ਇਸਰਾਏਲ ਪਰਮੇਸ਼ੁਰ ਦਾ ਹੈ
19
ਯਹੋਵਾਹ ਨੇ ਮੂਸਾ ਨੂੰ ਆਖਿਆ, “ਇਸਰਾਏਲ ਦੇ ਸਾਰੇ ਲੋਕਾਂ ਨੂੰ ਆਖ; ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ। ਮੈਂ ਪਵਿੱਤਰ ਹਾਂ, ਇਸ ਲਈ ਤੁਹਾਨੂੰ ਵੀ ਪਵਿੱਤਰ ਹੋਣਾ ਚਾਹੀਦਾ ਹੈ।
“ਤੁਹਾਡੇ ਵਿੱਚੋਂ ਹਰ ਬੰਦੇ ਨੂੰ ਆਪਣੇ ਮਾਤਾ ਪਿਤਾ ਦਾ ਆਦਰ ਕਰਨਾ ਚਾਹੀਦਾ ਹੈ ਅਤੇ ਮੇਰੇ ਅਰਾਮ ਦੇ ਸਾਰੇ ਖਾਸ ਦਿਨਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।
“ਮੇਰੇ ਵੱਲੋਂ ਨਿਕੰਮੇ ਬੁੱਤਾਂ ਵੱਲ ਨਾ ਪਰਤੋਂ। ਆਪਣੇ ਲਈ ਢਾਲੀਆਂ ਹੋਈਆਂ ਮੂਰਤੀਆਂ ਨਾ ਬਣਾਉ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।
“ਜਦੋਂ ਤੁਸੀਂ ਯਹੋਵਾਹ ਨੂੰ ਕੋਈ ਸੁੱਖ-ਸਾਂਦ ਦੀ ਬਲੀ ਚੜ੍ਹਾਉ ਤਾਂ ਤੁਹਾਨੂੰ ਇਹ ਸਹੀ ਢੰਗ ਨਾਲ ਚੜ੍ਹਾਉਣੀ ਚਾਹੀਦੀ ਹੈ ਤਾਂ ਜੋ ਤੁਸੀਂ ਪ੍ਰਵਾਨ ਹੋ ਸੱਕੋ। ਤੁਸੀਂ ਇਸ ਨੂੰ ਉਸੇ ਦਿਨ ਵੀ ਖਾ ਸੱਕਦੇ ਹੋ ਜਿਸ ਦਿਨ ਤੁਸੀਂ ਇਸ ਨੂੰ ਭੇਟ ਕਰਦੇ ਹੋ ਅਤੇ ਅਗਲੇ ਦਿਨ ਵੀ। ਪਰ ਜੇ ਉਸ ਬਲੀ ਵਿੱਚੋਂ ਤੀਸਰੇ ਦਿਨ ਲਈ ਕੁਝ ਬਚ ਜਾਵੇ ਤਾਂ ਤੁਹਾਨੂੰ ਇਸ ਨੂੰ ਅੱਗ ਵਿੱਚ ਸਾੜ ਦੇਣਾ ਚਾਹੀਦਾ ਹੈ। ਤੁਹਾਨੂੰ ਉਸ ਬਲੀ ਵਿੱਚੋਂ ਕੁਝ ਵੀ ਤੀਸਰੇ ਦਿਨ ਨਹੀਂ ਖਾਣਾ ਚਾਹੀਦਾ। ਇਹ ਨਿਰਾਦਰ ਹੋਵੇਗਾ ਅਤੇ ਪ੍ਰਵਾਨ ਨਹੀਂ ਹੋਵੇਗਾ। ਜਿਹੜਾ ਵੀ ਬੰਦਾ ਅਜਿਹਾ ਕਰੇਗਾ, ਪਾਪ ਦਾ ਦੋਸ਼ੀ ਹੋਵੇਗਾ। ਕਿਉਂਕਿ ਉਸ ਨੇ ਇੱਕ ਪਵਿੱਤਰ ਚੀਜ਼ ਨੂੰ ਕਲੰਕਤ ਕਰ ਦਿੱਤਾ ਜੋ ਯਹੋਵਾਹ ਦੀ ਹੈ। ਉਸ ਨੂੰ ਆਪਣੇ ਲੋਕਾਂ ਵਿੱਚੋਂ ਵੱਖ ਕਰ ਦੇਣਾ ਚਾਹੀਦਾ ਹੈ।
“ਜਦੋਂ ਤੁਸੀਂ ਵਾਢੀਆਂ ਸਮੇਂ ਆਪਣੀਆਂ ਫ਼ਸਲਾਂ ਕੱਟੋ ਤਾਂ ਆਪਣੇ ਖੇਤਾਂ ਦੇ ਕਿਨਾਰਿਆਂ ਤੱਕ ਪੂਰੀ ਕਟਾਈ ਨਾ ਕਰੋ ਅਤੇ ਜੇ ਅਨਾਜ ਧਰਤੀ ਉੱਤੇ ਡਿੱਗ ਪੈਂਦਾ ਹੈ ਤਾਂ ਤੁਹਾਨੂੰ ਉਹ ਅਨਾਜ ਇਕੱਠਾ ਨਹੀਂ ਕਰਨਾ ਚਾਹੀਦਾ। 10 ਆਪਣੇ ਅੰਗੂਰਾਂ ਦੇ ਬਾਗ ਦੇ ਸਾਰੇ ਅੰਗੂਰ ਨਾ ਤੋੜੋ ਅਤੇ ਧਰਤੀ ਤੇ ਡਿੱਗੇ ਹੋਏ ਅੰਗੂਰ ਨਾ ਚੁੱਕੋ। ਕਿਉਂਕਿ ਇਹ ਚੀਜ਼ਾਂ ਤੁਹਾਨੂੰ ਗਰੀਬ ਲੋਕਾਂ ਲਈ ਅਤੇ ਤੁਹਾਡੇ ਦੇਸ਼ ਵਿੱਚ ਸਫ਼ਰ ਕਰਨ ਵਾਲੇ ਲੋਕਾਂ ਲਈ ਛੱਡ ਦੇਣੀਆਂ ਚਾਹੀਦੀਆਂ ਹਨ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।
11 “ਤੁਹਾਨੂੰ ਚੋਰੀ ਨਹੀਂ ਕਰਨੀ ਚਾਹੀਦੀ। ਤੁਹਾਨੂੰ ਲੋਕਾਂ ਨੂੰ ਧੋਖਾ ਨਹੀਂ ਦੇਣਾ ਚਾਹੀਦਾ। ਤੁਹਾਨੂੰ ਇੱਕ ਦੂਸਰੇ ਨਾਲ ਝੂਠ ਨਹੀਂ ਬੋਲਣਾ ਚਾਹੀਦਾ। 12 ਤੁਹਾਨੂੰ (ਅਦਾਲਤ ਵਿੱਚ ਝੂਠੀ ਸਾਖੀ ਬਾਬਤ) ਮੇਰੇ ਨਾਂ ਤੇ ਝੂਠੀ ਕਸਮ ਨਹੀਂ ਖਾਣੀ ਚਾਹੀਦੀ। ਜੇ ਤੁਸੀਂ ਅਜਿਹਾ ਕਰੋਂਗੇ, ਤੁਸੀਂ ਆਪਣੇ ਪਰਮੇਸ਼ੁਰ ਦੇ ਨਾਮ ਦਾ ਨਿਰਾਦਰ ਕਰੋਂਗੇ। ਮੈਂ ਯਹੋਵਾਹ ਹਾਂ।
