ਸ਼ਾਊਲ ਦੇ ਪਰਿਵਾਰ ਤੇ ਮੁਸੀਬਤਾਂ
4
ਜਦੋਂ ਸ਼ਾਊਲ ਦੇ ਪੁੱਤਰ ਈਸ਼ਬੋਸ਼ਥ ਨੇ ਇਹ ਸੁਣਿਆ ਕਿ ਅਬਨੇਰ ਹਬਰੋਨ ਵਿੱਚ ਮਰ ਗਿਆ ਤਾਂ ਈਸ਼ਬੋਸ਼ਥ ਅਤੇ ਉਸ ਦੇ ਸਾਬੀ ਬਹੁਤ ਘਬਰਾ ਗਏ। ਦੋ ਆਦਮੀ ਸ਼ਾਊਲ ਦੇ ਪੁੱਤਰ ਈਸ਼ਬੋਸ਼ਥ ਨੂੰ ਵੇਖਣ ਲਈ ਆਏ। ਇਹ ਦੋਨੋ ਆਦਮੀ ਸੈਨਾ ਵਿੱਚ ਕਪਤਾਨ ਸਨ ਜਿਨ੍ਹਾਂ ਦੇ ਨਾਉਂ ਬਆਨਾਹ ਅਤੇ ਰੇਕਾਬ ਸੀ। ਇਹ ਦੋਨੋ ਬਿਨਯਾਮੀਨ ਦੇ ਵੰਸ਼ ਵਿੱਚੋਂ ਬੇਰੋਥੀ ਰਿੰਮੋਨ ਦੇ ਪੁੱਤਰ ਸਨ। (ਕਿਉਂ ਕਿ ਬੇਰੋਥੀ ਦਾ ਨਗਰ ਵੀ ਬਿਨਯਾਮੀਨ ਪਰਿਵਾਰ-ਸਮੂਹ ਵਿੱਚ ਹੀ ਗਿਣਿਆ ਜਾਂਦਾ ਸੀ। ਪਰ ਸਾਰੇ ਬੇਰੋਥੀ ਲੋਕ ਗਿੱਤਾਯਮ ਨੂੰ ਭੱਜ ਗਏ ਸਨ। ਅਤੇ ਉਹ ਅੱਜ ਤੀਕ ਉੱਥੋਂ ਦੇ ਪਰਦੇਸੀ ਹੀ ਰਹਿੰਦੇ ਹਨ।)
ਸ਼ਾਊਲ ਦੇ ਪੁੱਤਰ, ਯੋਨਾਥਾਨ ਦਾ ਇੱਕ ਪੁੱਤਰ ਮਫ਼ੀਬੋਸ਼ਥ ਸੀ। ਮਫ਼ੀਬੋਸ਼ਥ ਉਦੋਂ ਪੰਜਾਂ ਵਰ੍ਹਿਆਂ ਦਾ ਸੀ ਜਦੋਂ ਕਿ ਯਿਜ਼ਰਾਏਲ ਤੋਂ ਇਹ ਖਬਰ ਆਈ ਕਿ ਸ਼ਾਊਲ ਅਤੇ ਯੋਨਾਥਾਨ ਮਾਰੇ ਗਏ ਹਨ। ਉਹ ਔਰਤ ਜੋ ਮਫ਼ੀਬੋਸ਼ਥ ਦੀ ਦੇਖਭਾਲ ਕਰਦੀ ਸੀ ਉਹ ਇੰਨੀ ਡਰੀ ਹੋਈ ਸੀ ਕਿ ਕਿਤੇ ਦੁਸ਼ਮਣ ਇੱਥੇ ਨਾ ਚੜ੍ਹ ਆਉਣ ਕਿ ਉਸ ਨੇ ਮਫ਼ੀਬੋਸ਼ਥ ਨੂੰ ਕੁੱਛੜ ਚੁੱਕਿਆ ਤੇ ਉੱਥੋਂ ਨੱਸ ਗਈ। ਜਦੋਂ ਉਹ ਨੱਸ ਰਹੀ ਸੀ ਤਾਂ ਉਹ ਉਸ ਦੇ ਹੱਥੋਂ ਡਿੱਗਿਆ ਤਾਂ ਉਹ ਦੋਨਾਂ ਲੱਤਾਂ ਤੋਂ ਲੰਗੜਾ ਹੋ ਗਿਆ।
