ਜਾਜਕਾਂ ਲਈ ਬਿਧੀਆਂ
21
1 ਯਹੋਵਾਹ ਨੇ ਮੂਸਾ ਨੂੰ ਆਖਿਆ, “ਹਾਰੂਨ ਦੇ ਪੁੱਤਰਾਂ, ਜਾਜਕਾਂ ਨੂੰ ਇਹ ਗੱਲਾਂ ਆਖ; ਆਪਣੇ ਲੋਕਾਂ ਦਰਮਿਆਨ ਹੋਈ ਮੌਤ ਕਾਰਣ ਜਾਜਕ ਨੂੰ ਆਪਣੇ-ਆਪ ਨੂੰ ਪਲੀਤ ਨਹੀਂ ਕਰਨਾ ਚਾਹੀਦਾ।
2 ਪਰ ਜੇ ਮਰਿਆ ਹੋਇਆ ਬੰਦਾ ਉਸਦਾ ਨਜ਼ਦੀਕੀ ਰਿਸ਼ਤੇਦਾਰ ਸੀ ਤਾਂ ਉਹ ਆਪਣੇ-ਆਪ ਨੂੰ ਪਲੀਤ ਕਰ ਸੱਕਦਾ ਹੈ। ਇਸ ਵਿੱਚ ਉਸਦੀ ਮਾਤਾ, ਉਸਦਾ ਪਿਤਾ, ਉਸਦਾ ਪੁੱਤਰ ਜਾਂ ਧੀ, ਉਸਦਾ ਭਰਾ ਜਾਂ
3 ਉਸਦੀ ਅਣਵਿਆਹੀ ਭੈਣ ਸ਼ਾਮਿਲ ਹੈ। (ਇਹ ਭੈਣ ਉਸ ਦੇ ਨਜ਼ਦੀਕ ਹੈ ਕਿਉਂਕਿ ਉਸਦਾ ਕੋਈ ਪਤੀ ਨਹੀਂ। ਇਸ ਲਈ ਜਾਜਕ ਉਸ ਵਾਸਤੇ ਆਪਣੇ ਆਪ ਨੂੰ ਪਲੀਤ ਕਰ ਸੱਕਦਾ ਹੈ ਜੇ ਉਹ ਮਰ ਜਾਂਦੀ ਹੈ।)
4 ਪਰ ਉਸ ਨੂੰ ਆਪਣੇ-ਆਪਨੂੰ ਪਲੀਤ ਨਹੀਂ ਕਰਨਾ ਚਾਹੀਦਾ ਜੇ ਮਰਿਆ ਹੋਇਆ ਬੰਦਾ ਸ਼ਾਦੀ ਕਾਰਣ ਹੀ ਉਸ ਦੇ ਨਾਲ ਜੁੜਿਆ ਹੋਇਆ ਸੀ।
5 “ਜਾਜਕਾਂ ਨੂੰ ਆਪਣੇ ਸਿਰ ਨਹੀਂ ਮੁਨਵਾਉਣੇ ਚਾਹੀਦੇ। ਉਨ੍ਹਾਂ ਨੂੰ ਆਪਣੀਆਂ ਦਾਹੜੀਆਂ ਦੇ ਸਿਰੇ ਨਹੀਂ ਮੁਨਾਉਣੇ ਚਾਹੀਦੇ ਅਤੇ ਆਪਣੇ ਜਿਸਮਾਂ ਉੱਤੇ ਚੀਰੇ ਨਹੀਂ ਲਾਉਣੇ ਚਾਹੀਦੇ।
6 ਉਨ੍ਹਾਂ ਨੂੰ ਆਪਣੇ ਪਰਮੇਸ਼ੁਰ ਲਈ ਪਵਿੱਤਰ ਹੋਣਾ ਚਾਹੀਦਾ ਹੈ। ਉਨ੍ਹਾਂ ਨੂੰ ਆਪਣੇ ਪਰਮੇਸ਼ੁਰ ਦੇ ਨਾਮ ਦਾ ਨਿਰਾਦਰ ਨਹੀਂ ਕਰਨਾ ਚਾਹੀਦਾ ਕਿਉਂਕਿ ਉਹ ਯਹੋਵਾਹ ਨੂੰ ਅੱਗ ਦੁਆਰਾ ਚੜ੍ਹਾਵੇ (ਉਨ੍ਹਾਂ ਦੇ ਪਰਮੇਸ਼ੁਰ ਦਾ ਭੋਜਨ) ਚੜ੍ਹਾਉਂਦੇ ਹਨ। ਇਸ ਲਈ ਉਨ੍ਹਾਂ ਨੂੰ ਪਵਿੱਤਰ ਹੋਣਾ ਚਾਹੀਦਾ ਹੈ।
