ੍ਰੱਖਤ ਨੂੰ ਕਿਹਾ “ਫ਼ਿਰ ਤੋਂ ਕੋਈ ਤੇਰਾ ਫ਼ਲ ਨਾ ਖਾਵੇ।” ਉਸ ਦੇ ਚੇਲਿਆਂ ਨੇ ਉਸ ਨੂੰ ਇਹ ਕਹਿੰਦੇ ਸੁਣਿਆ।
ਯਿਸੂ ਦਾ ਮੰਦਰ ਵੱਲ ਨੂੰ ਜਾਣਾ
(ਮੱਤੀ 21:12-17; ਲੂਕਾ 19:45-48; ਯੂਹੰਨਾ 2:13-22)
15 ਯਿਸੂ ਯਰੂਸ਼ਲਮ ਜਾਕੇ ਮੰਦਰ ਅੰਦਰ ਗਿਆ। ਜੋ ਲੋਕ ਮੰਦਰ ਵਿੱਚ ਵੇਚ ਅਤੇ ਖਰੀਦ ਰਹੇ ਸਨ ਉਨ੍ਹਾਂ ਨੂੰ ਬਾਹਰ ਕੱਢਣ ਲੱਗਾ। ਉਸ ਨੇ ਉਨ੍ਹਾਂ ਦੀਆਂ ਮੇਜ਼ਾਂ ਵੀ ਉਲਟਾ ਦਿੱਤੀਆਂ ਜਿਨ੍ਹਾਂ ਨੇ ਧਨ ਦੀ ਅਦਲਾ-ਬਦਲੀ ਕੀਤੀ। ਅਤੇ ਉਹ ਚੌਕੀਆਂ ਵੀ ਉਲਟਾ ਦਿੱਤੀਆਂ ਜਿੱਥੇ ਲੋਕ ਘੁੱਗੀਆਂ ਵੇਚ ਰਹੇ ਸਨ। 16 ਯਿਸੂ ਨੇ ਕਿਸੇ ਨੂੰ ਵੀ ਮੰਦਰ ਰਾਹੀਂ ਕੁਝ ਲੈ ਜਾਣ ਦੀ ਆਗਿਆ ਨਾ ਦਿੱਤੀ। 17 ਫ਼ੇਰ ਉਸ ਨੇ ਲੋਕਾਂ ਨੂੰ ਸਮਝਾਇਆ ਅਤੇ ਆਖਿਆ, “ਇਹ ਪੋਥੀਆਂ ਵਿੱਚ ਲਿਖਿਆ ਹੈ, ‘ਮੇਰਾ ਘਰ ਸਾਰੀਆਂ ਕੌਮਾਂ ਵਾਸਤੇ ਪ੍ਰਾਰਥਨਾ ਦਾ ਅਸਥਾਨ ਕਹਾਵੇਗਾ,’ ਪਰ ਤੁਸੀਂ ਇਸ ਨੂੰ ‘ਡਾਕੂਆਂ ਦੇ ਲੁਕਣ ਦੀ ਜਗ੍ਹਾ ਬਣਾ ਦਿੱਤਾ ਹੈ।’”
18 ਪ੍ਰਧਾਨ ਜਾਜਕਾਂ ਅਤੇ ਨੇਮ ਦੇ ਉਪਦੇਸ਼ਕਾਂ ਨੇ ਜਦੋਂ ਇਹ ਸਭ ਸੁਣਿਆ ਤਾਂ ਉਹ ਯਿਸੂ ਨੂੰ ਜਾਨੋ ਮਾਰਨ ਦੀ ਵਿਉਂਤ ਬਨਾਉਣ ਲੱਗੇ। ਪਰ ਉਹ ਉਸਤੋਂ ਡਰ ਰਹੇ ਸਨ ਕਿਉਂਕਿ ਲੋਕ ਉਸ ਦੇ ਉਪਦੇਸ਼ ਤੇ ਹੈਰਾਨ ਸਨ। 19 ਉਸ ਰਾਤ ਯਿਸੂ ਅਤੇ ਉਸ ਦੇ ਚੇਲਿਆਂ ਨੇ ਉਹ ਸ਼ਹਿਰ ਛੱਡ ਦਿੱਤਾ।
ਯਿਸੂ ਨੇ ਵਿਸ਼ਵਾਸ ਦੀ ਤਾਕਤ ਵਿਖਾਈ
(ਮੱਤੀ 21:20-22)
20 ਅਗਲੀ ਸਵੇਰ, ਜਦ ਯਿਸੂ ਆਪਣੇ ਚੇਲਿਆਂ ਨਾਲ ਜਾ ਰਿਹਾ ਸੀ, ਉਨ੍ਹਾਂ ਨੇ ਉਹ ਰੁੱਖ ਵੇਖਿਆ ਜਿਸ ਨੂੰ ਯਿਸੂ ਨੇ ਪਿੱਛਲੇ ਦਿਨ ਸਰਾਪ ਦਿੱਤਾ ਸੀ। ਉਹ ਸੁੱਕ ਗਿਆ ਸੀ ਅਤੇ ਉਸ ਦੀਆਂ ਜੜ੍ਹਾਂ ਵੀ ਸੜ ਗਈਆਂ ਸਨ। 21 ਤੱਦ ਪਤਰਸ ਨੇ ਚੇਤੇ ਕਰਕੇ ਉਸ ਨੂੰ ਕਿਹਾ, “ਗੁਰੂ ਜੀ ਵੇਖੋ, ਕੱਲ ਤੁਸੀਂ ਇਸ ਰੁੱਖ ਨੂੰ ਸਰਾਪ ਦਿੱਤਾ ਸੀ ਤੇ ਉਹ ਸੁੱਕ ਗਿਆ ਹੈ।”
