ਯਿਸੂ ਪ੍ਰਾਰਥਨਾ ਬਾਰੇ ਉਪਦੇਸ਼ ਦਿੰਦਾ
(ਮੱਤੀ 6:9-15)
11
ਇੱਕ ਵਾਰ ਯਿਸੂ ਕਿਸੇ ਥਾਂ ਤੇ ਪ੍ਰਾਰਥਨਾ ਕਰ ਰਿਹਾ ਸੀ। ਜਦੋਂ ਉਹ ਪ੍ਰਾਰਥਨਾ ਕਰ ਹਟਿਆ ਤਾਂ ਉਸ ਦੇ ਇੱਕ ਚੇਲੇ ਨੇ ਉਸ ਨੂੰ ਆਖਿਆ, “ਪ੍ਰਭੂ! ਸਾਨੂੰ ਪ੍ਰਾਰਥਨਾ ਕਰਨੀ ਸਿੱਖਾਵੋ ਜਿਵੇਂ ਯੂਹੰਨਾ ਨੇ ਆਪਣੇ ਚੇਲਿਆਂ ਨੂੰ ਸਿੱਖਾਈ ਸੀ।”
ਯਿਸੂ ਨੇ ਚੇਲਿਆਂ ਨੂੰ ਆਖਿਆ, “ਜਦੋਂ ਤੁਸੀਂ ਪ੍ਰਾਰਥਨਾ ਕਰੋ ਤਾਂ ਇਹ ਆਖੋ:
‘ਹੇ ਪਿਤਾ! ਤੇਰਾ ਨਾਮ ਹਮੇਸ਼ਾ ਪਵਿੱਤਰ ਮੰਨਿਆ ਜਾਵੇ,
ਅਤੇ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਤੇਰਾ ਰਾਜ ਆਵੇ।
ਹਰ ਰੋਜ ਸਾਨੂੰ ਉਹ ਰੋਟੀ ਦੇ, ਜੋ ਸਾਨੂੰ ਲੋੜੀਦੀ ਹੈ।
ਸਾਡੇ ਪਾਪ ਮਾਫ਼ ਕਰ ਕਿਉਂਕਿ ਜੋ
ਸਾਡੇ ਨਾਲ ਗਲਤ ਕਰਦਾ ਹੈ ਅਸੀਂ ਵੀ ਹਰ ਉਸ ਮਨੁੱਖ ਨੂੰ ਖਿਮਾ ਕਰਦੇ ਹਾਂ
ਅਤੇ ਸਾਨੂੰ ਪਰੱਖੇ ਨਾ ਜਾਣ ਦੇਵੀਂ।’”
ਲਗਾਤਾਰ ਮੰਗਦੇ ਰਹੋ
(ਮੱਤੀ 7:7-11)
5-6 ਤਾਂ ਉਸ ਨੇ ਉਨ੍ਹਾਂ ਨੂੰ ਕਿਹਾ, “ਕਿਸੇ ਹਾਲਾਤ ਵਿੱਚ, ਤੁਹਾਡੇ ਵਿੱਚੋਂ ਕੋਈ ਇੱਕ ਅੱਧੀ ਰਾਤ ਆਪਣੇ ਮਿੱਤਰ ਦੇ ਘਰ ਜਾਕੇ ਆਖੇ ਕਿ, ਕਿਰਪਾ ਕਰਕੇ ਮੈਨੂੰ ਤਿੰਨ ਰੋਟੀਆਂ ਦੇ, ‘ਕਿਉਂਕਿ ਮੇਰਾ ਇੱਕ ਮਿੱਤਰ ਸਫ਼ਰ ਤੋਂ ਮੇਰੇ ਘਰ ਆਇਆ ਹੈ, ਪਰ ਮੇਰੇ ਕੋਲ ਉਸ ਨੂੰ ਖੁਆਉਣ ਲਈ ਕੁਝ ਨਹੀਂ ਹੈ।’ ਮੰਨ ਲਵੋ ਜੇਕਰ ਤੁਹਾਡਾ ਮਿੱਤਰ ਘਰ ਦੇ ਅੰਦਰੋ ਹੀ ਤੁਹਾਨੂੰ ਜਵਾਬ ਦਿੰਦਾ ਹੈ, ‘ਚਲਾ ਜਾ! ਮੈਨੂੰ ਤੰਗ ਨਾ ਕਰ! ਦਰਵਾਜਾ ਪਹਿਲਾਂ ਹੀ ਬੰਦ ਪਿਆ ਹੈ। ਮੈਂ ਅਤੇ ਮੇਰੇ ਬੱਚੇ ਮੰਜੇ ਤੇ ਸੁੱਤੇ ਪਏ ਹਨ ਤੇ ਮੈਂ ਹੁਣ ਉੱਠ ਕੇ ਤੈਨੂੰ ਰੋਟੀਆਂ ਦੇਣ ਦੀ ਜ਼ਹਿਮਤ ਨਹੀਂ ਕਰ ਸੱਕਦਾ।’ ਮੈਂ ਤੁਹਾਨੂੰ ਦੱਸਦਾ ਹਾਂ ਕਿ ਭਾਵੇਂ ਉਹ ਤੁਹਾਨੂੰ ਉੱਠ ਕੇ ਰੋਟੀ ਦੇਣੀ ਪਸੰਦ ਨਹੀਂ ਕਰਦਾ ਕਿਉਂਕਿ ਉਹ ਤੇਰਾ ਮਿੱਤਰ ਹੈ। ਪਰ ਕਿਉਂਕਿ ਤੁਸੀਂ ਬਾਰ-ਬਾਰ ਪੁੱਛ ਰਹੇ ਹੋ, ਉਹ ਉੱਠੇਗਾ ਅਤੇ ਜੋ ਤੁਹਾਨੂੰ ਚਾਹੀਦਾ ਹੈ ਦੇ ਦੇਵੇਗਾ। ਇਸ ਲਈ ਮੈਂ ਆਖਦਾ ਹਾਂ ਕਿ ਤੁਸੀਂ ਪਰਮੇਸ਼ੁਰ ਕੋਲ ਨਿਰੰਤਰ ਮੰਗੋਂਗੇ ਤਾਂ ਉਹ ਤੁਹਾਨੂੰ ਦੇਵੇਗਾ। ਜੇਕਰ ਢੂਂਡੋਂਗੇ ਤਾਂ ਉਹ ਤੁਹਾਨੂੰ ਲੱਭੇਗਾ, ਲਗਾਤਾਰ ਖੜਕਾਉਂਦੇ ਰਹੋ ਤਾਂ ਤੁਹਾਡੇ ਲਈ ਦਰਵਾਜਾ ਖੋਲ੍ਹਿਆ ਜਾਵੇਗਾ। 10 ਕਿਉਂਕਿ ਹਰੇਕ ਜੋ ਮੰਗਦਾ ਹੈ ਉਸ ਨੂੰ ਮਿਲਦਾ ਹੈ, ਜੋ ਲੱਭਦਾ ਹੈ ਉਹ ਪ੍ਰਾਪਤ ਕਰਦਾ ਹੈ, ਅਤੇ ਜਿਹੜਾ ਮਨੁੱਖ ਦਰਵਾਜ਼ਾ ਖੜਕਾਉਂਦਾ ਹੈ ਉਸ ਲਈ ਖੋਲ੍ਹਿਆ ਜਾਂਦਾ ਹੈ। 11 ਤੁਹਾਡੇ ਵਿੱਚੋਂ ਕਿਹੜਾ ਹੈ ਜੋ ਇੱਕ ਪਿਤਾ ਵਜੋਂ ਆਪਣੇ ਪੁੱਤਰ ਨੂੰ ਸੱਪ ਦੇਵੇਗਾ ਜਦ ਕਿ ਉਹ ਮੱਛੀ ਮੰਗਦਾ ਹੈ। 12 ਜਾਂ ਜਦੋਂ ਉਹ ਆਂਡਾ ਮੰਗੇ ਤਾਂ ਤੁਸੀਂ ਬਿੱਛੂ ਦੇਵੋਂਗੇ? ਨਹੀਂ! 13 ਤੁਸੀਂ ਵੀ ਬਾਕੀ ਸਭ ਲੋਕਾਂ ਵਾਂਗ ਹੋ। ਤੁਸੀਂ ਬੁਰੇ ਹੋਕੇ ਵੀ ਜੇਕਰ ਆਪਣੇ ਬੱਚਿਆਂ ਨੂੰ ਚੰਗੀਆਂ ਦਾਤਾਂ ਦੇਣੀਆਂ ਜਾਣਦੇ ਹੋ ਤਾਂ ਸਵਰਗ ਵਿੱਚ ਪਿਤਾ ਉਨ੍ਹਾਂ ਨੂੰ ਕਿਤੇ ਵੱਧ ਪਵਿੱਤਰ ਆਤਮਾ ਦਿੰਦਾ ਹੈ ਜੋ ਉਸਤੋਂ ਮੰਗਦੇ ਹਨ।”
ਯਿਸੂ ਦਾ ਅਧਿਕਾਰ ਪਰਮੇਸ਼ੁਰ ਵੱਲੋਂ ਹੈ
(ਮੱਤੀ 12:22-30; ਮਰਕੁਸ 3:20-27)
