ਦੂਜੇ ਲੋਕਾਂ ਦੀ ਨਿੰਦਿਆ ਨਾ ਕਰੋ
14
ਉਹ ਮਨੁੱਖ ਜਿਹੜਾ ਨਿਹਚਾ ਵਿੱਚ ਕਮਜ਼ੋਰ ਹੋਵੇ ਉਸ ਨੂੰ ਆਪਣੀ ਸੰਗਤ ਵਿੱਚ ਰਲਾਉਣ ਤੋਂ ਮਨਾ ਨਾ ਕਰੋ ਤੇ ਨਾ ਹੀ ਉਸ ਨਾਲ ਉਸ ਦੇ ਅਲੱਗ ਵਿੱਚਾਰਾਂ ਬਾਰੇ ਬਹਿਸ ਕਰੋ। ਕੋਈ ਇੱਕ ਮਨੁੱਖ ਸੋਚਦਾ ਹੈ ਕਿ ਉਹ ਜਿਹੋ ਜਿਹਾ ਚਾਹੇ ਭੋਜਨ ਖਾ ਸੱਕਦਾ ਹੈ। ਪਰ ਦੂਜਾ ਵਿਅਕਤੀ ਜੋ ਆਪਣੇ ਵਿਸ਼ਵਾਸ ਵਿੱਚ ਕਮਜ਼ੋਰ ਹੈ ਉਹ ਇਹ ਸੋਚਦਾ ਹੈ ਕਿ ਉਸ ਨੂੰ ਸਿਰਫ਼ ਸਬਜ਼ੀਆਂ ਹੀ ਖਾਣੀਆਂ ਚਾਹੀਦੀਆਂ ਹਨ। ਜਿਹੜਾ ਵਿਅਕਤੀ ਇਹ ਜਾਣਦਾ ਹੈ ਕਿ ਉਹ ਕਿਸੇ ਵੀ ਭਾਂਤ ਦਾ ਭੋਜਨ ਖਾ ਸੱਕਦਾ ਹੈ ਉਸ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਉਹ ਦੂਜੇ ਵਿਅਕਤੀ ਨਾਲੋਂ ਚੰਗਾ ਹੈ ਜੋ ਕੇਵਲ ਸਬਜ਼ੀਆਂ ਖਾਂਦਾ ਹੈ। ਅਤੇ ਜਿਹੜਾ ਵਿਅਕਤੀ ਕੇਵਲ ਸਬਜ਼ੀਆਂ ਖਾਂਦਾ ਹੈ ਉਸ ਨੂੰ ਇਹ ਨਹੀ ਸੋਚਣਾ ਚਾਹੀਦਾ ਕਿ ਉਹ ਵਿਅਕਤੀ, ਜੋ ਸਭ ਕੁਝ ਖਾਂਦਾ ਹੈ, ਗਲਤ ਹੈ। ਪਰਮੇਸ਼ੁਰ ਨੇ ਉਸ ਵਿਅਕਤੀ ਨੂੰ ਕਬੂਲ ਲਿਆ ਹੈ। ਦੂਜੇ ਵਿਅਕਤੀ ਦੇ ਨੌਕਰ ਦਾ ਨਿਆਂ ਕਰਨ ਵਾਲਾ ਤੂੰ ਕੌਣ ਹੈ? ਸਿਰਫ਼ ਉਸ ਦੇ ਮਾਲਕ ਨੂੰ ਇਹੀ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਉਹ ਗਲਤ ਹੈ ਜਾਂ ਸਹੀ। ਅਤੇ ਪ੍ਰਭੂ ਦਾ ਸੇਵਕ ਸਹੀ ਹੋਵੇਗਾ ਕਿਉਂਕਿ ਪ੍ਰਭੂ ਉਸ ਨੂੰ ਸਹੀ ਬਨਾਉਣ ਦੇ ਸਮਰੱਥ ਹੈ। ਇੱਕ ਵਿਅਕਤੀ ਵਿਸ਼ਵਾਸ ਕਰਦਾ ਹੈ ਕਿ ਸ਼ਾਇਦ ਇੱਕ ਦਿਨ ਦੂਜੇ ਦਿਨ ਨਾਲੋਂ ਚੰਗਾ ਹੈ। ਦੂਜਾ ਵਿਅਕਤੀ ਵਿਸ਼ਵਾਸ ਕਰ ਸੱਕਦਾ ਹੈ ਕਿ ਹਰ ਦਿਨ ਉਹੀ ਹੈ। ਹਰ ਇੱਕ ਨੂੰ ਆਪਣੇ ਨਿਹਚੇ ਬਾਰੇ ਆਪਣੇ ਖੁਦ ਦੇ ਮਨ ਵਿੱਚ ਮਜ਼ਬੂਤ ਹੋਣਾ ਚਾਹੀਦਾ ਹੈ। ਜਿਹੜਾ ਵਿਅਕਤੀ ਵਿਸ਼ਵਾਸ ਕਰਦਾ ਹੈ ਕਿ ਇੱਕ ਦਿਨ ਦੂਜੇ ਨਾਲੋਂ ਚੰਗਾ ਹੈ ਉਹ ਇਹ ਪ੍ਰਭੂ ਲਈ ਕਰ ਰਿਹਾ ਹੈ। ਅਤੇ ਜਿਹੜਾ ਮਨੁੱਖ ਹਰ ਭਾਂਤ ਦਾ ਭੋਜਨ ਖਾਂਦਾ ਹੈ ਉਹ ਪ੍ਰਭੂ ਦੇ ਲਈ ਖਾਂਦਾ ਹੈ ਅਤੇ ਉਹ ਪਰਮੇਸ਼ੁਰ ਦਾ ਧੰਨਵਾਦ ਕਰਦਾ ਹੈ। ਜਿਹੜਾ ਮਨੁੱਖ ਖਾਸ ਭੋਜਨ ਖਾਣ ਤੋਂ ਇਨਕਾਰ ਕਰਦਾ ਹੈ ਉਹ ਪ੍ਰਭੂ ਲਈ ਹੀ ਕਰਦਾ ਹੈ ਅਤੇ ਉਹ ਪਰਮੇਸ਼ੁਰ ਦਾ ਧੰਨਵਾਦ ਕਰਦਾ ਹੈ।
ਹਾਂ, ਅਸੀਂ ਸਾਰੇ ਪ੍ਰਭੂ ਕਾਰਣ ਉਸ ਲਈ ਹੀ ਜਿਉਂਦੇ ਹਾਂ। ਅਸੀਂ ਨਾ ਆਪਣੇ ਲਈ ਜਿਉਂਦੇ ਨਾ ਮਰਦੇ ਹਾਂ। ਜੇਕਰ ਅਸੀਂ ਜਿਉਂਦੇ ਹਾਂ ਤਾਂ ਅਸੀਂ ਪ੍ਰਭੂ ਲਈ ਜਿਉਂਦੇ ਹਾਂ। ਅਤੇ ਜੇਕਰ ਅਸੀਂ ਮਰੀਏ, ਅਸੀਂ ਪ੍ਰਭੂ ਲਈ ਮਰੀਏ। ਜੀਵਿਤ ਜਾਂ ਮੁਰਦਾ, ਅਸੀਂ ਪ੍ਰਭੂ ਨਾਲ ਸੰਬੰਧਿਤ ਹਾਂ। ਮਸੀਹ ਮਰਿਆ ਅਤੇ ਮੁਰਦੇ ਤੋਂ ਉੱਠਾਇਆ ਗਿਆ। ਤਾਂ ਜੋ ਸ਼ਾਇਦ ਉਹ ਮੁਰਦਿਆਂ ਅਤੇ ਜਿਉਂਦਿਆਂ ਦੋਹਾਂ ਦਾ ਪ੍ਰਭੂ ਹੋ ਸੱਕੇ।
10 ਤੂੰ ਆਪਣੇ ਭਰਾ ਬਾਰੇ ਕਿਉਂ ਨਿਆਂ ਕਰਦਾ ਹੈਂ? ਜਾਂ ਫ਼ਿਰ ਤੂੰ ਆਪਣੇ ਭਰਾ ਨੂੰ ਕਿਉਂ ਤੁੱਛ ਜਾਣਦਾ ਹੈਂ? ਅਸੀਂ ਸਾਰੇ ਪਰਮੇਸ਼ੁਰ ਦੇ ਨਿਆਂ ਦੇ ਅੱਗੇ ਖੜ੍ਹੇ ਹੋਵਾਂਗੇ ਤੇ ਹਾਜ਼ਰ ਹੋਣਾ ਪਵੇਗਾ ਫ਼ਿਰ ਸਾਡਾ ਨਿਆਂ ਹੋਵੇਗਾ। 11 ਪੋਥੀਆਂ ਵਿੱਚ ਵੀ ਇਹ ਆਖਿਆ ਗਿਆ ਹੈ:
“ਹਰ ਮਨੁੱਖ ਮੇਰੇ ਅੱਗੇ ਨਿਵੇਗਾ,
ਹਰ ਮਨੁੱਖ ਇਹ ਆਖੇਗਾ;
