ਆਪਣਾ ਜੀਵਨ ਪਰਮੇਸ਼ੁਰ ਦੇ ਹਵਾਲੇ ਕਰੋ
12
1 ਇਸ ਲਈ ਹੇ ਭਰਾਵੋ ਅਤੇ ਭੈਣੋ, ਮੈਂ ਪਰਮੇਸ਼ੁਰ ਦੀ ਦਯਾ ਦੀ ਖਾਤਰ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿ ਤੁਸੀਂ ਆਪਣੇ ਜੀਵਨ ਨੂੰ ਪਰਮੇਸ਼ੁਰ ਦੇ ਅੱਗੇ ਜਿਉਂਦੀ ਬਲੀ ਬਣਕੇ ਭੇਂਟ ਕਰੋ। ਇਹ ਭੇਂਟ ਸਿਰਫ਼ ਪਰਮੇਸ਼ੁਰ ਲਈ ਹੋਣੀ ਚਾਹੀਦੀ ਹੈ ਅਤੇ ਉਸ ਨੂੰ ਹੀ ਪ੍ਰਸੰਨ ਕਰਨ ਲਈ ਹੋਣੀ ਚਾਹੀਦੀ ਹੈ। ਆਪਣੇ ਆਪ ਦਾ ਇਹ ਬਲਿਦਾਨ ਤੁਹਾਡੀ ਪਰਮੇਸ਼ੁਰ ਦੀ ਆਤਮਕ ਉਪਾਸਨਾ ਹੈ।
2 ਆਪਣੇ ਆਪ ਨੂੰ ਇਸ ਦੁਨੀਆਂ ਦੇ ਲੋਕਾਂ ਵਰਗਾ ਨਾ ਬਣਾਓ, ਪਰ ਆਪਣੇ ਮਨਾਂ ਨੂੰ ਤਾਜ਼ਾ ਕਰੋ ਅਤੇ ਇੱਕ ਨਵੇਂ ਢੰਗ ਨਾਲ ਸੋਚੋ ਤਾਂ ਜੋ ਤੁਸੀਂ ਪਛਾਣ ਸੱਕੋ ਅਤੇ ਪਰਮੇਸ਼ੁਰ ਦੀ ਇੱਛਾ ਕਬੂਲ ਸੱਕੋਂ। ਤੁਸੀਂ ਜਾਨਣ ਯੋਗ ਹੋਵੋਂਗੇ ਕਿ ਕਿਹੜੀਆਂ ਗੱਲਾਂ ਚੰਗੀਆਂ ਹਨ ਅਤੇ ਪਰਮੇਸ਼ੁਰ ਨੂੰ ਪ੍ਰਸੰਨ ਕਰਦੀਆਂ ਹਨ, ਅਤੇ ਕਿਹੜੀਆਂ ਗੱਲਾਂ ਸਹੀ ਹਨ।
3 ਪਰਮੇਸ਼ੁਰ ਨੇ ਮੈਨੂੰ ਇੱਕ ਖਾਸ ਤੋਹਫ਼ੇ ਨਾਲ ਨਿਵਾਜਿਆ ਹੈ। ਇਸੇ ਲਈ ਮੈਂ ਤੁਹਾਡੇ ਵਿੱਚੋਂ ਹਰ ਇੱਕ ਨੂੰ ਕੁਝ ਆਖਣਾ ਚਾਹੁੰਦਾ ਹਾਂ। ਇਹ ਨਾ ਸਮਝਣਾ ਕਿ ਜੋ ਤੁਸੀਂ ਅਸਲ ਵਿੱਚ ਹੋ ਤੁਸੀਂ ਉਸ ਤੋਂ ਵੱਧ ਚੰਗੇ ਹੋ। ਤੁਹਾਨੂੰ ਆਪਣੇ ਆਪ ਨੂੰ ਉਵੇਂ ਵੇਖਣਾ ਚਾਹੀਦਾ ਹੈ ਕਿ ਜੋ ਤੁਸੀਂ ਅਸਲ ਵਿੱਚ ਹੋ। ਇਹ ਨਿਆਂ ਕਿ ਤੁਸੀਂ ਕਿਹੋ ਜਿਹੇ ਹੋ ਤੁਸੀਂ ਨਿਹਚਾ ਰਾਹੀਂ ਪਤਾ ਲਗਾ ਸੱਕਦੇ ਹੋ ਜਿਹੜੀ ਪਰਮੇਸ਼ੁਰ ਨੇ ਤੁਹਾਨੂੰ ਦਿੱਤੀ ਹੈ।
