ਝੂਠੇ ਉਪਦੇਸ਼ਕਾਂ ਬਾਰੇ ਚੇਤਾਵਨੀ
4
ਪਵਿੱਤਰ ਆਤਮਾ ਸਾਫ਼ ਤੌਰ ਤੇ ਆਖਦਾ ਹੈ ਕਿ ਆਉਣ ਵਾਲੇ ਸਮਿਆਂ ਵਿੱਚ ਕੁਝ ਲੋਕ ਸੱਚੇ ਵਿਸ਼ਵਾਸ ਨੂੰ ਨਾਮੰਜ਼ੂਰ ਕਰ ਦੇਣਗੇ। ਉਹ ਉਨ੍ਹਾਂ ਆਤਮਿਆਂ ਨੂੰ ਸੁਣਨਗੇ ਜਿਹੜੇ ਝੂਠ ਆਖਦੇ ਹਨ, ਅਤੇ ਉਹ ਭੂਤਾਂ ਦੇ ਉਪਦੇਸ਼ਾਂ ਦਾ ਅਨੁਸਰਣ ਕਰਨਗੇ। ਉਹ ਉਪਦੇਸ਼ ਉਨ੍ਹਾਂ ਲੋਕਾਂ ਵੱਲੋਂ ਆਉਂਦੇ ਹਨ ਜੋ ਝੂਠੇ ਅਤੇ ਕਪਟੀ ਹਨ। ਉਨ੍ਹਾਂ ਲੋਕਾਂ ਨੇ ਸਹੀ ਅਤੇ ਗਲਤ ਵਿੱਚ ਫ਼ਰਕ ਕਰਨ ਦੀ ਆਪਣੀ ਯੋਗਤਾ ਗੁਆ ਲਈ ਹੈ। ਇਹ ਇਸ ਤਰ੍ਹਾਂ ਹੈ ਜਿਵੇਂ ਉਨ੍ਹਾਂ ਦੀ ਅੰਤਰ ਆਤਮਾ ਨੂੰ ਗਰਮ ਲੋਹੇ ਨਾਲ ਸਾੜ ਦਿੱਤਾ ਗਿਆ ਹੋਵੇ। ਉਹ ਲੋਕ ਹੋਰਨਾਂ ਨੂੰ ਆਖਦੇ ਹਨ ਕਿ ਵਿਆਹ ਕਰਾਉਣਾ ਗਲਤ ਹੈ। ਅਤੇ ਉਹ ਉਨ੍ਹਾਂ ਨੂੰ ਕਹਿੰਦੇ ਹਨ ਕਿ ਕੁਝ ਅਜਿਹੀਆਂ ਚੀਜ਼ਾਂ ਹਨ ਜਿਹੜਿਆਂ ਲੋਕਾਂ ਨੂੰ ਨਹੀਂ ਖਾਣੀਆਂ ਚਾਹੀਦੀਆਂ ਪਰ ਜਿਹੜੇ ਲੋਕ ਨਿਹਚਾਵਾਨ ਹਨ ਅਤੇ ਜਿਹੜੇ ਸੱਚ ਨੂੰ ਜਾਣਦੇ ਹਨ ਉਹ ਉਨ੍ਹਾਂ ਭੋਜਨਾਂ ਨੂੰ ਪਰਮੇਸ਼ੁਰ ਦਾ ਧੰਨਵਾਦ ਕਰਕੇ ਖਾ ਸੱਕਦੇ ਹਨ ਕਿਉਂ ਕਿ ਪਰਮੇਸ਼ੁਰ ਹੀ ਹੈ ਜਿਸਨੇ ਉਨ੍ਹਾਂ ਭੋਜਨਾਂ ਨੂੰ ਬਣਾਇਆ। ਹਰ ਉਹ ਚੀਜ਼ ਜਿਹੜੀ ਪਰਮੇਸ਼ੁਰ ਨੇ ਸਾਜੀ ਹੈ ਚੰਗੀ ਹੈ। ਪਰਮੇਸ਼ੁਰ ਦੀ ਸਾਜੀ ਹੋਈ ਕੋਈ ਵੀ ਚੀਜ਼ ਨਾਮੰਜ਼ੂਰ ਨਹੀਂ ਕਰਨੀ ਚਾਹੀਦੀ ਜੇ ਇਸ ਨੂੰ ਪਰਮੇਸ਼ੁਰ ਦੇ ਧੰਨਵਾਦ ਨਾਲ ਲਿਆ ਜਾਵੇ। ਪਰਮੇਸ਼ੁਰ ਦੁਆਰਾ ਸਾਜਿਆ ਹੋਇਆ ਸਭ ਕੁਝ ਪਰਮੇਸ਼ੁਰ ਦੇ ਬਚਨ ਅਤੇ ਪ੍ਰਾਰਥਨਾ ਨਾਲ ਪਵਿੱਤਰ ਬਣ ਜਾਂਦਾ ਹੈ।