14 ਇੱਕ ਵਾਰ ਯਿਸੂ ਇੱਕ ਆਦਮੀ ਵਿੱਚੋਂ ਭੂਤ ਕੱਢ ਰਿਹਾ ਸੀ। ਜੋ ਕਿ ਭੂਤ ਦੇ ਕਬਜ਼ੇ ਕਾਰਣ ਗੂੰਗਾ ਸੀ, ਜਦੋਂ ਭੂਤ ਬਾਹਰ ਆਇਆ ਤਾਂ ਆਦਮੀ ਨੇ ਬੋਲਣਾ ਸ਼ੁਰੂ ਕਰ ਦਿੱਤਾ। ਇਸ ਘਟਨਾ ਤੇ ਲੋਕ ਬੜੇ ਹੈਰਾਨ ਹੋ ਗਏ। 15 ਪਰ ਕੁਝ ਲੋਕਾਂ ਨੇ ਕਿਹਾ, “ਉਹ ਭੂਤਾਂ ਦੇ ਸ਼ਾਸਕ ਬਆਲ-ਜ਼ਬੂਲ ਦੀ ਸਹਾਇਤਾ ਨਾਲ ਭੂਤਾਂ ਨੂੰ ਕੱਢਦਾ ਹੈ।”
16 ਅਤੇ ਹੋਰਾਂ ਨੇ ਉਸ ਨੂੰ ਪਰੱਖਣ ਲਈ ਸਵਰਗ ਵੱਲੋਂ ਨਿਸ਼ਾਨ ਦਰਸ਼ਾਉਣ ਲਈ ਆਖਿਆ। 17 ਪਰ ਯਿਸੂ ਉਨ੍ਹਾਂ ਦੇ ਮਨ ਦੀਆਂ ਜਾਣਦਾ ਸੀ ਸੋ ਉਸ ਨੇ ਲੋਕਾਂ ਨੂੰ ਆਖਿਆ, “ਇੱਕ ਰਾਜ, ਜੋ ਵੰਡਿਆ ਹੋਇਆ ਅਤੇ ਆਪਣੇ ਵਿਰੁੱਧ ਲੜਦਾ ਹੈ, ਨਸ਼ਟ ਹੋ ਜਾਵੇਗਾ। ਅਤੇ ਇੰਝ ਹੀ ਇੱਕ ਘਰ ਜਿਹੜਾ ਕਿ ਵੰਡਿਆ ਹੋਇਆ ਹੈ ਅਤੇ ਆਪਣੇ ਵਿਰੁੱਧ ਲੜਦਾ ਹੈ, ਢਹਿ ਜਾਵੇਗਾ। 18 ਜੇਕਰ ਸ਼ੈਤਾਨ ਆਪਸ ਵਿੱਚ ਵੰਡਿਆ ਹੋਇਆ ਹੈ ਤਾਂ ਉਨ੍ਹਾਂ ਦਾ ਰਾਜ ਕਿਵੇਂ ਠਹਿਰੇਗਾ? ਮੈਂ ਅਜਿਹਾ ਇਸ ਲਈ ਆਖਦਾ ਕਿਉਂਕਿ ਤੁਸੀਂ ਆਖਦੇ ਹੋ ਕਿ ਮੈਂ ਬਆਲ-ਜ਼ਬੂਲ ਦੀ ਸਹਾਇਤਾ ਨਾਲ ਭੂਤ ਕੱਢਦਾ ਹਾਂ। 19 ਅਤੇ ਜੇਕਰ ਮੈਂ ਬਆਲ-ਜ਼ਬੂਲ ਦੀ ਸਹਾਇਤਾ ਨਾਲ ਭੂਤ ਕੱਢਦਾ ਹਾਂ ਤਾਂ ਫ਼ਿਰ ਤੁਹਾਡੇ ਚੇਲੇ ਕਿਸ ਦੀ ਸਹਾਇਤਾ ਨਾਲ ਉਨ੍ਹਾਂ ਨੂੰ ਬਾਹਰ ਕੱਢਦੇ ਹਨ? ਇਉਂ ਤੁਹਾਡੇ ਆਪਣੇ ਲੋਕ ਹੀ ਇਹ ਸਾਬਤ ਕਰ ਰਹੇ ਹਨ ਕਿ ਤੁਸੀਂ ਗਲਤ ਹੋ। 20 ਦੂਜੇ ਪਾਸੇ ਮੈਂ ਪਰਮੇਸ਼ੁਰ ਦੀ ਸ਼ਕਤੀ ਦੀ ਸਹਾਇਤਾ ਨਾਲ ਭੂਤ ਬਾਹਰ ਕੱਢਦਾ ਹਾਂ। ਇਸਦਾ ਅਰਥ ਇਹ ਹੈ ਕਿ ਪਰਮੇਸ਼ੁਰ ਦਾ ਰਾਜ ਤੁਹਾਡੇ ਕੋਲ ਆ ਪਹੁੰਚਿਆ ਹੈ।