4 ਸਾਡੇ ਸਭਨਾਂ ਕੋਲ ਸਰੀਰ ਹੈ ਅਤੇ ਉਸ ਸਰੀਰ ਦੇ ਕਈ ਅੰਗ ਹਨ, ਇਹ ਸਾਰੇ ਅੰਗ ਇੱਕੋ ਜਿਹਾ ਕੰਮ ਨਹੀਂ ਕਰਦੇ।
5 ਇਸੇ ਤਰ੍ਹਾਂ, ਅਸੀਂ ਬਹੁਤ ਸਾਰੇ ਲੋਕ ਹਾਂ, ਪਰ ਮਸੀਹ ਵਿੱਚ ਅਸੀਂ ਇੱਕ ਸਰੀਰ ਹਾਂ। ਅਸੀਂ ਸਾਰੇ ਉਸ ਸਰੀਰ ਦੇ ਅੰਗ ਹਾਂ ਅਤੇ ਹਰੇਕ ਅੰਗ ਸਰੀਰ ਦੇ ਦੂਜੇ ਸਾਰੇ ਅੰਗਾਂ ਨਾਲ ਸੰਬੰਧਿਤ ਹੈ।
6 ਅਸੀਂ ਸਾਰੇ ਵੱਖ-ਵੱਖ ਸੁਗਾਤਾਂ ਨਾਲ ਨਿਵਾਜੇ ਗਏ ਹਾਂ ਹਰੇਕ ਸੁਗਾਤ ਪਰਮੇਸ਼ੁਰ ਦੀ ਕਿਰਪਾ ਨਾਲ ਸਾਨੂੰ ਪ੍ਰਾਪਤ ਹੋਈ ਹੈ। ਜੇਕਰ ਕਿਸੇ ਵਿਅਕਤੀ ਕੋਲ ਅਗੰਮ ਵਾਕ ਦੀ ਦਾਤ ਹੈ, ਤਾਂ ਉਸ ਨੂੰ ਇਹ ਆਪਣੀ ਨਿਹਚਾ ਅਨੁਸਾਰ ਵਰਤਨੀ ਚਾਹੀਦੀ ਹੈ।
7 ਜੇਕਰ ਕਿਸੇ ਨੂੰ ਸੇਵਾ ਕਰਨ ਦੀ ਦਾਤ ਪ੍ਰਾਪਤ ਹੋਈ ਹੈ ਤਾਂ ਉਸ ਨੂੰ ਸੇਵਾ ਕਰਨੀ ਚਾਹੀਦੀ ਹੈ। ਜੇਕਰ ਕਿਸੇ ਕੋਲ ਸਿੱਖਿਆ ਦਾ ਫ਼ਲ ਪ੍ਰਾਪਤ ਹੈ ਤਾਂ ਉਸ ਨੂੰ ਸਿੱਖਿਆ ਦੇਣੀ ਚਾਹੀਦੀ ਹੈ।
8 ਜੇਕਰ ਕਿਸੇ ਵਿਅਕਤੀ ਕੋਲ ਦੂਜਿਆਂ ਨੂੰ ਅਰਾਮ ਦੇਣ ਦੀ ਦਾਤ ਹੈ, ਉਸ ਨੂੰ ਇਹ ਦੂਜਿਆਂ ਦੇ ਸੁੱਖ ਲਈ ਵਰਤਣ ਦਿਉ। ਜੇਕਰ ਕਿਸੇ ਵਿਅਕਤੀ ਕੋਲ ਦੂਜਿਆਂ ਨੂੰ ਦੇਣ ਦੀ ਦਾਤ ਹੈ, ਉਸ ਨੂੰ ਉਦਾਰਤਾ ਨਾਲ ਦੇਣ ਦਿਉ। ਜੇ ਇੱਕ ਵਿਅਕਤੀ ਕੋਲ ਅਗਵਾਈ ਕਰਨ ਦੀ ਦਾਤ ਹੈ ਤਾਂ ਉਸ ਨੂੰ ਉਨ੍ਹਾਂ ਦੀ ਕੜੀ ਮਿਹਨਤ ਨਾਲ ਅਗਵਾਈ ਕਰਨ ਦਿਉ। ਜੇ ਇੱਕ ਵਿਅਕਤੀ ਕੋਲ ਦਇਆ ਦਰਸ਼ਾਉਣ ਦੀ ਦਾਤ ਹੈ ਤਾਂ ਉਸ ਨੂੰ ਉਹੀ ਖੁਸ਼ੀ ਨਾਲ ਕਰਨ ਦਿਉ।
