27
ਕਲ ਬਾਰੇ ਫੜ੍ਹਾਂ ਨਾ ਮਾਰੋ। ਕੌਣ ਜਾਣਦਾ ਕਿ ਦਿਨ ਕੀ ਲਿਆਵੇਗਾ।
ਕਦੇ ਵੀ ਆਪਣੀ ਉਸਤਤ ਨਾ ਕਰੋ। ਹੋਰਨਾਂ ਨੂੰ ਅਜਿਹਾ ਕਰਨ ਦਿਓ।
ਪੱਥਰ ਭਾਰਾ ਹੁੰਦਾ ਹੈ ਅਤੇ ਰੇਤੇ ਨੂੰ ਚੁੱਕਣਾ ਔਖਾ ਹੁੰਦਾ ਹੈ। ਪਰ ਕਿਸੇ ਗੁਸੈਲੇ ਮੂਰਖ ਵੱਲੋਂ ਪੈਦਾ ਕੀਤੀ ਹੋਈ ਮੁਸੀਬਤ ਸਹਾਰਨੀ ਹੋਰ ਵੀ ਔਖੀ ਹੈ।
ਗੁੱਸਾ ਜਾਲਮ ਹੁੰਦਾ ਹੈ ਅਤੇ ਕ੍ਰੋਧ ਹੜ੍ਹ ਵਾਂਗ ਹੁੰਦਾ ਹੈ, ਪਰ ਈਰਖਾ ਅੱਗੇ ਕੌਣ ਖਲੋ ਸੱਕਦਾ ਹੈ।
ਲੁਕਵੇਂ ਪਿਆਰ ਕੀਤੇ ਜਾਣ ਨਾਲੋਂ ਤੁਹਾਨੂੰ ਮੂੰਹ ਤੇ ਝਿੜਕਿਆ ਜਾਣਾ ਬਿਹਤਰ ਹੈ।
ਹੋ ਸੱਕਦਾ ਦੋਸਤ ਤੁਹਾਨੂੰ ਨੁਕਸਾਨ ਪੁਚਾਉਣਾ ਚਾਹੁੰਦਾ ਹੋਵੇ, ਪਰ ਤੁਹਾਨੂੰ ਧੋਖਾ ਨਹੀਂ ਦੇਵੇਗਾ, ਜਿਹੜਾ ਵਿਅਕਤੀ ਤੁਹਾਡੀ ਚਾਪਲੂਸੀ ਕਰਦਾ ਹੋ ਸੱਕਦਾ ਤੁਹਾਨੂੰ ਪਿਆਰ ਨਾ ਕਰਦਾ ਹੋਵੇ।
ਜਦੋਂ ਤੁਹਾਡਾ ਢਿੱਡ ਭਰਿਆ ਹੁੰਦਾ ਤੁਸੀਂ ਸ਼ਹਿਦ ਖਾਣਾ ਵੀ ਪਸੰਦ ਨਹੀਂ ਕਰੋਂਗੇ ਪਰ ਕੌੜੀਆਂ ਚੀਜ਼ਾਂ ਵੀ ਸੁਆਦੀ ਲਗਦੀਆਂ ਹਨ ਜਦੋਂ ਤੁਸੀਂ ਭੁੱਖੇ ਹੁੰਦੇ ਹੋ।
ਜਿਹੜਾ ਬੰਦਾ ਆਪਣਾ ਘਰ ਛੱਡ ਦਿੰਦਾ ਅਤੇ ਇੱਧਰ-ਉਧੱਰ ਘੁੰਮਦਾ ਰਹਿੰਦਾ, ਉਹ ਚਿੜੀ ਵਰਗਾ ਹੈ ਜੋ ਆਪਣਾ ਆਲ੍ਹਣਾ ਤਿਆਗ ਦਿੰਦੀ ਹੈ।
ਅਤਰ ਅਤੇ ਖੁਸ਼ਬੂਦਾਰ ਧੂਫ਼ ਤੁਹਾਡੇ ਦਿਲ ਨੂੰ ਪ੍ਰਸੰਨ ਕਰਦੇ ਹਨ, ਪਰ ਦੋਸਤੀ ਦੀ ਮਿਠਾਸ ਸੱਚੀ ਸਲਾਹ ਤੋਂ ਉਤਪੰਨ ਹੁੰਦੀ ਹੈ।
10 ਆਪਣੇ ਅਤੇ ਆਪਣੇ ਪਿਤਾ ਦੇ ਮਿੱਤਰਾਂ ਨੂੰ ਕਦੇ ਨਾ ਵਿਸਾਰੋ। ਅਤੇ ਜੇ ਤੁਸੀਂ ਮੁਸੀਬਤ ਵਿੱਚ ਹੋ ਤਾਂ ਸਹਾਇਤਾ ਲਈ ਆਪਣੇ ਦੂਰ ਵਸਦੇ ਭਰਾ ਪਾਸ ਨਾ ਜਾਓ। ਹੱਥ ਜਿੰਨਾ ਦੂਰ ਗੁਆਂਢੀ, ਦੂਰ ਦੁਰਾਡੇ ਦੇ ਭਰਾ ਨਾਲੋਂ, ਬਿਹਤਰ ਹੈ।
