ਸੀਬਾ ਦਾ ਦਾਊਦ ਨੂੰ ਮਿਲਣਾ
16
1 ਦਾਊਦ ਪਹਾੜ ਦੀ ਚੋਟੀ ਜੈਤੂਨ ਦੇ ਪਹਾੜ ਤੋਂ ਅਗਾਂਹ ਵੱਧਿਆ ਤਾਂ ਮਫ਼ੀਬੋਸ਼ਥ ਦਾ ਨੌਕਰ ਸੀਬਾ ਦਾਊਦ ਨੂੰ ਮਿਲਿਆ। ਉਸ ਕੋਲ ਦੋ ਖੋਤੇ ਕੱਸੇ ਹੋਏ ਸਨ। ਉਨ੍ਹਾਂ ਉੱਪਰ 200 ਰੋਟੀਆਂ, 100 ਗੁੱਛਾ ਦਾਖਾਂ ਦਾ, 100 ਗਰਮੀਆਂ ਦੇ ਮੌਸਮੀ ਫ਼ਲ ਅਤੇ ਇੱਕ ਮਸ਼ਕ ਮੈਅ ਦੀ ਸੀ।
2 ਦਾਊਦ ਪਾਤਸ਼ਾਹ ਨੇ ਸੀਬਾ ਨੂੰ ਆਖਿਆ, “ਇਹ ਸਭ ਵਸਤਾਂ ਕਿਸ ਲਈ ਹਨ?”
ਸੀਬਾ ਨੇ ਕਿਹਾ, “ਇਹ ਖੋਤੇ ਪਾਤਸ਼ਾਹ ਦੇ ਪਰਿਵਾਰ ਦੇ ਚੜ੍ਹਨ ਲਈ ਹਨ ਅਤੇ ਇਹ ਰੋਟੀਆਂ ਅਤੇ ਫ਼ਲ ਉਸ ਦੇ ਅਫ਼ਸਰਾਂ ਦੇ ਖਾਣ ਲਈ ਅਤੇ ਉਜਾੜ ਵਿੱਚ ਜਾਂਦਿਆਂ ਕੋਈ ਵੀ ਮਨੁੱਖ ਰਾਹ ਵਿੱਚ ਕਮਜ਼ੋਰੀ ਮਹਿਸੂਸ ਕਰੇ ਉਸ ਲਈ ਇਹ ਮੈਅ ਦੀ ਮਸ਼ਕ ਹੈ।”
3 ਪਾਤਸ਼ਾਹ ਨੇ ਪੁੱਛਿਆ, “ਮਫ਼ੀਬੋਸ਼ਥ ਕਿੱਥੇ ਹੈ?”
ਸੀਬਾ ਨੇ ਪਾਤਸ਼ਾਹ ਨੂੰ ਕਿਹਾ, “ਮਫ਼ੀਬੋਸ਼ਥ ਤਾਂ ਯਰੂਸ਼ਲਮ ਵਿੱਚ ਠਹਿਰਿਆ ਹੋਇਆ ਹੈ। ਕਿਉਂ ਜੋ ਉਸ ਨੇ ਆਖਿਆ ਹੈ ਕਿ ਇਸਰਾਏਲੀ ਅੱਜ ਹੀ ਮੇਰੇ ਪਿਤਾ ਦਾ ਰਾਜ ਮੈਨੂੰ ਮੋੜ ਦੇਣਗੇ।”
4 ਤੱਦ ਪਾਤਸ਼ਾਹ ਨੇ ਸੀਬਾ ਨੂੰ ਆਖਿਆ, “ਇਸੇ ਲਈ ਮੈਂ ਤੈਨੂੰ ਉਹ ਸਭ ਕੁਝ ਵਾਪਸ ਕਰਦਾ ਹਾਂ ਜੋ ਮਫ਼ੀਬੋਸ਼ਥ ਨਾਲ ਸਬੰਧਿਤ ਹੈ।”
ਸੀਬਾ ਨੇ ਕਿਹਾ, “ਮੈਂ ਤੇਰੇ ਅੱਗੇ ਸਿਰ ਨਿਵਾਉਂਦਾ ਹਾਂ ਅਤੇ ਆਸ ਰੱਖਦਾ ਹਾਂ ਕਿ ਮੈਂ ਆਪਣੇ ਪਾਤਸ਼ਾਹ ਦੀ ਨਿਗਾਹ ਹੇਠਾਂ ਕਿਰਪਾ ਯੋਗ ਹੋਵਾਂ।”
