ਲੂਕਾ ਦੀ ਇੰਜੀਲ
ਲੂਕਾ ਯਿਸੂ ਦੇ ਜਨਮ ਬਾਰੇ ਲਿਖਦਾ ਹੈ
1
ਪਿਆਰੇ ਥਿਉਫ਼ਿਲੁਸ,
ਜੋ ਘਟਨਾਵਾਂ ਸਾਡੇ ਦਰਮਿਆਨ ਵਾਪਰੀਆਂ ਹਨ, ਬਹੁਤ ਸਾਰੇ ਲੋਕਾਂ ਨੇ ਉਨ੍ਹਾਂ ਦਾ ਇਤਿਹਾਸ ਲਿਖਣ ਦੀ ਕੋਸ਼ਿਸ਼ ਕੀਤੀ ਹੈ। ਜੋ ਕੁਝ ਅਸੀਂ ਦੂਜਿਆਂ ਕੋਲੋਂ ਸਿੱਖਿਆ ਉਨ੍ਹਾਂ ਨੇ ਵੀ ਉਹੀ ਗੱਲਾਂ ਲਿਖੀਆਂ ਹਨ। ਇਹ ਉਨ੍ਹਾਂ ਵੱਲੋਂ ਹੈ ਜਿਨ੍ਹਾਂ ਨੇ ਮੁਢੋਂ ਹੀ ਇਹ ਵਾਪਰਦਿਆਂ ਆਪਣੀ ਅੱਖੀਂ ਵੇਖਿਆ ਅਤੇ ਜਿਨ੍ਹਾਂ ਨੇ ਪਰਮੇਸ਼ੁਰ ਦੇ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾ ਕੇ ਪਰਮੇਸ਼ੁਰ ਦੀ ਸੇਵਾ ਕੀਤੀ। ਮਾਣ ਯੋਗ ਥਿਉਫ਼ਿਲੁਸ, ਕਿਉਂਕਿ ਮੈਂ ਮੁਢ ਤੋਂ ਹੀ ਇਸ ਸਭ ਕਾਸੇ ਦਾ ਬੜੇ ਧਿਆਨ ਨਾਲ ਅਧਿਐਨ ਕੀਤਾ ਹੈ, ਇਸ ਲਈ ਮੈਂ ਮਹਿਸੂਸ ਕੀਤਾ ਕਿ ਮੈਂ ਤੈਨੂੰ ਇਹ ਸਭ ਕਰਮਵਾਰ ਦੱਸਾਂ ਕਿ ਇਹ ਕਿਵੇਂ ਵਾਪਰਿਆ। ਤਾਂ ਜੋ ਤੁਸੀਂ ਜਾਣ ਸੱਕੋਂ ਕਿ ਤੁਹਾਨੂੰ ਜੋ ਕੁਝ ਵੀ ਸਿੱਖਾਇਆ ਗਿਆ ਹੈ ਉਹ ਸਭ ਸੱਚ ਹੈ।
ਜ਼ਕਰਯਾਹ ਅਤੇ ਇਲੀਸਬਤ
ਉਨ੍ਹਾਂ ਦਿਨਾਂ ਵਿੱਚ ਜਦੋਂ ਹੇਰੋਦੇਸ ਯਹੂਦਿਯਾ ਵਿੱਚ ਰਾਜ ਕਰਦਾ ਸੀ, ਉੱਥੇ ਜ਼ਕਰਯਾਹ ਨਾਉਂ ਦਾ ਇੱਕ ਜਾਜਕ ਸੀ। ਉਹ ਅਬੀਯਾਹ ਦੇ ਜਾਜਕ ਸਮੂਹ ਵਿੱਚੋਂ ਸੀ ਅਤੇ ਉਸਦੀ ਪਤਨੀ ਦਾ ਨਾਉਂ ਇਲੀਸਬਤ ਸੀ ਅਤੇ ਉਹ ਹਾਰੂਨ ਦੇ ਖਾਨਦਾਨ ਵਿੱਚੋਂ ਸੀ। ਉਹ ਦੋਨੋਂ ਜੀਅ ਪਰਮੇਸ਼ੁਰ ਦੀ ਦ੍ਰਿਸ਼ਟੀ ਵਿੱਚ ਬੜੇ ਚੰਗੇ ਸਨ, ਉਨ੍ਹਾਂ ਨੇ ਪ੍ਰਭੂ ਦੇ ਸਾਰੇ ਆਦੇਸ਼ਾਂ ਅਤੇ ਅਸੂਲਾਂ ਨੂੰ ਬੜੇ ਧਿਆਨ ਨਾਲ ਮੰਨਿਆ। ਉਹ ਦੋਨੋ ਜਨੇ ਦੋਸ਼ ਰਹਿਤ ਸਨ। ਪਰ ਜ਼ਕਰਯਾਹ ਅਤੇ ਇਲੀਸਬਤ ਦੇ ਕੋਈ ਔਲਾਦ ਨਹੀਂ ਸੀ। ਇਲੀਸਬਤ ਬਾਂਝ ਸੀ ਅਤੇ ਉਹ ਦੋਵੇਂ ਵੱਡੀ ਉਮਰ ਦੇ ਸਨ।
