ਦਾਊਦ ਨੇ ਮੰਦਰ ਉਸਾਰਣਾ ਚਾਹਿਆ
7
1 ਜਦੋਂ ਦਾਊਦ ਪਾਤਸ਼ਾਹ ਆਪਣੇ ਨਵੇਂ ਘਰ ਵਿੱਚ ਬਿਰਾਜਮਾਨ ਹੋਇਆ ਤਾਂ ਯਹੋਵਾਹ ਨੇ ਉਸ ਦੇ ਦੁਸ਼ਮਣਾਂ ਵੱਲੋਂ ਹਰ ਪਾਸਿਓ ਅਮਨ-ਸ਼ਾਂਤੀ ਨੂੰ ਬਹਾਲ ਕੀਤਾ।
2 ਪਾਤਸ਼ਾਹ ਦਾਊਦ ਨੇ ਨਾਥਾਨ ਨਬੀ ਨੂੰ ਆਖਿਆ, “ਵੇਖ, ਮੈਂ ਜੋ ਦਿਆਰ ਦੀ ਲੱਕੜ ਤੋਂ ਤਿਆਰ ਹੋਏ ਵੱਧੀਆ ਮਹਿਲ ਵਿੱਚ ਰਹਿੰਦਾ ਹਾਂ ਪਰ ਪਰਮੇਸ਼ੁਰ ਦਾ ਪਵਿੱਤਰ ਸੰਦੂਕ ਤੰਬੂ ਵਿੱਚ ਹੀ ਅਜੇ ਪਿਆ ਹੈ। ਸਾਨੂੰ ਉਸ ਪਵਿੱਤਰ ਸੰਦੂਕ ਲਈ ਵੱਧੀਆ ਇਮਾਰਤ ਤਿਆਰ ਕਰਵਾਉਣੀ ਚਾਹੀਦੀ ਹੈ।”
3 ਨਾਥਾਨ ਨੇ ਦਾਊਦ ਪਾਤਸ਼ਾਹ ਨੂੰ ਕਿਹਾ, “ਜੋ ਕੁਝ ਤੇਰੇ ਮਨ ਵਿੱਚ ਹੈ ਤੂੰ ਕਰ ਸੱਕਦਾ ਹੈ ਕਿਉਂ ਕਿ ਯਹੋਵਾਹ ਤੇਰੇ ਨਾਲ ਹੈ।”
4 ਪਰ ਉਸੇ ਰਾਤ ਯਹੋਵਾਹ ਦੇ ਬਚਨ ਨਾਥਾਨ ਨੂੰ ਹੋਏ ਅਤੇ ਯਹੋਵਾਹ ਨੇ ਆਖਿਆ,
5 “ਜਾ, ਅਤੇ ਜਾਕੇ ਮੇਰੇ ਦਾਸ ਦਾਊਦ ਨੂੰ ਆਖ, ‘ਯਹੋਵਾਹ ਇੰਝ ਆਖਦਾ ਹੈ, ਕੀ ਭਲਾ ਤੂੰ ਮੇਰੇ ਰਹਿਣ ਲਈ ਇੱਕ ਭਵਨ ਬਣਾਵੇਂਗਾ?
