ਅਯਾਲੀ ਅਤੇ ਉਸਦੀਆਂ ਭੇਡਾਂ
10
ਯਿਸੂ ਨੇ ਆਖਿਆ, “ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜਿਹੜਾ ਮਨੁੱਖ ਭੇਡਾਂ ਦੇ ਬਾੜੇ ਵਿੱਚ ਬੂਹੇ ਦੇ ਰਸਤੇ ਦੀ ਬਜਾਏ ਕਿਸੇ ਹੋਰ ਰਸਤੇ ਵੜਦਾ ਹੈ ਉਹ ਭੇਡਾਂ ਚੋਰੀ ਕਰਨ ਆਇਆ ਹੈ। ਪਰ ਉਹ ਮਨੁੱਖ ਜਿਹੜਾ ਫਾਟਕ ਰਾਹੀਂ ਵੜਨ ਵਾਲਾ ਹੈ ਉਹ ਅਯਾਲੀ ਹੈ। ਉਸ ਦੇ ਲਈ ਦਰਬਾਨ ਫ਼ਾਟਕ ਖੋਲ੍ਹ ਦਿੰਦਾ ਹੈ। ਅਤੇ ਭੇਡਾਂ ਉਸਦਾ ਬੋਲ ਸੁਣਦੀਆਂ ਹਨ ਅਤੇ ਉਹ ਆਪਣੀਆਂ ਭੇਡਾਂ ਨੂੰ ਨਾਉਂ ਲੈ-ਲੈ ਕੇ ਬੁਲਾਉਂਦਾ ਅਤੇ ਉਨ੍ਹਾਂ ਨੂੰ ਬਾਹਰ ਲੈ ਜਾਂਦਾ ਹੈ। ਜਦੋਂ ਉਹ ਆਪਣੀਆਂ ਸਾਰੀਆਂ ਭੇਡਾਂ ਨੂੰ ਬਾਹਰ ਕੱਢ ਲੈਂਦਾ ਤਾਂ ਉਹ ਉਨ੍ਹਾਂ ਦੇ ਅੱਗੇ ਤੁਰਦਾ ਹੈ ਅਤੇ ਭੇਡਾਂ ਉਸ ਦਾ ਪਿੱਛਾ ਕਰਦੀਆਂ ਹਨ ਕਿਉਂਕਿ ਉਹ ਉਸਦੀ ਅਵਾਜ਼ ਨੂੰ ਪਛਾਣਦੀਆਂ ਹਨ। ਪਰ ਉਹ ਪਰਾਏ ਮਨੁੱਖ ਦੇ ਮਗਰ ਕਦੇ ਨਹੀਂ ਜਾਣਗੀਆਂ ਸਗੋਂ ਉਹ ਉਸਤੋਂ ਨਠ ਜਾਣਗੀਆਂ ਕਿਉਂਕਿ ਉਹ ਪਰਾਇਆਂ ਦੀ ਅਵਾਜ਼ ਨੂੰ ਨਹੀਂ ਪਛਾਣਦੀਆਂ।”
ਭਾਵੇਂ ਯਿਸੂ ਨੇ ਲੋਕਾਂ ਨੂੰ ਇਹ ਦ੍ਰਿਸ਼ਤਾਂਤ ਸਮਝਾਇਆ ਪਰ ਉਹ ਇਸਦਾ ਅਰਥ ਨਾ ਸਮਝ ਸੱਕੇ।
ਯਿਸੂ ਚੰਗਾ ਅਯਾਲੀ ਹੈ