21 “ਜਦੋਂ ਕੋਈ ਤਾਕਤਵਰ ਮਨੁੱਖ ਪੂਰੀ ਤਰ੍ਹਾਂ ਹਥਿਆਰ ਬੰਦ ਹੁੰਦਾ ਹੈ ਅਤੇ ਆਪਣੇ ਘਰ ਦੀ ਰੱਖਵਾਲੀ ਕਰ ਰਿਹਾ ਹੁੰਦਾ ਹੈ, ਤਾਂ ਉਸਦੀ ਸੰਪਤੀ ਸੁਰੱਖਿਅਤ ਹੁੰਦੀ ਹੈ। 22 ਪਰ ਜੇਕਰ ਵੱਧੇਰੇ ਸ਼ਕਤੀਸ਼ਾਲੀ ਆਦਮੀ ਉਸਤੇ ਹਮਲਾ ਕਰਦਾ ਹੈ ਅਤੇ ਉਸ ਨੂੰ ਹਰਾ ਦਿੰਦਾ ਹੈ ਤਾਂ, ਜਿਨ੍ਹਾਂ ਹਥਿਆਰਾਂ ਉੱਤੇ ਉਹ ਨਿਰਭਰ ਸੀ, ਉਹ ਉਨ੍ਹਾਂ ਨੂੰ ਲੈ ਲੈਂਦਾ ਹੈ। ਅਤੇ ਦੂਜਿਆਂ ਨਾਲ ਲੁੱਟ ਦਾ ਸਮਾਨ ਵੰਡ ਲੈਂਦਾ ਹੈ।
23 “ਜੇਕਰ ਕੋਈ ਮੇਰੇ ਨਾਲ ਨਹੀਂ, ਓਹ ਮੇਰੇ ਵਿਰੁੱਧ ਹੈ। ਅਤੇ ਜੇਕਰ ਉਹ ਮੇਰੇ ਨਾਲ ਇਕੱਠਾ ਨਹੀਂ ਕਰਦਾ, ਓੁਹ ਖਿੰਡਾਉਂਦਾ ਹੈ।
ਖਾਲੀ ਮਨੁੱਖ
(ਮੱਤੀ 12:43-45)
24 “ਜਦੋਂ ਕੋਈ ਭ੍ਰਿਸ਼ਟ ਆਤਮਾ ਕਿਸੇ ਮਨੁੱਖ ਵਿੱਚੋਂ ਬਾਹਰ ਆਉਂਦਾ ਹੈ, ਉਹ ਸੁੱਕੀਆਂ ਥਾਵਾਂ ਵਿੱਚੋਂ ਲੰਘਦਾ ਹੋਇਆ ਅਰਾਮ ਕਰਨ ਲਈ ਜਗ੍ਹਾ ਲੱਭਦਾ ਫ਼ਿਰਦਾ ਹੈ। ਪਰ ਜਦੋਂ ਉਸ ਨੂੰ ਅਰਾਮ ਕਰਨ ਲਈ ਕੋਈ ਥਾਂ ਨਹੀਂ ਲੱਭਦੀ। ਤਾਂ ਉਹ ਆਖਦਾ ਹੈ, ‘ਮੈਂ ਜਿਸ ਘਰ ਨੂੰ ਛੱਡ ਕੇ ਆਇਆ ਸੀ ਉੱਥੇ ਹੀ ਜਾ ਰਿਹਾ ਹਾਂ।’ 25 ਫ਼ਿਰ ਉਹ ਵਾਪਸ ਆਉਂਦਾ ਹੈ ਅਤੇ ਜਦੋਂ ਉਹ ਉਸ ਥਾਂ ਨੂੰ ਸਾਫ਼ ਅਤੇ ਸੱਜਿਆ ਸਵਰਿਆ ਵੇਖਦਾ ਹੈ। 26 ਤਾਂ ਉਹ ਭ੍ਰਿਸ਼ਟ ਆਤਮਾ ਬਾਹਰ ਜਾਕੇ ਸੱਤ ਹੋਰ ਆਤਮਿਆਂ ਨੂੰ ਇਕੱਠਾ ਕਰਦਾ ਹੈ, ਜਿਹੜੇ ਉਸ ਨਾਲੋਂ ਵੀ ਵੱਧੇਰੇ ਭ੍ਰਿਸ਼ਟ ਹੁੰਦੇ ਹਨ। ਤਾਂ ਉਹ ਸਭ ਭਰਿਸ਼ਟ ਆਤਮੇ ਉਸ ਥਾਵੇਂ ਜਾਕੇ ਫ਼ਿਰ ਰਹਿਣ ਲੱਗ ਜਾਂਦੇ ਹਨ। ਇਸ ਤਰ੍ਹਾਂ ਉਸ ਮਨੁੱਖ ਦੀ ਹਾਲਤ ਪਹਿਲਾਂ ਨਾਲੋਂ ਵੀ ਵੱਧ ਭੈੜੀ ਹੋ ਜਾਂਦੀ ਹੈ।”
ਜਿਹੜੇ ਮਨੁੱਖ ਵਾਸਤਵ ਵਿੱਚ ਖੁਸ਼ ਹਨ
27 ਜਦੋਂ ਯਿਸੂ ਨੇ ਇਹ ਸਾਰੀਆਂ ਗੱਲਾਂ ਆਖੀਆਂ ਤਾਂ ਭੀੜ ਵਿੱਚੋਂ ਇੱਕ ਔਰਤ ਨੇ ਉੱਚੀ ਅਵਾਜ਼ ਵਿੱਚ ਆਖਿਆ, “ਧੰਨ ਹੈ ਉਹ ਮਾਂ ਜਿਸਦੀ ਕੁੱਖੋਂ ਤੂੰ ਜਨਮ ਲਿਆ ਤੇ ਜਿਸਦਾ ਤੂੰ ਦੁੱਧ ਪੀਤਾ ਹੈ।”