9 ਤੁਹਾਡਾ ਪਿਆਰ ਸੱਚਾ ਹੋਵੇ, ਬਦੀ ਨੂੰ ਨਫ਼ਰਤ ਕਰੋ, ਸਿਰਫ਼ ਚੰਗੀਆਂ ਗੱਲਾਂ ਹੀ ਕਰੋ।
10 ਇੱਕ ਦੂਜੇ ਨਾਲ ਕੁਦਰਤੀ ਪਰਿਵਾਰਾਂ ਵਾਂਗ ਭੈਣਾਂ ਭਰਾਂਵਾਂ ਜਿੰਨਾ ਪਿਆਰ ਕਰੋ। ਤੁਸੀਂ ਆਪਣੇ-ਆਪ ਤੋਂ ਵੱਧ ਜਿੰਨਾ ਕਿ ਤੁਸੀਂ ਆਪਣੇ ਲਈ ਮਾਨ ਚਾਹੁੰਦੇ ਹੋ, ਉਸ ਤੋਂ ਵੱਧ ਮਾਨ ਆਪਣੇ ਭੈਣਾਂ ਭਰਾਵਾਂ ਨੂੰ ਦੇਵੋ।
11 ਜਦੋਂ ਤੁਹਾਨੂੰ ਪਰਮੇਸ਼ੁਰ ਲਈ, ਜਿੰਨਾ ਤੁਸੀਂ ਕਰ ਸੱਕਦੇ ਹੋ, ਕੰਮ ਕਰਨ ਦੀ ਜ਼ਰੂਰਤ ਪਵੇ ਤਾਂ ਆਲਸ ਮਹਿਸੂਸ ਨਾ ਕਰੋ। ਆਤਮਕ ਤੌਰ ਤੇ ਉਤਸਾਹਿਤ ਹੋਕੇ ਉਸਦੀ ਸੇਵਾ ਵਿੱਚ ਲੀਨ ਰਹੋ।
12 ਆਸ ਵਿੱਚ ਖੁਸ਼ ਰਹੋ ਅਤੇ ਸੰਕਟ ਵਿੱਚ ਧੀਰਜ ਰੱਖੋ। ਹਰ ਵਕਤ ਪ੍ਰਾਰਥਨਾ ਕਰੋ।
13 ਪਰਮੇਸ਼ੁਰ ਦੇ ਉਨ੍ਹਾਂ ਲੋਕਾਂ ਨਾਲ ਚੀਜ਼ਾਂ ਸਾਂਝੀਆਂ ਕਰੋ ਜਿਨ੍ਹਾਂ ਨੂੰ ਮਦਦ ਦੀ ਲੋੜ ਹੈ। ਉਨ੍ਹਾਂ ਲੋਕਾਂ ਨੂੰ ਵੇਖੋ ਜਿਨ੍ਹਾਂ ਨੂੰ ਮਦਦ ਦੀ ਜ਼ਰੂਰਤ ਹੈ ਅਤੇ ਉਨ੍ਹਾਂ ਨੂੰ ਆਪਣੇ ਘਰੀਂ ਨਿਉਂਤਾ ਦਿਉ।
14 ਉਨ੍ਹਾਂ ਲੋਕਾਂ ਨੂੰ ਵੀ ਚੰਗੀਆਂ ਗੱਲਾਂ ਹੀ ਆਖੋ ਜੋ ਤੁਹਾਡੇ ਨਾਲ ਮਾੜਾ ਸਲੂਕ ਕਰਨ, ਅਤੇ ਉਨ੍ਹਾਂ ਨੂੰ ਸਰਾਪ ਨਾ ਦਿਉ।