13 “ਤੁਹਾਨੂੰ ਆਪਣੇ ਗੁਆਂਢੀ ਦਾ ਬੁਰਾ ਨਹੀਂ ਕਰਨਾ ਚਾਹੀਦਾ। ਤੁਹਾਨੂੰ ਉਸ ਨੂੰ ਲੁੱਟਣਾ ਨਹੀਂ ਚਾਹੀਦਾ। ਤੁਹਾਨੂੰ ਕਿਸੇ ਭਾੜੇ ਦੇ ਕਾਮੇ ਦੀ ਤਨਖਾਹ ਸਾਰੀ ਰਾਤ ਵੇਲੇ ਤੱਕ ਨਹੀਂ ਰੋਕਣੀ ਚਾਹੀਦੀ।
14 “ਤੁਹਾਨੂੰ ਕਿਸੇ ਬੋਲੇ ਬੰਦੇ ਨੂੰ ਬੇਇੱਜ਼ਤ ਨਹੀਂ ਕਰਨਾ ਚਾਹੀਦਾ। ਤੁਹਾਨੂੰ ਕਿਸੇ ਅੰਨ੍ਹੇ ਬੰਦੇ ਨੂੰ ਡੇਗਣ ਲਈ ਉਸ ਦੇ ਸਾਹਮਣੇ ਕੋਈ ਰੁਕਾਵਟ ਨਹੀਂ ਪਾਉਣੀ ਚਾਹੀਦੀ। ਪਰ ਤੁਹਾਨੂੰ ਆਪਣੇ ਪਰਮੇਸ਼ੁਰ ਦਾ ਆਦਰ ਕਰਨਾ ਚਾਹੀਦਾ ਹੈ। ਮੈਂ ਯਹੋਵਾਹ ਹਾਂ।
15 “ਤੁਹਾਨੂੰ ਨਿਆਂ ਕਰਨ ਵਿੱਚ ਬੇਲਾਗ ਹੋਣਾ ਚਾਹੀਦਾ ਹੈ। ਤੁਹਾਨੂੰ ਗਰੀਬ ਲੋਕਾਂ ਲਈ ਜਾਂ ਧਨਵਾਨ ਲੋਕਾਂ ਲਈ ਖਾਸ ਰਿਆਇਤ ਨਹੀਂ ਦਰਸਾਉਣੀ ਚਾਹੀਦੀ। ਜਦੋਂ ਤੁਸੀਂ ਆਪਣੇ ਗੁਆਂਢੀ ਦਾ ਨਿਆਂ ਕਰੋ, ਤੁਹਾਨੂੰ ਬੇਲਾਗ ਹੋਣਾ ਚਾਹੀਦਾ ਹੈ। 16 ਤੁਹਾਨੂੰ ਹੋਰਨਾਂ ਲੋਕਾਂ ਬਾਰੇ ਝੂਠੀਆਂ ਅਫ਼ਵਾਹਾਂ ਨਹੀਂ ਫ਼ੈਲਾਉਣੀਆਂ ਚਾਹੀਦੀਆਂ। ਜਦੋਂ ਤੁਹਾਡੇ ਗੁਆਂਢੀ ਦੀ ਜਾਨ ਖਤਰੇ ਵਿੱਚ ਹੋਵੇ ਬਿਨਾ ਸਹਾਇਤਾ ਕਰਨ ਦੇ ਐਵੇਂ ਉੱਥੇ ਨਾ ਖਲੋਵੋ। ਮੈਂ ਯਹੋਵਾਹ ਹਾਂ।
