ਅਮਨੋਨ ਅਤੇ ਤਾਮਾਰ
13
1 ਅਬਸ਼ਾਲੋਮ ਦਾਊਦ ਦੇ ਪੁੱਤਰਾਂ ਵਿੱਚੋਂ ਇੱਕ ਸੀ। ਉਸ ਦੀ ਭੈਣ ਦਾ ਨਾਂ ਤਾਮਾਰ ਸੀ। ਤਾਮਾਰ ਬੜੀ ਹੀ ਸੋਹਣੀ ਸੀ। ਉਸ ਦੇ ਹੋਰਾਂ ਪੁੱਤਰਾਂ ਵਿੱਚੋਂ, ਅਮਨੋਨ ਨੇ ਤਾਮਾਰ ਦੀ ਲਾਲਸਾ ਕੀਤੀ।
2 ਅਮਨੋਨ ਆਪਣੀ ਭੈਣ ਤਾਮਾਰ ਨੂੰ ਪਿਆਰ ਕਰਦਾ ਸੀ ਅਤੇ ਉਸਦੀ ਲਾਲਸਾ ਕਰਕੇ ਬਹੁਤ ਨਿਰਾਸ਼ ਹੋ ਗਿਆ। ਉਹ ਵਿਆਹੀ ਹੋਈ ਨਹੀਂ ਸੀ ਜਾਂ ਉਸ ਨੇ ਕਿਸੇ ਆਦਮੀ ਨਾਲ ਜਿਨਸੀ ਸੰਬੰਧ ਨਹੀਂ ਬਣਾਏ ਸਨ। ਉਹ ਤਾਮਾਰ ਬਾਰੇ ਇੰਨਾ ਜ਼ਿਆਦਾ ਸੋਚਦਾ ਸੀ, ਕਿ ਉਸ ਨੇ ਬਿਮਾਰ ਹੋਣ ਦਾ ਢੋਂਗ ਕਰਨ ਦੀ ਵਿਉਂਤ ਬਣਾਈ।
3 ਦਾਊਦ ਦੇ ਭਰਾ ਸਿਮਆਹ ਦਾ ਪੁੱਤਰ ਯੋਨਾਦਾਬ ਅਮਨੋਨ ਦਾ ਮਿੱਤਰ ਸੀ। ਯੋਨਾਦਾਬ ਬੜਾ ਚਤੁਰ ਮਨੁੱਖ ਸੀ।
4 ਯੋਨਾਦਾਬ ਨੇ ਅਮਨੋਨ ਨੂੰ ਕਿਹਾ, “ਤੂੰ ਪਾਤਸ਼ਾਹ ਦਾ ਪੁੱਤਰ ਹੈਂ, ਪਰ ਕੀ ਗੱਲ ਹੈ ਕਿ ਤੂੰ ਦਿਨ ਬਰ ਦਿਨ ਕਮਜ਼ੋਰ ਹੁੰਦਾ ਜਾ ਰਿਹਾ ਹੈਂ? ਤੁਹਾਡੇ ਘਰ ਖਾਣ-ਪੀਣ ਦੀ ਕੋਈ ਘਾਟ ਨਹੀਂ ਫ਼ਿਰ ਤੂੰ ਕਿਉਂ ਕਮਜ਼ੋਰ ਹੁੰਦਾ ਜਾ ਰਿਹਾ ਹੈਂ? ਮੈਨੂੰ ਇਸਦੀ ਵਜਾਹ ਦੱਸ।”
ਅਮਨੋਨ ਨੇ ਯੋਨਾਦਾਬ ਨੂੰ ਆਖਿਆ, “ਮੈਂ ਤਾਮਾਰ ਨੂੰ ਪਿਆਰ ਕਰਦਾ ਹਾਂ ਪਰ ਉਹ ਮੇਰੇ ਸੋਤੇਲੇ ਭਰਾ ਅਬਸ਼ਾਲੋਮ ਦੀ ਸੱਕੀ ਭੈਣ ਹੈ।”