ਕਿ ਮੈਂ ਪਰਮੇਸ਼ੁਰ ਹਾਂ,
ਮੈਂ ਜਿਉਂਦਾ ਪ੍ਰਭੂ ਹਾਂ, ਅਤੇ ਮੈਂ ਆਖਦਾ ਹਾਂ ਕਿ ਇਹ ਇਵੇਂ ਹੀ ਵਾਪਰੇਗਾ।” ਯਾਸਾਯਾਹ 45:23
12 ਇਸ ਕਰਕੇ ਸਾਡੇ ਵਿੱਚੋਂ ਹਰੇਕ ਨੇ ਪਰਮੇਸ਼ੁਰ ਨੂੰ ਆਪੋ ਆਪਣਾ ਲੇਖਾ ਦੇਣਾ ਹੈ।
ਦੂਜਿਆਂ ਨੂੰ ਪਾਪ ਨਾ ਕਰਨ ਦਿਉ
13 ਇਸ ਲਈ ਸਾਨੂੰ ਇੱਕ ਦੂਜੇ ਦਾ ਨਿਆਂ ਨਹੀਂ ਕਰਨਾ ਚਾਹੀਦਾ। ਪਰ ਸਾਨੂੰ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਸਾਨੂੰ ਕਦੇ ਵੀ ਅਜਿਹਾ ਨਹੀਂ ਕਰਨਾ ਚਾਹੀਦਾ ਜੋ ਸਾਡੇ ਭੈਣਾਂ ਭਰਾਵਾਂ ਤੋਂ ਪਾਪ ਕਰਾਉਣ ਜਾਂ ਉਨ੍ਹਾਂ ਨੂੰ ਆਤਮਕ ਤੌਰ ਤੇ ਵੱਧਣ ਤੋਂ ਰੋਕੇ। 14 ਮੈਂ ਪ੍ਰਭੂ ਯਿਸੂ ਵਿੱਚ ਹਾਂ। ਮੈਨੂੰ ਪਤਾ ਹੈ ਕਿ ਅਜਿਹਾ ਕੋਈ ਭੋਜਨ ਨਹੀਂ ਜੋ ਖਾਣ ਲਈ ਗਲਤ ਨਹੀਂ ਹੈ ਪਰ ਜੇਕਰ ਕੋਈ ਕਿਸੇ ਵਸਤ ਨੂੰ ਗਲਤ ਮੰਨਦਾ ਹੈ, ਉਹ ਉਸ ਲਈ ਗਲਤ ਹੈ।
15 ਜੇਕਰ ਤੇਰੇ ਭੋਜਨ ਕਾਰਣ ਤੇਰਾ ਭਰਾ ਨਾਰਾਜ਼ ਹੁੰਦਾ ਹੈ ਤਾਂ ਇਸਦਾ ਭਾਵ ਤੂੰ ਅਜੇ ਪ੍ਰੇਮ ਨਾਲ ਨਹੀਂ ਚਲਦਾ। ਆਪਣੇ ਭਰਾ ਦੀ ਵਿਸ਼ਵਾਸ ਉਹ ਭੋਜਨ ਖਾਕੇ ਨਸ਼ਟ ਨਾ ਕਰੋ ਜਿਹੜਾ ਉਹ ਖਾਣ ਲਈ ਗਲਤ ਸਮਝਦਾ ਹੈ। ਉਸਦੀ ਨਿਹਚਾ ਨੂੰ ਨਸ਼ਟ ਨਾ ਕਰੋ। ਮਸੀਹ ਨੇ ਉਸ ਲਈ ਆਪਣੀ ਜਾਨ ਦਿੱਤੀ। 16 ਜਿਸ ਚੀਜ਼ ਨੂੰ, ਤੁਸੀਂ ਚੰਗੀ ਸਮਝਦੇ ਹੋ ਦੂਸਰਿਆਂ ਨੂੰ ਗਲਤ ਆਖਣ ਦਾ ਅਵਸਰ ਨਾ ਦਿਉ। 17 ਪਰਮੇਸ਼ੁਰ ਦੇ ਰਾਜ ਵਿੱਚ ਖਾਣਾ-ਪੀਣਾ ਮਹੱਤਵਪੂਰਣ ਨਹੀਂ ਸਗੋਂ ਉੱਥੇ ਇਹ ਚੀਜ਼ਾਂ ਮਹੱਤਵ ਯੋਗ ਹਨ। ਧਰਮੀ ਜੀਵਨ, ਸ਼ਾਂਤੀ ਅਤੇ ਪਵਿੱਤਰ ਆਤਮਾ ਵਿੱਚ ਆਨੰਦ। 18 ਜਿਹੜਾ ਮਨੁੱਖ ਇਸ ਤਰੀਕੇ ਨਾਲ ਮਸੀਹ ਦੀ ਸੇਵਾ ਕਰਦਾ ਹੈ ਉਹ ਪਰਮੇਸ਼ੁਰ ਨੂੰ ਭਾਉਂਦਾ ਹੈ। ਉਹ ਵਿਅਕਤੀ ਦੂਜਿਆਂ ਲੋਕਾਂ ਦੁਆਰਾ ਵੀ ਕਬੂਲਿਆ ਜਾਵੇਗਾ।