ਮਸੀਹ ਯਿਸੂ ਦੇ ਚੰਗੇ ਸੇਵਕ ਬਣੋ
ਇਹ ਗੱਲਾਂ ਓਥੋਂ ਦੇ ਭਰਾਵਾਂ ਅਤੇ ਭੈਣਾਂ ਨੂੰ ਦੱਸੋ। ਇਹ ਸਾਬਤ ਕਰ ਦੇਵੇਗਾ ਕਿ ਤੁਸੀਂ ਮਸੀਹ ਯਿਸੂ ਦੇ ਸੱਚੇ ਸੇਵਕ ਹੋ। ਤੁਸੀਂ ਸਾਬਤ ਕਰ ਦੇਵੋਂਗੇ ਕਿ ਤੁਸੀਂ ਵਿਸ਼ਵਾਸ ਦੇ ਬਚਨਾਂ ਦੁਆਰਾ ਅਤੇ ਉਨ੍ਹਾਂ ਸੱਚੇ ਉਪਦੇਸ਼ਾਂ ਦੁਆਰਾ, ਜਿਨ੍ਹਾਂ ਦਾ ਤੁਸੀਂ ਅਨੁਸਰਣ ਕੀਤਾ ਹੈ ਤਕੜੇ ਬਣ ਗਏ ਹੋ। ਲੋਕ ਮੂਰਖ ਕਹਾਣੀਆਂ ਸੁਣਾਉਂਦੇ ਹਨ ਜਿਨ੍ਹਾਂ ਦਾ ਪਰਮੇਸ਼ੁਰ ਦੇ ਸੱਚ ਨਾਲ ਕੋਈ ਮੇਲ ਨਹੀਂ। ਉਨ੍ਹਾਂ ਕਹਾਣੀਆਂ ਦੇ ਅਨੁਸਾਰ ਨਾ ਚੱਲੋ। ਪਰ ਆਪਣੇ ਆਪ ਨੂੰ ਪਰਮੇਸ਼ੁਰ ਦੇ ਸੱਚੇ ਸੇਵਕ ਹੋਣ ਵਜੋਂ ਤਿਆਰ ਕਰੋ। ਤੁਹਾਡੀ ਸਰੀਰਿਕ ਕਸਰਤ ਕਿਸੇ ਗੱਲੋਂ ਤੁਹਾਡੀ ਸਹਾਇਤਾ ਕਰਦੀ ਹੈ। ਪਰ ਪਰਮੇਸ਼ੁਰ ਦੀ ਸੇਵਾ ਤੁਹਾਡੀ ਹਰ ਤਰੀਕੇ ਨਾਲ ਸਹਾਇਤਾ ਕਰਦੀ ਹੈ। ਪਰਮੇਸ਼ੁਰ ਦੀ ਸੇਵਾ ਤੁਹਾਡੀ ਵਰਤਮਾਨ ਜ਼ਿੰਦਗੀ ਅਤੇ ਭਵਿੱਖ ਦੀ ਜ਼ਿਦਗੀ ਲਈ ਵੀ ਅਸੀਸਾਂ ਦਾ ਵਾਅਦਾ ਕਰਦੀ ਹੈ। ਜੋ ਮੈਂ ਆਖ ਰਿਹਾਂ ਉਹ ਸੱਚ ਹੈ ਅਤੇ ਤੁਹਾਨੂੰ ਇਸ ਨੂੰ ਪੂਰੀ ਤਰ੍ਹਾਂ ਪ੍ਰਵਾਨ ਕਰ ਲੈਣਾ ਚਾਹੀਦਾ ਹੈ। 10 ਇਹੀ ਕਾਰਣ ਹੈ ਕਿ ਅਸੀਂ ਕੰਮ ਕਰਦੇ ਹਾਂ ਅਤੇ ਸੰਘਰਸ਼ ਕਰਦੇ ਹਾਂ; ਅਸੀਂ ਜਿਉਂਦੇ ਜਾਗਦੇ ਪਰਮੇਸ਼ੁਰ ਵਿੱਚ ਆਸ ਰੱਖਦੇ ਹਾਂ। ਉਹ ਸਮੂਹ ਲੋਕਾਂ ਦਾ ਮੁਕਤੀਦਾਤਾ ਹੈ। ਖਾਸ ਤੌਰ ਤੇ ਜਿਹੜੇ ਲੋਕ ਉਸ ਵਿੱਚ ਨਿਹਚਾ ਰੱਖਦੇ ਹਨ।
