ਤਿਮੋਥਿਉਸ ਨੂੰ ਦੂਜੀ ਪੱਤ੍ਰੀ
1
ਮਸੀਹ ਯਿਸੂ ਦੇ ਰਸੂਲ, ਪੌਲੁਸ, ਵੱਲੋਂ ਸ਼ੁਭਕਾਮਨਾਵਾਂ। ਮੈਂ ਰਸੂਲ ਇਸ ਲਈ ਹਾਂ ਕਿਉਂਕਿ ਇਹ ਪਰਮੇਸ਼ੁਰ ਦੀ ਰਜ਼ਾ ਹੈ। ਪਰਮੇਸ਼ੁਰ ਨੇ ਮੈਨੂੰ ਲੋਕਾਂ ਨੂੰ ਜੀਵਨ ਦੇ ਉਸ ਵਾਅਦੇ ਬਾਰੇ ਦੱਸਣ ਲਈ ਭੇਜਿਆ ਹੈ ਜਿਹੜਾ ਮਸੀਹ ਯਿਸੂ ਵਿੱਚ ਹੈ।
ਤਿਮੋਥਿਉਸ ਨੂੰ, ਤੁਸੀਂ ਮੇਰੇ ਲਈ ਪਿਆਰੇ ਪੁੱਤਰ ਵਰਗੇ ਹੋ।
ਪਰਮੇਸ਼ੁਰ ਪਿਤਾ ਅਤੇ ਮਸੀਹ ਯਿਸੂ ਸਾਡੇ ਪ੍ਰਭੂ, ਵੱਲੋਂ ਤੁਹਾਨੂੰ ਕਿਰਪਾ, ਮਿਹਰ ਅਤੇ ਸ਼ਾਂਤੀ ਹੋਵੇ।
ਧੰਨਵਾਦ ਅਤੇ ਹੌਂਸਲਾ ਅਫ਼ਜ਼ਾਈ
ਮੈਂ ਹਮੇਸ਼ਾ ਦਿਨ ਰਾਤ ਤੁਹਾਨੂੰ ਆਪਣੀਆਂ ਪ੍ਰਾਰਥਨਾ ਵਿੱਚ ਚੇਤੇ ਕਰਦਾ ਹਾਂ। ਇਨ੍ਹਾਂ ਪ੍ਰਾਰਥਨਾ ਵਿੱਚ ਮੈਂ ਤੁਹਾਡੇ ਲਈ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ। ਉਹੀ ਪਰਮੇਸ਼ੁਰ ਹੈ ਜਿਸਦੀ ਮੇਰੇ ਪੁਰਖਿਆਂ ਨੇ ਸੇਵਾ ਕੀਤੀ ਸੀ। ਮੈਂ ਵੀ ਹਮੇਸ਼ਾ ਉਸਦੀ ਅਜਿਹੇ ਕੰਮ ਕਰਦਿਆਂ ਸੇਵਾ ਕੀਤੀ ਹੈ ਜਿਨ੍ਹਾਂ ਨੂੰ ਮੈਂ ਸਹੀ ਸਮਝਿਆ ਹੈ। ਜਿਹੜੇ ਅੱਥਰੂ ਤੁਸੀਂ ਮੇਰੇ ਲਈ ਵਹਾਏ ਨੇ ਮੈਨੂੰ ਯਾਦ ਆਉਂਦੇ ਹਨ। ਮੈਂ ਤੁਹਾਨੂੰ ਮਿਲਣ ਲਈ ਬੇਤਾਬ ਹਾਂ ਤਾਂ ਜੋ ਮੈਂ ਭਰਪੂਰ ਖੁਸ਼ੀ ਹਾਸਿਲ ਕਰ ਸੱਕਾਂ। ਮੈਂ ਤੁਹਾਡੇ ਸੱਚੇ ਵਿਸ਼ਵਾਸ ਨੂੰ ਯਾਦ ਕਰਦਾ ਹਾਂ। ਇਹ ਉਹੀ ਵਿਸ਼ਵਾਸ ਹੈ ਜਿਹੜੀ ਤੁਹਾਡੀ ਨਾਨੀ ਲੋਇਸ ਅਤੇ ਤੁਹਾਡੀ ਮਾਤਾ ਯੂਨੀਕਾ ਨੂੰ ਸੀ। ਮੈਨੂੰ ਯਕੀਨ ਹੈ ਕਿ ਤੁਹਾਨੂੰ ਵੀ ਉਹੀ ਵਿਸ਼ਵਾਸ ਹੈ। ਇਸੇ ਲਈ ਮੈਂ ਚਾਹੁੰਨਾ ਕਿ ਤੁਸੀਂ ਉਸ ਦਾਤ ਨੂੰ ਚੇਤੇ ਕਰੋ ਜਿਹੜੀ ਤੁਹਾਨੂੰ ਪਰਮੇਸ਼ੁਰ ਨੇ ਬਖਸ਼ੀ ਸੀ। ਪਰਮੇਸ਼ੁਰ ਨੇ ਇਹ ਦਾਤ ਤੁਹਾਨੂੰ ਉਦੋਂ ਬਖਸ਼ੀ ਸੀ ਜਦੋਂ ਮੈਂ ਤੁਹਾਡੇ ਤੇ ਆਪਣੇ ਹੱਥ ਰੱਖੇ ਸਨ। ਹੁਣ ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸ ਦਾਤ ਦੀ ਵਰਤੋਂ ਕਰੋ ਅਤੇ ਇਸ ਨੂੰ ਉਸੇ ਤਰ੍ਹਾਂ ਪ੍ਰਫ਼ੁੱਲਤ ਹੋਣ ਦਿਉ ਜਿਵੇਂ ਅੱਗ ਦੀ ਚੰਗਿਆੜੀ ਲਾਟ ਬਣ ਜਾਂਦੀ ਹੈ। ਪਰਮੇਸ਼ੁਰ ਨੇ ਸਾਨੂੰ ਅਜਿਹਾ ਆਤਮਾ ਨਹੀਂ ਦਿੱਤਾ ਜਿਹੜਾ ਸਾਨੂੰ ਡਰਪੋਕ ਬਣਾਉਂਦਾ ਹੋਵੇ। ਪਰਮੇਸ਼ੁਰ ਨੇ ਸਾਨੂੰ ਸ਼ਕਤੀ, ਪ੍ਰੇਮ ਅਤੇ ਸ੍ਵੈਂ-ਸੰਜ਼ਮ ਦਾ ਆਤਮਾ ਪ੍ਰਦਾਨ ਕੀਤਾ ਹੈ।
ਇਸ ਲਈ ਲੋਕਾਂ ਨੂੰ ਸਾਡੇ ਪ੍ਰਭੂ ਯਿਸੂ ਬਾਰੇ ਦੱਸੱਦਿਆਂ ਸੰਗੋ ਨਾ। ਅਤੇ ਮੇਰੇ ਲਈ ਵੀ ਸ਼ਰਮਸਾਰ ਨਾ ਹੋਵੋ। ਕਿਉਂਕਿ ਮੈਂ ਪ੍ਰਭੂ ਦੇ ਨਮਿੱਤ ਕੈਦ ਵਿੱਚ ਹਾਂ। ਪਰ ਮੇਰੇ ਨਾਲ ਖੁਸ਼ਖਬਰੀ ਲਈ ਕਸ਼ਟ ਸਹਾਰੋ। ਪਰਮੇਸ਼ੁਰ ਸਾਨੂੰ ਅਜਿਹਾ ਕਰਨ ਲਈ ਬਲ ਬਖਸ਼ਦਾ ਹੈ।