17 “ਤੁਹਾਨੂੰ ਆਪਣੇ ਦਿਲ ਵਿੱਚ ਆਪਣੇ ਭਰਾ ਨਾਲ ਨਫ਼ਰਤ ਨਹੀਂ ਕਰਨੀ ਚਾਹੀਦੀ। ਜੇ ਤੁਹਾਡਾ ਗੁਆਂਢੀ ਕੋਈ ਗਲਤ ਗੱਲ ਕਰਦਾ ਹੈ, ਇਸ ਬਾਰੇ ਉਸ ਨਾਲ ਗੱਲ ਕਰੋ ਤਾਂ ਜੋ ਤੁਸੀਂ ਉਸ ਕਾਰਣ ਪਾਪ ਨਾ ਕਰੋ। 18 ਉਨ੍ਹਾਂ ਮੰਦੀਆਂ ਗੱਲਾਂ ਬਾਰੇ ਖਾਰ ਨਾ ਖਾਵੋ ਜੋ ਲੋਕ ਤੁਹਾਡੇ ਨਾਲ ਕਰਦੇ ਹਨ। ਬਦਲਾ ਲੈਣ ਦੀ ਕੋਸ਼ਿਸ਼ ਨਾ ਕਰੋ। ਆਪਣੇ ਗੁਆਂਢੀ ਨੂੰ ਆਪਣੇ-ਆਪ ਵਾਂਗ ਪਿਆਰ ਕਰੋ। ਮੈਂ ਯਹੋਵਾਹ ਹਾਂ।
19 “ਤੁਹਾਨੂੰ ਮੇਰੇ ਨੇਮ ਮਂਨਣੇ ਚਾਹੀਦੇ ਹਨ। ਤੁਹਾਨੂੰ ਦੋ ਵੱਖ ਕਿਸਮ ਦੇ ਜਾਨਵਰਾਂ ਦਾ ਸਂਜੋਗ ਨਹੀਂ ਕਰਾਉਣਾ ਚਾਹੀਦਾ। ਤੁਹਾਨੂੰ ਆਪਣੇ ਖੇਤ ਵਿੱਚ ਦੋ ਤਰ੍ਹਾਂ ਦਾ ਬੀਜ਼ ਨਹੀਂ ਬੀਜਣਾ ਚਾਹੀਦਾ। ਤੁਹਾਨੂੰ ਦੋ ਤਰ੍ਹਾਂ ਦੇ ਕੱਪੜਿਆਂ ਤੋਂ ਬਣੇ ਕੱਪੜੇ ਨਹੀਂ ਪਾਉਣੇ ਚਾਹੀਦੇ।
20 “ਕਿਸੇ ਵੇਲੇ ਅਜਿਹਾ ਵਾਪਰ ਸੱਕਦਾ ਹੈ ਕਿ ਕਿਸੇ ਆਦਮੀ ਦੇ ਜਿਨਸੀ ਸੰਬੰਧ ਕਿਸੇ ਅਜਿਹੀ ਔਰਤ ਨਾਲ ਹੋ ਜਾਣ ਜੋ ਕਿਸੇ ਹੋਰ ਦੀ ਗੁਲਾਮ ਹੋਵੇ। ਪਰ ਇਸ ਗੁਲਾਮ ਔਰਤ ਨੂੰ ਨਾ ਤਾਂ ਖਰੀਦਿਆ ਗਿਆ ਹੈ ਅਤੇ ਨਾ ਅਜ਼ਾਦੀ ਦਿੱਤੀ ਗਈ ਹੈ। ਜੇ ਅਜਿਹਾ ਹੋਵੇ, ਤਾਂ ਸਜ਼ਾ ਮਿਲਣੀ ਚਾਹੀਦੀ ਹੈ। ਪਰ ਉਨ੍ਹਾਂ ਨੂੰ ਮੌਤ ਦੇ ਘਾਟ ਨਹੀਂ ਉਤਾਰਿਆ ਜਾਵੇਗਾ। ਕਿਉਂਕਿ ਔਰਤ ਆਜ਼ਾਦ ਨਹੀਂ ਸੀ। 21 ਉਸ ਆਦਮੀ ਨੂੰ ਆਪਣੇ ਦੋਸ਼ ਦੀ ਭੇਟ ਨੂੰ ਯਹੋਵਾਹ ਲਈ ਮੰਡਲੀ ਦੇ ਤੰਬੂ ਦੇ ਪ੍ਰਵੇਸ਼ ਦੁਆਰ ਤੇ ਲਿਆਉਣੀ ਚਾਹੀਦੀ ਹੈ। ਆਦਮੀ ਨੂੰ ਦੋਸ਼ ਦੀ ਭੇਟ ਲਈ ਇੱਕ ਭੇਡੂ ਲਿਆਉਣਾ ਚਾਹੀਦਾ ਹੈ। 