ਪਤਰਸ ਦੀ ਪਹਿਲੀ ਪੱਤ੍ਰੀ
1
1 ਯਿਸੂ ਮਸੀਹ ਦੇ ਇੱਕ ਰਸੂਲ ਪਤਰਸ ਵੱਲੋਂ, ਸ਼ੁਭਕਾਮਨਾਵਾਂ ਪਰਮੇਸ਼ੁਰ ਦੇ ਉਨ੍ਹਾਂ ਚੁਣੇ ਹੋਏ ਲੋਕਾਂ ਨੂੰ ਜਿਹੜੇ ਆਪਣੇ ਘਰਾਂ ਤੋਂ ਦੂਰ ਹਨ। ਜਿਹੜੇ ਲੋਕ ਪੰਤੁਸ, ਗਲਾਤਿਯਾ, ਕੱਪਦੋਕੀਆ, ਅਸੀਆ ਅਤੇ ਬਿਥੁਨੀਯਾ ਦੇ ਇਲਾਕਿਆਂ ਵਿੱਚ ਫ਼ੈਲੇ ਹੋਏ ਹਨ।
2 ਪਰਮੇਸ਼ੁਰ ਨੇ ਤੁਹਾਨੂੰ ਆਪਣੇ ਪਵਿੱਤਰ ਲੋਕ ਬਣਾਕੇ ਚੁਣਨ ਦੀ ਯੋਜਨਾ ਬਹੁਤ ਪਹਿਲਾਂ ਬਣਾ ਲਈ ਸੀ। ਤੁਹਾਨੂੰ ਪਵਿੱਤਰ ਬਨਾਉਣਾ ਆਤਮਾ ਦਾ ਕਾਰਜ ਹੈ। ਪਰਮੇਸ਼ੁਰ ਚਾਹੁੰਦਾ ਸੀ ਕਿ ਤੁਸੀਂ ਉਸਦਾ ਹੁਕਮ ਮੰਨੋ ਅਤੇ ਯਿਸੂ ਮਸੀਹ ਦੇ ਲਹੂ ਰਾਹੀਂ ਸ਼ੁੱਧ ਹੋ ਜਾਵੋ।
ਕਾਸ਼ ਤੁਸੀਂ ਭਰਪੂਰ ਕਿਰਪਾ ਅਤੇ ਸ਼ਾਂਤੀ ਨਾਲ ਧੰਨ ਹੋਵੋ।
ਜਿਉਂਦੀ ਆਸ
3 ਪਰਮੇਸ਼ੁਰ ਅਤੇ ਸਾਡੇ ਪ੍ਰਭੂ ਯਿਸੂ ਮਸੀਹ ਦੇ ਪਿਤਾ ਦੀ ਉਸਤਤਿ ਹੋਵੇ। ਪਰਮੇਸ਼ੁਰ ਬਹੁਤ ਮਿਹਰਬਾਨ ਹੈ ਅਤੇ ਉਸਦੀ ਮਿਹਰ ਕਾਰਣ ਹੀ ਸਾਨੂੰ ਨਵਾਂ ਜੀਵਨ ਮਿਲਿਆ ਹੈ। ਇਹ ਨਵੀਂ ਜ਼ਿੰਦਗੀ ਸਾਡੇ ਲਈ ਯਿਸੂ ਮਸੀਹ ਦੇ ਮੌਤ ਤੋਂ ਜਿਵਾਲਣ ਰਾਹੀਂ ਜਿਉਂਦੀ ਆਸ ਲੈ ਕੇ ਆਈ ਹੈ।
4 ਹੁਣ ਅਸੀਂ ਪਰਮੇਸ਼ੁਰ ਦੀਆਂ ਅਸੀਸਾਂ ਦੀ ਉਮੀਦ ਰੱਖ ਸੱਕਦੇ ਹਾਂ ਜਿਹੜੀਆਂ ਉਸ ਨੇ ਉਸ ਦੇ ਬੱਚਿਆਂ ਲਈ ਰੱਖੀਆਂ ਹਨ। ਇਹ ਅਸੀਸਾਂ ਤੁਹਾਡੇ ਲਈ ਸਵਰਗ ਵਿੱਚ ਰੱਖੀਆਂ ਹੋਈਆਂ ਹਨ। ਉਹ ਨਾਂ ਹੀ ਬਰਬਾਦ ਤੇ ਨਾਂ ਹੀ ਨਾਸ਼ ਹੋ ਸੱਕਦੀਆਂ, ਨਾ ਹੀ ਉਹ ਆਪਣੀ ਸੁੰਦਰਤਾ ਗੁਆ ਸੱਕਦੀਆਂ ਹਨ।