ਜ਼ਕਰਯਾਹ ਆਪਣੇ ਸਮੂਹ ਲਈ ਮੰਦਰ ਵਿੱਚ ਜਾਜਕ ਦੇ ਤੌਰ ਤੇ ਕਾਰਜ ਕਰਦਾ ਸੀ। ਉਹ ਉੱਥੇ ਪਰਮੇਸ਼ੁਰ ਨੂੰ ਸੇਵਾ ਭੇਟ ਕਰਨ ਲਈ ਉਪਸਥਿਤ ਸੀ। ਜਦੋਂ ਉਸ ਦੇ ਸਮੂਹ ਦੀ ਵਾਰੀ ਆਈ, ਤਾਂ ਉਸ ਨੂੰ ਰਿਵਾਜ਼ ਦੇ ਮੁਤਾਬਿਕ ਪਰਚੀਆਂ ਪਾਕੇ ਪ੍ਰਭੂ ਦੇ ਮੰਦਰ ਵਿੱਚ ਜਾਕੇ ਧੂਪ ਧੁਖਾਉਣ ਲਈ ਚੁਣਿਆ ਗਿਆ ਸੀ। 10 ਜਿਸ ਵਕਤ ਧੂਪ ਧੁਖਾਉਣ ਦਾ ਵੇਲਾ ਸੀ, ਸਾਰੇ ਲੋਕ ਇਕੱਠੇ ਹੋਕੇ ਮੰਦਰ ਦੇ ਬਾਹਰ ਪ੍ਰਾਰਥਨਾ ਕਰ ਰਹੇ ਸਨ।
11 ਤੱਦ ਜ਼ਕਰ੍ਯਾਹ ਨੂੰ ਧੂਪ ਦੀ ਵੇਦੀ ਦੇ ਸੱਜੇ ਪਾਸੇ ਪ੍ਰਭੂ ਦਾ ਇੱਕ ਦੂਤ ਖਲੋਤਾ ਦਿਖਿਆ। 12 ਜਦੋਂ ਜ਼ਕਰਯਾਹ ਨੇ ਦੂਤ ਨੂੰ ਵੇਖਿਆ ਤਾਂ ਉਹ ਬੜਾ ਘਬਰਾ ਗਿਆ ਅਤੇ ਡਰ ਨੇ ਉਸ ਨੂੰ ਘੇਰ ਲਿਆ। 13 ਫ਼ੇਰ ਦੂਤ ਨੇ ਉਸ ਨੂੰ ਕਿਹਾ, “ਜ਼ਕਰਯਾਹ ਡਰ ਨਾ! ਤੇਰੀ ਪ੍ਰਾਰਥਨਾ ਪਰਮੇਸ਼ੁਰ ਨੇ ਸੁਣ ਲਈ ਹੈ। ਤੇਰੀ ਪਤਨੀ ਇਲੀਸਬਤ ਇੱਕ ਬੱਚੇ ਨੂੰ ਜਨਮ ਦੇਵੇਗੀ। ਅਤੇ ਤੂੰ ਉਸਦਾ ਨਾਮ ਯੂਹੰਨਾ ਰੱਖੀਂ। 14 ਤੈਨੂੰ ਬੜੀ ਖੁਸ਼ੀ ਅਤੇ ਅਨੰਦ ਮਿਲੇਗਾ ਅਤੇ ਬਹੁਤ ਸਾਰੇ ਹੋਰ ਲੋਕ ਵੀ ਯੂਹੰਨਾ ਦੀ ਜੰਮਣ ਤੇ ਖੁਸ਼ ਹੋਣਗੇ। 15 ਕਿਉਂ ਕਿ ਉਹ ਪ੍ਰਭੂ ਦੀ ਦ੍ਰਿਸ਼ਟੀ ਵਿੱਚ ਮਹਾਨ ਹੋਵੇਗਾ। ਉਹ ਕਦੇ ਵੀ ਕੋਈ ਮੈਅ ਜਾਂ ਨਸ਼ੀਲੀ ਚੀਜ਼ ਨਹੀਂ ਪੀਵੇਗਾ। ਅਤੇ ਉਹ ਆਪਣੀ ਮਾਤਾ ਦੀ ਕੁੱਖੋਂ ਹੀ ਪਵਿੱਤਰ ਆਤਮਾ ਨਾਲ ਭਰਪੂਰ ਪੈਦਾ ਹੋਵੇਗਾ।
16 “ਉਹ ਇਸਰਾਏਲ ਦੇ ਬਹੁਤ ਸਾਰੇ ਲੋਕਾਂ ਨੂੰ ਪ੍ਰਭੂ ਉਨ੍ਹਾਂ ਦੇ ਪਰਮੇਸ਼ੁਰ ਵੱਲ ਵਾਪਸ ਲਿਆਵੇਗਾ। 