22 ਜਾਜਕ ਅਜਿਹੀ ਰੀਤ ਕਰੇਗਾ ਜਿਹੜੀ ਉਸ ਆਦਮੀ ਲਈ ਪਰਾਸਚਿਤ ਹੋਵੇਗੀ। ਉਹ ਉਸ ਭੇਡੂ ਨੂੰ ਯਹੋਵਾਹ ਅੱਗੇ ਦੋਸ਼ ਦੀ ਭੇਟ ਵਜੋਂ ਚੜ੍ਹਾਵੇਗਾ। ਇਹ ਉਸ ਆਦਮੀ ਦੇ ਕੀਤੇ ਹੋਏ ਪਾਪ ਲਈ ਹੋਵੇਗਾ। ਫ਼ੇਰ ਉਸ ਆਦਮੀ ਨੂੰ ਉਸ ਦੇ ਪਾਪਾਂ ਦੀ ਮਾਫ਼ੀ ਮਿਲ ਜਾਵੇਗੀ।
23 “ਭਵਿੱਖ ਵਿੱਚ, ਤੁਸੀਂ ਆਪਣੇ ਦੇਸ਼ ਵਿੱਚ ਦਾਖਲ ਹੋਵੋਂਗੇ। ਉਸ ਸਮੇਂ, ਤੁਸੀਂ ਭੋਜਨ ਲਈ ਬਹੁਤ ਕਿਸਮਾਂ ਦੇ ਰੁੱਖ ਲਾਵੋਂਗੇ। ਕੋਈ ਵੀ ਰੁੱਖ ਲਾਉਣ ਤੋਂ ਬਾਦ, ਤੁਹਾਨੂੰ ਇਸ ਰੁੱਖ ਦਾ ਫ਼ਲ ਖਾਣ ਲਈ ਤਿੰਨ ਸਾਲ ਇੰਤਜ਼ਾਰ ਕਰਨਾ ਚਾਹੀਦਾ ਹੈ। ਤੁਹਾਨੂੰ ਇਨ੍ਹਾਂ ਵਰ੍ਹਿਆਂ ਦੌਰਾਨ ਇਸਦੇ ਫ਼ਲ ਨੂੰ ਵਰਜਿਤ ਘੋਸ਼ਿਤ ਕਰਨਾ ਚਾਹੀਦਾ ਹੈ। 24 ਚੌਥੇ ਸਾਲ ਉਸ ਰੁੱਖ ਦਾ ਫ਼ਲ ਯਹੋਵਾਹ ਦਾ ਹੋਵੇਗਾ ਇਹ ਯਹੋਵਾਹ ਨੂੰ ਉਸਤਤ ਦੀ ਪਵਿੱਤਰ ਭੇਟ ਹੋਵੇਗੀ। 25 ਫ਼ੇਰ, ਪੰਜਵੇਂ ਸਾਲ ਅੰਦਰ, ਤੁਸੀਂ ਉਸ ਰੁੱਖ ਦੇ ਫ਼ਲ ਖਾ ਸੱਕਦੇ ਹੋ। ਅਤੇ ਰੁੱਖ ਤੁਹਾਡੇ ਲਈ ਹੋਰ-ਹੋਰ ਫ਼ਲ ਪੈਦਾ ਕਰੇਗਾ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।
26 “ਤੁਹਾਨੂੰ ਕੋਈ ਵੀ ਅਜਿਹਾ ਮਾਸ ਨਹੀਂ ਖਾਣਾ ਚਾਹੀਦਾ ਜਿਸ ਵਿੱਚ ਹਾਲੇ ਖੂਨ ਹੋਵੇ।