6 ਜਦੋਂ ਦਾ ਮੈਂ ਇਸਰਾਏਲ ਨੂੰ ਮਿਸਰ ਵਿੱਚੋਂ ਕੱਢ ਲਿਆਇਆ ਹਾਂ ਤੱਦ ਦਾ ਮੈਂ ਕਿਸੇ ਭਵਨ ਵਿੱਚ ਨਹੀਂ ਰਿਹਾ ਸਗੋਂ ਤੰਬੂ ਵਿੱਚ ਰਿਹਾ ਹਾਂ ਜਾਂ ਸਫ਼ਰ ਕਰਦਾ ਰਿਹਾ ਹਾਂ। ਮੈਂ ਤੰਬੂ ਨੂੰ ਹੀ ਆਪਣਾ ਡੇਰਾ ਅਤੇ ਘਰ ਠਹਿਰਾਈਆ ਹੈ।
7 ਮੈਂ ਇਸਰਾਏਲ ਦੇ ਕਿਸੇ ਵੀ ਪਰਿਵਾਰ-ਸਮੂਹ ਦੇ ਮਨੁੱਖ ਨੂੰ ਦਿਆਰ ਦੀ ਲੱਕੜ ਦਾ ਵੱਧੀਆ ਮਹਿਲ ਆਪਣੇ ਲਈ ਬਨਾਉਣ ਨੂੰ ਨਹੀਂ ਆਖਿਆ।’
8 “ਤੂੰ ਇਹ ਮੇਰੇ ਦਾਸ ਦਾਊਦ ਨੂੰ ਜਾਕੇ ਆਖ ਦੇਵੀਂ ਕਿ ‘ਸਰਬਸ਼ਕਤੀਮਾਨ ਯਹੋਵਾਹ ਇੰਝ ਆਖਦਾ ਹੈ ਕਿ ਮੈਂ ਤੈਨੂੰ ਚਰਾਦਾਂ ਵਿੱਚੋਂ, ਜਿੱਥੇ ਤੂੰ ਭੇਡਾਂ ਚਰਾਉਂਦਾ ਹੁੰਦਾ ਸੀ ਕੱਢ ਕੇ ਆਪਣੇ ਲੋਕਾਂ, ਇਸਰਾਏਲੀਆਂ ਦਾ ਪਰਧਾਨ ਬਣਾ ਦਿੱਤਾ।
9 ਅਤੇ ਜਿੱਥੇ ਕਿਤੇ ਨੂੰ ਗਿਆ, ਮੈਂ ਤੇਰੇ ਨਾਲ ਰਿਹਾ, ਅਤੇ ਤੇਰੇ ਸਾਰੇ ਵੈਰੀਆਂ ਨੂੰ ਤੇਰੇ ਅੱਗੇ ਹਾਰ ਦਿੱਤੀ, ਮੈਂ ਤੈਨੂੰ ਇਸ ਜਗਤ ਦਾ ਸਭ ਤੋਂ ਪ੍ਰਸਿੱਧ ਮਨੁੱਖ ਬਣਾਇਆ ਅਤੇ ਧਰਤੀ ਦਾ ਸਭ ਤੋਂ ਨਾਮਵਰ ਮਨੁੱਖ ਤੈਨੂੰ ਬਣਾਵਾਂਗਾ।
10-11 ਅਤੇ ਮੈਂ ਆਪਣੇ ਲੋਕਾਂ, ਇਸਰਾਏਲੀਆਂ ਵਾਸਤੇ ਇੱਕ ਥਾਂ ਠਹਿਰਾ ਦੇਵਾਂਗਾ ਅਤੇ ਉੱਥੇ ਉਨ੍ਹਾਂ ਨੂੰ ਲਗਾਵਾਂਗਾ ਜਿੱਥੇ ਉਹ ਆਪਣੇ ਠੀਕ ਥਾਂ ਉੱਤੇ ਵਸਣ। ਪਹਿਲਾਂ ਮੈਂ ਆਪਣੇ ਲੋਕਾਂ ਇਸਰਾਏਲੀਆਂ ਨੂੰ ਚਲਾਉਣ ਲਈ ਨਿਆਂਕਾਰ ਭੇਜੇ ਪਰ ਦੁਸ਼ਟ ਲੋਕਾਂ ਨੇ ਉਨ੍ਹਾਂ ਨੂੰ ਬੜੇ ਦੁੱਖ ਦਿੱਤੇ। ਹੁਣ ਮੈਂ ਫ਼ਿਰ ਤੋਂ ਇੰਝ ਨਾ ਹੋਣ ਦੇਵਾਂਗਾ। ਹੁਣ ਮੈਂ ਤੈਨੂੰ ਤੇਰੇ ਸਾਰੇ ਦੁਸ਼ਮਣਾਂ ਵੱਲੋਂ ਸੁੱਖ-ਸ਼ਾਂਤੀ ਦਿੱਤੀ ਹੈ। ਮੈਂ ਬਚਨ ਦਿੰਦਾ ਹਾਂ ਕਿ ਮੈਂ ਤੇਰੇ ਘਰਾਣੇ ਨੂੰ ਪਾਤਸ਼ਾਹੀ ਘਰਾਣਾ ਤੇਰੇ ਲਈ ਘਰ ਬਣਾਵਾਂਗਾ।
12 “‘ਜਦੋਂ ਤੂੰ ਮਰੇਂਗਾ ਅਤੇ ਆਪਣੇ ਪੁਰਖਿਆਂ ਦੇ ਨਾਲ ਦਫ਼ਨਾਇਆ ਜਾਵੇਂਗਾ ਤੱਦ ਮੈਂ ਤੇਰੇ ਪੁੱਤਰਾਂ ਵਿੱਚੋਂ ਕਿਸੇ ਇੱਕ ਨੂੰ ਰਾਜਾ ਬਣਾਵਾਂਗਾ ਅਤੇ ਮੈਂ ਉਸਦਾ ਰਾਜ ਸਬਾਪਿਤ ਕਰਾਂਗਾ।
13 ਉਹ ਮੇਰੇ ਨਾਂ ਦਾ ਇੱਕ ਘਰ (ਮੰਦਰ) ਬਣਾਵੇਗਾ ਅਤੇ ਮੈਂ ਉਸ ਦੇ ਰਾਜ ਨੂੰ ਪੱਕਾ ਕਰਾਂਗਾ।
14 ਮੈਂ ਉਸਦਾ ਪਿਤਾ ਹੋਵਾਂਗਾ ਅਤੇ ਉਹ ਮੇਰਾ ਪੁੱਤਰ ਹੋਵੇਗਾ। ਸੋ ਜੇ ਕਦੇ ਉਹ ਪਾਪ ਕਰੇਗਾ ਤਾਂ ਮੈਂ ਦੂਜੇ ਲੋਕਾਂ ਕੋਲੋਂ ਉਸ ਨੂੰ ਸਜ਼ਾ ਦਵਾਵਾਂਗਾ। ਉਹ ਮੇਰੇ ਬੈਂਤ ਹੋਣਗੇ।
15 ਪਰ ਮੈਂ ਉਸ ਨੂੰ ਕਦੇ ਵੀ ਪਿਆਰ ਕਰਨੋ ਨਹੀਂ ਹਟਾਂਗਾ। ਮੈਂ ਹਮੇਸ਼ਾ ਉਸ ਉੱਪਰ ਦਯਾਲੂ ਅਤੇ ਵਫ਼ਾਦਾਰ ਰਹਾਂਗਾ। ਮੈਂ ਉਸ ਵੱਲੋਂ ਆਪਣਾ ਪਿਆਰ ਨਹੀਂ ਲਵਾਂਗਾ ਜਿਵੇਂ ਕਿ ਮੈਂ ਸ਼ਾਊਲ ਤੋਂ ਕੀਤਾ। ਮੈਂ ਸ਼ਾਊਲ ਨੂੰ (ਤਖਤ ਤੋਂ) ਹਟਾ ਦਿੱਤਾ ਜਦੋਂ ਮੈਂ ਤੈਨੂੰ ਚੁਣਿਆ ਸੀ। ਪਰ ਇੰਝ ਮੈਂ ਤੇਰੇ ਪੁੱਤਰ ਨਾਲ ਨਹੀਂ ਕਰਾਂਗਾ।