ਪਰਮੇਸ਼ੁਰ ਨੇ ਸਾਨੂੰ ਬਚਾਇਆ ਅਤੇ ਸਾਨੂੰ ਆਪਣੇ ਪਵਿੱਤਰ ਲੋਕ ਬਣਾਇਆ। ਇਹ ਇਸ ਲਈ ਨਹੀਂ ਕਿ ਅਸੀਂ ਕੁਝ ਕੀਤਾ ਹੈ ਬਲਕਿ ਇਹ ਉਸ ਦੇ ਆਪਣੇ ਇਰਾਦੇ ਅਤੇ ਕਿਰਪਾ ਕਾਰਣ ਹੋਇਆ ਹੈ। ਇਹ ਕਿਰਪਾ ਸਾਨੂੰ ਦੁਨੀਆਂ ਦੇ ਮੁੱਢੋਂ ਮਸੀਹ ਯਿਸੂ ਰਾਹੀਂ ਪ੍ਰਦਾਨ ਕੀਤੀ ਗਈ ਹੈ। 10 ਇਹ ਕਿਰਪਾ ਹੁਣ ਤੱਕ ਸਾਨੂੰ ਨਹੀਂ ਦਰਸਾਈ ਗਈ ਸੀ। ਇਹ ਉਦੋਂ ਵਿਖਾਈ ਗਈ ਸੀ ਜਦੋਂ ਸਾਡਾ ਮੁਕਤੀਦਾਤਾ ਮਸੀਹ ਯਿਸੂ ਆਇਆ ਸੀ। ਯਿਸੂ ਦੇ ਕਾਲ ਦਾ ਵਿਨਾਸ਼ ਕੀਤਾ ਅਤੇ ਸਾਨੂੰ ਜੀਵਨ ਦਾ ਰਾਹ ਦਿਖਾਇਆ। ਹਾਂ। ਖੁਸ਼ਖਬਰੀ ਦੇ ਰਾਹੀਂ ਯਿਸੂ ਨੇ ਸਾਨੂੰ ਅਜਿਹੇ ਜੀਵਨ ਨੂੰ ਪ੍ਰਾਪਤ ਕਰਨ ਦਾ ਰਾਹ ਦਿਖਾਇਆ ਜਿਹੜਾ ਤਬਾਹ ਨਹੀਂ ਹੋ ਸੱਕਦਾ।
11 ਮੈਨੂੰ ਇਹ ਖੁਸ਼ਖਬਰੀ ਦੇਣ ਲਈ ਚੁਣਿਆ ਗਿਆ। ਮੈਨੂੰ ਰਸੂਲ ਦੇ ਤੌਰ ਤੇ ਅਤੇ ਖੁਸ਼ਖਬਰੀ ਦਾ ਗੁਰੂ ਚੁਣਿਆ ਗਿਆ ਹੈ। 12 ਹੁਣ ਮੈਂ ਇਹ ਕਸ਼ਟ ਇਸ ਲਈ ਸਹਾਰ ਰਿਹਾ ਹਾਂ ਕਿਉਂਕਿ ਮੈਂ ਇਹ ਖੁਸ਼ਖਬਰੀ ਦੱਸ ਰਿਹਾ ਹਾਂ। ਪਰ ਮੈਂ ਸ਼ਰਮਸਾਰ ਨਹੀਂ ਹਾਂ। ਮੈਂ ਜਾਣਦਾ ਹਾਂ ਕਿ ਮੈਂ ਕਿਸ ਉੱਤੇ ਵਿਸ਼ਵਾਸ ਕੀਤਾ ਹੈ। ਮੈਨੂੰ ਪਤਾ ਹੈ ਕਿ ਉਹ ਉਸਦੀ ਰਾਖੀ ਕਰਨ ਦੇ ਸਮਰਥ ਹੈ ਜੋ ਉਸ ਨੇ ਮੈਨੂੰ ਅੰਤਲੇ ਦਿਹਾੜੇ ਤੱਕ ਸੌਂਪਿਆ ਹੈ।