5 ਯੋਨਾਦਾਬ ਨੇ ਅਮਨੋਨ ਨੂੰ ਕਿਹਾ, “ਤੂੰ ਮੰਜੇ ਤੇ ਜਾਕੇ ਲੰਮਾ ਪੈ ਕੇ ਇੰਝ ਵਿਖਾਵਾ ਕਰ ਕਿ ਜਿਵੇਂ ਤੂੰ ਬੜਾ ਬਿਮਾਰ ਹੈਂ। ਫ਼ਿਰ ਤੇਰਾ ਪਿਤਾ ਤੇਰੀ ਖਬਰ ਲੈਣ ਆਵੇਗਾ ਤਾਂ ਤੂੰ ਉਸ ਨੂੰ ਕਹਿ ਦੇਵੀਂ, ‘ਕਿਰਪਾ ਕਰਕੇ ਮੇਰੀ ਭੈਣ ਤਾਮਾਰ ਨੂੰ ਪਰਵਾਨਗੀ ਦੇਵੋ ਕਿ ਉਹ ਆਵੇ ਅਤੇ ਆਕੇ ਮੈਨੂੰ ਰੋਟੀ ਖੁਆਵੇ ਅਤੇ ਉਹ ਮੇਰੇ ਸਾਹਮਣੇ ਭੋਜਨ ਤਿਆਰ ਕਰੇ, ਜੋ ਮੈਂ ਵੇਖਾਂ ਅਤੇ ਉਸ ਦੇ ਹੀ ਹੱਥੋਂ ਖਾਵਾਂ।’”
6 ਤੱਦ ਅਮਨੋਨ ਮੰਜੇ ਤੇ ਲੰਮਾ ਪੈਕੇ ਬਿਮਾਰ ਹੋਣ ਦਾ ਢੋਂਗ ਕਰਨ ਲੱਗਾ। ਦਾਊਦ ਪਾਤਸ਼ਾਹ ਅਮਨੋਨ ਦੀ ਖਬਰ ਲੈਣ ਲਈ ਉਸ ਕੋਲ ਆਇਆ ਤਾਂ ਅਮਨੋਨ ਨੇ ਦਾਊਦ ਪਾਤਸ਼ਾਹ ਨੂੰ ਕਿਹਾ, “ਕਿਰਪਾ ਕਰਕੇ ਮੇਰੀ ਭੈਣ ਤਾਮਾਰ ਨੂੰ ਅੰਦਰ ਆਉਣ ਦੇਵੋ ਅਤੇ ਉਸ ਨੂੰ ਮੇਰੇ ਸਾਹਮਣੇ ਮੇਰੇ ਲਈ ਦੋ ਰੋਟੀਆਂ ਬਨਾਉਣ ਦੇਵੋ। ਤੱਦ ਮੈਂ ਉਸ ਨੂੰ ਬਣਾਉਂਦਿਆਂ ਵੇਖਾਂਗਾ, ਖਾਵਾਂਗਾ ਅਤੇ ਰਾਜ਼ੀ ਹੋ ਜਾਵਾਂਗਾ।”
7 ਦਾਊਦ ਨੇ ਤਾਮਾਰ ਦੇ ਘਰ ਸੰਦੇਸ਼ਵਾਹਕ ਭੇਜੇ ਅਤੇ ਉਨ੍ਹਾਂ ਤਾਮਾਰ ਨੂੰ ਕਿਹਾ, “ਜਾਓ ਆਪਣੇ ਭਰਾ ਅਮਨੋਨ ਦੇ ਘਰ ਜਾਕੇ ਉਸ ਲਈ ਭੋਜਨ ਤਿਆਰ ਕਰੋ।”
ਤਾਮਾਰ ਦਾ ਅਮਨੋਨ ਲਈ ਭੋਜਨ ਤਿਆਰ ਕਰਨਾ
8 ਤਾਂ ਤਾਮਾਰ ਆਪਣੇ ਭਰਾ ਅਮਨੋਨ ਦੇ ਘਰ ਗਈ। ਅਮਨੋਨ ਬਿਸਤਰ ਤੇ ਪਿਆ ਸੀ। ਤਾਮਾਰ ਨੇ ਕੁਝ ਆਟਾ ਲਿੱਤਾ, ਉਸ ਦੇ ਪੇੜੇ ਬਣਾਏ ਅਤੇ ਫ਼ਿਰ ਉਸਦੀ ਰੋਟੀ ਬਣਾਈ, ਇਹ ਸਭ ਕੁਝ ਉਸ ਨੇ ਅਮਨੋਨ ਦੇ ਸਾਹਮਣੇ ਕੀਤਾ।