“ਤੁਹਾਨੂੰ ਭਵਿੱਖ ਦਾ ਹਾਲ ਦੱਸਣ ਲਈ ਕੋਈ ਜਾਦੂ ਜਾਂ ਕਾਲਾ ਇਲਮ ਵਰਤਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ।
27 “ਤੁਹਾਨੂੰ ਆਪਣੇ ਸਿਰ ਦੇ ਇੱਕ ਪਾਸੇ ਤੇ ਉੱਗੇ ਹੋਏ ਵਾਲਾ ਨੂੰ ਨਹੀਂ ਮੁੰਨਣਾ ਚਾਹੀਦਾ। ਤੁਹਾਨੂੰ ਆਪਣੇ ਚਿਹਰੇ ਦੇ ਆਸੇ-ਪਾਸੇ ਤੇ ਉੱਗੀ ਹੋਈ ਦਾਢ਼ੀ ਨਹੀਂ ਮੁੰਨਣੀ ਚਾਹੀਦੀ। 28 ਤੁਹਾਨੂੰ ਮੁਰਦਾ ਲੋਕਾਂ ਨੂੰ ਚੇਤੇ ਕਰਨ ਲਈ ਜਿਸਮ ਉੱਤੇ ਜ਼ਖਮ ਨਹੀਂ ਬਨਾਉਣੇ ਚਾਹੀਦੇ। ਤੁਹਾਨੂੰ ਆਪਣੇ ਜਿਸਮ ਉੱਤੇ ਤੰਦੋਲੇ ਨਹੀਂ ਗੁਦਵਾਉਣੇ ਚਾਹੀਦੇ। ਮੈਂ ਯਹੋਵਾਹ ਹਾਂ।
29 “ਆਪਣੀ ਧੀ ਨੂੰ ਵੇਸਵਾ ਨਾ ਬਣਾਵੋ ਅਤੇ ਅਜਿਹਾ ਕਰਕੇ ਉਸ ਨੂੰ ਕਲੰਕਤ ਨਾ ਕਰੋ। ਧਰਤੀ ਅੰਦਰ ਅਜਿਹਾ ਨਾ ਕਰੋ ਅਤੇ ਇਸ ਨੂੰ ਦੁਸ਼ਟਤਾ ਨਾਲ ਨਾ ਭਰੋ।
30 “ਤੁਹਾਨੂੰ ਮੇਰੇ ਅਰਾਮ ਦੇ ਖਾਸ ਦਿਨਾਂ ਤੇ ਕੰਮ ਨਹੀਂ ਕਰਨਾ ਚਾਹੀਦਾ। ਤੁਹਾਨੂੰ ਮੇਰੇ ਪਵਿੱਤਰ ਸਥਾਨ ਦਾ ਆਦਰ ਕਰਨਾ ਚਾਹੀਦਾ ਹੈ। ਮੈਂ ਯਹੋਵਾਹ ਹਾਂ।
31 “ਸਲਾਹ ਮਸ਼ਵਰੇ ਲਈ ਭੂਤ ਮ੍ਰਿਤਾਂ ਜਾਂ ਸਿਆਣਿਆਂ ਕੋਲ ਨਾ ਜਾਉ। ਉਨ੍ਹਾਂ ਕੋਲ ਨਾ ਜਾਉ, ਉਹ ਸਿਰਫ਼ ਤੁਹਾਨੂੰ ਨਾਪਾਕ ਹੀ ਬਨਾਉਣਗੇ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।
32 “ਬਜ਼ੁਰਗ ਲੋਕਾਂ ਨੂੰ ਆਦਰ ਦਰਸਾਉ। ਜਦੋਂ ਉਹ ਕਮਰੇ ਵਿੱਚ ਆਉਣ ਤਾਂ ਖੜੇ ਹੋ ਜਾਉ। ਆਪਣੇ ਪਰਮੇਸ਼ੁਰ ਨੂੰ ਆਦਰ ਦਿਉ। ਮੈਂ ਯਹੋਵਾਹ ਹਾਂ।