13 ਉਨ੍ਹਾਂ ਸੱਚੇ ਉਪਦੇਸ਼ਾਂ ਉੱਤੇ ਚੱਲੋਂ ਜਿਹੜੇ ਤੁਸੀਂ ਮੇਰੇ ਕੋਲੋਂ ਸੁਣੇ ਹਨ। ਉਨ੍ਹਾਂ ਉਪਦੇਸ਼ਾਂ ਦਾ ਅਨੁਸਰਣ ਕਰੋ ਜਿਹੜੇ ਸਾਡੇ ਮਸੀਹ ਯਿਸੂ ਵਿੱਚ ਵਿਸ਼ਵਾਸ ਅਤੇ ਪ੍ਰੇਮ ਨਾਲ ਹਨ। 14 ਜਿਹੜਾ ਸੱਚ ਤੁਹਾਨੂੰ ਦਿੱਤਾ ਗਿਆ ਹੈ ਉਸਦੀ ਰੱਖਿਆ ਕਰੋ। ਉਨ੍ਹਾਂ ਚੀਜ਼ਾਂ ਦੀ ਰਾਖੀ ਪਵਿੱਤਰ ਆਤਮਾ ਦੀ ਸਹਾਇਤਾ ਨਾਲ ਕਰੋ। ਉਹ ਪਵਿੱਤਰ ਆਤਮਾ ਸਾਡੇ ਅੰਦਰ ਵੱਸਦਾ ਹੈ।
15 ਤੁਸੀਂ ਜਾਣਦੇ ਹੋ ਕਿ ਅਸਿਯਾ ਦੇ ਦੇਸ਼ ਵਿੱਚ ਹਰ ਵਿਅਕਤੀ ਨੇ ਮੈਨੂੰ ਛੱਡ ਦਿੱਤਾ ਹੈ। ਇੱਥੋਂ ਤੱਕ ਕਿ ਫ਼ੁਗਿਲੁਸ ਅਤੇ ਹਰਮੁਗਨੇਸ ਨੇ ਵੀ ਮੈਨੂੰ ਛੱਡ ਦਿੱਤਾ ਹੈ। 16 ਮੈਂ ਪ੍ਰਾਰਥਨਾ ਕਰਦਾ ਹਾਂ ਕਿ ਪ੍ਰਭੂ ਉਨਸਿਫ਼ੁਰੁਸ ਦੇ ਪਰਿਵਾਰ ਉੱਤੇ ਮਿਹਰ ਦਰਸ਼ਾਵੇਗਾ। ਉਨਸਿਫ਼ੁਰੁਸ ਨੇ ਕਈ ਵਾਰੀ ਮੇਰੀ ਸਹਾਇਤਾ ਕੀਤੀ ਹੈ। ਉਹ ਇਸ ਗੱਲੋਂ ਸ਼ਰਮਸਾਰ ਨਹੀਂ ਕਿ ਮੈਂ ਕੈਦ ਵਿੱਚ ਹਾਂ। 17 ਨਹੀਂ। ਉਹ ਸ਼ਰਮਸਾਰ ਨਹੀਂ ਸੀ ਜਦੋਂ ਉਹ ਰੋਮ ਵਿੱਚ ਆਇਆ ਉਸ ਨੇ ਮੇਰੀ ਹਰ ਥਾਂ ਭਾਲ ਕੀਤੀ ਤੇ ਮੈਨੂੰ ਆਖਿਰਕਾਰ ਲੱਭ ਲਿਆ। 18 ਮੈਂ ਪ੍ਰਾਰਥਨਾ ਕਰਦਾ ਹਾਂ ਕਿ ਪ੍ਰਭੂ ਉਨਿਸਫ਼ੁਰੁਸ ਤੇ ਨਿਆਂ ਦੇ ਦਿਹਾੜੇ ਮਿਹਰ ਦਰਸ਼ਾਵੇਗਾ। ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਉਨਿਸਫ਼ੁਰੁਸ ਨੇ ਅਫ਼ਸੁਸ ਵਿੱਚ ਕਿੰਨੇ ਢੰਗਾਂ ਰਾਹੀਂ ਮੇਰੀ ਤਰ੍ਹਾਂ ਸਹਾਇਤਾ ਕੀਤੀ ਸੀ।