17 ਯੂਹੰਨਾ ਖੁਦ ਪ੍ਰਭੂ ਦੇ ਅੱਗੇ-ਅੱਗੇ ਚੱਲੇਗਾ। ਅਤੇ ਉਹ ਏਲੀਯਾਹ ਵਾਂਗ ਹੀ ਸ਼ਕਤੀਸ਼ਾਲੀ ਹੋਵੇਗਾ। ਉਸ ਕੋਲ ਉਹ ਆਤਮਾ ਹੋਵੇਗਾ ਜੋ ਏਲੀਯਾਹ ਕੋਲ ਸੀ। ਉਹ ਪਿਤਾ ਅਤੇ ਉਸ ਦੇ ਬੱਚਿਆਂ ਵਿੱਚਕਾਰ ਸ਼ਾਂਤੀ ਪੈਦਾ ਕਰੇਗਾ। ਜਿਹੜੇ ਪਰਮੇਸ਼ੁਰ ਦੀ ਪਾਲਣਾ ਨਹੀਂ ਕਰਦੇ ਉਹ ਉਨ੍ਹਾਂ ਦੀਆਂ ਸੋਚਾਂ ਨੂੰ ਧਰਮੀ ਲੋਕਾਂ ਦੀਆਂ ਸੋਚਾਂ ਵਿੱਚ ਬਦਲ ਦੇਵੇਗਾ, ਉਹ ਲੋਕਾਂ ਨੂੰ ਪ੍ਰਭੂ ਲਈ ਤਿਆਰ ਕਰੇਗਾ।”
18 ਜ਼ਕਰਯਾਹ ਨੇ ਦੂਤ ਨੂੰ ਪੁੱਛਿਆ, “ਮੈਨੂੰ ਕਿਵੇਂ ਪਤਾ ਲੱਗੇ ਕਿ ਜੋ ਤੂੰ ਆਖਿਆ ਹੈ ਉਹ ਸੱਚ ਹੈ ਕਿਉਂਕਿ ਮੇਰੀ ਪਤਨੀ ਅਤੇ ਮੈਂ ਖੁਦ ਕਾਫ਼ੀ ਬੁੱਢੇ ਹੋ ਗਏ ਹਾਂ।”
19 ਦੂਤ ਨੇ ਫ਼ਰਮਾਇਆ, “ਮੈਂ ਜ਼ਿਬਰਾਏਲ ਹਾਂ ਜੋ ਕਿ ਪਰਮੇਸ਼ੁਰ ਦੇ ਸਾਹਮਣੇ ਹਾਜ਼ਰ ਰਹਿੰਦਾ ਹੈ। ਮੈਨੂੰ ਤੇਰੇ ਨਾਲ ਗੱਲਾਂ ਕਰਨ ਅਤੇ ਤੈਨੂੰ ਇਹ ਖੁਸ਼ਖਬਰੀ ਦੱਸਣ ਲਈ ਭੇਜਿਆ ਗਿਆ ਹੈ। 20 ਹੁਣ ਸੁਣ, ਜਦੋਂ ਤੱਕ ਇਹ ਗੱਲਾਂ ਪੂਰੀਆਂ ਨਾ ਹੋ ਜਾਣ ਤੂੰ ਚੁੱਪ ਰਹੇਂਗਾ ਅਤੇ ਬੋਲਣ ਦੇ ਯੋਗ ਨਹੀਂ ਹੋਵੇਂਗਾ। ਕਿਉਂ ਕਿ ਤੂੰ ਮੇਰੀਆਂ ਆਖੀਆਂ ਗੱਲਾਂ ਨੂੰ ਸੱਚ ਨਹੀਂ ਮੰਨਿਆ, ਜਿਹੜੀਆਂ ਨਿਯੁਕਤ ਸਮੇਂ ਤੇ ਪੂਰੀਆਂ ਹੋਣਗੀਆਂ।”
21 ਬਾਹਰ ਲੋਕ ਅਜੇ ਵੀ ਜ਼ਕਰਯਾਹ ਦਾ ਇੰਤਜ਼ਾਰ ਕਰ ਰਹੇ ਸਨ। ਉਹ ਹੈਰਾਨ ਸਨ ਕਿ ਉਸ ਨੇ ਮੰਦਰ ਅੰਦਰ ਇੰਨਾ ਸਮਾਂ ਲਾਇਆ। 22 ਜਦੋਂ ਉਹ ਬਾਹਰ ਆਇਆ ਤਾਂ ਉਹ ਲੋਕਾਂ ਨਾਲ ਗੱਲ ਨਾ ਕਰ ਸੱਕਿਆ। ਉਸ ਨੇ ਮੰਦਰ ਵਿੱਚ ਕੋਈ ਦਰਸ਼ਨ ਵੇਖਿਆ ਸੀ, ਕਿਉਂਕਿ ਉਹ ਗੂੰਗਾ ਹੋ ਗਿਆ ਸੀ ਅਤੇ ਉਹ ਸਿਰਫ਼ ਲੋਕਾਂ ਨਾਲ ਇਸ਼ਾਰੇ ਹੀ ਕਰ ਸੱਕਿਆ। 23 ਜਦੋਂ ਉਸ ਦੀ ਸੇਵਾ ਮੁਕੰਮਲ ਹੋ ਗਈ ਤਾਂ ਉਹ ਘਰ ਵਾਪਿਸ ਮੁੜ ਆਇਆ।
