ਮੈਂ ਹੁਣੇ ਹੁਣੇ ਹੀ ਯਿਸੂ ਵਿੱਚ ਆਪਣਾ ਵਿਸ਼ਵਾਸ ਧਾਰਿਆ ਹੈ... ਹੁਣ ਕੀ ਕਰਾਂ ?
ਵਧਾਈਆਂ ! ਤੁਸੀਂ ਇੱਕ ਜੀਵਨ ਬਦਲਣ ਵਾਲਾ ਫੈਸਲਾ ਲੈ ਲਿਆ ਹੈ! ਸ਼ਾਇਦ ਤੁਸੀਂ ਇਹ ਪੁੱਛ ਰਹੇ ਹੋ ਕਿ “ਹੁਣ ਕੀ ਕਰਾਂ ? ਮੈਂ ਪਰਮੇਸ਼ਰ ਨਾਲ ਆਪਣੀ ਯਾਤਰਾ ਕਿਵੇਂ ਸ਼ੁਰੂ ਕਰਾਂ ?” ਹੇਠਾਂ ਵਰਣਨ ਕੀਤੇ ਗਏ ਪੰਜ ਪੜਾਅ ਤੁਹਾਨੂੰ ਬਾਈਬਲ ਤੋਂ ਦਿਸ਼ਾ ਪ੍ਰਦਾਨ ਕਰਨਗੇ। ਜਦੋਂ ਤੁਹਾਡੇ ਇਸ ਯਾਤਰਾ ਬਾਰੇ ਪ੍ਰਸ਼ਨ ਹੋਣ ਤਾਂ ਕਿਰਪਾ ਕਰਕੇ ਵੇਖੋ www.GotQuestions.org/I-Punjabi.
1. ਇਹ ਯਕੀਨੀ ਬਣਾਓ ਕਿ ਤੁਸੀਂ ਮੁਕਤੀ ਨੂੰ ਸਮਝਦੇ ਹੋ।
ਯੁਹੰਨਾ ਦੀ ਪਹਿਲੀ ਪੱਤਰੀ ਦਾ ਖੰਡ 5:13 ਸਾਨੂੰ ਦੱਸਦਾ ਹੈ, “ਮੈਂ ਤੁਹਾਡੇ ਲਈ ਜੋ ਕਿ ਪਰਮੇਸ਼ਰ ਦੇ ਪੁੱਤਰ ਦੇ ਨਾਂ ਵਿੱਚ ਵਿਸ਼ਵਾਸ ਰੱਖਦੇ ਹਨ, ਇਹ ਗੱਲਾਂ ਲਿਖਦਾ ਹਾਂ ਤਾਂ ਜੋ ਤੁਸੀਂ ਇਹ ਜਾਣ ਲਵੋਂ ਕਿ ਤੁਹਾਡੇ ਕੋਲ ਸਦੀਵੀ ਜੀਵਨ ਹੈ।” ਪਰਮੇਸ਼ਰ ਚਾਹੁੰਦਾ ਹੈ ਕਿ ਅਸੀਂ ਮੁਕਤੀ ਨੂੰ ਸਮਝੀਏ। ਪਰਮੇਸ਼ਰ ਚਾਹੁੰਦਾ ਹੈ ਕਿ ਸਾਨੂੰ ਪੱਕੇ ਤੌਰ ਤੇ ਇਹ ਜਾਣ ਲੈਣ ਦਾ ਵਿਸ਼ਵਾਸ ਹੋਵੇ ਕਿ ਅਸੀਂ ਬਚਾ ਲਏ ਗਏ ਹਾਂ। ਸੰਖੇਪ ਰੂਪ ਵਿੱਚ, ਆਓ ਮੁਕਤੀ ਦੇ ਮੁੱਖ ਨੁਕਤਿਆਂ ਉਪਰ ਨਜ਼ਰ ਮਾਰੀਏ:
(ੳ) ਅਸੀਂ ਸਾਰਿਆਂ ਨੇ ਪਾਪ ਕੀਤਾ ਹੈ। ਅਸੀਂ ਸਾਰਿਆਂ ਨੇ ਉਹ ਚੀਜ਼ਾਂ ਕੀਤੀਆਂ ਹਨ ਜੋ ਪਰਮੇਸ਼ਰ ਨੂੰ ਨਾ-ਖੁਸ਼ ਕਰਨ ਵਾਲੀਆਂ ਹਨ (ਰੋਮੀਆਂ ਨੂੰ ਪੱਤਰੀ 3:23)।
(ਅ) ਸਾਡੇ ਪਾਪ ਦੇ ਕਾਰਨ, ਅਸੀਂ ਇਸ ਗੱਲ ਦੇ ਹੱਕਦਾਰ ਹਾਂ ਕਿ ਸਾਨੂੰ ਸਦੀਵੀ ਤੌਰ ਤੇ ਪਰਮੇਸ਼ਰ ਤੋਂ ਅਲੱਗ ਕਰ ਦਿੱਤਾ ਜਾਵੇ (ਰੋਮੀਆਂ ਨੂੰ ਪੱਤਰੀ 6:23)।