33 “ਆਪਣੇ ਦੇਸ਼ ਵਿੱਚ ਰਹਿਣ ਵਾਲੇ ਪਰਦੇਸੀਆਂ ਨਾਲ ਬੁਰਾ ਨਾ ਕਰੋ। 34 ਤੁਹਾਨੂੰ ਪਰਦੇਸੀਆਂ ਨਾਲ ਆਪਣੇ ਸ਼ਹਿਰੀਆਂ ਵਰਗਾ ਹੀ ਵਰਤਾਉ ਕਰਨਾ ਚਾਹੀਦਾ ਹੈ। ਪਰਦੇਸੀਆਂ ਨੂੰ ਉਵੇਂ ਪਿਆਰ ਕਰੋ ਜਿਵੇਂ ਤੁਸੀਂ ਆਪਣੇ-ਆਪ ਨੂੰ ਕਰਦੇ ਹੋ। ਕਿਉਂ? ਕਿਉਂਕਿ ਇੱਕ ਸਮੇਂ ਤੁਸੀਂ ਵੀ-ਮਿਸਰ ਵਿੱਚ-ਪਰਦੇਸੀ ਸੀ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।
35 “ਤੁਹਾਨੂੰ ਲੋਕਾਂ ਦਾ ਨਿਆਂ ਕਰਦੇ ਵੇਲੇ ਬੇਲਾਗ ਹੋਣਾ ਚਾਹੀਦਾ ਹੈ। ਅਤੇ ਤੁਹਾਨੂੰ ਉਦੋਂ ਵੀ ਨਿਰਪੱਖ ਹੋਣਾ ਚਾਹੀਦਾ ਹੈ ਜਦੋਂ ਤੁਸੀਂ ਚੀਜ਼ਾਂ ਨੂੰ ਨਾਪਦੇ ਜਾਂ ਤੋਂਲਦੇ ਹੋ। 36 ਤੁਹਾਡੀਆਂ ਟੋਕਰੀਆਂ ਸਹੀ ਅਕਾਰ ਦੀਆਂ ਹੋਣੀਆਂ ਚਾਹੀਦੀਆਂ ਹਨ ਅਤੇ ਤੁਹਾਡੇ ਮਰਤਬਾਨਾਂ ਵਿੱਚ ਤਰਲ ਪਦਾਰੱਥਾਂ ਦੀ ਸਹੀ ਮਾਤਰਾ ਹੋਣੀ ਚਾਹੀਦੀ ਹੈ। ਤੁਹਾਡੇ ਪੈਮਾਨੇ ਅਤੇ ਵੱਟੇ ਸਹੀ ਤੋਂਲ ਦੇ ਹੋਣੇ ਚਾਹੀਦੇ ਹਨ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ। ਮੈਂ ਤੁਹਾਨੂੰ ਮਿਸਰ ਦੀ ਧਰਤੀ ਤੋਂ ਬਾਹਰ ਲਿਆਇਆ।
37 “ਤੁਹਾਨੂੰ ਮੇਰੇ ਸਾਰੇ ਨੇਮ ਤੇ ਅਸੂਲ ਚੇਤੇ ਰੱਖਣੇ ਚਾਹੀਦੇ ਹਨ। ਅਤੇ ਤੁਹਾਨੂੰ ਉਨ੍ਹਾਂ ਨੂੰ ਮੰਨਣਾ ਚਾਹੀਦਾ ਹੈ। ਮੈਂ ਯਹੋਵਾਹ ਹਾਂ।”