7 “ਇੱਕ ਜਾਜਕ ਆਪਣੇ ਪਰਮੇਸ਼ੁਰ ਲਈ ਪਵਿੱਤਰ ਹੈ। ਇਸ ਲਈ ਜਾਜਕ ਨੂੰ ਕਿਸੇ ਵੇਸਵਾ, ਕਿਸੇ ਕਲੰਕਤ ਔਰਤ ਜਾਂ ਤਲਾਕਸ਼ੁਦਾ ਔਰਤ ਨਾਲ ਸ਼ਾਦੀ ਨਹੀਂ ਕਰਨੀ ਚਾਹੀਦੀ।
8 ਤੁਹਾਨੂੰ ਜਾਜਕ ਨਾਲ ਨਾਪਾਕ ਤਰੀਕੇ ਨਾਲ ਪੇਸ਼ ਨਹੀਂ ਆਉਣਾ ਚਾਹੀਦਾ। ਕਿਉਂਕਿ ਉਹ ਤੁਹਾਡੇ ਪਰਮੇਸ਼ੁਰ ਦਾ ਭੋਜਨ ਹਾਜ਼ਰ ਕਰਦਾ ਹੈ, ਅਤੇ ਮੈਂ ਪਵਿੱਤਰ ਹਾਂ। ਮੈਂ ਯਹੋਵਾਹ ਹਾਂ ਅਤੇ ਮੈਂ ਤੁਹਾਨੂੰ ਪਵਿੱਤਰ ਬਣਾਉਂਦਾ ਹਾਂ।
9 “ਜੇ ਕਿਸੇ ਜਾਜਕ ਦੀ ਧੀ ਵੇਸਵਾ ਬਣ ਜਾਵੇ ਅਤੇ ਆਪਣੇ-ਆਪ ਨੂੰ ਕਲੰਕਤ ਕਰ ਲਵੇ ਉਹ ਆਪਣੇ ਪਿਉ ਨੂੰ ਵੀ ਕਲੰਕਤ ਕਰ ਦਿੰਦੀ ਹੈ। ਇਸ ਲਈ ਉਸ ਨੂੰ ਜਿੰਦਾ ਸਾੜ ਦੇਣਾ ਚਾਹੀਦਾ ਹੈ।
10 “ਪਰਧਾਨ ਜਾਜਕ ਨੂੰ ਉਸ ਦੇ ਭਰਾਵਾਂ ਵਿੱਚੋਂ ਚੁਣਿਆ ਗਿਆ ਸੀ। ਮਸਹ ਵਾਲਾ ਤੇਲ ਉਸ ਦੇ ਸਿਰ ਤੇ ਲਾਇਆ ਗਿਆ ਸੀ। ਇਸ ਤਰ੍ਹਾਂ ਨਾਲ ਉਸ ਨੂੰ ਪਰਧਾਨ ਜਾਜਕ ਦੀ ਖਾਸ ਸੇਵਾ ਲਈ ਚੁਣਿਆ ਗਿਆ ਸੀ। ਉਸ ਨੂੰ ਖਾਸ ਕੱਪੜੇ ਪਹਿਨਣ ਲਈ ਚੁਣਿਆ ਗਿਆ ਸੀ। ਇਸ ਲਈ ਉਸ ਨੂੰ ਅਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਜਿਹੜੀਆਂ ਲੋਕਾਂ ਵਿੱਚ ਉਸਦੀ ਉਦਾਸੀ ਨੂੰ ਦਰਸਾਉਣ। ਉਸ ਨੂੰ ਆਪਣੇ ਵਾਲ ਵੱਧਣ ਨਹੀਂ ਦੇਣੇ ਚਾਹੀਦੇ। ਉਸ ਨੂੰ ਆਪਣੇ ਕੱਪੜੇ ਨਹੀਂ ਪਾੜਨੇ ਚਾਹੀਦੇ।