(ੲ) ਸਾਡੇ ਪਾਪਾਂ ਦੀ ਸਜ਼ਾ ਵਾਸਤੇ ਅਦਾਇਗੀ ਕਰਨ ਲਈ ਯਿਸੂ ਸਲੀਬ ‘ਤੇ ਮਰ ਗਿਆ (ਰੋਮੀਆਂ ਨੂੰ ਪੱਤਰੀ 5:8; ਕੁਰਿੰਥੀਆਂ ਨੂੰ ਦੂਜੀ ਪੱਤਰੀ 5:21)। ਯਿਸੂ ਸਾਡੀ ਥਾਂ ‘ਤੇ ਮਰ ਗਿਆ ਅਤੇ ਉਸਨੇ ਉਹ ਸਜ਼ਾ ਲੈ ਲਈ ਜਿਸਦੇ ਅਸੀਂ ਹੱਕਦਾਰ ਸੀ। ਉਸਦੇ ਮੁੜ ਜਿਉਂ ਉੱਠਣ ਨੇ ਸਾਬਤ ਕਰ ਦਿੱਤਾ ਕਿ ਉਸਦੀ ਮੌਤ ਸਾਡੇ ਪਾਪਾਂ ਦੀ ਅਦਾਇਗੀ ਕਰਨ ਵਾਸਤੇ ਕਾਫੀ ਸੀ।
(ਸ) ਪਰਮੇਸ਼ਰ ਉਹਨਾਂ ਸਾਰਿਆਂ ਨੂੰ ਮਾਫੀ ਅਤੇ ਮੁਕਤੀ ਦਿੰਦਾ ਹੈ ਜੋ ਯਿਸੂ ਦੀ ਮੌਤ ਨੂੰ ਸਾਡੇ ਪਾਪਾਂ ਦੀ ਅਦਾਇਗੀ ਮੰਨਦੇ ਹੋਏ ਉਸ ਵਿੱਚ ਆਪਣਾ ਵਿਸ਼ਵਾਸ ਰੱਖਦੇ ਹਨ (ਯੁਹੰਨਾ ਦੀ ਇੰਜੀਲ 3:16; ਰੋਮੀਆਂ ਨੂੰ ਪੱਤਰੀ 5:1; ਰੋਮੀਆਂ ਨੂੰ ਪੱਤਰੀ 8:1)।
ਇਹੀ ਮੁਕਤੀ ਦਾ ਸੁਨੇਹਾ ਹੈ ! ਜੇ ਤੁਸੀਂ ਯਿਸੂ ਮਸੀਹ ਵਿੱਚ ਆਪਣੇ ਮੁਕਤੀਦਾਤਾ ਵਜੋਂ ਵਿਸ਼ਵਾਸ ਰੱਖਦੇ ਹੈ ਤਾਂ ਤੁਹਾਨੂੰ ਬਚਾ ਲਿਆ ਜਾਂਦਾ ਹੈ! ਤੁਹਾਡੇ ਸਾਰੇ ਪਾਪ ਮਾਫ ਕਰ ਦਿੱਤੇ ਜਾਂਦੇ ਹਨ ਅਤੇ ਪਰਮੇਸ਼ਰ ਤੁਹਾਨੂੰ ਕਦੇ ਵੀ ਨਾ ਛੱਡਣ ਜਾਂ ਨਾ ਤਿਆਗਣ ਦਾ ਵਾਅਦਾ ਕਰਦਾ ਹੈ (ਰੋਮੀਆਂ ਨੂੰ ਪੱਤਰੀ 8:38-39; ਮੱਤੀ ਦੀ ਇੰਜੀਲ 28:20)। ਯਾਦ ਰੱਖੋ ਯਿਸੂ ਮਸੀਹ ਵਿੱਚ ਤੁਹਾਡੀ ਮੁਕਤੀ ਸੁਰੱਖਿਅਤ ਹੈ (ਯੁਹੰਨਾ ਦੀ ਇੰਜੀਲ 10:28-29)। ਜੇ ਤੁਸੀਂ ਮੁਕਤੀਦਾਤਾ ਵਜੋਂ ਕੇਵਲ ਯਿਸੂ ਵਿੱਚ ਵਿਸ਼ਵਾਸ ਰੱਖ ਰਹੇ ਹੋ ਤਾਂ ਤੁਸੀਂ ਇਹ ਵਿਸ਼ਵਾਸ ਰੱਖ ਸਕਦੇ ਹੋ ਕਿ ਤੁਸੀਂ ਸਦਾ ਹੀ ਸਵਰਗ ਵਿੱਚ ਪਰਮੇਸ਼ਰ ਦੇ ਨਾਲ ਰਹੋਂਗੇ !