ਸ਼ਿਮਈ ਦਾਊਦ ਨੂੰ ਸਰਾਪਦਾ
5 ਦਾਊਦ ਪਾਤਸ਼ਾਹ ਤੱਦ ਬਹੁਰੀਮ ਵਿੱਚ ਆਇਆ। ਉੱਥੇ ਸ਼ਾਊਲ ਦੇ ਘਰਾਣੇ ਦੀ ਕੁੱਲ ਵਿੱਚੋਂ ਗੇਰਾ ਨਾਂ ਦੇ ਮਨੁੱਖ ਦਾ ਪੁੱਤਰ ਸ਼ਿਮਈ ਨਿਕਲਿਆ। ਉਹ ਦਾਊਦ ਨੂੰ ਮੰਦੇ ਬੋਲ ਬੋਲਦਾ ਬਾਹਰ ਨਿਕਲਿਆ ਅਤੇ ਉਹ ਇੰਝ ਬਾਰ-ਬਾਰ ਆਖਦਾ ਗਿਆ।
6 ਸ਼ਿਮਈ ਨੇ ਦਾਊਦ ਅਤੇ ਉਸ ਦੇ ਟਹਿਲੂਆਂ ਉੱਪਰ ਪਥਰਾਵ ਕਰਨਾ ਸ਼ੁਰੂ ਕਰ ਦਿੱਤਾ। ਪਰ ਉਸ ਵਕਤ ਸੂਰਮੇ ਅਤੇ ਲੋਕ ਦਾਊਦ ਦੇ ਆਲੇ-ਦੁਆਲੇ ਇਕੱਠੇ ਹੋ ਗਏ।
7 ਸ਼ਿਮਈ ਦਾਊਦ ਨੂੰ ਸਰਾਪ ਦਿੰਦਾ ਹੋਇਆ ਆਖਣ ਲੱਗਾ, “ਨਿਕਲ ਆ, ਨਿਕਲ ਆ, ਤੂੰ ਖੂਨੀ ਮਨੁੱਖ! ਹੇ ਸ਼ਤਾਨ ਦੀ ਔਲਾਦ।
8 ਯਹੋਵਾਹ ਤੈਨੂੰ ਸਜ਼ਾ ਦੇ ਰਿਹਾ ਹੈ। ਕਿਉਂ ਕਿ ਤੂੰ ਸ਼ਾਊਲ ਦੇ ਘਰਾਣੇ ਦਾ ਖੂਨ ਕੀਤਾ, ਤੂੰ ਸ਼ਾਊਲ ਦੀ ਥਾਂ ਚੁਰਾਕੇ ਖੁਦ ਪਾਤਸ਼ਾਹ ਬਣ ਬੈਠਾ, ਪਰ ਉਹੀ ਸਭ ਬੁਰਿਆਈਆਂ ਹੁਣ ਤੇਰੇ ਨਾਲ ਵਾਪਰ ਰਹੀਆਂ ਹਨ। ਹੁਣ ਯਹੋਵਾਹ ਨੇ ਤੇਰਾ ਰਾਜ ਤੇਰੇ ਪੁੱਤਰ ਅਬਸ਼ਾਲੋਮ ਦੇ ਹੱਥ ਦੇ ਦਿੱਤਾ ਕਿਉਂ ਕਿ ਤੂੰ ਖੂਨੀ ਮਨੁੱਖ ਹੈਂ।”
9 ਤੱਦ ਸਰੂਯਾਹ ਦੇ ਪੁੱਤਰ ਅਬੀਸ਼ਈ ਨੇ ਪਾਤਸ਼ਾਹ ਨੂੰ ਆਖਿਆ, “ਇਹ ਮੋਇਆ ਹੋਇਆ ਕੁਤਾ ਭਲਾ ਕਾਹਨੂੰ ਮੇਰੇ ਮਹਾਰਾਜ ਪਾਤਸ਼ਾਹ ਨੂੰ ਸਰਾਪ ਦੇਵੇ? ਜੇਕਰ ਮੈਨੂੰ ਆਗਿਆ ਦੇਵੋਂ ਤਾਂ ਜਾਕੇ ਉਸਦਾ ਸਿਰ ਉਡਾ ਦੇਵਾਂ।”