9 ਫ਼ਿਰ ਉਸ ਨੇ ਤਵੇ ਤੋਂ ਰੋਟੀ ਲਾਹ ਕੇ ਉਸ ਨੂੰ ਪਲੇਟ ਵਿੱਚ ਪਾਕੇ ਅਮਨੋਨ ਅੱਗੇ ਲਿਆਈ ਪਰ ਅਮਨੋਨ ਨੇ ਖਾਣ ਤੋਂ ਇਨਕਾਰ ਕੀਤਾ। ਅਮਨੋਨ ਨੇ ਆਪਣੇ ਨੌਕਰਾਂ ਨੂੰ ਬਾਹਰ ਜਾਣ ਦਾ ਹੁਕਮ ਦਿੱਤਾ ਅਤੇ ਕਿਹਾ, “ਇੱਥੋਂ ਬਾਹਰ ਚੱਲੇ ਜਾਵੋ ਅਤੇ ਮੈਨੂੰ ਇੱਕਲਿਆਂ ਰਹਿਣ ਦੇਵੋ।” ਤਾਂ ਉਸ ਦੇ ਸਾਰੇ ਸੇਵਕ ਕਮਰੇ ਵਿੱਚੋਂ ਬਾਹਰ ਹੋ ਗਏ।
ਅਮਨੋਨ ਦੁਆਰਾ ਤਾਮਾਰ ਦਾ ਬਲਾਤਕਾਰ
10 ਤੱਦ ਅਮਨੋਨ ਨੇ ਤਾਮਾਰ ਨੂੰ ਕਿਹਾ, “ਤੂੰ ਭੋਜਨ ਮੇਰੇ ਸੌਣ ਵਾਲੇ ਕਮਰੇ ਵਿੱਚ ਲਿਆ ਕੇ ਮੈਨੂੰ ਉੱਥੇ ਆਕੇ ਖੁਆ।”
ਤਾਂ ਤਾਮਾਰ ਨੇ ਜਿਹੜਾ ਭੋਜਨ ਭਰਾ ਲਈ ਤਿਆਰ ਕੀਤਾ ਸੀ, ਉਹ ਆਪਣੇ ਭਰਾ ਦੇ ਸੌਣ ਕਮਰੇ ਵਿੱਚ ਲੈ ਗਈ।
11 ਉਸ ਨੇ ਆਪਣੇ ਹੱਥੀਂ ਅਮਨੋਨ ਨੂੰ ਖੁਆਣਾ ਸ਼ੁਰੂ ਕੀਤਾ ਪਰ ਉਸ ਨੇ ਉਸਦਾ ਹੱਥ ਪਕੜ ਲਿਆ ਅਤੇ ਉਸ ਨੂੰ ਆਖਿਆ, “ਭੈਣ! ਇੱਥੇ ਆਕੇ ਤੂੰ ਮੇਰੇ ਨਾਲ ਸੌਂ।”
12 ਤਾਮਾਰ ਨੇ ਅਮਨੋਨ ਨੂੰ ਕਿਹਾ, “ਨਹੀਂ ਮੇਰੇ ਭਰਾ! ਮੈਨੂੰ ਅਜਿਹਾ ਕਰਨ ਲਈ ਮਜ਼ਬੂਰ ਨਾ ਕਰ। ਨਹੀਂ ਮੇਰੇ ਭਾਈ, ਤੂੰ ਮੇਰੇ ਨਾਲ ਜ਼ਬਰਦਸਤੀ ਇਹ ਗੁਨਾਹ ਨਾ ਕਰ। ਅਜਿਹਾ ਸ਼ਰਮਨਾਕ ਕੰਮ ਇਸਰਾਏਲ ਵਿੱਚ ਕਦੇ ਨਹੀਂ ਹੋਇਆ।
13 ਇਉਂ ਮੈਂ ਆਪਣਾ ਅਜਿਹਾ ਕਲੰਕ ਕਿੱਥੋ ਲਾਹਵਾਂਗੀ ਅਤੇ ਤੂੰ ਇਸਰਾਏਲ ਦੇ ਪਾਪੀਆਂ ਵਿੱਚੋਂ ਇੱਕ ਹੋਵੇਂਗਾ। ਕਿਰਪਾ ਕਰਕੇ ਤੂੰ ਪਾਤਸ਼ਾਹ ਨੂੰ ਆਖ ਕਿ ਉਹ ਤੇਰੇ ਨਾਲ ਮੇਰਾ ਵਿਆਹ ਕਰ ਦੇਵੇ।”