2. ਕਿਸੇ ਚੰਗੀ ਚਰਚ ਨੂੰ ਲੱਭੋ ਜੋ ਬਾਈਬਲ ਪੜ੍ਹਾਉਂਦੀ ਹੋਵੇ।
ਚਰਚ ਨੂੰ ਇੱਕ ਇਮਾਰਤ ਨਾ ਸਮਝੋ। ਚਰਚ ਲੋਕ ਹਨ। ਇਹ ਬਹੁਤ ਮਹੱਤਵਪੂਰਨ ਹੈ ਕਿ ਯਿਸੂ ਮਸੀਹ ਨੂੰ ਮੰਨਣ ਵਾਲੇ ਇੱਕ ਦੂਜੇ ਨਾਲ ਘੁਲ ਮਿਲਕੇ ਰਹਿਣ। ਚਰਚ ਦੇ ਮੁੱਖ ਮਕਸਦਾਂ ਵਿੱਚੋਂ ਇਹ ਇੱਕ ਹੈ। ਹੁਣ ਜਦਕਿ ਤੁਸੀਂ ਯਿਸੂ ਮਸੀਹ ਵਿੱਚ ਆਪਣਾ ਵਿਸ਼ਵਾਸ ਪ੍ਰਗਟਾਇਆ ਹੈ, ਅਸੀਂ ਤੁਹਾਨੂੰ ਪੁਰਜ਼ੋਰ ਉਤਸ਼ਾਹਿਤ ਕਰਦੇ ਹਾਂ ਕਿ ਤੁਸੀਂ ਆਪਣੇ ਇਲਾਕੇ ਵਿੱਚ ਬਾਈਬਲ ਵਿੱਚ ਵਿਸ਼ਵਾਸ ਰੱਖਣ ਵਾਲੀ ਕੋਈ ਚਰਚ ਲੱਭੋ ਅਤੇ ਪਾਦਰੀ ਨਾਲ ਗੱਲ ਕਰੋ। ਯਿਸੂ ਮਸੀਹ ਵਿੱਚ ਤੁਹਾਡੇ ਨਵੇਂ ਵਿਸ਼ਵਾਸ ਬਾਰੇ ਉਸਨੂੰ ਜਾਨਣ ਦਿਓ।
ਚਰਚ ਦਾ ਦੂਜਾ ਮਕਸਦ ਹੈ ਬਾਈਬਲ ਪੜ੍ਹਾਉਣਾ। ਤੁਸੀਂ ਸਿੱਖ ਸਕਦੇ ਹੋ ਕਿ ਤੁਸੀਂ ਆਪਣੇ ਜੀਵਨ ਵਿੱਚ ਪਰਮੇਸ਼ਰ ਦੀਆਂ ਹਦਾਇਤਾਂ ਨੂੰ ਕਿਵੇਂ ਲਾਗੂ ਕਰਨਾ ਹੈ। ਬਾਈਬਲ ਨੂੰ ਸਮਝਣਾ ਇੱਕ ਸਫਲ ਅਤੇ ਸ਼ਕਤੀਸ਼ਾਲੀ ਈਸਾਈ ਜੀਵਨ ਜਿਉਣ ਦੀ ਕੁੰਜੀ ਹੈ। ਤਿਮੋਥਿਉਸ ਨੂੰ ਦੂਜੀ ਪੱਤਰੀ ਦਾ ਖੰਡ 3:16-17 ਕਹਿੰਦਾ ਹੈ, “ਸਾਰੀਆਂ ਪੋਥੀਆਂ ਪਰਮੇਸ਼ਰ ਵੱਲੋਂ ਪ੍ਰਦਾਨ ਕੀਤੀਆਂ ਗਈਆਂ ਹਨ ਅਤੇ ਇਹ ਸਿੱਖਿਆ ਦੇਣ, ਡਾਂਟਣ, ਸਹੀ ਕਰਨ ਅਤੇ ਸਹੀ ਕੰਮ ਕਰਨ ਦੀ ਸਿਖਲਾਈ ਦੇਣ ਵਿੱਚ ਲਾਭਕਾਰੀ ਹਨ, ਤਾਂ ਜੋ ਪਰਮੇਸ਼ਰ ਦੇ ਬੰਦੇ ਨੂੰ ਹਰ ਚੰਗੇ ਕਾਰਜ ਵਾਸਤੇ ਸਾਜੋ ਸਾਮਾਨ ਨਾਲ ਤਿਆਰ-ਬਰ-ਤਿਆਰ ਕੀਤਾ ਜਾ ਸਕੇ।“