16 ਤੇਰਾ ਪਰਿਵਾਰ ਹਮੇਸ਼ਾ ਸ਼ਾਹੀ ਖਾਨਦਾਨ ਵਾਂਗ ਸਥਾਪਿਤ ਰਹੇਗਾ। ਤੇਰੇ ਪਰਿਵਾਰ ਦਾ ਰਾਜ ਕਦੇ ਵੀ ਖਤਮ ਹੋਣ ਤੇ ਨਹੀਂ ਆਵੇਗਾ। ਤੇਰਾ ਸਿੰਘਾਸਣ ਸਦੀਵ ਉੱਥੇ ਹੀ ਰਹੇਗਾ।’”
17 ਸੋ ਨਾਥਾਨ ਨੇ ਇਹ ਸਾਰੀਆਂ ਗੱਲਾਂ ਅਤੇ ਇੱਕ ਦਰਸ਼ਨ ਬਾਰੇ, ਜੋ ਉਸ ਨੂੰ ਪਰਮੇਸ਼ੁਰ ਵੱਲੋਂ ਫ਼ਰਮਾਨ ਹੋਇਆ ਸੀ, ਸਭ ਦਾਊਦ ਨੂੰ ਜਾ ਆਖਿਆ।
ਦਾਊਦ ਦਾ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰਨਾ
18 ਤੱਦ ਦਾਊਦ ਪਾਤਸ਼ਾਹ ਅੰਦਰ ਗਿਆ ਅਤੇ ਯਹੋਵਾਹ ਦੇ ਸਾਹਮਣੇ ਜਾਕੇ ਬੈਠ ਗਿਆ। ਦਾਊਦ ਨੇ ਕਿਹਾ,
“ਹੇ ਯਹੋਵਾਹ ਮੇਰੇ ਪ੍ਰਭੂ, ਤੂੰ ਮੇਰੇ ਤੇ ਇੰਨਾ ਮਿਹਰਬਾਨ ਕਿਉਂ ਹੈਂ? ਅਤੇ ਮੇਰਾ ਪਰਿਵਾਰ ਤੇਰੇ ਲਈ ਇੰਨਾ ਅਹਮ ਕਿਉਂ ਹੈ? ਤੂੰ ਮੇਰੇ ਤੇ ਇੰਨੀ ਕਿਰਪਾ ਕਿਉਂ ਕਰਦਾ ਹੈਂ?
19 ਮੈਂ ਤਾਂ ਕੁਝ ਵੀ ਨਹੀਂ ਹਾਂ ਸਿਵਾਏ ਤੇਰੇ ਇੱਕ ਦਾਸ ਤੋਂ। ਪਰ ਤੂੰ ਮੇਰੇ ਤੇ ਇੰਨਾ ਦਯਾਲੂ ਹੈਂ। ਪਰ ਤੂੰ ਤਾਂ ਆਪਣੇ ਦਾਸ ਦੇ ਘਰ ਦੇ ਲਈ ਬਹੁਤ ਦੂਰ ਦੀ ਖਬਰ ਅਗੇਤਰੀ ਹੀ ਦੱਸ ਦਿੱਤੀ ਹੈ। ਯਹੋਵਾਹ ਮੇਰੇ ਪ੍ਰਭੂ, ਕੀ ਇਹ ਮਨੁੱਖ ਦਾ ਅਧਿਕਾਰ ਹੈ! ਤੂੰ ਮਨੁੱਖਾਂ ਨਾਲ ਇਵੇਂ ਤਾਂ ਗੱਲਾਂ ਨਹੀਂ ਕਰਦਾ ਜਿਵੇਂ ਤੂੰ ਮੇਰੇ ਨਾਲ ਕੀਤੀਆਂ ਹਨ।