11 ਉਸ ਨੂੰ ਕਿਸੇ ਮੁਰਦਾ ਸ਼ਰੀਰ ਦੇ ਕੋਲ ਜਾਕੇ ਆਪਣੇ-ਆਪ ਨੂੰ ਪਲੀਤ ਨਹੀਂ ਕਰਨਾ ਚਾਹੀਦਾ ਭਾਵੇਂ ਲਾਸ਼ ਉਸਦੀ ਮਾਂ ਹੋਵੇ ਜਾਂ ਪਿਉ ਦੀ।
12 ਪਰਧਾਨ ਜਾਜਕ ਨੂੰ ਪਰਮੇਸ਼ੁਰ ਦੇ ਪਵਿੱਤਰ ਸਥਾਨ ਤੋਂ ਬਾਹਰ ਨਹੀਂ ਜਾਣਾ ਚਾਹੀਦਾ। ਜੇ ਉਹ ਜਾਵੇਗਾ ਤਾਂ ਉਹ ਪਲੀਤ ਹੋ ਸੱਕਦਾ ਹੈ ਅਤੇ ਉਹ ਪਰਮੇਸ਼ੁਰ ਦੇ ਪਵਿੱਤਰ ਸਥਾਨ ਨੂੰ ਵੀ ਪਲੀਤ ਕਰ ਸੱਕਦਾ ਹੈ। ਕਿਉਂਕਿ ਉਸ ਨੂੰ ਉਸ ਦੇ ਪਰਮੇਸ਼ੁਰ ਦਾ ਮਸਹ ਕਰਨ ਵਾਲਾ ਤੇਲ ਉਸ ਦੇ ਸਿਰ’ਚ ਪਾਕੇ ਸਮਰਪਿਤ ਕੀਤਾ ਗਿਆ ਹੈ। ਮੈਂ ਯਹੋਵਾਹ ਹਾਂ।
13 “ਪਰਧਾਨ ਜਾਜਕ ਨੂੰ ਕਿਸੇ ਅਜਿਹੀ ਔਰਤ ਨਾਲ ਹੀ ਸ਼ਾਦੀ ਕਰਨੀ ਚਾਹੀਦੀ ਹੈ ਜੋ ਕੁਆਰੀ ਹੋਵੇ।
14 ਪਰਧਾਨ ਜਾਜਕ ਨੂੰ ਕਿਸੇ ਵਿਧਵਾ, ਕਿਸੇ ਤਲਾਕਸ਼ੁਦਾ ਔਰਤ ਜਾਂ ਕਿਸੇ ਵੇਸਵਾ ਨਾਲ ਸ਼ਾਦੀ ਨਹੀਂ ਕਰਨੀ ਚਾਹੀਦੀ। ਉਹ ਸਿਰਫ਼ ਆਪਣੇ ਲੋਕਾਂ ਵਿੱਚੋਂ ਹੀ ਕਿਸੇ ਕੁਆਰੀ ਕੁੜੀ ਨਾਲ ਸ਼ਾਦੀ ਕਰ ਸੱਕਦਾ ਹੈ।
15 ਇਸ ਤਰ੍ਹਾਂ, ਉਹ ਲੋਕਾਂ ਦਰਮਿਆਨ ਆਪਣੇ ਬੱਚਿਆਂ ਨੂੰ ਜਾਜਕ ਹੋਣ ਤੋਂ ਅਯੋਗ ਨਹੀਂ ਬਣਾ ਸੱਕੇਗਾ। ਮੈਂ ਯਹੋਵਾਹ ਨੇ, ਜਾਜਕ ਨੂੰ ਉਸ ਦੇ ਖਾਸ ਕਾਰਜ ਲਈ ਵੱਖ ਕੀਤਾ ਹੈ।”
16 ਯਹੋਵਾਹ ਨੇ ਮੂਸਾ ਨੂੰ ਆਖਿਆ,
17 “ਹਾਰੂਨ ਨੂੰ ਆਖ; ਜੇਕਰ ਤੇਰੇ ਉੱਤਰਾਧਿਕਾਰੀਆਂ ਵਿੱਚੋਂ ਕਿਸੇ ਨੂੰ ਵੀ ਕੋਈ ਸ਼ਰੀਰਿਕ ਨੁਕਸ ਹੋਵੇ, ਉਹ ਆਪਣੇ ਪਰਮੇਸ਼ੁਰ ਨੂੰ ਭੋਜਨ ਦਾ ਚੜ੍ਹਾਵਾ ਨਾ ਚੜ੍ਹਾਵੇ।