ਤਾਂ ਯਿਸੂ ਨੇ, ਦੁਬਾਰਾ ਕਿਹਾ, “ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ ਭੇਡਾਂ ਲਈ ਦੁਆਰ ਮੈਂ ਹਾਂ। ਕਿਉਂ ਕਿ ਜਿਹੜੇ ਮੈਥੋਂ ਪਹਿਲਾਂ ਆਏ ਉਹ ਚੋਰ ਜਾਂ ਡਾਕੂ ਸਨ, ਭੇਡਾਂ ਨੇ ਉਨ੍ਹਾਂ ਨੂੰ ਨਹੀਂ ਸੁਣਿਆ। ਮੈਂ ਬੂਹਾ ਹਾਂ, ਜਿਹੜਾ ਮਨੁੱਖ ਮੇਰੇ ਰਾਹੀਂ ਪ੍ਰਵੇਸ਼ ਕਰਦਾ ਹੈ ਬਚਾਇਆ ਜਾਵੇਗਾ। ਉਹ ਅੰਦਰ-ਬਾਹਰ ਆਇਆ-ਜਾਇਆ ਕਰੇਗਾ ਅਤੇ ਉਸ ਨੂੰ ਜੋ ਚਾਹੀਦਾ ਹੈ ਲੱਭ ਜਾਵੇਗਾ। 10 ਚੋਰ ਚੋਰੀ, ਮਾਰਨ ਅਤੇ ਨਸ਼ਟ ਕਰਨ ਲਈ ਦਾਖਲ ਹੁੰਦਾ ਹੈ, ਪਰ ਮੈਂ ਉਨ੍ਹਾਂ ਨੂੰ ਜੀਵਨ ਦੇਣ ਆਇਆ ਹਾਂ, ਇੱਕ ਚੋਖਾ ਜੀਵਨ।
11 “ਮੈਂ ਚੰਗਾ ਆਜੜੀ ਹਾਂ। ਇੱਕ ਚੰਗਾ ਆਜੜੀ ਭੇਡਾਂ ਦੀ ਖਾਤਰ ਆਪਣਾ ਜੀਵਨ ਕੁਰਬਾਨ ਕਰ ਦਿੰਦਾ ਹੈ। 12 ਇੱਕ ਭਾੜੇ ਦਾ ਮਜ਼ਦੂਰ ਆਜੜੀ ਨਹੀਂ ਹੈ। ਉਹ ਭੇਡਾਂ ਦਾ ਮਾਲਕ ਨਹੀਂ ਹੈ। ਇਸ ਲਈ ਜਿਉਂ ਹੀ ਉਹ ਬਘਿਆੜ ਨੂੰ ਆਉਂਦਿਆਂ ਵੇਖਦਾ, ਉਹ ਨਠ ਜਾਂਦਾ ਹੈ। ਬਘਿਆੜ ਉਨ੍ਹਾਂ ਭੇਡਾਂ ਤੇ ਹਮਲਾ ਕਰਦਾ ਅਤੇ ਉਨ੍ਹਾਂ ਨੂੰ ਖਿੰਡਾ ਦਿੰਦਾ ਹੈ। 13 ਮਜ਼ਦੂਰ ਨੱਠ ਜਾਂਦਾ ਹੈ ਕਿਉਂ ਕਿ ਉਹ ਸਿਰਫ਼ ਤਨਖਾਹ ਲਈ ਕੰਮ ਕਰਦਾ ਹੈ ਅਤੇ ਭੇਡਾਂ ਦਾ ਖਿਆਲ ਨਹੀਂ ਰੱਖਦਾ।
14-15 “ਮੈਂ ਚੰਗਾ ਆਜੜੀ ਹਾਂ, ਜੋ ਭੇਡਾਂ ਦਾ ਧਿਆਨ ਰੱਖਦਾ ਹਾਂ। ਉਵੇਂ ਹੀ ਜਿਵੇਂ ਕਿ ਪਿਤਾ ਮੈਨੂੰ ਜਾਣਦਾ ਹੈ ਮੈਂ ਆਪਣੀਆਂ ਭੇਡਾਂ ਨੂੰ ਜਾਣਦਾ ਹਾਂ ਅਤੇ ਜਿਵੇਂ ਮੈਂ ਪਿਤਾ ਨੂੰ ਜਾਣਦਾ ਹਾਂ, ਮੇਰੀਆਂ ਭੇਡਾਂ ਵੀ ਮੈਨੂੰ ਜਾਣਦੀਆਂ ਹਨ। ਮੈਂ ਭੇਡਾਂ ਦੇ ਬਦਲੇ ਆਪਣੀ ਜਾਨ ਕੁਰਬਾਨ ਕਰਦਾ ਹਾਂ। 