20 ਅਤੇ ਮੇਰੀ ਕੀ ਮਜਾਲ ਹੈ ਜੋ ਤੈਨੂੰ ਕੁਝ ਆਖਾਂ? ਹੇ ਯਹੋਵਾਹ ਮੇਰੇ ਪ੍ਰਭੂ ਤੂੰ ਤਾਂ ਆਪਣੇ ਸੇਵਕ ਨੂੰ ਜਾਣਦਾ ਹੈਂ ਕਿ ਮੈਂ ਤਾਂ ਖਾਲੀ ਤੇਰਾ ਸੇਵਕ ਹੀ ਹਾਂ।
21 ਆਪਣੇ ਬਚਨ ਦੇ ਲਈ ਅਤੇ ਆਪਣੇ ਮਨ ਮੁਤਾਬਕ ਇਹ ਸਾਰੇ ਵੱਡੇ ਕੰਮ ਆਪਣੇ ਸੇਵਕ ਨੂੰ ਜਤਾਉਣ ਲਈ ਤੁਸੀਂ ਕੀਤੇ।
22 ਹੇ ਯਹੋਵਾਹ, ਮੇਰੇ ਪ੍ਰਭੂ, ਇਸੇ ਕਾਰਣ ਤੂੰ ਇੰਨਾ ਮਹਾਨ ਹੈਂ। ਤੇਰੇ ਜਿਹਾ ਹੋਰ ਕੋਈ ਨਹੀਂ ਅਤੇ ਤੇਰੇ ਤੋਂ ਸਿਵਾ ਹੋਰ ਕੋਈ ਦੇਵਤੇ ਨਹੀਂ। ਅਸੀਂ ਇਹ ਜਾਣਦੇ ਹਾਂ ਕਿਉਂ ਕਿ ਅਸੀਂ ਸਭ ਕੁਝ ਕੰਨੀ ਸੁਣਿਆਂ, ਜੋ ਤੂੰ ਕੀਤਾ ਹੈ।
23 “ਇਸਰਾਏਲ ਵਰਗੇ ਲੋਕੀਂ ਸਾਰੀ ਕਾਇਨਾਤ ਵਿੱਚ ਨਹੀਂ ਹਨ। ਇਹ ਉਹ ਖਾਸ ਲੋਕ ਹਨ ਜਿਨ੍ਹਾਂ ਨੂੰ ਪਰਮੇਸ਼ੁਰ ਖੁਦ ਮਿਸਰ ਤੋਂ ਆਜ਼ਾਦ ਕਰਾਉਣ ਲਈ ਗਿਆ ਸੀ ਇਸਰਾਏਲ ਨੂੰ ਬਚਾਉਣ ਵਿੱਚ, ਯਹੋਵਾਹ ਨੇ ਮਹਾਨ ਅਤੇ ਭਿਆਨਕ ਗੱਲਾਂ ਕਰਕੇ ਆਪਣੇ ਆਪ ਨੂੰ ਇੱਕ ਨਾਂ ਦਿੱਤਾ। ਹੇ ਯਹੋਵਾਹ, ਤੂੰ ਆਪਣੀ ਧਰਤੀ ਅਤੇ ਆਪਣੇ ਲੋਕਾਂ ਖਾਤਰ ਜਿਨ੍ਹਾਂ ਨੂੰ ਤੂੰ ਮਿਸਰ ਤੋਂ ਆਜ਼ਾਦ ਕਰਵਾਇਆ ਸੀ ਅਤੇ ਉਨ੍ਹਾਂ ਦੇ ਦੇਵਤਿਆਂ ਸਾਹਮਣੇ ਭੈ-ਦਾਇੱਕ ਗੱਲਾਂ ਕੀਤੀਆਂ।
24 ਤੂੰ ਇਸਰਾਏਲ ਦੇ ਲੋਕਾਂ ਨੂੰ ਹਮੇਸ਼ਾ ਵਾਸਤੇ ਆਪਣਾ ਬਣਾ ਲਿਆ ਅਤੇ ਤੂੰ ਉਨ੍ਹਾਂ ਦਾ ਪਰਮੇਸ਼ੁਰ ਬਣ ਗਿਆ।