11 ਮੇਰੇ ਬੇਟੇ, ਸਿਆਣੇ ਬਣੋ। ਇਸ ਨਾਲ ਮੈਨੂੰ ਖੁਸ਼ੀ ਮਿਲੇਗੀ। ਫ਼ੇਰ ਮੈਂ ਹਰ ਕਿਸੇ ਨੂੰ ਜਵਾਬ ਦੇ ਸੱਕਾਂਗਾ ਜੋ ਮੈਨੂੰ ਤਿਰਸੱਕਾਰਦਾ ਹੈ। ਮੈਂ ਉਪਯੁਕਤ ਜਵਾਬ ਦੇ ਸੱਕਦਾ ਹਾਂ।
12 ਇੱਕ ਸਿਆਣਾ ਆਦਮੀ ਮੁਸੀਬਤ ਨੂੰ ਵੇਖ ਕੇ ਇਸ ਤੋਂ ਪਰ੍ਹਾਂ ਹੋ ਜਾਂਦਾ, ਪਰ ਉਹ ਜਿਹੜੇ ਆਮ ਹੁੰਦੇ ਹਨ ਇਸਤੇ ਚੱਲ ਕੇ ਸੱਟ ਖਾਂਦੇ ਹਨ।
13 ਉਸ ਬੰਦੇ ਦਾ ਲਬਾਦਾ ਲੈ ਲਵੋ ਜੋ ਅਨਜਾਣੇ ਵਿਅਕਤੀ ਦੇ ਕਰਜੇ ਦੀ ਜਿੰਮੇਦਾਰੀ ਲੈਂਦਾ, ਪ੍ਰਪੱਕ ਕਰੋ ਕਿ ਤੁਸੀਂ ਉਸ ਵਿਅਕਤੀ ਤੋਂ ਕੁਝ ਗਿਰਵੀ ਰੱਖਵਾ ਲੈਂਦੇ ਹੋ ਜੋ ਅਨਜਾਣੀ ਔਰਤ ਦੀ ਜਿੰਮੇਦਾਰੀ ਚੁੱਕਦਾ।
14 ਜੇਕਰ ਕੋਈ ਸੁਵਖਤੇ ਹੀ ਉੱਚੀ-ਉੱਚੀ ਆਪਣੇ ਗੁਆਂਢੀ ਦੀ ਉਸਤਤ ਕਰਦਾ, ਇਹ ਉਸ ਲਈ ਇੰਝ ਕਰਾਰ ਦਿੱਤਾ ਜਾਵੇਗਾ ਜਿਵੇਂ ਉਹ ਉਸ ਨੂੰ ਸਰਾਪ ਰਿਹਾ ਹੋਵੇ।
15 ਉਹ ਪਤਨੀ ਜਿਹੜੀ ਹਮੇਸ਼ਾ ਲੜਾਈ ਝਗੜਾ ਕਰਨਾ ਪਸੰਦ ਕਰਦੀ ਹੈ ਉਸ ਪਾਣੀ ਵਰਗੀ ਹੈ ਜਿਹੜਾ ਬਰਸਾਤ ਦੇ ਦਿਨਾਂ ਵਿੱਚ ਟਪਕਣ ਤੋਂ ਨਹੀਂ ਹਟਦਾ। 16 ਉਸ ਨੂੰ ਰੋਕਣਾ ਓਨਾ ਹੀ ਔਖਾ ਜਿੰਨਾ ਹਵਾ ਨੂੰ ਵਗਣੋ ਰੋਕਣਾ ਜਾਂ ਤੇਲ ਨੂੰ ਹੱਥ ਵਿੱਚ ਫ਼ੜਨਾ।
17 ਲੋਕੀ ਲੋਹੇ ਦੀਆਂ ਛੜਾਂ ਨਾਲ ਚਾਕੂ ਤੇਜ਼ ਕਰਦੇ ਹਨ। ਇਸੇ ਤਰ੍ਹਾਂ ਲੋਕ ਇੱਕ ਦੂਸਰੇ ਕੋਲੋਂ ਸਿਖਦੇ ਹਨ, ਇੱਕ ਦੂਸਰੇ ਨੂੰ ਤੇਜ਼ ਕਰਦੇ ਹੋਏ।
18 ਜਿਹੜਾ ਬੰਦਾ ਅੰਜੀਰ ਦੇ ਰੁੱਖ ਦੀ ਦੇਖਭਾਲ ਕਰਦਾ ਹੈ ਉਹ ਉਸ ਦੇ ਫ਼ਲਾਂ ਨੂੰ ਵੀ ਮਾਣੇਗਾ। ਇਸੇ ਤਰ੍ਹਾਂ ਹੀ, ਜਿਹੜਾ ਬੰਦਾ ਆਪਣੇ ਸੁਆਮੀ ਦੀ ਕਾਮਨਾਵਾਂ ਨੂੰ ਸੁਰੱਖਿਤ ਕਰਦਾ ਹੈ, ਇੱਜ਼ਤ ਹਾਸਿਲ ਕਰੇਗਾ।