10 ਪਰ ਪਾਤਸ਼ਾਹ ਨੇ ਜਵਾਬ ਦਿੱਤਾ, “ਸਰੂਯਾਹ ਦੇ ਪੁੱਤਰੋ ਮੈਂ ਕੀ ਕਰ ਸੱਕਦਾ ਹਾਂ? ਅਵੱਸ਼ ਹੀ, ਸ਼ਿਮਈ ਮੈਨੂੰ ਸਰਾਪ ਰਿਹਾ ਹੈ। ਪਰ ਯਹੋਵਾਹ ਨੇ ਉਸ ਨੂੰ ਮੈਨੂੰ ਸਰਾਪਣ ਲਈ ਕਿਹਾ ਹੈ।”
11 ਦਾਊਦ ਨੇ ਵੀ ਅਬੀਸ਼ਈ ਅਤੇ ਆਪਣੇ ਸਾਰੇ ਸੇਵਕਾਂ ਨੂੰ ਆਖਿਆ, “ਵੇਖੋ! ਮੇਰਾ ਆਪਣਾ ਪੁੱਤਰ (ਅਬਸ਼ਾਲੋਮ) ਮੈਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਤਾਂ ਫ਼ਿਰ ਬਿਨਯਾਮੀਨ ਦੇ ਪਰਿਵਾਰ-ਸਮੂਹ ਚੋ ਇਸ ਮਨੁੱਖ (ਸ਼ਿਮਈ) ਨੂੰ ਤਾਂ ਮੈਨੂੰ ਸਰਾਪ ਦੇਣ ਦਾ ਵੱਧੇਰੇ ਅਧਿਕਾਰ ਹੈ। ਉਸ ਨੂੰ ਜਾਣ ਦਿਓ ਅਤੇ ਸਰਾਪ ਦੇਣ ਦੇਵੋ ਕਿਉਂ ਕਿ ਯਹੋਵਾਹ ਨੇ ਉਸ ਨੂੰ ਅਜਿਹਾ ਹੁਕਮ ਦਿੱਤਾ ਹੈ।”
12 ਹੋ ਸੱਕਦਾ ਜੋ ਮੰਦੀਆਂ ਗੱਲਾਂ ਮੇਰੇ ਨਾਲ ਵਾਪਰ ਰਹੀਆਂ ਯਹੋਵਾਹ ਉਨ੍ਹਾਂ ਨੂੰ ਵੇਖੇ। ਫ਼ੇਰ ਹੋ ਸੱਕਦਾ ਕਿ ਯਹੋਵਾਹ ਮੈਨੂੰ ਸ਼ਿਮਈ ਦੁਆਰਾ ਅੱਜ ਆਖੀ ਹਰ ਮੰਦੀ ਗੱਲ ਲਈ ਕੁਝ ਚੰਗਾ ਦੇਵੇ।
13 ਤਾਂ ਦਾਊਦ ਅਤੇ ਉਸ ਦੇ ਆਦਮੀ ਆਪਣੇ ਰਾਹ ਤੁਰੇ ਜਾਂਦੇ ਸਨ ਪਰ ਸ਼ਿਮਈ ਦਾਊਦ ਦਾ ਪਿੱਛਾ ਕਰਦਾ ਰਿਹਾ। ਸ਼ਿਮਈ ਪਹਾੜੀ ਦੀ ਦੂਜੀ ਤਰਫ਼ ਸੜਕ ਦੇਰ ਦੂਜੇ ਕਿਨਾਰੇ ਤੁਰਦਾ ਰਿਹਾ ਅਤੇ ਰਾਹ ਵਿੱਚ ਦਾਊਦ ਨੂੰ ਮੰਦੇ ਬੋਲ ਬੋਲਦਾ ਰਿਹਾ ਅਤੇ ਉਸ ਉੱਪਰ ਧੂੜ-ਮਿੱਟੀ ਪਾਉਂਦਾ ਅਤੇ ਵੱਟੇ ਮਾਰਦਾ ਰਿਹਾ।