16 ਮੇਰੀਆਂ ਹੋਰ ਵੀ ਭੇਡਾਂ ਹਨ ਜਿਹੜੀਆਂ ਇਸ ਇੱਜੜ ਵਿੱਚ ਨਹੀਂ ਹਨ। ਮੈਨੂੰ ਚਾਹੀਦਾ ਹੈ ਕਿ ਉਨ੍ਹਾਂ ਨੂੰ ਵੀ ਲਿਆਵਾਂ ਅਤੇ ਉਹ ਮੇਰੀ ਅਵਾਜ਼ ਸੁਣਨਗੀਆਂ ਅਤੇ ਇੱਕ ਇੱਜੜ ਅਤੇ ਇੱਕੋ ਆਜੜੀ ਹੋਵੇਗਾ। 17 ਮੇਰਾ ਪਿਤਾ ਮੈਨੂੰ ਪਿਆਰ ਕਰਦਾ ਹੈ ਕਿਉਂਕਿ ਮੈਂ ਆਪਣੀ ਜਾਨ ਦਿੰਦਾ ਹਾਂ, ਤਾਂ ਜੋ ਮੈਂ ਇਸ ਨੂੰ ਫ਼ੇਰ ਤੋਂ ਵਾਪਸ ਲੈ ਸੱਕਾਂ। ਕੋਈ ਮਨੁੱਖ ਮੇਰੀ ਜ਼ਿੰਦਗੀ ਮੇਰੇ ਤੋਂ ਨਹੀਂ ਖੋਂਹਦਾ ਪਰ ਮੈਂ ਇਸ ਨੂੰ ਆਪੇ ਹੀ ਗੁਆ ਦਿੰਦਾ ਹਾਂ। 18 ਮੈਨੂੰ ਆਪਣਾ ਜੀਵਨ ਦੇਣ ਦਾ ਅਤੇ ਇਸ ਨੂੰ ਫ਼ੇਰ ਵਾਪਸ ਲੈਣ ਦਾ ਅਧਿਕਾਰ ਹੈ। ਮੇਰੇ ਪਿਤਾ ਨੇ ਮੈਨੂੰ ਇਹ ਹੁਕਮ ਦਿੱਤਾ ਹੈ।”
19 ਯਿਸੂ ਦੇ ਇਨ੍ਹਾਂ ਸ਼ਬਦਾਂ ਨੂੰ, ਇੱਕ ਵਾਰ ਫ਼ੇਰ ਸੁਨਣ ਤੋਂ ਬਾਦ, ਯਹੂਦੀਆਂ ਦਾ ਆਪਸ ਵਿੱਚ ਮਤਭੇਦ ਹੋ ਗਿਆ। 20 ਬਹੁਤਿਆਂ ਨੇ ਆਖਿਆ, “ਇਸ ਦੇ ਅੰਦਰ ਭੂਤ ਹੈ ਇਸ ਲਈ ਇਹ ਇੱਕ ਪਾਗਲ ਆਦਮੀ ਵਾਂਗ ਬੋਲ ਰਿਹਾ ਹੈ। ਤੁਸੀਂ ਇਸ ਨੂੰ ਕਿਉਂ ਸੁਣ ਰਹੇ ਹੋ?”
21 ਪਰ ਦੂਜਿਆਂ ਨੇ ਆਖਿਆ, “ਜਿਸ ਆਦਮੀ ਵਿੱਚ ਭੂਤ ਹੋਵੇ ਉਹ ਇਸ ਤਰ੍ਹਾਂ ਨਹੀਂ ਬੋਲ ਸੱਕਦਾ। ਕੀ ਕੋਈ ਭੂਤ ਕਿਸੇ ਅੰਨ੍ਹੇ ਨੂੰ ਦ੍ਰਿਸ਼ਟੀ ਦੇ ਸੱਕਦਾ ਹੈ? ਨਹੀਂ!”
ਯਹੂਦੀਆਂ ਦਾ ਯਿਸੂ ਦੇ ਵਿਰੁੱਧ ਹੋਣਾ
22 ਇਹ ਸਰਦੀ ਦੀ ਰੁੱਤ ਸੀ ਅਤੇ ਪ੍ਰਤਿਸ਼ਠਾ ਦੇ ਤਿਉਹਾਰ* ਦਾ ਸਮਾਂ ਆਇਆ। 23 ਯਿਸੂ ਮੰਦਰ ਵਿੱਚ ਸੁਲੇਮਾਨ ਦੀ ਡਿਉਢੀ ਤੇ ਟਹਿਲ ਰਿਹਾ ਸੀ। 24 ਯਹੂਦੀ ਯਿਸੂ ਦੇ ਆਲੇ-ਦੁਆਲੇ ਇੱਕਤਰ ਹੋ ਗਏ ਅਤੇ ਕਹਿਣ ਲੱਗੇ, “ਕਿੰਨੇ ਸਮੇਂ ਤੱਕ ਤੂੰ ਸਾਨੂੰ ਦੁਬਿਧਾ ਵਿੱਚ ਰੱਖੇਂਗਾ? ਜੇਕਰ ਤੂੰ ਮਸੀਹ ਹੈਂ ਤਾ ਸਾਨੂੰ ਸਾਫ਼-ਸਾਫ਼ ਕਹਿ।”
25 ਯਿਸੂ ਨੇ ਆਖਿਆ, “ਮੈਂ ਪਹਿਲਾਂ ਹੀ ਤੁਹਾਨੂੰ ਦੱਸ ਚੁੱਕਿਆ ਹਾਂ ਪਰ ਤੁਸੀਂ ਵਿਸ਼ਵਾਸ ਨਹੀਂ ਕੀਤਾ। ਮੈਂ ਆਪਣੇ ਪਿਤਾ ਦੇ ਨਾਂ ਤੇ ਕਰਾਮਾਤਾਂ ਕਰਦਾ ਹਾਂ। ਅਤੇ ਉਹ ਕਰਾਮਾਤਾਂ ਮੇਰੇ ਬਾਰੇ ਸਾਖੀ ਦਿੰਦੀਆਂ ਹਨ। 26 ਪਰ ਤੁਸੀਂ ਵਿਸ਼ਵਾਸ ਨਹੀਂ ਕਰਦੇ। ਕਿਉਂ ਕਿ ਤੁਸੀਂ ਮੇਰੇ ਇੱਜੜ ਦੀਆਂ ਭੇਡਾਂ ਨਹੀਂ ਹੋ। 27 ਮੇਰੀਆਂ ਭੇਡਾਂ ਮੇਰੀ ਅਵਾਜ਼ ਨੂੰ ਸੁਣਦੀਆਂ ਹਨ। ਮੈਂ ਉਨ੍ਹਾਂ ਨੂੰ ਜਾਣਦਾ ਹਾਂ ਅਤੇ ਉਹ ਮੇਰਾ ਅਨੁਸਰਣ ਕਰਦੀਆਂ ਹਨ। 28 ਮੈਂ ਆਪਣੀਆਂ ਭੇਡਾਂ ਨੂੰ ਸਦੀਪਕ ਜੀਵਨ ਦਿੰਦਾ ਹਾਂ ਅਤੇ ਉਹ ਕਦੇ ਨਹੀਂ ਮਰਨਗੀਆਂ ਅਤੇ ਨਾਹੀ ਕੋਈ ਉਨ੍ਹਾਂ ਨੂੰ ਮੇਰੇ ਤੋਂ ਖੋਹ ਸੱਕਦਾ ਹੈ। 29 ਮੇਰੇ ਪਿਤਾ ਨੇ ਉਨ੍ਹਾਂ ਨੂੰ ਮੈਨੂੰ ਦਿੱਤਾ ਹੈ। ਉਹ ਸਭ ਤੋਂ ਮਹਾਨ ਹੈ। 30 ਕੋਈ ਵੀ ਉਨ੍ਹਾਂ ਭੇਡਾਂ ਨੂੰ ਮੇਰੇ ਪਿਤਾ ਦੇ ਹੱਥੋਂ ਨਹੀਂ ਖੋਹ ਸੱਕਦਾ। ਮੈਂ ਅਤੇ ਪਿਤਾ ਇੱਕ ਹਾਂ।”
31 ਯਹੂਦੀਆਂ ਨੇ ਇਹ ਸੁਣਿਆ ਅਤੇ ਯਿਸੂ ਨੂੰ ਮਾਰਨ ਲਈ ਪੱਥਰ ਚੁੱਕੇ। 32 ਪਰ ਯਿਸੂ ਨੇ ਉਨ੍ਹਾਂ ਨੂੰ ਆਖਿਆ, “ਮੈਂ ਤੁਹਾਨੂੰ ਪਿਤਾ ਵੱਲੋਂ ਅਨੇਕਾਂ ਚੰਗੀਆਂ ਕਰਨੀਆਂ ਵਿਖਾਈਆਂ। ਉਨ੍ਹਾਂ ਵਿੱਚੋਂ ਕਿਸ ਕਾਰਜ ਵਾਸਤੇ ਤੁਸੀਂ ਮੇਰੇ ਉੱਤੇ ਪੱਥਰਾਵ ਕਰਨਾ ਚਾਹੁੰਦੇ ਹੋ?”