19 ਜਿਵੇਂ ਪਾਣੀ ਆਦਮੀ ਦੇ ਚਿਹਰੇ ਨੂੰ ਪ੍ਰਤਿਰੂਪ ਵਿਖਾਉਂਦਾ, ਇੰਝ ਹੀ ਦਿਲ ਆਦਮੀ ਦੇ ਚਰਿਤ੍ਰ ਨੂੰ ਪ੍ਰਤਿਰੂਪ ਵਿਖਾਉਂਦਾ ਹੈ।
20 ਲੋਕ ਤਾਂ ਬਸ ਕਬਰ ਵਰਗੇ ਹਨ। ਮੌਤ ਦਾ ਸਥਾਨ ਅਤੇ ਤਬਾਹੀ ਹਮੇਸ਼ਾ ਇਨ੍ਹਾਂ ਗੱਲਾਂ ਨੂੰ ਹੋਰ ਵੱਧੇਰੇ ਲੋਚਦੇ ਹਨ।
21 ਲੋਕੀ ਸੋਨੇ ਅਤੇ ਚਾਂਦੀ ਨੂੰ ਸ਼ੁਧ ਕਰਨ ਲਈ ਅੱਗ ਦੀ ਵਰਤੋਂ ਕਰਦੇ ਹਨ। ਇਸੇ ਤਰ੍ਹਾਂ ਬੰਦੇ ਦੀ ਪਰੱਖ ਲੋਕਾਂ ਵੱਲੋਂ ਮਿਲੀ ਉਸਤਤ ਨਾਲ ਹੁੰਦੀ ਹੈ।
22 ਤੁਸੀਂ ਕਿਸੇ ਮੂਰਖ ਨੂੰ ਪੀਹ ਸੱਕਦੇ ਹੋ, ਉਸ ਨੂੰ ਇੰਝ ਪੀਹ ਸੱਕਦੇ ਹੋ ਜਿਵੇਂ ਤੁਸੀਂ ਘੋਟਣੇ ਨਾਲ ਕਣਕ ਨੂੰ ਪੀਂਹਦੇ ਹੋ, ਪਰ ਤੁਸੀਂ ਉਸ ਵਿੱਚੋਂ ਉਸ ਦੀ ਮੂਰੱਖਤਾ ਕੱਢਣ ਵਿੱਚ ਸਫ਼ਲ ਨਹੀਂ ਹੋਵੋਂਗੇ।
23 ਪ੍ਰਪਕ ਕਰੋ ਕਿ ਤੁਸੀਂ ਆਪਣੀਆਂ ਭੇਡਾਂ ਦੀ ਹਾਲਤ ਬਾਰੇ ਜਾਣਦੇ ਹੋ, ਅਤੇ ਪਸ਼ੂਆ ਵੱਲ ਖਾਸ ਧਿਆਨ ਦਿਓ। 24 ਦੌਲਤ ਹਮੇਸ਼ਾ ਨਹੀਂ ਰਹਿੰਦੀ। ਇਸੇ ਤਰ੍ਹਾਂ ਹੀ ਤਾਜ ਇੱਕ ਪੀੜੀ ਤੋਂ ਅਗਲੀ ਪੀੜੀ ਤਾਈਂ ਨਹੀਂ ਜਾਂਦਾ। 25 ਜਦੋਂ ਤੁਸੀਂ ਸੁੱਕਾ ਘਾਹ ਇੱਕਤ੍ਰ ਕਰ ਲੈਂਦੇ ਹੋ ਅਤੇ ਤੱਦ ਤਾਜਾ ਘਾਹ ਪ੍ਰਗਟਦਾ ਹੈ ਅਤੇ ਤੁਸੀਂ ਫ਼ੇਰ ਤੋਂ ਪਹਾੜੀਆਂ ਤੋਂ ਘਾਹ ਇੱਕਤ੍ਰ ਕਰਦੇ ਹੋ। 26 ਫ਼ੇਰ ਤੁਹਾਡੇ ਲੇਲਿਆਂ ਦੀ ਉੱਨ ਤੁਹਾਨੂੰ ਕੱਪੜੇ ਪ੍ਰਦਾਨ ਕਰੇਗੀ ਅਤੇ ਤੁਸੀਂ ਬੱਕਰੀਆਂ ਵੇਚਕੇ ਜ਼ਮੀਨ ਖਰੀਦ ਸੱਕਦੇ ਹੋ। 27 ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਪੀਣ ਵਾਸਤੇ ਬੱਕਰੀ ਦਾ ਕਾਫ਼ੀ ਦੁੱਧ ਹੋਵੇਗਾ। ਇਹ ਤੁਹਾਡੀਆਂ ਨੌਕਰਾਣੀਆਂ ਨੂੰ ਸਿਹਤਮੰਦ ਬਣਾਵੇਗਾ।