ਚਰਚ ਦਾ ਤੀਜਾ ਮਕਸਦ ਹੈ ਪੂਜਾ। ਪੂਜਾ ਦਾ ਮਤਲਬ ਹੈ ਜੋ ਕੁ਼ਝ ਪਰਮੇਸ਼ਰ ਨੇ ਕੀਤਾ ਹੈ, ਉਸ ਲਈ ਉਸਦਾ ਧੰਨਵਾਦ ਕਰਨਾ ! ਪਰਮੇਸ਼ਰ ਨੇ ਸਾਨੂੰ ਬਚਾਇਆ ਹੈ। ਪਰਮੇਸ਼ਰ ਸਾਨੂੰ ਪਿਆਰ ਕਰਦਾ ਹੈ। ਪਰਮੇਸ਼ਰ ਸਾਨੂੰ ਪ੍ਰਦਾਨ ਕਰਦਾ ਹੈ। ਪਰਮੇਸ਼ਰ ਸਾਡੀ ਅਗਵਾਈ ਕਰਦਾ ਹੈ ਅਤੇ ਸਾਨੂੰ ਦਿਸ਼ਾ ਪ੍ਰਦਾਨ ਕਰਦਾ ਹੈ। ਅਸੀਂ ਉਸਦਾ ਧੰਨਵਾਦ ਕਿਉਂ ਨਾ ਕਰੀਏ ? ਪਰਮੇਸ਼ਰ ਪਵਿੱਤਰ ਹੈ, ਸਹੀ ਹੈ, ਪਿਆਰ ਕਰਨ ਵਾਲਾ ਹੈ, ਤਰਸਵਾਨ ਹੈ ਅਤੇ ਬਖਸ਼ਿਸ਼ ਨਾਲ ਭਰਪੂਰ ਹੈ। ਯੁਹੰਨਾ ਦੇ ਪ੍ਰਕਾਸ਼ ਦੀ ਪੋਥੀ ਦਾ ਖੰਡ 4:11 ਦੱਸਦਾ ਹੈ, "ਸਾਡੇ ਪ੍ਰਭੂ ਅਤੇ ਪਰਮੇਸ਼ਰ, ਤੂੰ ਮਹਿਮਾ, ਸਤਿਕਾਰ ਅਤੇ ਸ਼ਕਤੀ ਪ੍ਰਾਪਤ ਕਰਨ ਦੇ ਯੋਗ ਹੈਂ, ਕਿਉਂਕਿ ਤੂੰ ਹੀ ਸਭ ਕੁਝ ਸਾਜਿਆ ਹੈ, ਅਤੇ ਇਹ ਰਜ਼ਾ ਦੁਆਰਾ ਹੀ ਹੈ ਕਿ ਸਾਰੀਆਂ ਚੀਜ਼ਾਂ ਮੌਜੂਦ ਹਨ ਅਤੇ ਸਿਰਜੀਆਂ ਗਈਆਂ ਸਨ।”
3. ਪਰਮਾਤਮਾ ਵਿੱਚ ਧਿਆਨ ਕੇਂਦਰਿਤ ਕਰਨ ਲਈ ਹਰ ਰੋਜ਼ ਕੁਝ ਸਮਾਂ ਕੱਢੋ।
ਸਾਡੇ ਵਾਸਤੇ ਇਹ ਬਹੁਤ ਮਹੱਤਵਪੂਰਨ ਹੈ ਕਿ ਅਸੀਂ ਹਰ ਰੋਜ਼ ਪਰਮਾਤਮਾ ਵਿੱਚ ਧਿਆਨ ਕੇਂਦਰਿਤ ਕਰਦੇ ਹੋਏ ਕੁ਼ਝ ਸਮਾਂ ਬਤੀਤ ਕਰੀਏ। ਕੁਝ ਕੁ ਲੋਕ ਇਸਨੂੰ ‘ਸ਼ਾਂਤ ਸਮਾਂ’ ਕਹਿੰਦੇ ਹਨ। ਕੁਝ ਕੁ ਇਸਨੂੰ “ਸਮਰਪਣਾਵਾਂ” ਕਹਿੰਦੇ ਹਨ ਕਿਉਂਕਿ ਇਹੀ ਸਮਾਂ ਹੈ ਜਦੋਂ ਅਸੀਂ ਆਪਣੇ ਆਪ ਨੂੰ ਪਰਮੇਸ਼ਰ ਅੱਗੇ ਸਮਰਪਿਤ ਕਰਦੇ ਹਾਂ। ਕੁਝ ਕੁ ਲੋਕ ਸਵੇਰ ਵੇਲੇ ਸਮਾਂ ਕੱਢਣ ਨੂੰ ਤਰਜੀਹ ਦਿੰਦੇ ਹਨ ਜਦਕਿ ਕੁਝ ਹੋਰ ਲੋਕ ਸ਼ਾਮ ਵੇਲੇ ਨੂੰ ਤਰਜੀਹ ਦਿੰਦੇ ਹਨ। ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਇਸ ਸਮੇਂ ਨੂੰ ਕੀ ਕਹਿੰਦੇ ਹੋ ਜਾਂ ਤੁਸੀਂ ਇਸਨੂੰ ਕਦੋਂ ਬਤੀਤ ਕਰਦੇ ਹੋ। ਮਤਲਬ ਦੀ ਗੱਲ ਇਹ ਹੈ ਕਿ ਤੁਸੀਂ ਬਕਾਇਦਾ ਤੌਰ ਤੇ ਪਰਮੇਸ਼ਰ ਦੇ ਨਾਲ ਸਮਾਂ ਗੁਜ਼ਾਰੋ। ਕਿਹੜੀਆਂ ਘਟਨਾਵਾਂ ਪਰਮੇਸ਼ਰ ਦੇ ਨਾਲ ਸਾਡੇ ਸਮੇਂ ਦੀ ਰਚਨਾ ਕਰਦੀਆਂ ਹਨ ?
(ੳ) ਪ੍ਰਾਰਥਨਾ। ਪ੍ਰਾਰਥਨਾ ਦਾ ਸਿੱਧਾ ਜਿਹਾ ਅਰਥ ਹੈ ਪਰਮੇਸ਼ਰ ਨਾਲ ਗੱਲਾਂ ਕਰਨਾ। ਆਪਣੇ ਸ਼ੰਕਿਆਂ ਅਤੇ ਸਮੱਸਿਆਵਾਂ ਬਾਰੇ ਪਰਮੇਸ਼ਰ ਨਾਲ ਗੱਲ ਕਰੋ। ਪਰਮੇਸ਼ਰ ਨੂੰ ਕਹੋ ਕਿ ਉਹ ਤੁਹਾਨੂੰ ਸਿਆਣਪ ਅਤੇ ਮਾਰਗ ਦਰਸ਼ਨ ਦੇਵੇ। ਪਰਮੇਸ਼ਰ ਨੂੰ ਕਹੋ ਕਿ ਉਹ ਤੁਹਾਡੀਆਂ ਲੋੜਾਂ ਪੂਰੀਆਂ ਕਰੇ। ਪਰਮੇਸ਼ਰ ਨੂੰ ਦੱਸੋ ਕਿ ਤੁਸੀਂ ਉਸਨੂੰ ਕਿੰਨਾ ਪਿਆਰ ਕਰਦੇ ਹੋ ਅਤੇ ਜੋ ਕੁਝ ਉਹ ਤੁਹਾਡੇ ਵਾਸਤੇ ਕਰਦਾ ਹੈ ਤੁਸੀਂ ਉਸਦੀ ਕਿੰਨੀ ਸਰਾਹਨਾ ਕਰਦੇ ਹੋ। ਬੱਸ ਪ੍ਰਾਰਥਨਾ ਇਹਨਾਂ ਹੀ ਗੱਲਾਂ ਬਾਰੇ ਹੁੰਦੀ ਹੈ।
(ਅ) ਬਾਈਬਲ ਦੀ ਪੜ੍ਹਾਈ। ਚਰਚ, ਐਤਵਾਰੀ ਸਕੂਲ, ਅਤੇ /ਜਾਂ ਬਾਈਬਲ ਦੀ ਪੜ੍ਹਾਈਦੇ ਇਲਾਵਾ – ਤੁਹਾਨੂੰ ਖੁਦ ਵੀ ਬਾਈਬਲ ਪੜ੍ਹਨ ਦੀ ਲੋੜ ਹੈ। ਇੱਕ ਸਫਲ ਈਸਾਈ ਜੀਵਨ ਜਿਉਣ ਵਾਸਤੇ ਬਾਈਬਲ ਵਿੱਚ ਉਹ ਸਭ ਕੁਝ ਹੈ ਜਿਸਨੂੰ ਜਾਨਣ ਦੀ ਤੁਹਾਨੂੰ ਲੋੜ ਹੈ। ਇਸ ਵਿੱਚ ਸਿਆਣਪ ਭਰੇ ਫੈਸਲੇ ਕਰਨ ਵਾਸਤੇ, ਪਰਮੇਸ਼ਰ ਦੀ ਇੱਛਾ ਜਾਨਣ ਵਾਸਤੇ, ਹੋਰਨਾਂ ਨੂੰ ਉਪਦੇਸ਼ ਦੇਣ ਬਾਬਤ ਅਤੇ ਅਧਿਆਤਮਕ ਵਿਕਾਸ ਕਰਨ ਬਾਰੇ ਪਰਮੇਸ਼ਰ ਦੀ ਆਗਵਾਨੀ ਹੈ। ਬਾਈਬਲ ਪਰਮੇਸ਼ਰ ਦੁਆਰਾ ਸਾਨੂੰ ਕਿਹਾ ਗਿਆ ਸ਼ਬਦ ਹੈ। ਬਾਈਬਲ ਅਵੱਸ਼ਕ ਤੌਰ ‘ਤੇ ਪਰਮੇਸ਼ਰ ਦੀ ਹਦਾਇਤ ਸੂਚੀ ਹੈ ਜੋ ਸਾਨੂੰ ਦੱਸਦੀ ਹੈ ਕਿ ਅਸੀਂ ਆਪਣੀ ਜਿੰਦਗੀ ਅਜਿਹੇ ਤਰੀਕੇ ਨਾਲ ਕਿਵੇਂ ਜੀਵੀਏ ਜੋ ਉਸਨੂੰ ਖੁਸ਼ ਕਰਨ ਵਾਲਾ ਅਤੇ ਸਾਨੂੰ ਸੰਤੁਸ਼ਟੀ ਦੇਣ ਵਾਲਾ ਹੋਵੇ।
4. ਉਹਨਾਂ ਲੋਕਾਂ ਨਾਲ ਰਿਸ਼ਤਿਆਂ ਦਾ ਵਿਕਾਸ ਕਰੋ ਜੋ ਅਧਿਆਤਮਕ ਤੌਰ ਤੇ ਤੁਹਾਡੀ ਮਦਦ ਕਰ ਸਕਦੇ ਹਨ।
ਕੁਰਿੰਥੀਆਂ ਨੂੰ ਪਹਿਲੀ ਪੱਤਰੀ ਦਾ ਖੰਡ 15:33 ਸਾਨੂੰ ਦੱਸਦਾ ਹੈ, “ਗਲਤ ਮਾਰਗ ਦਰਸ਼ਨ ਨਾ ਲਓ: ‘ਬੁਰੀ ਸੰਗਤ ਵਧੀਆ ਚਰਿੱਤਰ ਨੂੰ ਭ੍ਰਿਸ਼ਟ ਕਰ ਦਿੰਦੀ ਹੈ।” ਬਾਈਬਲ ‘ਬੁਰੇ’ ਲੋਕਾਂ ਦੇ ਸਾਡੇ ਉਪਰ ਪੈਣ ਵਾਲੇ ਅਸਰ ਬਾਰੇ ਚੇਤਾਵਨੀਆਂ ਨਾਲ ਭਰਪੂਰ ਹੈ। ਪਾਪ ਭਰਪੂਰ ਸਰਗਰਮੀਆਂ ਵਿੱਚ ਲਿਪਤ ਰਹਿਣ ਵਾਲੇ ਲੋਕਾਂ ਨਾਲ ਸਮਾਂ ਬਿਤਾਉਣਾ ਸਾਡੇ ਉਹਨਾਂ ਸਰਗਰਮੀਆਂ ਲਈ ਲਲਚਾ ਜਾਣ ਦਾ ਕਾਰਨ ਬਣੇਗਾ। ਸਾਡੇ ਇਰਦ ਗਿਰਦ ਦੇ ਲੋਕਾਂ ਦਾ ਚਰਿੱਤਰ ਸਾਡੇ ਨਾਲ “ਖਹਿ” ਜਾਵੇਗਾ। ਇਸ ਕਰਕੇ ਇਹ ਬਹੁਤ ਮਹੱਤਵਪੂਰਨ ਹੈ ਕਿ ਅਸੀਂ ਆਪਣੇ ਆਲੇ ਦੁਆਲੇ ਅਜਿਹੇ ਲੋਕਾਂ ਨੂੰ ਰੱਖੀਏ ਜੋ ਪ੍ਰਭੂ ਨੂੰ ਪਿਆਰ ਕਰਦੇ ਹੋਣ ਅਤੇ ਉਸ ਪ੍ਰਤੀ ਵਚਨਬੱਧ ਹੋਣ।