14 ਪਰ ਅਮਨੋਨ ਨੇ ਤਾਮਾਰ ਦੀ ਇੱਕ ਨਾ ਸੁਣੀ। ਉਹ ਤਾਮਾਰ ਤੋਂ ਵੱਧ ਤਾਕਤਵਰ ਸੀ ਉਸ ਨੇ ਤਾਮਾਰ ਨੂੰ ਸੰਭੋਗ ਕਰਨ ਲਈ ਮਜ਼ਬੂਰ ਕੀਤਾ।
15 ਉਸ ਉਪਰੰਤ ਉਸ ਨੇ ਤਾਮਾਰ ਨਾਲ ਨਫ਼ਰਤ ਕਰਨੀ ਸ਼ੁਰੂ ਕਰ ਦਿੱਤੀ। ਜਿੰਨਾ ਪਹਿਲਾਂ ਉਹ ਉਸ ਦੇ ਪਿਆਰ ਵਿੱਚ ਮਰਦਾ ਸੀ, ਉਸਤੋਂ ਕਿਤੇ ਵੱਧ ਉਸ ਨੇ ਤਾਮਾਰ ਨੂੰ ਨਫ਼ਰਤ ਕਰਨੀ ਸ਼ੁਰੂ ਕਰ ਦਿੱਤੀ। ਅਮਨੋਨ ਨੇ ਤਾਮਾਰ ਨੂੰ ਕਿਹਾ, “ਇੱਥੋਂ ਉੱਠ ਅਤੇ ਇੱਥੋਂ ਚਲੀ ਜਾ।”
16 ਤਾਮਾਰ ਨੇ ਅਮਨੋਨ ਨੂੰ ਕਿਹਾ, “ਨਹੀਂ! ਹੁਣ ਮੈਨੂੰ ਇੰਝ ਨਾ ਠੁਕਰਾ। ਇੰਝ ਤਾਂ ਜੋ ਕੁਝ ਤੂੰ ਮੇਰੇ ਨਾਲ ਪਹਿਲਾਂ ਕੀਤਾ ਹੈ ਇਹ ਉਸਤੋਂ ਵੀ ਵੱਧ ਬੁਰਾ ਹੋਵੇਗਾ।”
ਪਰ ਅਮਨੋਨ ਨੇ ਉਸਦੀ ਇੱਕ ਨਾ ਸੁਣੀ।
17 ਅਮਨੋਨ ਨੇ ਆਪਣੇ ਸੇਵਕ ਨੂੰ ਬੁਲਾਇਆ ਅਤੇ ਕਿਹਾ, “ਇਸ ਕੁੜੀ ਨੂੰ ਹੁਣੇ ਇਸ ਕਮਰੇ ਵਿੱਚੋਂ ਬਾਹਰ ਕੱਢ ਅਤੇ ਇਸ ਨੂੰ ਬਾਹਰ ਕੱਢ ਕੇ ਦਰਵਾਜ਼ੇ ਨੂੰ ਤਾਲਾ ਮਾਰਦੇ।”
18 ਸੋ ਅਮਨੋਨ ਦੇ ਨੌਕਰ ਨੇ ਤਾਮਾਰ ਨੂੰ ਬਾਹਰ ਕੱਢ ਕੇ ਦਰਵਾਜ਼ੇ ਨੂੰ ਜਿੰਦਰਾ ਲਾ ਦਿੱਤਾ।
ਤਾਮਾਰ ਨੇ ਲੰਬਾ ਰੰਗ ਬਿਰੰਗਾ ਧਾਰੀਦਾਰ ਚੋਲਾ ਪਾਇਆ ਹੋਇਆ ਸੀ। ਪਾਤਸ਼ਾਹ ਦੀਆਂ ਕੁਆਰੀਆਂ ਕੁੜੀਆਂ ਅਜਿਹਾ ਲਿਬਾਸ ਹੀ ਪਾਉਂਦੀਆਂ ਸਨ।
19 ਤਾਮਾਰ ਨੇ ਉਹ ਆਪਣਾ ਰੰਗੀਨ ਪਹਿਰਾਵਾ ਫ਼ਾੜ ਕੇ ਆਪਣੇ ਸਿਰ ਤੇ ਸੁਆਹ ਪਾ ਲਈ ਫ਼ਿਰ ਆਪਣੇ ਹੱਥਾਂ ਵਿੱਚ ਆਪਣੇ ਸਿਰ ਨੂੰ ਘੁੱਟ ਕੇ ਪਿੱਟਣ ਲੱਗ ਪਈ।