28 ਪਰ ਯਿਸੂ ਨੇ ਆਖਿਆ, “ਇਹ ਸੱਚ ਹੈ, ਪਰ ਉਹ ਲੋਕ ਵੱਧੇਰੇ ਧੰਨ ਹੋਣਗੇ ਜੋ ਪਰਮੇਸ਼ੁਰ ਦੇ ਬਚਨਾਂ ਨੂੰ ਸੁਣਦੇ ਹਨ ਅਤੇ ਉਨ੍ਹਾਂ ਦੇ ਮੁਤਾਬਿਕ ਹੀ ਚੱਲਦੇ ਹਨ।”
ਸਾਨੂੰ ਸਬੂਤ ਦੇਵੋ
(ਮੱਤੀ 12:38-42; ਮਰਕੁਸ 8:12)
29 ਜਦੋਂ ਉਸ ਦੇ ਕੋਲ ਬਹੁਤ ਲੋਕੀ ਇਕੱਠੇ ਹੁੰਦੇ ਗਏ ਤਾਂ ਉਸ ਨੇ ਆਖਿਆ, “ਇਹ ਭ੍ਰਿਸ਼ਟ ਪੀੜ੍ਹੀ ਹੈ, ਇਹ ਪਰਮੇਸ਼ੁਰ ਦੇ ਸਬੂਤ ਵਜੋਂ ਕਰਿਸ਼ਮੇ ਜਾਂ ਨਿਸ਼ਾਨ ਚਾਹੰਦੀ ਹੈ। ਪਰ ਉਨ੍ਹਾਂ ਨੂੰ ਸਬੂਤ ਵਜੋਂ ਕੋਈ ਕਰਿਸ਼ਮਾ ਨਹੀਂ ਵਿਖਾਇਆ ਜਾਵੇਗਾ ਸਿਵਾਇ ਯੂਨਾਹ ਦੇ ਕਰਿਸ਼ਮੇ ਤੋਂ। 30 ਜਿਸ ਤਰ੍ਹਾਂ ਯੂਨਾਹ ਨੀਨਵਾਹ ਦੇ ਲੋਕਾਂ ਲਈ ਨਿਸ਼ਾਨ ਹੋਇਆ ਉਸੇ ਤਰ੍ਹਾਂ ਮਨੁੱਖ ਦਾ ਪੁੱਤਰ ਵੀ ਇਸ ਪੀੜ੍ਹੀ ਲਈ ਹੋਵੇਗਾ। 31 ਨਿਆਂ ਦੇ ਦਿਨ ਦੱਖਣ ਦੀ ਰਾਣੀ ਖੜ੍ਹੀ ਹੋਵੇਗੀ ਅਤੇ ਇਸ ਪੀੜ੍ਹੀ ਦੇ ਲੋਕਾਂ ਦੇ ਖਿਲਾਫ਼ ਬੋਲੇਗੀ। ਕਿਉਂ? ਕਿਉਂਕਿ ਉਹ ਧਰਤੀ ਦੇ ਦੂਸਰੇ ਸਿਰੇ ਤੋਂ ਸੁਲੇਮਾਨ ਦਾ ਗਿਆਨ ਸੁਨਣ ਲਈ ਆਈ ਸੀ। ਅਤੇ ਵੇਖੋ ਇੱਥੇ ਕੋਈ ਸੁਲੇਮਾਨ ਨਾਲੋਂ ਵੀ ਵੱਡਾ ਹੈ।
32 “ਨਿਆਂ ਦੇ ਦਿਨ ਨੀਨਵਾਹ ਦੇ ਲੋਕ ਖੜ੍ਹੇ ਹੋਣਗੇ ਅਤੇ ਇਸ ਪੀੜ੍ਹੀ ਦੇ ਲੋਕਾਂ ਦੇ ਖਿਲਾਫ਼ ਬੋਲਣਗੇ। ਕਿਉਂ? ਕਿਉਂਕਿ ਜਦੋਂ ਉਨ੍ਹਾਂ ਨੇ ਯੂਨਾਹ ਦੇ ਪ੍ਰਚਾਰ ਸੁਣੇ ਤਾਂ ਉਨ੍ਹਾਂ ਨੇ ਆਪਣੇ ਹਿਰਦੇ ਬਦਲ ਲਏ ਸਨ। ਅਤੇ ਹੁਣ ਵੇਖੋ ਯੂਨਾਹ ਨਾਲੋਂ ਵੀ ਵੱਧੇਰੇ ਮਹਾਨ ਕੋਈ ਇੱਥੇ ਹੈ।
ਦੁਨੀਆਂ ਲਈ ਰੌਸ਼ਨੀ ਬਣੋ
(ਮੱਤੀ 5:15; 6:22-23)