ਇੱਕ ਜਾਂ ਦੋ ਅਜਿਹੇ ਮਿੱਤਰ ਲੱਭਣ ਦੀ ਕੋਸ਼ਿਸ਼ ਕਰੋ ਜੋ ਤੁਹਾਡੀ ਮਦਦ ਕਰ ਸਕਦੇ ਹੋਣ ਅਤੇ ਤੁਹਾਨੂੰ ਉਤਸ਼ਾਹਿਤ ਕਰ ਸਕਦੇ ਹੋਣ (ਇਬਰਾਨੀਆਂ ਨੂੰ ਪੱਤਰੀ 3:13; 10:24)। ਆਪਣੇ ਦੋਸਤਾਂ ਨੂੰ ਕਹੋ ਕਿ ਉਹ ਤੁਹਾਡੇ ਸ਼ਾਂਤ ਸਮੇਂ , ਤੁਹਾਡੀਆਂ ਕਿਰਿਆਵਾਂ, ਅਤੇ ਪਰਮੇਸ਼ਰ ਦੇ ਨਾਲ ਤੁਹਾਡੀ ਸੈਰ ਦੇ ਸਬੰਧ ਵਿੱਚ ਤੁਹਾਨੂੰ ਜਵਾਬਦੇਹ ਬਣਾਈ ਰੱਖਣ। ਉਹਨਾਂ ਨੂੰ ਪੁੱਛੋ ਕਿ ਕੀ ਤੁਸੀਂ ਵੀ ਉਹਨਾਂ ਵਾਸਤੇ ਅਜਿਹਾ ਕਰ ਸਕਦੇ ਹੋ। ਇਸਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਆਪਣੇ ਉਹਨਾਂ ਸਾਰੇ ਦੋਸਤਾਂ ਨੂੰ ਛੱਡ ਦੇਣਾ ਹੋਵੇਗਾ ਜੋ ਪ੍ਰਭੂ ਯਿਸੂ ਨੂੰ ਆਪਣੇ ਮੁਕਤੀਦਾਤਾ ਵਜੋਂ ਨਹੀਂ ਜਾਣਦੇ। ਉਹਨਾਂ ਦੇ ਦੋਸਤ ਬਣੇ ਰਹਿਣਾ ਜਾਰੀ ਰੱਖੋ ਅਤੇ ਉਹਨਾਂ ਨੂੰ ਪਿਆਰ ਕਰੋ। ਉਹਨਾਂ ਨੂੰ ਬੱਸ ਏਨਾ ਜਾਨਣ ਦਿਓ ਕਿ ਯਿਸੂ ਨੇ ਤੁਹਾਡੀ ਜਿੰਦਗੀ ਬਦਲ ਦਿੱਤੀ ਹੈ ਅਤੇ ਤੁਸੀਂ ਉਹ ਸਾਰੀਆਂ ਚੀਜ਼ਾਂ ਨਹੀਂ ਕਰ ਸਕਦੇ ਜੋ ਤੁਸੀਂ ਕਰਿਆ ਕਰਦੇ ਸੀ। ਪਰਮੇਸ਼ਰ ਨੂੰ ਕਹੋ ਕਿ ਉਹ ਤੁਹਾਨੂੰ ਮੌਕੇ ਦੇਵੇ ਤਾਂ ਜੋ ਤੁਸੀਂ ਯਿਸੂ ਨੂੰ ਆਪਣੇ ਦੋਸਤਾਂ ਦੇ ਨਾਲ ਸਾਂਝਾ ਕਰ ਸਕੋ।
5. ਬਪਤਿਸਮਾ ਪ੍ਰਾਪਤ ਕਰੋ।