25 “ਹੁਣ, ਹੇ ਯਹੋਵਾਹ ਪਰਮੇਸ਼ੁਰ, ਉਸ ਗੱਲ ਨੂੰ ਜੋ ਤੂੰ ਆਪਣੇ ਦਾਸ ਲਈ ਅਤੇ ਉਸ ਦੇ ਪਰਿਵਾਰ ਲਈ ਬੋਲਿਆ ਹੈ ਸਦੈਵ ਲਈ ਅਟੱਲ ਕਰ ਅਤੇ ਜਿਵੇਂ ਤੂੰ ਬੋਲਿਆ ਹੈ ਤਿਵੇਂ ਹੀ ਕਰ।
26 ਅਤੇ ਇਹ ਆਖ ਕਿ ਤੇਰੇ ਨਾਮ ਦੀ ਹਮੇਸ਼ਾ ਵਡਿਆਈ ਹੋਵੇ ਕਿ ਸਰਬ ਸ਼ਕਤੀਮਾਨ ਯਹੋਵਾਹ ਪਰਮੇਸ਼ੁਰ ਇਸਰਾਏਲ ਉੱਪਰ ਹਕੂਮਤ ਕਰਦਾ ਹੈ ਅਤੇ ਤੇਰੇ ਦਾਸ ਦਾਊਦ ਦਾ ਘਰਾਣਾ ਤੇਰੇ ਸਾਹਮਣੇ ਅਟੱਲ ਰਹੇ।
27 “ਯਹੋਵਾਹ ਸਰਬਸ਼ਕਤੀਮਾਨ, ਇਸਰਾਏਲ ਦੇ ਪਰਮੇਸ਼ੁਰ, ਤੂੰ ਮੈਨੂੰ ਅਨੇਕਾਂ ਗੱਲਾਂ ਪ੍ਰਗਟ ਕੀਤੀਆਂ ਅਤੇ ਆਖਿਆ, ‘ਮੈਂ ਤੇਰੇ ਪਰਿਵਾਰ ਨੂੰ ਮਹਾਨ ਬਣਾਵਾਂਗਾ।’ ਇਸੇ ਕਾਰਣ, ਤੇਰੇ ਸੇਵਕ ਵਿੱਚ ਤੇਰੇ ਅੱਗੇ ਇਹ ਪ੍ਰਾਰਥਨਾ ਕਰਨ ਦਾ ਹੌਂਸਲਾ ਹੋਇਆ।
28 ਹੇ ਯਹੋਵਾਹ ਮੇਰੇ ਪ੍ਰਭੂ, ਤੂੰ ਹੀ ਪਰਮੇਸ਼ੁਰ ਹੈ! ਅਤੇ ਜੋ ਤੂੰ ਆਖੇ ਮੈਂ ਉਸ ਤੇ ਭਰੋਸਾ ਰੱਖਦਾ ਹਾਂ ਅਤੇ ਤੂੰ ਆਖਿਆ ਕਿ ਇਹ ਬਰਕਤ ਤੇਰੇ ਦਾਸ ਤੇ ਹੋਵੇਗੀ।
29 ਹੁਣ, ਕਿਰਪਾ ਕਰਕੇ, ਮੇਰੇ ਪਰਿਵਾਰ ਨੂੰ ਵਰਦਾਨ ਦੇ। ਹੁਣ ਤੂੰ ਆਪਣੇ ਦਾਸ ਦੇ ਘਰ ਨੂੰ ਬਰਕਤ ਦੇਣੀ ਮੰਨ ਲੈ ਤਾਂ ਜੋ ਉਹ ਹਮੇਸ਼ਾ ਤੇਰੇ ਅੱਗੇ ਸਦੀਵ ਅਟੱਲ ਰਹੇ, ਕਿਉਂ ਕਿ ਤੂੰ ਹੀ ਹੇ, ਯਹੋਵਾਹ ਮੇਰੇ ਪ੍ਰਭੂ ਇਹ ਆਖਿਆ ਹੈ। ਅਤੇ ਤੇਰੀ ਹੀ ਕਿਰਪਾ ਅਸੀਸ ਨਾਲ ਤੇਰੇ ਸੇਵਕ ਦਾ ਘਰਾਣਾ ਹਮੇਸ਼ਾ ਲਈ ਮੁਬਾਰਕ ਹੋਵੇ।”