15 ਜਦੋਂ ਦੂਜੇ ਲੋਕ ਖੁਸ਼ ਹੋਣ, ਉਨ੍ਹਾਂ ਦੀ ਖੁਸ਼ੀ ਵਿੱਚ ਸ਼ਾਮਿਲ ਹੋਵੇ ਜੇਕਰ ਉਹ ਉਦਾਸ ਹੋਣ, ਉਨ੍ਹਾਂ ਦੀ ਉਦਾਸੀ ਸਾਂਝੀ ਕਰੋ।
16 ਇੱਕ ਦੂਜੇ ਨਾਲ ਅਮਨ ਸ਼ਾਂਤੀ ਵਿੱਚ ਰਹੋ। ਘਮੰਡੀ ਨਾ ਬਣੋ। ਸਾਧਾਰਣ ਲੋਕਾਂ ਨਾਲ ਦੋਸਤੀ ਕਰਨ ਦੇ ਚਾਹਵਾਨ ਬਣੋ। ਆਪਣੇ ਗਿਆਨ ਦਾ ਜ਼ਿਆਦਾ ਅੰਦਾਜ਼ਾ ਨਾ ਲਾਓ।
17 ਜੇਕਰ ਤੁਹਾਡੇ ਨਾਲ ਕੋਈ ਗਲਤ ਕੰਮ ਕਰੇ ਉਸ ਦੇ ਜਵਾਬ ਵਿੱਚ ਉਸ ਨਾਲ ਬੁਰਾ ਨਾ ਕਰੋ। ਆਪਣਾ ਉਹੀ ਉਦੇਸ਼ ਬਣਾਓ ਜੋ ਸਭ ਲਈ ਚੰਗਾ ਹੈ।
18 ਜਿੰਨਾ ਹੋ ਸੱਕੇ, ਸਾਰੇ ਲੋਕਾਂ ਨਾਲ ਸ਼ਾਂਤੀ ਵਿੱਚ ਰਹਿਣ ਲਈ, ਕਰੋ।
19 ਮੇਰੇ ਮਿੱਤਰੋ, ਜਦੋਂ ਕੋਈ ਤੁਹਾਡੇ ਨਾਲ ਬੁਰਾ ਕਰੇ ਉਸ ਦੇ ਬਦਲੇ ਵਿੱਚ ਉਸ ਨੂੰ ਸਜ਼ਾ ਨਾ ਦੇਵੋ ਸਗੋਂ ਇੰਤਜ਼ਾਰ ਕਰੋ ਕਿ ਪਰਮੇਸ਼ੁਰ ਆਪੇ ਉਨ੍ਹਾਂ ਨੂੰ ਆਪਣੀ ਕਰੋਪੀ ਨਾਲ ਦੰਡਿਤ ਕਰੇਗਾ। ਇਹ ਲਿਖਤ ਵਿੱਚ ਹੈ; “ਪ੍ਰਭੂ ਆਖਦਾ ਹੈ, ਮੈਂ ਹੀ ਹਾਂ ਜੋ ਦੰਡਿਤ ਕਰਦਾ ਹਾਂ। ਮੈਂ ਹੀ ਲੋਕਾਂ ਤੋਂ ਬਦਲਾ ਲਵਾਂਗਾ।”
20 ਪਰ ਤੁਹਾਨੂੰ ਇਵੇਂ ਕਰਨਾ ਚਾਹੀਦਾ ਹੈ,
“ਜੇਕਰ ਤੇਰਾ ਦੁਸ਼ਮਣ ਭੁੱਖਾ ਹੈ,
ਉਸ ਨੂੰ ਭੋਜਨ ਦੇ।
ਜੇਕਰ ਤੇਰਾ ਵੈਰੀ ਪਿਆਸਾ ਹੈ,
ਉਸ ਨੂੰ ਕੁਝ ਪੀਣ ਲਈ ਦੇ।
ਇੰਝ ਕਰਨ ਨਾਲ ਤੂੰ ਉਸ ਨੂੰ ਸ਼ਰਮਿੰਦਗੀ ਦਾ ਅਹਿਸਾਸ ਕਰਾਵੇਗਾ।” ਕਹਾਉਤਾਂ 25:21-22
21 ਬਦੀ ਤੋਂ ਨਾ ਹਾਰੋ, ਪਰ ਚੰਗਿਆਈ ਕਰਕੇ ਬਦੀ ਨੂੰ ਹਰਾਓ।