14 ਦਾਊਦ ਪਾਤਸ਼ਾਹ ਅਤੇ ਉਸ ਦੇ ਸਾਰੇ ਆਦਮੀ ਯਰਦਨ ਦਰਿਆ ਤੇ ਪੁੱਜੇ ਤੇ ਉਸ ਵਕਤ ਉਹ ਬੜੇ ਥੱਕੇ ਹੋਏ ਸਨ। ਇਸ ਲਈ ਉੱਥੇ ਰੁਕ ਕੇ ਉਨ੍ਹਾਂ ਨੇ ਬੋੜੀ ਦੇਰ ਅਰਾਮ ਕਰਕੇ ਥੋੜਾ ਸਾਹ ਲਿਆ।
15 ਅਬਸ਼ਾਲੋਮ ਅਹੀਥੋਫ਼ਲ ਅਤੇ ਹੋਰ ਸਾਰੇ ਇਸਰਾਏਲ ਦੇ ਮਨੁੱਖ ਯਰੂਸ਼ਲਮ ਵਿੱਚ ਆਏ।
16 ਦਾਊਦ ਦਾ ਮਿੱਤਰ ਹੂਸ਼ਈ ਅਰਕੀ ਅਬਸ਼ਾਲੋਮ ਕੋਲ ਆਇਆ ਅਤੇ ਆਖਣ ਲੱਗਾ, “ਪਾਤਸ਼ਾਹ ਜਿਉਂਦਾ ਰਹੇ! ਪਾਤਸ਼ਾਹ ਜਿਉਂਦਾ ਰਹੇ!”
17 ਅਬਸ਼ਾਲੋਮ ਨੇ ਆਖਿਆ, “ਭਲਾ ਤੂੰ ਆਪਣੇ ਮਿੱਤਰ ਦਾਊਦ ਉੱਤੇ ਕਿਰਪਾਲੂ ਕਿਉਂ ਨਹੀਂ? ਭਲਾ ਤੂੰ ਆਪਣੇ ਸਾਰੇ ਮਿੱਤਰਾਂ ਨਾਲ ਯਰੂਸ਼ਲਮ ਛੱਡ ਕੇ ਕਿਉਂ ਨਹੀਂ ਗਿਆ?”
18 ਹੂਸ਼ਈ ਨੇ ਕਿਹਾ, “ਮੈਂ ਉਸ ਮਨੁੱਖ ਵੱਲ ਹਾਂ ਜਿਸ ਨੂੰ ਯਹੋਵਾਹ ਚੁਣਦਾ ਹੈ। ਇਨ੍ਹਾਂ ਲੋਕਾਂ ਅਤੇ ਇਸਰਾਏਲ ਦੇ ਲੋਕਾਂ ਨੇ ਤੈਨੂੰ ਚੁਣਿਆ, ਇਸ ਲਈ ਮੈਂ ਤੇਰੇ ਨਾਲ ਹੀ ਰਹਾਂਗਾ।
19 ਇਸ ਤੋਂ ਪਹਿਲਾਂ ਮੈਂ ਤੇਰੇ ਪਿਤਾ ਦੀ ਸੇਵਾ ਕੀਤੀ ਇਸ ਲਈ ਮੈਂ ਹੁਣ ਦਾਊਦ ਦੇ ਪੁੱਤਰ ਦੀ ਟਹਿਲ ਕਰਾਂਗਾ, ਤੇਰੀ ਸੇਵਾ ਕਰਾਂਗਾ।”
ਅਬਸ਼ਾਲੋਮ ਨੇ ਅਹੀਥੋਫ਼ਲ ਤੋਂ ਸਲਾਹ ਮਂਗੀ
20 ਅਬਸ਼ਾਲੋਮ ਨੇ ਅਹੀਥੋਫ਼ਲ ਨੂੰ ਕਿਹਾ, “ਕਿਰਪਾ ਕਰਕੇ ਸਾਨੂੰ ਦੱਸੋ ਕਿ ਹੁਣ ਸਾਨੂੰ ਕੀ ਕਰਨਾ ਚਾਹੀਦਾ ਹੈ?”