18 ਕੋਈ ਵੀ ਆਦਮੀ ਜਿਸ ਨੂੰ ਇਨ੍ਹਾਂ ਵਿੱਚੋਂ ਕੋਈ ਸ਼ਰੀਰਿਕ ਨੁਕਸ ਹੈ ਉਸ ਨੂੰ ਜਾਜਕ ਵਜੋਂ ਸੇਵਾ ਨਹੀਂ ਕਰਨੀ ਚਾਹੀਦੀ: ਅੰਨ੍ਹੇ ਆਦਮੀ ਨੂੰ, ਵਿਕਲਾਂਗ ਆਦਮੀ ਨੂੰ, ਭਿਆਨਕ ਚਿਹਰੇ ਵਾਲੇ ਆਦਮੀ ਨੂੰ, ਬਹੁਤ ਲੰਮੀਆਂ ਬਾਹਾਂ ਜਾਂ ਲੱਤਾਂ ਵਾਲੇ ਆਦਮੀ ਨੂੰ,
19 ਟੁੱਟੇ ਹੋਏ ਹੱਥਾਂ ਪੈਰਾਂ ਵਾਲੇ ਆਦਮੀ ਨੂੰ,
20 ਕੁੱਬੇ ਆਦਮੀ ਨੂੰ, ਅੱਖਾਂ ਵਿੱਚ ਨੁਕਸ ਵਾਲੇ ਆਦਮੀ ਨੂੰ, ਪਪੜੀ ਜਾਂ ਚਮੜੀ ਦੇ ਰੋਗੀ ਆਦਮੀ ਨੂੰ, ਖਸੀ ਆਦਮੀ ਨੂੰ।
21 “ਜੇ ਹਾਰੂਨ ਦੇ ਵੰਸ਼ਜਾਂ ਵਿੱਚੋਂ ਕਿਸੇ ਨੂੰ ਕੋਈ ਵੀ ਸ਼ਰੀਰਕ ਨੁਕਸ ਹੋਵੇ, ਉਹ ਯਹੋਵਾਹ ਨੂੰ ਹੋਮ ਦੀ ਭੇਟ ਨਹੀਂ ਚੜ੍ਹਾ ਸੱਕਦਾ। ਅਤੇ ਉਹ ਆਪਣੇ ਪਰਮੇਸ਼ੁਰ ਨੂੰ ਭੋਜਨ ਦੀ ਭੇਟ ਨਹੀਂ ਚੜ੍ਹਾ ਸੱਕਦਾ।
22 ਉਹ ਜਾਜਕ ਦੇ ਪਰਿਵਾਰ ਵਿੱਚੋਂ ਹੈ, ਇਸ ਲਈ ਉਹ ਪਵਿੱਤਰ ਭੋਜਨ ਅਤੇ ਆਪਣੇ ਪਰਮੇਸ਼ੁਰ ਦਾ ਅੱਤ ਪਵਿੱਤਰ ਭੋਜਨ ਖਾ ਸੱਕਦਾ ਹੈ।
23 ਪਰ ਉਹ ਪਵਿੱਤਰ ਦੇ ਪਰਦੇ ਜਾਂ ਜਗਵੇਦੀ ਦੇ ਨਜ਼ਦੀਕ ਨਹੀਂ ਜਾ ਸੱਕਦਾ। ਕਿਉਂਕਿ ਉਸ ਵਿੱਚ ਕੁਝ ਸ਼ਰੀਰਕ ਨੁਕਸ ਹੈ। ਉਸ ਨੂੰ ਮੇਰੇ ਪਵਿੱਤਰ ਸਥਾਨ ਨੂੰ ਅਪਵਿੱਤਰ ਨਹੀਂ ਬਨਾਉਣਾ ਚਾਹੀਦਾ। ਮੈਂ, ਯਹੋਵਾਹ, ਇਨ੍ਹਾਂ ਥਾਵਾਂ ਨੂੰ ਪਵਿੱਤਰ ਬਣਾਇਆ।”
24 ਇਸ ਤਰ੍ਹਾਂ ਮੂਸਾ ਨੇ ਇਹ ਗੱਲਾਂ ਹਾਰੂਨ ਨੂੰ, ਹਾਰੂਨ ਦੇ ਪੁੱਤਰਾਂ ਅਤੇ ਇਸਰਾਏਲ ਦੇ ਸਾਰੇ ਲੋਕਾਂ ਨੂੰ ਦੱਸੀਆਂ।