ਰਿੰਮੋਨ, ਬੇਰੋਥੀ ਦੇ ਪੁੱਤਰ ਰੇਕਾਬ ਅਤੇ ਬਾਆਨਾਹ ਦੁਪਿਹਰ ਵੇਲੇ ਈਸ਼ਬੋਸ਼ਥ ਦੇ ਘਰ ਵੜੇ। ਕਿਉਂ ਕਿ ਗਰਮੀ ਬਹੁਤ ਸੀ ਇਸ ਲਈ ਈਸ਼ਬੋਸ਼ਥ ਅਰਾਮ ਕਰ ਰਿਹਾ ਸੀ। 6-7 ਰੇਕਾਬ ਅਤੇ ਬਆਨਾਹ ਉਸ ਵਕਤ ਘਰ ਵਿੱਚ ਇੰਝ ਵੜੇ ਜਿਵੇਂ ਕਿ ਕਣਕ ਕੱਢਣ ਆਏ ਹੋਣ। ਉਸ ਵਕਤ ਈਸ਼ਬੋਸ਼ਥ ਅਪਣੇ ਸੌਣ ਵਾਲੇ ਕਮਰੇ ਵਿੱਚ ਲੇਟਿਆ ਹੋਇਆ ਸੀ, ਤਾਂ ਉਨ੍ਹਾਂ ਨੇ ਉਸ ਨੂੰ ਮਾਰ ਕੇ ਵੱਢ ਸੁੱਟਿਆ। ਫ਼ਿਰ ਉਨ੍ਹਾਂ ਨੇ ਉਸਦਾ ਸਿਰ ਵੱਢਿਆ ਅਤੇ ਉਸਦਾ ਸਿਰ ਵੱਢਕੇ ਆਪਣੇ ਨਾਲ ਲੈ ਗਏ। ਅਤੇ ਸਾਰੀ ਰਾਤ ਯਰਦਨ ਘਾਟੀ ਵੱਲੋਂ ਦੀ ਸਫ਼ਰ ਤੈਅ ਕੀਤਾ ਤੇ ਫ਼ਿਰ ਉਹ ਹਬਰੋਨ ਪਹੁੰਚੇ ਅਤੇ ਉੱਥੇ ਆਕੇ ਈਸ਼ਬੋਸ਼ਥ ਦਾ ਸਿਰ ਦਾਊਦ ਦੇ ਅੱਗੇ ਰੱਖਿਆ।
ਰੇਕਾਬ ਅਤੇ ਬਆਨਾਹ ਨੇ ਪਾਤਸ਼ਾਹ ਨੂੰ ਆਖਿਆ, “ਇਹ ਤੁਹਾਡਾ ਵੈਰੀ ਸ਼ਾਊਲ, ਜੋ ਤੁਹਾਡੀ ਜਾਨ ਨੂੰ ਭਾਲਦਾ ਸੀ, ਉਸ ਦੇ ਪੁੱਤਰ ਈਸ਼ਬੋਸ਼ਥ ਦਾ ਸਿਰ ਹੈ। ਅੱਜ ਯਹੋਵਾਹ ਨੇ ਸਾਡੇ ਪਾਤਸ਼ਾਹ ਦਾ ਬਦਲਾ ਸ਼ਾਊਲ, ਅਤੇ ਉਸਦੀ ਅੰਸ਼ ਤੋਂ ਲੈ ਲਿਆ ਹੈ।”