20 ਤੱਦ ਤਾਮਾਰ ਦੇ ਸਗੇ ਭਰਾ ਅਬਸ਼ਾਲੋਮ ਨੇ ਉਸ ਨੂੰ ਆਖਿਆ, “ਕੀ ਤੂੰ ਆਪਣੇ ਭਰਾ ਅਮਨੋਨ ਨਾਲ ਖੇਹ ਖਾਧੀ ਹੈ? ਕੀ ਉਸ ਨੇ ਤੇਰੇ ਨਾਲ ਧੋਖਾ ਕੀਤਾ ਹੈ? ਕੋਈ ਨਹੀਂ, ਹੁਣ ਤੂੰ ਭੈਣ ਸ਼ਾਂਤ ਹੋ ਜਾ! ਅਮਨੋਨ ਤੇਰਾ ਭਰਾ ਹੈ, ਸੋ ਇਸ ਗੱਲ ਲਈ ਹੁਣ ਤੂੰ ਮਨ ਵਿੱਚ ਫ਼ਿਕਰ ਨਾ ਰੱਖ। ਤੂੰ ਇਸ ਗੱਲ ਤੋਂ ਬਹੁਤੀ ਦੁੱਖੀ ਨਾ ਹੋ।” ਤੱਦ ਤਾਮਾਰ ਅੱਗੋਂ ਚੁੱਪ ਰਹੀ ਅਤੇ ਚੁੱਪ ਕਰਕੇ ਆਪਣੇ ਭਰਾ ਅਬਸ਼ਾਲੋਮ ਦੇ ਘਰ ਚਲੀ ਗਈ।
21 ਜਦੋਂ ਦਾਊਦ ਪਾਤਸ਼ਾਹ ਨੇ ਇਹ ਸਾਰੀਆਂ ਗੱਲਾਂ ਸੁਣੀਆਂ ਤਾਂ ਉਸਦਾ ਕਰੋਧ ਬੜਾ ਜਾਗਿਆ।
22 ਅਬਸ਼ਾਲੋਮ ਵੀ ਅਮਨੋਨ ਨੂੰ ਬੜੀ ਨਫ਼ਰਤ ਕਰਨ ਲੱਗਾ। ਅਬਸ਼ਾਲੋਮ ਨੇ ਅਮਨੋਨ ਨੂੰ ਕੁਝ ਵੀ ਚੰਗਾ-ਮੰਦਾ ਨਾ ਕਿਹਾ ਪਰ ਅਬਸ਼ਾਲੋਮ ਨੇ ਅਮਨੋਨ ਨੂੰ ਇਸ ਲਈ ਘਿਰਣਾ ਕੀਤੀ ਕਿਉਂ ਜੋ ਉਸ ਨੇ ਉਸਦੀ ਭੈਣ ਤਾਮਾਰ ਨਾਲ ਬਲਾਤਕਾਰ ਕੀਤਾ।
ਅਬਸ਼ਾਲੋਮ ਦਾ ਬਦਲਾ ਲੈਣਾ
23 ਦੋ ਸਾਲ ਬਾਅਦ ਅਬਸ਼ਾਲੋਮ ਦੇ ਉੱਨ ਕਤਰਨ ਵਾਲੇ ਬਆਲ-ਹਸੋਰ ਵਿੱਚੋਂ ਜੋ ਇਫ਼ਰਾਈਮ ਦੇ ਕੋਲ ਹੈ, ਉੱਥੇ ਸਨ। ਅਬਸ਼ਾਲੋਮ ਨੇ ਪਾਤਸ਼ਾਹ ਦੇ ਸਭਨਾਂ ਪੁੱਤਰਾਂ ਨੂੰ ਉੱਥੇ ਬੁਲਾਇਆ ਅਤੇ ਆਖਿਆ ਕਿ ਉਹ ਸਭ ਇਹ ਵਾਚਣ।