24 ਫ਼ਿਰ ਕੁਝ ਦਿਨਾਂ ਪਿੱਛੋਂ ਉਸਦੀ ਪਤਨੀ ਇਲੀਸਬਤ ਗਰਭਵਤੀ ਹੋ ਗਈ ਅਤੇ ਉਹ ਪੰਜ ਮਹੀਨਿਆਂ ਵਾਸਤੇ ਘਰੋਂ ਬਾਹਰ ਨਾ ਗਈ। ਉਸ ਨੇ ਆਖਿਆ, 25 “ਪ੍ਰਭੂ ਨੇ ਮੇਰੀ ਹਾਲਤ ਵੇਖੀ ਸੀ ਅਤੇ ਹੁਣ ਮੇਰੀ ਸਹਾਇਤਾ ਕਰਨ ਦਾ ਫ਼ੈਸਲਾ ਕੀਤਾ ਹੈ। ਉਸ ਨੇ ਲੋਕਾਂ ਅੱਗੇ ਮੇਰਾ ਬਾਂਝ ਹੋਣ ਦਾ ਕਲੰਕ ਦੂਰ ਕਰਨ ਲਈ ਕਾਰਵਾਈ ਕੀਤੀ।”
ਕੁਆਰੀ ਮਰਿਯਮ
26-27 ਜਦੋਂ ਇਲੀਸਬਤ ਗਰਭ ਅਵਸਥਾ ਦੇ ਛੇਵੇਂ ਮਹੀਨੇ ਵਿੱਚ ਸੀ ਤਾਂ ਜ਼ਿਬਰਾਏਲ ਦੂਤ ਨੂੰ ਪਰਮੇਸ਼ੁਰ ਦੇ ਵੱਲੋਂ ਨਾਸਰਤ ਨਾਮੀ ਗਲੀਲ ਦੇ ਇੱਕ ਨਗਰ ਦੇ ਵਿੱਚ ਇੱਕ ਕੁਆਰੀ ਕੁੜੀ ਕੋਲ ਭੇਜਿਆ ਗਿਆ। ਉਸ ਕੁੜੀ ਦੀ ਦਾਊਦ ਦੇ ਪਰਿਵਾਰ ਵਿੱਚੋਂ ਯੂਸੁਫ਼ ਨਾਉਂ ਦੇ ਇੱਕ ਆਦਮੀ ਨਾਲ ਕੁੜਮਾਈ ਹੋਈ ਸੀ, ਅਤੇ ਉਸ ਕੁੜੀ ਦਾ ਨਾਮ ਮਰਿਯਮ ਸੀ। 28 ਦੂਤ ਉਸ ਕੁੜੀ ਕੋਲ ਆਇਆ ਅਤੇ ਆਖਿਆ, “ਮੁਬਾਰਕ ਹੋਵੇ! ਪ੍ਰਭੂ ਤੇਰੇ ਨਾਲ ਹੈ ਅਤੇ ਤੇਰੇ ਤੇ ਪ੍ਰਭੂ ਨੇ ਆਪਣੀ ਕਿਰਪਾ ਵਿਖਾਈ ਹੈ।”
29 ਜਦੋਂ ਉਸ ਨੇ ਦੂਤ ਦੇ ਸ਼ਬਦ ਸੁਣੇ, ਉਹ ਪਰੇਸ਼ਾਨ ਹੋ ਗਈ ਅਤੇ ਘਬਰਾ ਗਈ। ਉਹ ਸੋਚਣ ਲੱਗੀ, “ਇਸ ਸ਼ੁਭਕਾਮਨਾ ਦਾ ਕੀ ਅਰਥ ਹੋਇਆ।”
30 ਦੂਤ ਨੇ ਉਸ ਨੂੰ ਆਖਿਆ, “ਮਰਿਯਮ, ਤੂੰ ਘਬਰਾ ਨਾ, ਕਿਉਂ ਕਿ ਪਰਮੇਸ਼ੁਰ ਤੇਰੇ ਤੇ ਬੜਾ ਪ੍ਰਸੰਨ ਹੈ। 31 ਅਤੇ ਵੇਖ! ਤੂੰ ਗਰਭਵਤੀ ਹੋਵੇਂਗੀ, ਅਤੇ ਇੱਕ ਪੁੱਤਰ ਜਣੇਂਗੀ ਅਤੇ ਉਸਦਾ ਨਾਉਂ ਯਿਸੂ ਰੱਖਣਾ। 32 ਉਹ ਮਹਾਨ ਹੋਵੇਗਾ ਅਤੇ ਲੋਕ ਉਸ ਨੂੰ ਅੱਤ ਉੱਚ ਪਰਮੇਸ਼ੁਰ ਦਾ ਪੁੱਤਰ ਆਖਣਗੇ। ਅਤੇ ਪ੍ਰਭੂ ਪਰਮੇਸ਼ੁਰ ਉਸ ਦੇ ਪਿਤਾ ਦਾਊਦ ਦਾ ਤਖਤ ਉਸ ਨੂੰ ਦੇਵੇਗਾ। 33 ਉਹ ਹਮੇਸ਼ਾ ਲਈ ਇਸਰਾਏਲੀਆਂ ਤੇ ਹਕੂਮਤ ਕਰੇਗਾ ਅਤੇ ਉਸਦਾ ਰਾਜ ਕਦੀ ਵੀ ਖਤਮ ਨਹੀਂ ਹੋਵੇਗਾ।”
34 ਤਾਂ ਮਰਿਯਮ ਨੇ ਦੂਤ ਨੂੰ ਪੁੱਛਿਆ, “ਇਹ ਕਿਵੇਂ ਵਾਪਰੇਗਾ? ਮੈਂ ਤਾਂ ਅਜੇ ਕੁਆਰੀ ਹਾਂ!”