21 ਅਹੀਥੋਫ਼ਲ ਨੇ ਅਬਸ਼ਾਲੋਮ ਨੂੰ ਅਖਿਆ, “ਤੇਰੇ ਪਿਤਾ ਆਪਣੀਆਂ ਕੁਝ ਪਤਨੀਆਂ ਨੂੰ ਇੱਥੇ ਪਿੱਛੇ ਘਰ ਦੀ ਦੇਖ ਭਾਲ ਲਈ ਛੱਡ ਗਏ ਹਨ ਸੋ ਤੂੰ ਜਾ ਅਤੇ ਉਨ੍ਹਾਂ ਨਾਲ ਜਾਕੇ ਜਿਨਸੀ ਸੰਬੰਧ ਕਰ। ਤੱਦ ਸਾਰੇ ਇਸਰਾਏਲੀ ਜਦੋਂ ਇਹ ਸੁਨਣਗੇ ਕਿ ਤਹਾਡੇ ਪਿਤਾ ਦੀ ਤੁਹਾਡੇ ਨਾਲ ਬੜੀ ਨਫ਼ਰਤ ਹੈ ਤਾਂ ਜੋ ਤੁਹਾਡੇ ਨਾਲ ਹਨ ਉਨ੍ਹਾਂ ਸਭਨਾਂ ਦੇ ਹੱਥ ਤਕੜੇ ਹੋਣਗੇ।”
22 ਤੱਦ ਉਨ੍ਹਾਂ ਨੇ ਘਰ ਦੀ ਛੱਤ ਉੱਪਰ ਅਬਸ਼ਾਲੋਮ ਲਈ ਤੰਬੂ ਲਗਾਇਆ ਅਤੇ ਅਬਸ਼ਾਲੋਮ ਨੇ ਸਾਰੇ ਇਸਰਾਏਲ ਦੇ ਵੇਖਦਿਆਂ ਆਪਣੇ ਪਿਤਾ ਦੀਆਂ ਪਤਨੀਆਂ ਦੇ ਨਾਲ ਸੰਭੋਗ ਕੀਤਾ।
23 ਉਸ ਵਕਤ ਅਹੀਥੋਫ਼ਲ ਦੀ ਸਲਾਹ ਜੋ ਉਨ੍ਹਾਂ ਦਿਨਾਂ ਵਿੱਚ ਉਹ ਦਿੰਦਾ ਸੀ ਅਜਿਹੀ ਹੁੰਦੀ ਸੀ ਜੋ ਇਉਂ ਜਾਣੀ ਜਾਂਦੀ ਸੀ ਕਿ ਉਸ ਨੇ ਉਹ ਪਰਮੇਸ਼ੁਰ ਦੀ ਬਾਣੀ ਦੇ ਰਾਹੀਂ ਇਹ ਪਾਈ ਹੈ। ਇਸ ਲਈ ਦਾਊਦ ਅਤੇ ਅਬਸ਼ਾਲੋਮ ਦੋਨਾਂ ਲਈ ਉਸਦੀ ਬਾਣੀ ਬੜੀ ਮਹੱਤਵਯੋਗ ਸੀ।