24 ਅਬਸ਼ਾਲੋਮ ਪਾਤਸ਼ਾਹ ਕੋਲ ਗਿਆ ਅਤੇ ਕਿਹਾ, “ਵੇਖ! ਤੇਰੇ ਸੇਵਕ ਭੇਡਾਂ ਦੀ ਉੱਨ ਕਤਰਨ ਵਾਲੇ ਹਨ, ਸੋ ਹੁਣ ਮੈਂ ਬੇਨਤੀ ਕਰਦਾ ਹਾਂ ਜੋ ਪਾਤਸ਼ਾਹ ਅਤੇ ਉਸ ਦੇ ਸੇਵਕ ਉੱਥੇ ਚੱਲਣ।”
25 ਪਾਤਸ਼ਾਹ ਦਾਊਦ ਨੇ ਅਬਸ਼ਾਲੋਮ ਨੂੰ ਕਿਹਾ, “ਨਹੀਂ ਪੁੱਤਰ। ਅਸੀਂ ਸਾਰੇ ਇਸ ਵੇਲੇ ਜਾਈਏ ਤਾਂ ਚੰਗਾ ਨਹੀਂ ਹੋਵੇਗਾ। ਕਿਤੇ ਐਸਾ ਨਾ ਹੋਵੇ ਕਿ ਤੇਰੇ ਤੇ ਭਾਰੂ ਹੋ ਜਾਈਏ।”
ਅਬਸ਼ਾਲੋਮ ਨੇ ਦਾਊਦ ਨੂੰ ਨਾਲ ਚੱਲਣ ਦੀ ਬੜੀ ਮਿੰਨਤ ਕੀਤੀ ਪਰ ਦਾਊਦ ਨਾ ਗਿਆ ਪਰ ਉਸ ਨੇ ਅਬਸ਼ਾਲੋਮ ਨੂੰ ਅਸੀਸ ਦਿੱਤੀ, ਆਪਣੀ ਬਖਸ਼ੀਸ਼ ਦਿੱਤੀ।
26 ਅਬਸ਼ਾਲੋਮ ਨੇ ਦਾਊਦ ਨੂੰ ਆਖਿਆ, “ਜੇਕਰ ਤੁਸੀਂ ਨਹੀਂ ਜਾਣਾ ਚਾਹੁੰਦੇ ਤਾਂ ਕਿਰਪਾ ਕਰਕੇ ਮੇਰੇ ਭਰਾ ਅਮਨੋਨ ਨੂੰ ਮੇਰੇ ਨਾਲ ਭੇਜ ਦੇਵੋ।”
ਤਾਂ ਪਾਤਸ਼ਾਹ ਦਾਊਦ ਨੇ ਆਖਿਆ, “ਭਲਾ, ਉਹ ਤੇਰੇ ਨਾਲ ਕਿਉਂ ਜਾਵੇ?”
27 ਅਬਸ਼ਾਲੋਮ ਦਾਊਦ ਦੀਆਂ ਮਿੰਨਤਾਂ ਕਰਦਾ ਰਿਹਾ ਤਾਂ ਅਖੀਰ ਵਿੱਚ ਦਾਊਦ ਨੇ ਆਪਣੇ ਹੋਰ ਵੀ ਬਾਕੀ ਦੇ ਪੁੱਤਰਾਂ ਨੂੰ ਅਬਸ਼ਾਲੋਮ ਦੇ ਨਾਲ ਜਾਣ ਦਿੱਤਾ।
ਅਮਨੋਨ ਦਾ ਕਤਲ
28 ਤੱਦ ਅਬਸ਼ਾਲੋਮ ਨੇ ਆਪਣੇ ਸੇਵਕਾਂ ਨੂੰ ਹੁਕਮ ਦਿੱਤਾ, “ਅਮਨੋਨ ਵੱਲ ਨਜ਼ਰ ਰੱਖੋ! ਜਦੋਂ ਉਹ ਖੂਬ ਸ਼ਰਾਬ ਪੀ ਲਵੇ ਅਤੇ ਉਸ ਨੂੰ ਸ਼ਰਾਬ ਦਾ ਨਸ਼ਾ ਚੜ੍ਹ ਜਾਵੇ ਤਾਂ ਮੈਂ ਤੁਹਾਨੂੰ ਹੁਕਮ ਦੇਵਾਂਗਾ। ਤਾਂ ਤੁਸੀਂ ਉਸ ਉੱਪਰ ਹਮਲਾ ਕਰਕੇ ਉਸ ਨੂੰ ਖਤਮ ਕਰ ਦੇਣਾ। ਕਿਤੇ ਤੁਹਾਨੂੰ ਸਜ਼ਾ ਨਾ ਮਿਲੇ ਇਸ ਡਰ ਤੋਂ ਘਬਰਾਉਣਾ ਨਹੀਂ ਕਿਉਂ ਕਿ ਆਖਿਰ ਕਰ ਤੁਸੀਂ ਤਾਂ ਮੇਰਾ ਹੁਕਮ ਹੀ ਮੰਨ ਰਹੇ ਹੋ ਨਾ। ਇਸ ਲਈ ਬਹਾਦਰ ਬਣੋ, ਅਤੇ ਤਕੜੇ ਹੋ ਜਾਵੋ।”