35 ਦੂਤ ਨੇ ਮਰਿਯਮ ਨੂੰ ਕਿਹਾ, “ਪਵਿੱਤਰ ਆਤਮਾ ਤੇਰੇ ਉੱਪਰ ਆਵੇਗਾ ਅਤੇ ਅੱਤ ਉੱਚ ਪਰਮੇਸ਼ੁਰ ਦੀ ਸ਼ਕਤੀ ਤੇਰੇ ਉੱਪਰ ਆਪਣੀ ਛਾਇਆ ਕਰੇਗੀ ਅਤੇ ਇਸ ਲਈ ਜਿਹੜਾ ਪਵਿੱਤਰ ਬਾਲਕ ਪੈਦਾ ਹੋਣ ਵਾਲਾ ਹੈ, ਪਰਮੇਸ਼ੁਰ ਦਾ ਪੁੱਤਰ ਕਹਾਵੇਗਾ। 36 ਅਤੇ ਸੁਣ, ਤੇਰੀ ਰਿਸ਼ਤੇਦਾਰ ਇਲੀਸਬਤ ਵੀ ਗਰਭਵਤੀ ਹੈ। ਭਾਵੇਂ ਉਹ ਬੜੀ ਬੁੱਢੀ ਹੈ ਪਰ ਉਸ ਨੂੰ ਬੱਚਾ ਹੋਣ ਵਾਲਾ ਹੈ। ਉਹ ਔਰਤ, ਜਿਸ ਨੂੰ ਲੋਕ ਬਾਂਝ ਆਖਦੇ ਸਨ, ਇਸ ਨੂੰ ਗਰਭਵਤੀ ਹੋਈ ਨੂੰ ਛੇ ਮਹੀਨੇ ਹੋ ਗਏ ਹਨ! 37 ਕਿਉਂ ਕਿ ਪਰਮੇਸ਼ੁਰ ਲਈ ਕੁਝ ਵੀ ਅਸੰਭਵ ਨਹੀਂ ਹੈ।”
38 ਮਰਿਯਮ ਨੇ ਕਿਹਾ, “ਮੈਂ ਤਾਂ ਪ੍ਰਭੂ ਦੀ ਦਾਸੀ ਹਾਂ ਸੋ ਮੇਰੇ ਨਾਲ ਸਭ ਤੇਰੇ ਕਹੇ ਅਨੁਸਾਰ ਹੀ ਵਾਪਰੇ!” ਤੱਦ ਦੂਤ ਉਸ ਪਾਸੋਂ ਚੱਲਾ ਗਿਆ।
ਮਰਿਯਮ ਦਾ ਜ਼ਕਰਯਾਹ ਅਤੇ ਇਲੀਸਬਤ ਕੋਲ ਜਾਣਾ
39 ਮਰਿਯਮ ਤਿਆਰ ਹੋਈ ਅਤੇ ਛੇਤੀ ਹੀ ਯਹੂਦਿਯਾ ਦੇ ਪਹਾੜੀ ਇਲਾਕੇ ਦੇ ਇੱਕ ਨਗਰ ਨੂੰ ਗਈ। 40 ਫ਼ਿਰ ਉਹ ਜ਼ਕਰਯਾਹ ਦੇ ਘਰ ਜਾ ਵੜੀ ਅਤੇ ਇਲੀਸਬਤ ਨੂੰ ਸਲਾਮ ਕੀਤਾ। 41 ਜਦੋਂ ਇਲੀਸਬਤ ਨੇ ਮਰਿਯਮ ਦੀਆਂ ਸ਼ੁਭਕਾਮਨਾਵਾਂ ਸੁਣੀਆਂ ਤਾਂ ਉਸਦੀ ਕੁੱਖ ਵਿੱਚ ਬੱਚਾ ਉੱਛਲ ਪਿਆ ਅਤੇ ਇਲੀਸਬਤ ਪਵਿੱਤਰ ਆਤਮਾ ਨਾਲ ਭਰਪੂਰ ਹੋ ਗਈ।
42 ਉਸ ਨੇ ਉੱਚੀ ਅਵਾਜ਼ ਵਿੱਚ ਆਖਿਆ, “ਤੂੰ ਸਭ ਔਰਤਾਂ ਤੋਂ ਵੱਧੇਰੇ ਧੰਨ ਹੈ। ਅਤੇ ਉਹ ਜੋ ਬਾਲਕ ਤੈਨੂੰ ਪੈਦਾ ਹੋਵੇਗਾ ਉਹ ਵੀ ਧੰਨ ਹੈ। 43 ਮੇਰੇ ਪ੍ਰਭੂ ਦੀ ਮਾਤਾ ਦਾ ਮੇਰੇ ਕੋਲ ਆਉਣ ਦਾ ਭਾਗ ਮੈਨੂੰ ਕਿਵੇਂ ਪ੍ਰਾਪਤ ਹੋਇਆ! 44 ਮੈਂ ਕਿੰਨੀ ਖੁਸ਼ਨਸੀਬ ਹਾਂ। ਜਦੋਂ ਮੈਂ ਤੇਰੀ ਅਵਾਜ਼ ਸੁਣੀ ਤਾਂ ਮੇਰੀ ਕੁੱਖ ਅੰਦਰਲਾ ਬੱਚਾ ਖੁਸ਼ੀ ਨਾਲ ਉੱਛਲ ਪਿਆ। 45 ਤੂੰ ਸੱਚ-ਮੁੱਚ ਧੰਨ ਹੈ! ਕਿਉਂਕਿ ਤੂੰ ਵਿਸ਼ਵਾਸ ਕੀਤਾ ਹੈ ਕਿ, ਜਿਹੜੀਆਂ ਗੱਲਾਂ ਪ੍ਰਭੂ ਨੇ ਤੈਨੂੰ ਕਹੀਆਂ, ਉਹ ਜ਼ਰੂਰ ਪੂਰੀਆਂ ਹੋਣਗੀਆਂ।”