19 ਇਸ ਲਈ ਸਾਨੂੰ ਉਨ੍ਹਾਂ ਗੱਲਾਂ ਨੂੰ ਕਰਨ ਲਈ ਸਖਤ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿਹੜੀਆਂ ਸ਼ਾਂਤੀ ਅਤੇ ਆਪਸੀ ਸਹਾਇਤਾ ਲਿਆਉਣ। 20 ਭੋਜਨ ਖਾਣ ਨੂੰ ਪਰਮੇਸ਼ੁਰ ਦਾ ਕੰਮ ਨਸ਼ਟ ਕਰਨ ਦੀ ਆਗਿਆ ਨਾ ਦਿਉ। ਸਭ ਭੋਜਨ ਖਾਣ ਲਈ ਚੰਗੇ ਹਨ। ਪਰ ਉਹ ਭੋਜਨ ਖਾਣ ਲਈ ਗਲਤ ਹੈ ਜਿਹੜਾ ਭੋਜਨ ਦੂਜੇ ਵਿਅਕਤੀ ਨੂੰ ਪਾਪ ਵਿੱਚ ਡੇਗਣ ਦਾ ਕਾਰਣ ਬਣੇ। 21 ਇਸਤੋਂ ਚੰਗਾ ਹੈ ਕਿ ਮਾਸ ਨਾ ਖਾਧਾ ਜਾਵੇ ਜਾਂ ਮੈਅ ਨਾ ਪੀਤੀ ਜਾਵੇ ਜਾਂ ਕੁਝ ਅਜਿਹਾ ਨਾ ਕੀਤਾ ਜਾਵੇ, ਜੋ ਤੁਹਾਡੇ ਭੈਣ ਜਾਂ ਭਰਾ ਨੂੰ ਪਾਪ ਵਿੱਚ ਡੇਗਣ ਦਾ ਕਾਰਣ ਬਣੇ।
22 ਇਨ੍ਹਾਂ ਗੱਲਾਂ ਬਾਰੇ ਤੁਹਾਡੀ ਦ੍ਰਿੜ੍ਹਤਾ ਤੁਹਾਡੇ ਅਤੇ ਪਰਮੇਸ਼ੁਰ ਵਿੱਚ ਗੁਪਤ ਰੱਖੀ ਹੋਣੀ ਚਾਹੀਦੀ ਹੈ। ਧੰਨ ਹੈ ਉਹ ਵਿਅਕਤੀ ਜੋ ਉਹੀ ਕਰਦਾ ਹੈ ਜੋ ਉਹ, ਦੋਸ਼ੀ ਮਹਿਸੂਸ ਕੀਤੇ ਬਿਨਾ, ਸਹੀ ਸੋਚਕੇ ਕਰਦਾ। 23 ਪਰ ਜੇਕਰ ਕੋਈ ਵਿਅਕਤੀ ਇਸ ਬਾਰੇ ਨਿਸ਼ਚਿਤ ਹੋਏ ਬਿਨਾ ਕੁਝ ਖਾਂਦਾ ਹੈ ਕਿ ਉਹ ਸਹੀ ਹੈ, ਫ਼ਿਰ ਉਹ ਵਿਅਕਤੀ ਆਪਣੇ ਆਪ ਨੂੰ ਦੋਸ਼ੀ ਨਿਆਂਿਤ ਕਰਦਾ ਹੈ। ਕਿਉਂ? ਕਿਉਂਕਿ ਉਸ ਮਨੁੱਖ ਨੇ ਵਿਸ਼ਵਾਸ ਨਹੀਂ ਕੀਤਾ ਕਿ ਇਹ ਸਹੀ ਸੀ। ਇਸ ਲਈ ਜੇਕਰ ਕੋਈ ਮਨੁੱਖ ਬਿਨਾ ਨਿਸ਼ਚੇ ਕੁਝ ਕਰਦਾ ਹੈ ਤਾਂ ਇਹ ਪਾਪ ਹੈ।