33 ਯਹੂਦੀਆਂ ਨੇ ਆਖਿਆ, “ਅਸੀਂ ਤੇਰੇ ਤੇ ਕਿਸੇ ਚੰਗੇ ਕੰਮ ਵਾਸਤੇ ਪੱਥਰ ਨਹੀਂ ਸੁੱਟ ਰਹੇ, ਸਗੋਂ ਇਸ ਲਈ ਕਿ ਤੂੰ ਪਰਮੇਸ਼ੁਰ ਦੇ ਖਿਲਾਫ਼ ਬੋਲਿਆ ਹੈਂ। ਤੂੰ ਸਿਰਫ ਇੱਕ ਮਨੁੱਖ ਹੈਂ ਪਰ ਤੂੰ ਆਖਦਾ ਹੈਂ ਕਿ ਤੂੰ ਪਰਮੇਸ਼ੁਰ ਹੈਂ। ਇਸੇ ਲਈ ਤੈਨੂੰ ਪੱਥਰਾਂ ਨਾਲ ਜਾਨੋਂ ਮਾਰਨਾ ਚਾਹੁੰਦੇ ਹਾਂ।”
34 ਯਿਸੂ ਨੇ ਆਖਿਆ, “ਇਹ ਤੁਹਾਡੀ ਸ਼ਰ੍ਹਾ ਵਿੱਚ ਲਿਖਿਆ ਹੋਇਆ ਹੈ, ‘ਮੈਂ ਆਖਿਆ ਤੁਸੀਂ ਦੇਵਤੇ ਹੋ।’ 35 ਉਹ ਲੋਕ ਜਿਨ੍ਹਾਂ ਨੇ ਪਰਮੇਸ਼ੁਰ ਦਾ ਸੰਦੇਸ਼ ਪ੍ਰਾਪਤ ਕੀਤਾ ਉਹ ਇਸ ਪੋਥੀ ਵਿੱਚ ਦੇਵਤੇ ਸਦਾਉਂਦੇ ਹਨ ਅਤੇ ਪੋਥੀ ਕਦੇ ਵੀ ਝੂਠੀ ਨਹੀਂ ਹੋ ਸੱਕਦੀ। 36 ਫਿਰ ਤੁਸੀਂ ਕਿਵੇਂ ਕਹਿ ਸੱਕਦੇ ਹੋ ਕਿ ਮੈਂ ਪਰਮੇਸ਼ੁਰ ਦੇ ਖਿਲਾਫ਼ ਬੋਲ ਰਿਹਾ ਹਾਂ। ਸਿਰਫ਼ ਕਿਉਂ ਕਿ ਮੈਂ ਆਖਿਆ ਹੈ, ‘ਮੈਂ ਪਰਮੇਸ਼ੁਰ ਦਾ ਪੁੱਤਰ ਹਾਂ?’ ਮੈਂ ਉਹ ਹਾਂ ਜਿਸ ਨੂੰ ਪਰਮੇਸ਼ੁਰ ਨੇ ਇਸ ਦੁਨੀਆਂ ਤੇ ਭੇਜਣ ਲਈ ਚੁਣਿਆ। 37 ਜੇਕਰ ਮੈਂ ਉਹ ਗੱਲਾਂ ਨਾ ਕਰਾਂ ਜੋ ਮੇਰਾ ਪਿਤਾ ਕਰਦਾ ਹੈ, ਤਾਂ ਜੋ ਮੈਂ ਆਖਦਾ ਹਾਂ ਉਸਤੇ ਵਿਸ਼ਵਾਸ ਨਾ ਕਰੋ। 