ਮਰਿਯਮ ਪਰਮੇਸ਼ੁਰ ਦੀ ਉਸਤਤਿ ਕਰਦੀ ਹੈ
46 ਤਾਂ ਮਰਿਯਮ ਨੇ ਕਿਹਾ,
47 “ਮੇਰਾ ਆਤਮਾ ਪ੍ਰਭੂ ਦੀ ਉਸਤਤਿ ਕਰਦਾ ਹੈ
ਮੇਰਾ ਦਿਲ ਬੜਾ ਖੁਸ਼ ਹੈ ਕਿਉਂਕਿ ਪਰਮੇਸ਼ੁਰ ਮੇਰਾ ਮੁਕਤੀਦਾਤਾ ਹੈ।
48 ਉਸ ਨੇ ਆਪਣੀ ਦੀਨ ਦਾਸੀ
ਵੱਲ ਆਪਣਾ ਧਿਆਨ ਦਿੱਤਾ ਹੈ।
ਹਾਂ, ਹੁਣ ਤੋਂ ਸਭ
ਮੈਨੂੰ ਧੰਨ ਆਖਣਗੇ,
49 ਕਿਉਂਕਿ, ਇਸ ਸਰਬ ਸ਼ਕਤੀਮਾਨ ਨੇ ਮੇਰੇ ਲਈ ਮਹਾਨ ਕਾਰਜ ਕੀਤੇ ਹਨ
ਅਤੇ ਉਸਦਾ ਨਾਮ ਪਵਿੱਤਰ ਹੈ।
50 ਜਿਹੜੇ ਲੋਕ ਉਸਤੋਂ ਡਰਦੇ ਹਨ ਉਹ ਉਨ੍ਹਾਂ ਤੇ,
ਅਤੇ ਉਨ੍ਹਾਂ ਦੀਆਂ ਉਲਾਦਾਂ ਤੇ ਮਿਹਰਬਾਨ ਹੁੰਦਾ ਹੈ।
51 ਉਸ ਨੇ ਆਪਣੀਆਂ ਬਾਹਾਂ ਦੀ ਤਾਕਤ ਵਿਖਾਈ।
ਉਸ ਨੇ ਹੰਕਾਰੀ ਲੋਕਾਂ ਨੂੰ ਉਨ੍ਹਾਂ ਦੀਆਂ ਹੰਕਾਰੀ ਸੋਚਾਂ ਨਾਲ ਖਿੰਡਾ ਦਿੱਤਾ।
52 ਉਸ ਨੇ ਸ਼ਕਤੀਸ਼ਾਲੀ ਹਾਕਮਾਂ ਨੂੰ ਉਨ੍ਹਾਂ ਦੇ ਸਿੰਘਾਸਨਾਂ ਤੋਂ ਹਟਾ ਦਿੱਤਾ ਹੈ
ਅਤੇ ਉਸ ਨੇ ਦੀਨ ਲੋਕਾਂ ਨੂੰ ਉੱਚਾ ਉੱਠਾਇਆ।
53 ਉਸ ਨੇ ਭੁੱਖਿਆਂ ਨੂੰ ਚੰਗੀਆਂ ਚੀਜ਼ਾਂ ਨਾਲ ਰਜਾ ਦਿੱਤਾ
ਅਤੇ ਅਮੀਰ ਲੋਕਾਂ ਨੂੰ ਖਾਲੀ ਹੱਥੀ ਭੇਜ ਦਿੱਤਾ।
54 ਉਹ ਇਸਰਾਏਲ ਦੇ ਲੋਕਾਂ ਦੀ ਮਦਦ ਲਈ ਆਇਆ ਜਿਨ੍ਹਾਂ ਨੂੰ ਉਸ ਨੇ ਆਪਣੀ ਸੇਵਾ ਲਈ ਚੁਣਿਆ ਸੀ।
ਉਸ ਨੇ ਸਾਨੂੰ ਆਪਣੀ ਮਿਹਰ ਵਿਖਾਈ ਤਾਂ ਜੋ ਅਸੀਂ ਉਸ ਨੂੰ ਯਾਦ ਰੱਖੀਏ।
55 ਇਸ ਤਰ੍ਹਾਂ ਉਸ ਨੇ ਸਾਡੇ ਪੁਰਖਿਆਂ, ਅਬਰਾਹਾਮ ਅਤੇ ਉਸਦੀਆਂ ਉਲਾਦਾਂ,
ਨਾਲ ਕੀਤਾ ਵਚਨ ਸਦੀਵੀ ਪੂਰਾ ਕੀਤਾ।”
56 ਮਰਿਯਮ ਇਲੀਸਬਤ ਨਾਲ ਤਿੰਨ ਕੁ ਮਹੀਨੇ ਰਹੀ ਅਤੇ ਫ਼ਿਰ ਘਰ ਮੁੜ ਆਈ।
ਯੂਹੰਨਾ ਦਾ ਜਨਮ