33 “ਕੋਈ ਵੀ ਦੀਵਾ ਜਗਾਕੇ ਉਸ ਨੂੰ ਛੁਪਾਉਂਦਾ ਨਹੀਂ ਜਾਂ ਭਾਂਡੇ ਥੱਲੇ ਨਹੀਂ ਰੱਖਦਾ, ਸਗੋਂ ਇਸ ਨੂੰ ਸ਼ਮਾਦਾਨ ਉੱਤੇ ਰੱਖਦਾ ਹੈ ਤਾਂ ਕਿ ਇਹ ਆਉਣ ਵਾਲੇ ਲੋਕਾਂ ਦੇ ਰਾਹ ਨੂੰ ਰੌਸ਼ਨ ਕਰੇ। 34 ਤੇਰੀ ਅੱਖ ਤੇਰੇ ਸਰੀਰ ਦਾ ਚਾਨਣ ਹੈ, ਇਸ ਲਈ ਜੇਕਰ ਤੇਰੀਆਂ ਅੱਖਾਂ ਚੰਗੀਆਂ ਹਨ, ਤਾਂ ਤੇਰਾ ਸਾਰਾ ਸਰੀਰ ਵੀ ਚਾਨਣ ਨਾਲ ਭਰਪੂਰ ਹੈ। ਪਰ ਜੇਕਰ ਤੇਰੀਂ ਅੱਖਾਂ ਵਿੱਚ ਖੋਟ ਹੈ ਤਾਂ ਤੇਰਾ ਸਰੀਰ ਵੀ ਹਨੇਰੇ ਨਾਲ ਭਰਪੂਰ ਹੈ। 35 ਇਸ ਲਈ ਸਾਵੱਧਾਨ ਰਹਿਣਾ, ਕਿਤੇ ਤੁਹਾਡੇ ਅੰਦਰ ਦਾ ਚਾਨਣ ਹਨੇਰਾ ਨਾ ਹੋ ਜਾਵੇ। 36 ਜੇਕਰ ਤੁਹਾਡਾ ਸਾਰਾ ਸਰੀਰ ਰੌਸ਼ਨੀ ਨਾਲ ਭਰਪੂਰ ਹੈ ਅਤੇ ਜੇ ਇਸਦਾ ਕੋਈ ਵੀ ਅੰਗ ਹਨੇਰੇ ਵਿੱਚ ਨਹੀਂ ਹੈ, ਫ਼ੇਰ ਸਾਰਾ ਸਰੀਰ ਰੌਸ਼ਨੀ ਨਾਲ ਭਰਪੂਰ ਹੋਵੇਗਾ, ਜਿਵੇਂ ਕਿ ਇੱਕ ਦੀਪਕ ਦੀ ਰੌਸ਼ਨੀ ਸਭ ਉੱਤੇ ਚਮਕਦੀ ਹੈ।”
ਯਿਸੂ ਵੱਲੋਂ ਫ਼ਰੀਸੀਆਂ ਦੀ ਨਿੰਦਿਆ
(ਮੱਤੀ 23:1-36; ਮਰਕੁਸ 12:38-40; ਲੂਕਾ 20:45-47)
37 ਜਦੋਂ ਯਿਸੂ ਗੱਲ ਕਰ ਹਟਿਆ, ਇੱਕ ਫ਼ਰੀਸੀ ਨੇ ਉਸ ਨੂੰ ਆਪਣੇ ਨਾਲ ਭੋਜਨ ਕਰਨ ਲਈ ਬੇਨਤੀ ਕੀਤੀ। ਤਾਂ ਯਿਸੂ ਮੇਜ ਤੇ ਬੈਠ ਗਿਆ। 38 ਪਰ ਫ਼ਰੀਸੀ ਹੈਰਾਨ ਸੀ ਜਦੋਂ ਉਸ ਨੇ ਵੇਖਿਆ ਕਿ ਯਿਸੂ ਨੇ ਭੋਜਨ ਖਾਣ ਤੋਂ ਪਹਿਲਾਂ ਆਪਣੇ ਹੱਥ ਨਹੀਂ ਧੋਤੇ ਸਨ। 39 ਪਰ ਪ੍ਰਭੂ ਨੇ ਉਸ ਨੂੰ ਕਿਹਾ, “ਤੁਸੀਂ ਫ਼ਰੀਸੀ ਆਪਣੇ ਪਿਆਲੇ ਅਤੇ ਥਾਲੀਆਂ ਬਾਹਰੋਂ ਹੀ ਸਾਫ਼ ਕਰਦੇ ਹੋ ਪਰ ਤੁਹਾਡਾ ਅੰਦਰ ਲਾਲਚ ਅਤੇ ਬਦੀ ਨਾਲ ਭਰਪੂਰ ਹੈ। 40 ਹੇ ਮੂਰੱਖੋ! ਕੀ ਜਿਸਨੇ ਬਾਹਰ ਨੂੰ ਬਣਾਇਆ, ਉਸ ਨੇ ਹੀ, ਅੰਦਰ ਨੂੰ ਨਹੀਂ ਬਣਾਇਆ? 41 ਇਸ ਲਈ ਜੋ ਕੁਝ ਵੀ ਅੰਦਰ ਹੈ, ਉਹ ਲੋੜਵੰਦ ਨੂੰ ਦਿਉ। ਫ਼ੇਰ ਤੁਹਾਡੇ ਲਈ ਸਭ ਕੁਝ ਸ਼ੁੱਧ ਹੋ ਜਾਵੇਗਾ।