29 ਇਉਂ ਅਬਸ਼ਾਲੋਮ ਦੇ ਜਵਾਨ ਸੇਵਕਾਂ ਨੇ ਉਹੀ ਕੀਤਾ ਜਿਵੇਂ ਉਸ ਨੇ ਹੁਕਮ ਕੀਤਾ ਉਨ੍ਹਾਂ ਨੇ ਅਮਨੋਨ ਦਾ ਕਤਲ ਕਰ ਦਿੱਤਾ ਪਰ ਦਾਊਦ ਦੇ ਬਾਕੀ ਸਾਰੇ ਪੁੱਤਰ ਬਚ ਕੇ ਭੱਜ ਗਏ। ਦਾਊਦ ਦੇ ਬਾਕੀ ਸਾਰੇ ਪੁੱਤਰ ਆਪੋ-ਆਪਣੀਆਂ ਖੱਚਰਾਂ ਉੱਤੇ ਚੜ੍ਹ ਕੇ ਭੱਜ ਗਏ।
ਦਾਊਦ ਨੂੰ ਅਮਨੋਨ ਦੀ ਮੌਤ ਦਾ ਪਤਾ ਲੱਗਣਾ
30 ਪਾਤਸ਼ਾਹ ਦੇ ਪੁੱਤਰ ਅਜੇ ਰਾਹ ਵਿੱਚ ਹੀ ਸਨ ਪਰ ਦਾਊਦ ਪਾਤਸ਼ਾਹ ਨੂੰ ਪਹਿਲਾਂ ਹੀ ਇਹ ਖਬਰ ਮਿਲੀ, “ਅਬਸ਼ਾਲੋਮ ਨੇ ਸਾਰੇ ਰਾਜ ਪੁੱਤਰਾਂ ਨੂੰ ਵੱਢ ਦਿੱਤਾ ਹੈ ਅਤੇ ਉਸਦਾ ਕੋਈ ਵੀ ਪੁੱਤਰ ਬਾਕੀ ਜਿਉਂਦਾ ਨਹੀਂ ਬਚਿਆ।”
31 ਦਾਊਦ ਪਾਤਸ਼ਾਹ ਨੇ ਆਪਣੇ ਕੱਪੜੇ ਪਾੜ ਸੁੱਟੇ ਅਤੇ ਭੌਂ ਉੱਤੇ ਲੰਮਾ ਪੈ ਗਿਆ ਤਾਂ ਉਸ ਦੇ ਸਾਰੇ ਸੇਵਕ ਵੀ ਆਪੋ-ਆਪਣੇ ਵਸਤਰ ਪਾੜ ਕੇ ਉਸ ਦੇ ਅੱਗੇ ਖਲੋ ਗਏ।
32 ਪਰ ਦਾਊਦ ਦੇ ਭਰਾ ਸ਼ਿਮਆਹ ਦਾ ਪੁੱਤਰ ਯੋਨਾਦਾਬ ਇਉਂ ਆਖਕੇ ਬੋਲਿਆ, “ਇਹ ਨਾ ਸੋਚੋ, ਪਾਤਸ਼ਾਹ ਦੇ ਸਾਰੇ ਹੀ ਰਾਜ ਪੁੱਤਰ ਮਾਰੇ ਗਏ ਸਨ, ਸਿਰਫ਼ ਅਮਨੋਨ ਦਾ ਕਤਲ ਹੋਇਆ ਹੈ। ਅਬਸ਼ਾਲੋਮ ਅਮਨੋਨ ਨੂੰ ਕਤਲ ਕਰਨ ਦੀ ਉਸ ਦਿਨ ਤੋਂ ਹੀ ਵਿਉਂਤ ਕਰ ਰਿਹਾ ਸੀ ਜਿਸ ਦਿਨ ਉਸ ਨੇ ਉਸਦੀ ਭੈਣ ਤਾਮਾਰ ਨਾਲ ਬਲਾਤਕਾਰ ਕੀਤਾ।