57 ਜਦੋਂ ਇਲੀਸਬਤ ਦੇ ਜਣਨ ਦਾ ਵੇਲਾ ਆ ਗਿਆ ਤਾਂ ਉਸ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ। 58 ਜਦੋਂ ਉਸ ਦੇ ਗੁਆਂਢੀਆਂ ਅਤੇ ਰਿਸ਼ਤੇਦਾਰਾਂ ਨੇ ਸੁਣਿਆ ਕਿ ਪ੍ਰਭੂ ਨੇ ਉਸ ਉੱਪਰ ਆਪਣੀ ਮਹਾਨ ਦਯਾ ਵਿਖਾਈ ਹੈ ਤਾਂ ਉਹ ਉਸ ਦੇ ਨਾਲ ਜਸ਼ਨ ਮਨਾਉਣ ਲਈ ਆਏ।
59 ਜਦੋਂ ਬਾਲਕ ਅੱਠਾਂ ਦਿਨਾਂ ਦਾ ਹੋ ਗਿਆ ਤਾਂ ਉਹ ਲੋਕ ਬੱਚੇ ਦੀ ਸੁੰਨਤ ਕਰਨ ਲਈ ਆਏ ਅਤੇ ਉਸਦਾ ਨਾਉਂ ਜ਼ਕਰਯਾਹ ਰੱਖਣ ਲੱਗੇ, ਕਿਉਂਕਿ ਇਹੀ ਉਸ ਦੇ ਪਿਤਾ ਦਾ ਨਾਉਂ ਸੀ। 60 ਪਰ ਉਸਦੀ ਮਾਤਾ ਨੇ ਆਖਿਆ, “ਨਹੀਂ! ਉਹ ਯੂਹੰਨਾ ਸਦਵਾਏਗਾ।”
61 ਫ਼ਿਰ ਉਨ੍ਹਾਂ ਨੇ ਉਸ ਨੂੰ ਕਿਹਾ, “ਤੇਰੇ ਸਾਕਾਂ ਵਿੱਚੋਂ ਕੋਈ ਵੀ ਅਜਿਹਾ ਨਹੀਂ ਹੈ ਜੋ ਇਸ ਨਾਉਂ ਨਾਲ ਸਦਵਾਉਂਦਾ ਹੋਵੇ।” 62 ਤੱਦ ਉਨ੍ਹਾਂ ਨੇ ਉਸ ਦੇ ਪਿਤਾ ਵੱਲ ਇਸ਼ਾਰਾ ਕੀਤਾ “ਉਹ ਉਸਦਾ ਕੀ ਨਾਉਂ ਰੱਖਣਾ ਚਾਹੁੰਦਾ ਹੈ?”
63 ਤਾਂ ਉਸ ਨੇ ਲਿਖਣ ਵਾਸਤੇ ਕੁਝ ਮੰਗਵਾਕੇ ਉਸ ਉੱਪਰ ਲਿਖਿਆ ਕਿ, “ਇਸਦਾ ਨਾਮ ਯੂਹੰਨਾ ਹੈ।” ਸਾਰੇ ਲੋਕ ਵੇਖਕੇ ਹੈਰਾਨ ਰਹਿ ਗਏ। 64 ਫ਼ੇਰ ਤੁਰੰਤ ਹੀ ਉਸਦਾ ਮੂੰਹ ਖੁਲ੍ਹ ਗਿਆ ਅਤੇ ਬੋਲਣ ਲਗ ਪਿਆ ਅਤੇ ਉਸ ਨੇ ਪਰਮੇਸ਼ੁਰ ਦੀ ਉਸਤਤਿ ਕਰਨੀ ਸ਼ੁਰੂ ਕਰ ਦਿੱਤੀ। 65 ਤਾਂ ਸਾਰੇ ਆਂਢੀ-ਗੁਆਂਢੀ ਇਹ ਵੇਖਕੇ ਘਬਰਾ ਗਏ ਅਤੇ ਯਹੂਦਿਯਾ ਦੇ ਸਾਰੇ ਪਹਾੜੀ ਖੇਤ੍ਰ ਵਿੱਚ ਇਨ੍ਹਾਂ ਸਾਰੀਆਂ ਗੱਲਾਂ ਬਾਰੇ ਚਰਚਾ ਕਰਨ ਲੱਗ ਪਏ। 66 ਸਾਰੇ ਲੋਕ ਜਿਨ੍ਹਾਂ ਨੇ ਵੀ ਅਜਿਹੀਆਂ ਗੱਲਾਂ ਸੁਣੀਆਂ ਉਹ ਹੈਰਾਨ ਹੋਏ ਅਤੇ ਪੁੱਛਿਆ, “ਇਹ ਬੱਚਾ ਕੀ ਬਣੇਂਗਾ?” ਕਿਉਂਕਿ ਪ੍ਰਭੂ ਦਾ ਹੱਥ ਉਸ ਬੱਚੇ ਦੇ ਨਾਲ ਸੀ।
ਜ਼ਕਰਯਾਹ ਨੇ ਪਰਮੇਸ਼ੁਰ ਦੀ ਉਸਤਤਿ ਕੀਤੀ
67 ਤੱਦ ਯੂਹੰਨਾ ਦਾ ਪਿਤਾ ਜ਼ਕਰਯਾਹ ਪਵਿੱਤਰ ਆਤਮਾ ਨਾਲ ਭਰਪੂਰ ਹੋ ਗਿਆ ਅਤੇ ਉਹ ਲੋਕਾਂ ਨੂੰ ਦੱਸਣ ਲਗਾ ਕਿ ਭਵਿੱਖ ਵਿੱਚ ਕੀ ਵਾਪਰੇਗਾ:
68 “ਉਸਤਤਿ ਹੋਵੇ ਇਸਰਾਏਲ ਦੇ ਪ੍ਰਭੂ ਦੀ,