22 ਯਿਸੂ ਨੇ ਆਖਿਆ, “ਪਰਮੇਸ਼ੁਰ ਤੇ ਵਿਸ਼ਵਾਸ ਰੱਖੋ। 23 ਮੈਂ ਤੁਹਾਨੂੰ ਸੱਚ ਦੱਸਦਾ ਹਾਂ। ਜੇਕਰ ਤੁਸੀਂ ਇਸ ਪਹਾੜ ਨੂੰ ਕਹੋ, ‘ਖੜ੍ਹਾ ਹੋ ਅਤੇ ਆਪਣੇ-ਆਪ ਨੂੰ ਸਮੁੰਦਰ ਵਿੱਚ ਸੁੱਟ ਲੈ।’ ਅਤੇ ਜੇਕਰ ਤੁਸੀਂ ਮਨ ਵਿੱਚ ਬਿਨਾ ਕਿਸੇ ਸ਼ੰਕਾ ਵਿਸ਼ਵਾਸ ਰੱਖੋ ਕਿ ਤੁਸੀਂ ਜੋ ਆਖਿਆ ਉਹ ਵਾਪਰੇਗਾ, ਤਾਂ ਤੁਹਾਡੇ ਲਈ ਉਹ ਜ਼ਰੂਰ ਹੀ ਵਾਪਰੇਗਾ। 24 ਇਸੇ ਲਈ ਮੈਂ ਤੁਹਾਨੂੰ ਆਖਦਾ ਹਾਂ ਕਿ ਜੋ ਕੁਝ ਵੀ ਤੁਸੀਂ ਪ੍ਰਾਰਥਨਾ ਵਿੱਚ ਮੰਗੋ ਤਾਂ ਪਰਮੇਸ਼ੁਰ ਤੇ ਭਰੋਸਾ ਰੱਖੋ ਕਿ ਜੋ ਤੁਸੀਂ ਮੰਗਿਆ ਹੈ, ਉਹ ਤੁਹਾਨੂੰ ਮਿਲ ਗਿਆ ਹੈ, ਤਾਂ ਤੁਹਾਨੂੰ ਜ਼ਰੂਰ ਮਿਲੇਗਾ। 25 ਜਦੋਂ ਤੁਸੀਂ ਪ੍ਰਾਰਥਨਾ ਕਰੋ, ਜੇਕਰ ਤੁਹਾਨੂੰ ਯਾਦ ਆਵੇ ਕਿ ਤੁਸੀਂ ਕਿਸੇ ਨਾਲ ਗੁੱਸੇ ਹੋ, ਤੁਸੀਂ ਮਨੁੱਖ ਨੂੰ ਮਾਫ਼ ਕਰ ਦੇਵੋ। ਜੇਕਰ ਤੁਸੀਂ ਉਸ ਇੰਝ ਕਰੋਂਗੇ, ਸੁਰਗ ਵਿੱਚ ਬੈਠਾ ਤੁਹਾਡਾ ਪਿਤਾ ਵੀ ਤੁਹਾਡੇ ਪਾਪ ਮਾਫ਼ ਕਰ ਦੇਵੇਗਾ।” 26  + ਕੁਝ ਮੁਢਲੀਆਂ ਯੂਨਾਨੀ ਨਕਲਾਂ ਵਿੱਚ ਤੁਕ 26 ਜੋੜੀ ਗਈ ਹੈ: “ਪਰ ਜੇ ਤੁਸੀਂ ਹੋਰਨਾਂ ਲੋਕਾਂ ਨੂੰ ਮਾਫ਼ ਨਹੀਂ ਕਰਦੇ, ਤਾਂ ਸਵਰਗ ਵਿੱਚ ਤੁਹਾਡਾ ਪਿਤਾ ਤੁਹਾਡੇ ਪਾਪਾਂ ਨੂੰ ਮਾਫ਼ ਨਹੀਂ ਕਰੇਗਾ।”
ਯਹੂਦੀ ਆਗੂਆਂ ਨੂੰ ਯਿਸੂ ਦੇ ਅਧਿਕਾਰ ਤੇ ਸ਼ੰਕਾ
(ਮੱਤੀ 21:23-27; ਲੂਕਾ 20:1-8)
27 ਯਿਸੂ ਅਤੇ ਉਸ ਦੇ ਚੇਲੇ ਫ਼ਿਰ ਯਰੂਸ਼ਲਮ ਨੂੰ ਆਏ ਅਤੇ ਜਦੋਂ ਉਹ ਮੰਦਰ ਵਿੱਚ ਘੁੰਮ ਰਿਹਾ ਸੀ, ਪ੍ਰਧਾਣ ਜਾਜਕ, ਨੇਮ ਦੇ ਉਪਦੇਸ਼ਕ ਅਤੇ ਬਜ਼ੁਰਗ ਯਹੂਦੀ ਆਗੂ ਉਸ ਕੋਲ ਆਏ। 28 ਉਨ੍ਹਾਂ ਉਸ ਨੂੰ ਕਿਹਾ, “ਸਾਨੂੰ ਦੱਸੋ, ਇਹ ਸਭ ਕੁਝ ਕਰਨ ਦਾ ਤੇਰੇ ਕੋਲ ਕੀ ਅਧਿਕਾਰ ਹੈ? ਇਹ ਗੱਲਾਂ ਕਰਨ ਦਾ ਅਧਿਕਾਰ ਤੈਨੂੰ ਕਿਸਨੇ ਦਿੱਤਾ?”