ਪਰ ਦਾਊਦ ਨੇ ਰੇਕਾਬ ਅਤੇ ਉਸ ਦੇ ਭਰਾ ਬਆਨਾਹ ਨੂੰ ਆਖਿਆ, “ਜਿਉਂਦੇ ਜੀਅ ਯਹੋਵਾਹ ਦੀ ਸੌਂਹ, ਜਿਸਨੇ ਮੇਰੀ ਜਾਨ ਨੂੰ ਸਭਨਾਂ ਦੁੱਖਾਂ ਤੋਂ ਛੁਟਕਾਰਾ ਦਿੱਤਾ। 10 ਜਿਸ ਵੇਲੇ ਇੱਕ ਬੰਦੇ ਨੇ ਮੈਨੂੰ ਆਖਿਆ ਕਿ ਵੇਖ, ਸ਼ਾਊਲ ਮਰ ਗਿਆ ਹੈ ਅਤੇ ਉਸ ਨੇ ਇਹ ਸਮਝਿਆ ਕਿ ਉਹ ਮੈਨੂੰ ਚੰਗੀ ਖਬਰ ਦੇ ਰਿਹਾ ਹੈ ਤਾਂ ਮੈਂ ਉਸ ਨੂੰ ਫ਼ੜਿਆ ਅਤੇ ਸਿਕਲਗ ਵਿੱਚ ਹੀ ਉਸ ਨੂੰ ਵੱਢ ਸੁੱਟਿਆ। ਇਹ੍ਹੋ ਇਨਾਮ ਉਸ ਨੂੰ ਮੈਂ ਇਸ ਖਬਰ ਦੇ ਬਦਲੇ ਦਿੱਤਾ। 11 ਇੰਝ ਹੀ ਮੈਂ ਤੁਹਾਨੂੰ ਵੱਢ ਸੁੱਟਾਂਗਾ ਅਤੇ ਇਸ ਧਰਤੀ ਤੋਂ ਨਾਸ ਕਰਾਂਗਾ। ਕਿਉਂ ਕਿ ਤੁਸੀਂ ਇੱਕ ਭਲੇ ਆਦਮੀ ਨੂੰ ਉਸ ਦੇ ਆਪਣੇ ਹੀ ਘਰ ਵਿੱਚ, ਉਹ ਵੀ ਸੁੱਤੇ ਪਏ ਨੂੰ ਜੋ ਕਿ ਆਪਣੇ ਹੀ ਘਰ ਵਿੱਚ ਆਪਣੇ ਹੀ ਬਿਸਤਰ ਤੇ ਸੁੱਤਾ ਪਿਆ ਹੈ, ਉਸ ਨੂੰ ਕਤਲ ਕੀਤਾ ਹੈ।”
12 ਤਾਂ ਦਾਊਦ ਨੇ ਨੌਜੁਆਨ ਸਿਪਾਹੀਆਂ ਨੂੰ ਰੇਕਾਬ ਅਤੇ ਬਆਨਾਹ ਨੂੰ ਵੱਢ ਦੇਣ ਦਾ ਹੁਕਮ ਦਿੱਤਾ। ਤਾਂ ਉਨ੍ਹਾਂ ਨੇ ਰੇਕਾਬ ਅਤੇ ਬਆਨਾਹ ਦੇ ਹੱਥ-ਪੈਰ ਵੱਢਕੇ ਹਬਰੋਨ ਦੇ ਤਲਾਬ ਉੱਤੇ ਲਮਕਾ ਦਿੱਤਾ ਅਤੇ ਈਸ਼ਬੋਸ਼ਥ ਦੇ ਸਿਰ ਨੂੰ ਲੈ ਕੇ ਉਨ੍ਹਾਂ ਨੇ ਹਬਰੋਨ ਦੇ ਵਿੱਚਕਾਰ ਅਬਨੇਰ ਦੀ ਕਬਰ ਵਿੱਚ ਉਸ ਨੂੰ ਦਫ਼ਨਾ ਦਿੱਤਾ।