11 ਹੁਕਮ ਦਿਉ ਅਤੇ ਇਨ੍ਹਾਂ ਗੱਲਾਂ ਦੇ ਉਪਦੇਸ਼ ਦਿਉ। 12 ਤੁਸੀਂ ਨੌਜਵਾਨ ਹੋ ਪਰ ਕਿਸੇ ਨੂੰ ਇਸ ਤਰ੍ਹਾਂ ਦਾ ਵਰਤਾਓ ਨਾ ਕਰਨ ਦਿਉ ਜਿਵੇਂ ਤੁਸੀਂ ਮਹੱਤਵਪੂਰਣ ਨਹੀਂ ਹੋ। ਉਨ੍ਹਾਂ ਲਈ ਆਪਣੇ ਭਾਸ਼ਣ ਵਿੱਚ, ਆਪਣੇ ਜ਼ਿੰਦਗੀ ਦੇ ਢੰਗ ਵਿੱਚ, ਆਪਣੇ ਪ੍ਰੇਮ ਵਿੱਚ, ਆਪਣੀ ਨਿਹਚਾ ਵਿੱਚ ਅਤੇ ਆਪਣੇ ਪਵਿੱਤਰ ਜੀਵਨ ਵਿੱਚ ਇੱਕ ਉਦਾਹਰਣ ਬਣੋ।
13 ਲੋਕਾਂ ਨੂੰ ਪੋਥੀ ਦਾ ਪਾਠ ਸੁਣਾਉਂਦੇ ਰਹੋ, ਉਨ੍ਹਾਂ ਨੂੰ ਮਜਬੂਤ ਬਣਾਉ, ਅਤੇ ਉਪਦੇਸ਼ ਦਿਉ। ਜਦੋਂ ਤੱਕ ਮੈਂ ਆਉਂਦਾ ਨਹੀਂ ਇਹ ਗੱਲਾਂ ਕਰੋ। 14 ਜਿਹੜੀ ਦਾਤ ਤੁਹਾਡੇ ਕੋਲ ਹੈ ਉਸਦੀ ਵਰਤੋਂ ਕਰਨੀ ਚੇਤੇ ਰੱਖੋ। ਇਹ ਦਾਤ ਤੁਹਾਨੂੰ ਅਗੰਮੀ ਵਾਕ ਦੁਆਰਾ ਦਿੱਤੀ ਗਈ ਸੀ, ਜਦੋਂ ਬਜ਼ੁਰਗਾਂ ਨੇ ਤੁਹਾਡੇ ਉੱਤੇ ਆਪਣਾ ਹੱਥ ਰੱਖਿਆ ਸੀ। 15 ਇਹ ਗੱਲਾਂ ਕਰਦੇ ਰਹੋ। ਇਨ੍ਹਾਂ ਗੱਲਾਂ ਨੂੰ ਕਰਨ ਲਈ ਆਪਣਾ ਜੀਵਨ ਅਰਪਨ ਕਰ ਦਿਉ। ਫ਼ੇਰ ਸਾਰੇ ਲੋਕ ਵੇਖ ਸੱਕਣਗੇ ਕਿ ਤੁਹਾਡਾ ਆਤਮਕ ਜੀਵਨ ਪ੍ਰਗਤੀ ਕਰ ਰਿਹਾ ਹੈ। 16 ਆਪਣੇ ਜੀਵਨ ਅਤੇ ਉਪਦੇਸ਼ਾਂ ਵੱਲ ਧਿਆਨ ਦਿਉ। ਉਪਦੇਸ਼ ਦੇਣਾ ਅਤੇ ਸਹੀ ਢੰਗ ਨਾਲ ਰਹਿਣਾ ਜਾਰੀ ਰੱਖੋ। ਫ਼ੇਰ ਤੁਸੀਂ ਆਪਣੇ ਆਪ ਨੂੰ ਅਤੇ ਉਨ੍ਹਾਂ ਲੋਕਾਂ ਨੂੰ ਬਚਾ ਸੱਕਦੇ ਹੋਂ, ਜਿਹੜੇ ਤੁਹਾਡੇ ਉਪਦੇਸ਼ ਸੁਣਦੇ ਹਨ।