33 ਸੋ ਮੇਰਾ ਮਹਾਰਾਜ ਪਾਤਸ਼ਾਹ ਮਨ ਵਿੱਚ ਇਹ ਨਾ ਸਮਝੇ ਕਿ ਸਾਰੇ ਰਾਜ-ਪੁੱਤਰ ਮਾਰੇ ਗਏ ਹਨ, ਕਿਉਂ ਕਿ ਸਿਰਫ਼ ਅਮਨੋਨ ਹੀ ਮਾਰਿਆ ਗਿਆ ਹੈ।”
34 ਅਬਸ਼ਾਲੋਮ ਨੱਠ ਗਿਆ।
ਸ਼ਹਿਰ ਦੀ ਦੀਵਾਰ ਉੱਪਰ ਰੱਖਿਅਕ ਖੜਾ ਸੀ ਉਸ ਨੇ ਬਹੁਤ ਸਾਰੇ ਲੋਕਾਂ ਨੂੰ ਪਹਾੜ ਦੀ ਪਰਲੀ ਤਰਫ਼ੋਂ ਆਉਂਦਿਆਂ ਵੇਖਿਆ।
35 ਤਾਂ ਯੋਨਾਦਾਬ ਨੇ ਦਾਊਦ ਪਾਤਸ਼ਾਹ ਨੂੰ ਕਿਹਾ, “ਵੇਖ! ਮੈਂ ਠੀਕ ਕਿਹਾ ਸੀ। ਕਿ ਪਾਤਸ਼ਾਹ ਦੇ ਰਾਜ-ਪੁੱਤਰ ਆ ਰਹੇ ਹਨ।”
36 ਜਦੋਂ ਯੋਨਾਦਾਬ ਨੇ ਇਹ ਆਖਿਆ ਹੀ ਸੀ ਤਾਂ ਰਾਜ ਪੁੱਤਰ ਉੱਥੇ ਆਣ ਪਹੁੰਚੇ। ਉਹ ਉੱਚੀ-ਉੱਚੀ ਰੋ ਰਹੇ ਸਨ। ਦਾਊਦ ਅਤੇ ਉਸ ਦੇ ਸਾਰੇ ਅਫ਼ਸਰਾਂ ਨੇ ਵੀ ਰੋਣਾ ਸ਼ੁਰੂ ਕਰ ਦਿੱਤਾ। ਉਹ ਸਾਰੇ ਬੜਾ ਰੋਏ-ਪਿੱਟੇ।
37 ਦਾਊਦ ਹਰ ਰੋਜ਼ ਆਪਣੇ ਪੁੱਤਰ ਅਮਨੋਨ ਲਈ ਬੜਾ ਰੋਂਦਾ ਰਿਹਾ।
ਅਬਸ਼ਾਲੋਮ ਦਾ ਗਸ਼ੂਰ ਵਿੱਚ ਭੱਜ ਜਾਣਾ
ਅਬਸ਼ਾਲੋਮ ਗਸ਼ੂਰ ਦੇ ਰਾਜੇ ਅਮੀਹੂਰ ਦੇ ਪੁੱਤਰ ਤਲਮੀ ਕੋਲ ਭੱਜ ਗਿਆ।
38 ਜਦੋਂ ਅਬਸ਼ਾਲੋਮ ਗਸ਼ੂਰ ਵਿੱਚ ਭੱਜਕੇ ਛੁਪ ਗਿਆ ਤਾਂ ਉਹ ਉੱਥੇ ਤਿੰਨ ਸਾਲ ਰਿਹਾ।
39 ਪਾਤਸ਼ਾਹ ਦਾਊਦ ਨੂੰ ਅਬਸ਼ਾਲੋਨ ਦੀ ਕਮੀ ਮਹਿਸੂਸ ਹੋਈ ਅਤੇ ਉਸ ਨੇ ਉਸ ਨੂੰ ਜਾਕੇ ਵੇਖਣ ਦੀ ਤਾਂਘ ਕੀਤੀ ਕਿਉਂ ਕਿ ਪਾਤਸ਼ਾਹ ਨੇ ਅਮਨੋਨ ਦੀ ਮੌਤ ਤੇ ਧੀਰਜ ਧਰ ਲਿਆ ਸੀ।