ਬਪਤਿਸਮਾ ਬਾਰੇ ਬਹੁਤ ਸਾਰੇ ਲੋਕਾਂ ਨੂੰ ਗਲਤਫਹਿਮੀ ਹੈ। ਸ਼ਬਦ “ਬੈਪਟਾਈਜ਼” ਦਾ ਅਰਥ ਹੈ ਪਾਣੀ ਵਿੱਚ ਡੋਬਣਾ। ਬਪਤਿਸਮਾ, ਜਨਤਕ ਤੌਰ ਤੇ ਮਸੀਹ ਵਿੱਚ ਤੁਹਾਡੇ ਨਵੇਂ ਵਿਸ਼ਵਾਸ਼ ਨੂੰ ਪ੍ਰਗਟਾਉਣ ਦਾ ਅਤੇ ਉਸ ਪ੍ਰਤੀ ਆਪਣੀ ਵਚਨਬੱਧਤਾ ਦਰਸਾਉਣ ਦਾ ਇੱਕ ਬਾਈਬਲੀ ਤਰੀਕਾ ਹੈ। ਪਾਣੀ ਵਿੱਚ ਡੋਬੇ ਜਾਣ ਦਾ ਕਾਰਜ, ਮਸੀਹ ਦੇ ਨਾਲ ਦੱਬੇ ਜਾਣ ਨੂੰ ਦਰਸਾਉਂਦਾ ਹੈ। ਪਾਣੀ ਵਿੱਚੋਂ ਬਾਹਰ ਨਿਕਲਣ ਦਾ ਕਾਰਜ ਮਸੀਹ ਦੇ ਪੁਨਰ ਉਥਾਨ ਦਾ ਚਿਤਰਣ ਕਰਦਾ ਹੈ। ਬਪਤਿਸਮਾ ਪ੍ਰਾਪਤ ਕਰਨਾ, ਆਪਣੇ ਆਪ ਦੀ ਯਿਸੂ ਦੀ ਮੌਤ, ਉਸਦੇ ਦਫਨ ਅਤੇ ਪੁਨਰ-ਉਥਾਨ ਦੇ ਨਾਲ ਜਾਣ -ਪਛਾਣ ਕਰਾਉਣਾ ਹੈ (ਰੋਮੀਆਂ ਨੂੰ ਪੱਤਰੀ 6:3-4)।
ਇਹ ਬਪਤਿਸਮਾ ਨਹੀਂ ਹੈ ਜੋ ਤੁਹਾਨੂੰ ਬਚਾਉਂਦੀ ਹੈ। ਬਪਤਿਸਮਾ ਤੁਹਾਡੇ ਪਾਪਾਂ ਨੂੰ ਨਹੀਂ ਧੋਂਦੀ। ਬਪਤਿਸਮਾ ਤਾਂ ਸਿਰਫ ਆਗਿਆ ਪਾਲਣ ਦਾ ਇੱਕ ਪੜਾਅ ਹੈ, ਮੁਕਤੀ ਵਾਸਤੇ ਤੁਹਾਡੇ ਕੇਵਲ ਮਸੀਹ ਵਿੱਚ ਵਿਸ਼ਵਾਸ਼ ਰੱਖਣ ਦੀ ਜਨਤਕ ਘੋਸ਼ਣਾ। ਬਪਤਿਸਮਾ ਮਹੱਤਵਪੂਰਨ ਹੈ ਕਿਉਂਕਿ ਇਹ ਆਗਿਆ ਪਾਲਣ ਕਰਨ ਦਾ ਇੱਕ ਪੜਾਅ ਹੈ – ਜਨਤਕ ਤੌਰ ਤੇ ਮਸੀਹ ਵਿੱਚ ਵਿਸ਼ਵਾਸ਼ ਅਤੇ ਉਸ ਪ੍ਰਤੀ ਤੁਹਾਡੀ ਵਚਨਬੱਧਤਾ ਪ੍ਰਗਟ ਕਰਨਾ। ਜੇ ਤੁਸੀਂ ਬਪਤਿਸਮਾ ਲੈਣ ਲਈ ਤਿਆਰ ਹੋ ਤਾਂ ਤੁਹਾਨੂੰ ਕਿਸੇ ਪਾਦਰੀ ਨਾਲ ਗੱਲ ਕਰਨੀ ਚਾਹੀਦੀ ਹੈ।
ਮੈਂ ਹੁਣੇ ਹੁਣੇ ਹੀ ਯਿਸੂ ਵਿੱਚ ਆਪਣਾ ਵਿਸ਼ਵਾਸ ਧਾਰਿਆ ਹੈ... ਹੁਣ ਕੀ ਕਰਾਂ ?