38 ਪਰ ਜੇ ਮੈਂ ਉਹ ਗੱਲਾਂ ਕਰਾਂ ਜੋ ਮੇਰਾ ਪਿਤਾ ਕਰਦਾ ਹੈ, ਫਿਰ ਤੁਹਾਨੂੰ ਮੇਰੇ ਵਿੱਚ ਵਿਸ਼ਵਾਸ ਕਰਨਾ ਚਾਹੀਦਾ ਹੈ। ਭਾਵੇਂ ਤੁਸੀਂ ਮੇਰੇ ਵਿੱਚ ਵਿਸ਼ਵਾਸ ਨਾ ਕਰੋ, ਪਰ ਮੇਰੀਆਂ ਕਰਨੀਆਂ ਤੇ ਵਿਸ਼ਵਾਸ ਕਰੋ ਜਿਹੜੀਆਂ ਮੈਂ ਕਰਦਾ ਹਾਂ। ਫੇਰ ਤੁਸੀਂ ਜਾਣੋਂਗੇ ਅਤੇ ਸਮਝੋਂਗੇ ਕਿ ਪਿਤਾ ਮੇਰੇ ਵਿੱਚ ਹੈ ਅਤੇ ਮੈਂ ਪਿਤਾ ਵਿੱਚ ਹਾਂ।”
39 ਯਹੂਦੀ ਫੇਰ ਯਿਸੂ ਨੂੰ ਗਿਰਫ਼ਤਾਰ ਕਰਨਾ ਚਾਹੁੰਦੇ ਸਨ ਪਰ ਉਹ ਉਨ੍ਹਾਂ ਤੋਂ ਬਚ ਗਿਆ।
40 ਯਿਸੂ ਫਿਰ ਯਰਦਨ ਨਦੀ ਦੇ ਪਾਰ ਦੀ ਥਾਂ ਨੂੰ ਚੱਲਾ ਗਿਆ ਜਿੱਥੇ ਪਹਿਲਾਂ ਯੂਹੰਨਾ ਬਪਤਿਸਮਾ ਦਿੰਦਾ ਸੀ। ਅਤੇ ਉਹ ਉੱਥੇ ਠਹਿਰਿਆ। 41 ਉੱਥੇ ਲੋਕਾਂ ਦੀ ਵੱਡੀ ਭੀੜ ਯਿਸੂ ਕੋਲ ਆਈ ਅਤੇ ਕਹਿਣ ਲੱਗੀ, “ਯੂਹੰਨਾ ਨੇ ਕਦੇ ਕੋਈ ਕਰਿਸ਼ਮਾ ਨਹੀਂ ਕੀਤਾ, ਪਰ ਜੋ ਕੁਝ ਯੂਹੰਨਾ ਨੇ ਉਸ (ਯਿਸੂ) ਬਾਰੇ ਆਖਿਆ ਉਹ ਸੱਚ ਸੀ।” 42 ਉੱਥੇ ਫਿਰ ਬਹੁਤ ਸਾਰੇ ਲੋਕਾਂ ਨੇ ਉਸਦਾ ਵਿਸ਼ਵਾਸ ਕੀਤਾ।
* 10:22 ਪ੍ਰਤਿਸ਼ਠਾ ਦੇ ਤਿਉਹਾਰ ਹਾਨੂੰਕਾ, ਯਹੂਦੀਆਂ ਵੱਲੋਂ ਦਿਸੰਬਰ ਦੇ ਮਹੀਨੇ ਵਿੱਚ ਖਾਸ ਹਫ਼ਤਾ ਮਨਾਉਣ ਦਾ ਤਿਉਹਾਰ ਹੈ। 10:34 ਹਵਾਲਾ: ਜ਼ਬੂਰ 82:6