ਕਿਉਂ ਜੋ ਉਹ ਆਪਣੇ ਲੋਕਾਂ ਦੀ ਮਦਦ ਕਰਨ ਲਈ ਆਇਆ ਹੈ
ਅਤੇ ਉਨ੍ਹਾਂ ਨੂੰ ਛੁਟਕਾਰਾ ਦਿੱਤਾ ਹੈ।
69 ਉਸ ਨੇ ਸਾਨੂੰ ਆਪਣੇ ਸੇਵਕ ਦਾਊਦ ਦੇ
ਪਰਿਵਾਰ ਵਿੱਚੋਂ ਸ਼ਕਤੀਸ਼ਾਲੀ ਮੁਕਤੀਦਾਤਾ ਬਖਸ਼ਿਆ ਹੈ।
70 ਉਸ ਨੇ ਅਜਿਹਾ ਉਸ ਵਾਦੇ ਲਈ ਕੀਤਾ ਜਿਹੜਾ
ਉਸ ਨੇ ਬਹੁਤ ਪਹਿਲਾਂ ਆਪਣੇ ਨਬੀਆਂ ਰਾਹੀਂ ਕੀਤਾ ਸੀ।
71 ਉਸ ਨੇ ਸਾਨੂੰ ਸਾਡੇ ਵੈਰੀਆਂ ਤੋਂ
ਅਤੇ ਉਨ੍ਹਾਂ ਸਭਨਾਂ ਲੋਕਾਂ ਦੇ ਹੱਥਾਂ ਤੋਂ ਬਚਾਉਣ ਦਾ ਵਾਦਾ ਕੀਤਾ ਜੋ ਸਾਨੂੰ ਨਫ਼ਰਤ ਕਰਦੇ ਹਨ।
72 ਪਰਮੇਸ਼ੁਰ ਨੇ ਵਾਦਾ ਕੀਤਾ ਸੀ ਕਿ ਉਹ ਸਾਡੇ ਪਿਉ-ਦਾਦਿਆਂ ਤੇ ਮਿਹਰਬਾਨ ਹੋਵੇਗਾ
ਅਤੇ ਆਪਣੇ ਪਵਿੱਤਰ ਵਾਦੇ ਨੂੰ ਚੇਤੇ ਰੱਖੇਗਾ।
73 ਉਸ ਨੇ ਅਬਰਾਹਾਮ, ਸਾਡੇ ਪੂਰਵਜ ਨਾਲ ਇਕਰਾਰ ਕੀਤਾ
74 ਕਿ ਉਹ ਸਾਨੂੰ ਸਾਡੇ ਦੁਸ਼ਮਣਾਂ ਦੇ ਹੱਥੋਂ ਛੁਟਕਾਰਾ ਦੁਆਵੇਗਾ ਤਾਂ ਜੋ
ਅਸੀਂ ਉਸਦੀ ਨਿਰਭੈ ਹੋਕੇ ਸੇਵਾ ਕਰ ਸੱਕੀਏ
75 ਅਸੀਂ ਆਪਣੀ ਸਾਰੀ ਜ਼ਿੰਦਗੀ ਵਿੱਚ ਉਸ ਦੇ ਸਾਹਮਣੇ ਪਵਿੱਤਰ ਅਤੇ ਧਰਮੀ ਰਹਾਂਗੇ।
76 “ਹੇ ਬਾਲਕ, ਹੁਣ ਤੂੰ ਅੱਤ ਉੱਚ ਪਰਮੇਸ਼ੁਰ ਦਾ ਨਬੀ ਅਖਵਾਏਂਗਾ ਕਿਉਂਕਿ ਤੂੰ
ਪ੍ਰਭੂ ਦੇ ਅੱਗੇ-ਅੱਗੇ ਜਾਵੇਂਗਾ ਅਤੇ ਉਸ ਲਈ ਰਾਹ ਤਿਆਰ ਕਰੇਂਗਾ।
77 ਅਤੇ ਤੂੰ ਉਸ ਦੇ ਲੋਕਾਂ ਨੂੰ ਦੱਸੇਂਗਾ ਕਿ ਉਹ ਆਪਣੇ ਪਾਪਾਂ
ਦੀ ਮਾਫ਼ੀ ਰਾਹੀਂ ਬਚਾਏ ਜਾਣਗੇ।
78 “ਸਾਡੇ ਪਰਮੇਸ਼ੁਰ ਦੀ ਮਹਾਨ ਦਯਾ ਦੇ ਕਾਰਣ,
ਇੱਕ ਨਵੀਂ ਸਵੇਰ ਸਾਡੇ ਉੱਪਰ ਆਵੇਗੀ।
79 ਇਹ ਨਵੀਂ ਸਵੇਰ ਉਨ੍ਹਾਂ ਲੋਕਾਂ ਤੇ ਚਮਕੇਗੀ ਜੋ ਹਨੇਰੇ ਅਤੇ ਮੌਤ ਦੇ ਪਰਛਾਵੇਂ ਵਿੱਚ ਰਹਿ ਰਹੇ ਹਨ।
ਤਾਂ ਜੋ ਸਾਡੇ ਕਦਮ ਸ਼ਾਂਤੀ ਵੱਲ ਵੱਧ ਸੱਕਣ।”
80 ਇਉਂ ਉਹ ਛੋਟਾ ਬੱਚਾ ਵੱਡਾ ਹੋਇਆ ਅਤੇ ਆਤਮਾ ਵਿੱਚ ਤਾਕਤਵਰ ਬਣਿਆ। ਅਤੇ ਇਸਰਾਏਲ ਉੱਤੇ ਆਪਣੇ ਪਰਗਟ ਹੋਣ ਦੇ ਦਿਨ ਤੀਕਰ, ਉਜਾੜ ਵਿੱਚ ਰਿਹਾ।