29 ਉਸ ਨੇ ਉਨ੍ਹਾਂ ਨੂੰ ਕਿਹਾ, “ਮੈਂ ਤੁਹਾਨੂੰ ਇੱਕ ਸਵਾਲ ਕਰਦਾ ਹਾਂ, ਮੈਨੂੰ ਉਸਦਾ ਜਵਾਬ ਦੇਵੋ। ਤਾਂ ਫ਼ੇਰ ਮੈਂ ਤੁਹਾਨੂੰ ਦੱਸਾਂਗਾ ਕਿ ਇਹ ਸਭ ਕਰਨ ਦਾ ਅਧਿਕਾਰ ਮੈਨੂੰ ਕਿਸਨੇ ਦਿੱਤਾ ਹੈ। 30 ਮੇਰੇ ਸਵਾਲ ਦਾ ਉੱਤਰ ਦਿਓ, ਕੀ ਯੂਹੰਨਾ ਦਾ ਬਪਤਿਸਮਾ ਸਵਰਗ ਵੱਲੋਂ ਸੀ ਜਾਂ ਮਨੁੱਖ ਵੱਲੋਂ?”
31 ਇਨ੍ਹਾਂ ਯਹੂਦੀ ਆਗੂਆਂ ਨੇ ਉਸ ਦੇ ਸਵਾਲ ਬਾਰੇ ਆਪਸ ਵਿੱਚ ਵਿੱਚਾਰ ਕੀਤੀ ਅਤੇ, ਇੱਕ-ਦੂਜੇ ਨੂੰ ਕਿਹਾ, “ਜੇਕਰ ਅਸੀਂ ਇਹ ਕਹੀਏ ਕਿ ਯੂਹੰਨਾ ਦਾ ਬਪਤਿਸਮਾ ਸਵਰਗ ਵੱਲੋਂ ਸੀ ਤਾਂ ਉਹ ਕਹੇਗਾ, ਤੇ, ਫ਼ੇਰ ਤੁਸੀਂ ਯੂਹੰਨਾ ਨੂੰ ਕਿਉਂ ਨਹੀਂ ਮੰਨਦੇ? 32 ਪਰ ਜੇਕਰ ਅਸੀਂ ਕਹਿੰਦੇ ਹਾਂ, ਉਸਦਾ ਬਪਤਿਸਮਾ ਮਨੁੱਖ ਵੱਲੋਂ ਸੀ ਤਾਂ ਲੋਕ ਸਾਡੇ ਤੇ ਨਰਾਜ਼ ਹੋਣਗੇ।” (ਕਿਉਂਕਿ ਸਭ ਲੋਕਾਂ ਦਾ ਵਿਸ਼ਵਾਸ ਸੀ ਕਿ ਯੂਹੰਨਾ ਇੱਕ ਸੱਚਾ ਨਬੀ ਸੀ, ਇਸ ਲਈ ਆਗੂ ਉਨ੍ਹਾਂ ਤੋਂ ਡਰਦੇ ਸਨ।)
33 ਇਸ ਲਈ ਆਗੂਆਂ ਨੇ ਯਿਸੂ ਨੂੰ ਕਿਹਾ, “ਸਾਨੂੰ ਇਸਦਾ ਜਵਾਬ ਨਹੀਂ ਪਤਾ।”
ਯਿਸੂ ਨੇ ਆਖਿਆ, “ਤਾਂ ਨਾ ਹੀ ਮੈਂ ਤੁਹਾਨੂੰ ਦੱਸਾਂਗਾ ਕਿ ਕਿਸ ਅਧਿਕਾਰ ਨਾਲ ਮੈਂ ਇਹ ਗੱਲਾਂ ਕਰ ਰਿਹਾ ਹਾਂ।”
11:17 ਹਵਾਲਾ: ਯਸਾਯਾਹ 56:7 11:17 ਹਵਾਲਾ: ਯਿਰਮਿਯਾਹ 7:11