42 “ਫ਼ਰੀਸੀਓ ਤੁਹਾਡੇ ਤੇ ਲਾਹਨਤ ਹੈ ਕਿਉਂਕਿ ਤੁਸੀਂ ਆਪਣੇ ਪੁਦੀਨੇ, ਹਰਮਲ ਪਤੇ ਅਤੇ ਤੁਹਾਡੇ ਬਾਗ ਵਿੱਚ ਉੱਗੇ ਹੋਰ ਸਾਰੇ ਪੌਦਿਆਂ ਦਾ ਦਸਵੰਧ ਤਾਂ ਦਿੰਦੇ ਹੋ, ਪਰ ਤੁਸੀਂ ਨਿਆਂ ਅਤੇ ਪਰਮੇਸ਼ੁਰ ਦੇ ਪਿਆਰ ਨੂੰ ਟਾਲ ਦਿੰਦੇ ਹੋ। ਪਰ ਤੁਹਾਨੂੰ ਚਾਹੀਦਾ ਸੀ ਕਿ ਤੁਸੀਂ ਉਹ ਵੀ ਕਰਦੇ ਅਤੇ ਇਨ੍ਹਾਂ ਨੂੰ ਵੀ ਨਾ ਛੱਡਦੇ।
43 “ਫ਼ਰੀਸੀਓ ਤੁਹਾਡੇ ਉੱਤੇ ਲਾਹਨਤ, ਕਿਉਂਕਿ ਤੁਸੀਂ ਪ੍ਰਾਰਥਨਾ ਸਥਾਨਾਂ ਵਿੱਚ ਮਹੱਤਵਪੂਰਣ ਜਗ੍ਹਾਵਾਂ ਅਤੇ ਬਜਾਰਾਂ ਵਿੱਚ ਸ਼ੁਭਕਾਮਨਾਵਾਂ ਚਾਹੁੰਦੇ ਹੋ। 44 ਤੁਹਾਡੇ ਉੱਤੇ ਲਾਹਨਤ, ਕਿਉਂਕਿ ਤੁਸੀਂ ਉਨ੍ਹਾਂ ਲੁਕੀਆਂ ਕਬਰਾਂ ਵਰਗੇ ਹੋ ਜਿਨ੍ਹਾਂ ਉੱਤੇ ਲੋਕੀ ਅਨਭੋਲ ਚੱਲਦੇ ਹਨ।”
45 ਨੇਮ ਦੇ ਉਪਦੇਸ਼ਕਾਂ ਵਿੱਚੋਂ ਕਿਸੇ ਇੱਕ ਨੇ ਯਿਸੂ ਨੂੰ ਕਿਹਾ, “ਗੁਰੂ! ਜਦੋਂ ਤੁਸੀਂ ਫ਼ਰੀਸੀਆਂ ਬਾਰੇ ਇਹ ਕੁਝ ਆਖ ਰਹੇ ਹੋ, ਤਾਂ ਤੁਸੀਂ ਸਾਡੀ ਸਭਾ ਨੂੰ ਵੀ ਨਿੰਦ ਰਹੇ ਹੋ।”
46 ਯਿਸੂ ਨੇ ਆਖਿਆ, “ਨੇਮ ਦੇ ਪ੍ਰਚਾਰਕੋ! ਤੁਹਾਡੇ ਤੇ ਲਾਹਨਤ। ਕਿਉਂਕਿ ਤੁਸੀਂ ਲੋਕਾਂ ਤੇ ਇੰਨਾ ਭਾਰ ਪਾਉਂਦੇ ਹੋ, ਜਿਸ ਨੂੰ ਚੁੱਕਣਾ ਉਹ ਬਹੁਤ ਮੁਸ਼ਕਿਲ ਮਹਿਸੂਸ ਕਰਦੇ ਹਨ ਪਰ ਤੁਸੀਂ ਖੁਦ ਇਸ ਨੂੰ ਇੱਕ ਉਂਗਲ ਨਾਲ ਵੀ ਨਹੀਂ ਛੂੰਹਦੇ। 47 ਤੁਹਾਡੇ ਤੇ ਲਾਹਨਤ, ਕਿਉਂਕਿ ਤੁਸੀਂ ਨਬੀਆਂ ਦੇ ਮਕਬਰੇ ਬਣਾਉਂਦੇ ਹੋ ਪਰ ਇਹ ਉਹੀ ਨਬੀ ਹਨ ਜਿਨ੍ਹਾਂ ਨੂੰ ਤੁਹਾਡੇ ਪੁਰਖਿਆਂ ਨੇ ਮਾਰ ਦਿੱਤਾ ਸੀ। 48 ਇਸ ਤਰ੍ਹਾਂ ਤੁਸੀਂ ਸਮੂਹ ਲੋਕਾਂ ਨੂੰ ਦਰਸ਼ਾਉਂਦੇ ਹੋ ਕਿ ਤੁਸੀਂ ਆਪਣੇ ਪੁਰਖਿਆਂ ਦੇ ਕਾਰਜਾਂ ਨਾਲ ਸਹਿਮਤ ਹੋ। ਉਨ੍ਹਾਂ ਨੇ ਨਬੀਆਂ ਨੂੰ ਮਾਰਿਆ ਅਤੇ ਤੁਸੀਂ ਉਨ੍ਹਾਂ ਦੇ ਮਕਬਰੇ ਬਣਵਾਉਂਦੇ ਹੋ। 49 ਇਸੇ ਲਈ ਪਰਮੇਸ਼ੁਰ ਦੇ ਗਿਆਨ ਨੇ ਆਖਿਆ, ‘ਮੈਂ ਉਨ੍ਹਾਂ ਨਬੀਆਂ ਅਤੇ ਰਸੂਲਾਂ ਨੂੰ ਭੇਜਾਂਗਾ। ਉਹ ਉਨ੍ਹਾਂ ਵਿੱਚੋਂ ਕੁਝ ਇੱਕ ਨੂੰ ਮਾਰ ਦੇਣਗੇ ਅਤੇ ਦੂਜਿਆਂ ਨੂੰ ਦੰਡ ਦੇਣਗੇ।’
50 “ਇਸ ਵਾਸਤੇ ਇਸ ਪੀੜ੍ਹੀ ਦੇ ਲੋਕਾਂ ਨੂੰ ਦੁਨੀਆਂ ਦੇ ਮੁੱਢ ਤੋਂ ਹੀ ਨਬੀਆਂ ਨੂੰ ਮਾਰਨ ਦਾ ਫ਼ਲ ਭੁਗਤਨਾ ਪਵੇਗਾ। 51 ਤੁਹਾਨੂੰ ਸਾਰੇ ਕਤਲਾਂ ਦੇ ਫ਼ਲ ਦਾ ਸਾਹਮਣਾ ਕਰਨਾ ਪਵੇਗਾ ਹਾਬਲ ਦੇ ਕਤਲ ਤੋਂ ਲੈ ਕੇ ਜ਼ਕਰਯਾਹ ਦੇ ਕਤਲ ਤੱਕ, ਜੋ ਜਗਵੇਦੀ ਅਤੇ ਮੰਦਰ ਦੇ ਵਿੱਚਕਾਰ ਮਾਰਿਆ ਸੀ। ਹਾਂ, ਮੈਂ ਤੁਹਾਨੂੰ ਦੱਸਦਾ ਹਾਂ ਇਸ ਸਭ ਵਾਸਤੇ ਇਸ ਪੀੜ੍ਹੀ ਦੇ ਲੋਕਾਂ ਨੂੰ ਜਿੰਮੇਦਾਰ ਠਹਿਰਾਇਆ ਜਾਵੇਗਾ।
52 “ਨੇਮ ਦੇ ਉਪਦੇਸ਼ਕੋ ਤੁਹਾਡੇ ਤੇ ਲਾਹਨਤ, ਕਿਉਂ ਜੋ ਤੁਸੀਂ ਗਿਆਨ ਦੀ ਕੁੰਜੀ ਚੁੱਕ ਲਈ ਹੈ। ਤੁਸੀਂ ਖੁਦ ਵੀ ਪ੍ਰਵੇਸ਼ ਨਹੀਂ ਕੀਤਾ ਅਤੇ ਤੁਸੀਂ ਉਨ੍ਹਾਂ ਨੂੰ ਵੀ ਅੜਚਨ ਪਾਈ ਜਿਹੜੇ ਪ੍ਰਵੇਸ਼ ਕਰਨਾ ਚਾਹੁੰਦੇ ਸਨ।”
53 ਜਦੋਂ ਯਿਸੂ ਉਹ ਥਾਂ ਛੱਡ ਰਿਹਾ ਸੀ ਤਾਂ ਨੇਮ ਦੇ ਉਪਦੇਸ਼ਕਾਂ ਅਤੇ ਫ਼ਰੀਸੀਆਂ ਨੇ ਬੜੇ ਸਵਾਲ ਕਰਕੇ ਭਿਆਨਕਤਾ ਨਾਲ ਉਸਦੀ ਵਿਰੋਧਤਾ ਕਰਨੀ ਸ਼ੁਰੂ ਕਰ ਦਿੱਤੀ। 54 ਉਹ ਉਸ ਨੂੰ ਅਨੇਕਾਂ ਵਿਛਿਆਂ ਬਾਰੇ ਔਖੇ ਸਵਾਲ ਪੁੱਛਣ ਲੱਗੇ ਤਾਂ ਜੋ ਉਹ ਕੁਝ ਅਜਿਹਾ ਕਹੇ ਜਿਸ ਨੂੰ ਉਹ ਗਲਤ ਸਾਬਿਤ ਕਰ ਸੱਕਣ।