5 ਪਰਮੇਸ਼ੁਰ ਦੀ ਸ਼ਕਤੀ ਤੁਹਾਨੂੰ ਤੁਹਾਡੀ ਨਿਹਚਾ ਰਾਹੀਂ ਉਦੋਂ ਤੱਕ ਸੁਰੱਖਿਅਤ ਰੱਖੇਗੀ ਜਦੋਂ ਤੱਕ ਤੁਸੀਂ ਮੁਕਤੀ ਪ੍ਰਾਪਤ ਨਹੀਂ ਕਰ ਲੈਂਦੇ। ਇਹ ਮੁਕਤੀ ਜੋ ਤਿਆਰ ਹੈ, ਤੁਹਾਨੂੰ ਅੰਤਲੇ ਸਮੇਂ ਵਿੱਚ ਦਿੱਤੀ ਜਾਵੇਗੀ।
6 ਇਸ ਨਾਲ ਤੁਹਾਨੂੰ ਬਹੁਤ ਖੁਸ਼ੀ ਹੁੰਦੀ ਹੈ। ਪਰ ਹੁਣ, ਬਸ ਥੋੜੇ ਹੀ ਸਮੇਂ ਲਈ, ਤੁਹਾਨੂੰ ਉਦਾਸ ਕਰਨ ਵਾਲੀਆਂ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਹੋ ਸੱਕਦੀਆਂ ਹਨ।
7 ਅਜਿਹੀਆਂ ਮੁਸ਼ਕਿਲਾਂ ਕਿਉਂ ਆਉਂਦੀਆਂ ਹਨ? ਇਹ ਸਾਬਤ ਕਰਨ ਲਈ ਕਿ ਤੁਹਾਡੀ ਨਿਹਚਾ ਸੱਚੀ ਹੈ। ਤੁਹਾਡੀ ਨਿਹਚਾ ਦੀ ਇਹ ਸ਼ੁੱਧਤਾ ਉਸ ਸੋਨੇ ਨਾਲੋਂ ਵੀ ਵੱਧ ਮੁੱਲਵਾਨ ਹੈ ਜਿਹੜਾ ਕਿ ਅੱਗ ਰਾਹੀਂ ਸ਼ੁੱਧ ਕਰਨ ਦੇ ਬਾਵਜ਼ੂਦ ਵੀ ਖੇਹ ਹੋ ਜਾਂਦਾ ਹੈ। ਤੁਹਾਡੀ ਨਿਹਚਾ ਦੀ ਸ਼ੁੱਧਤਾ ਤੁਹਾਨੂੰ ਉਦੋਂ ਉਸਤਤਿ ਮਹਿਮਾ ਅਤੇ ਸਤਿਕਾਰ ਦੇਵੇਗੀ ਜਦੋਂ ਯਿਸੂ ਮਸੀਹ ਪ੍ਰਗਟ ਹੋਵੇਗਾ।
8 ਤੁਸੀਂ ਮਸੀਹ ਨੂੰ ਨਹੀਂ ਦੇਖਿਆ ਪਰ ਫ਼ਿਰ ਵੀ ਤੁਸੀਂ ਉਸ ਨੂੰ ਪਿਆਰ ਕਰਦੇ ਹੋ। ਹੁਣ ਵੀ ਤੁਸੀਂ ਉਸ ਨੂੰ ਦੇਖ ਨਹੀਂ ਸੱਕਦੇ ਪਰ ਤੁਸੀਂ ਉਸ ਵਿੱਚ ਵਿਸ਼ਵਾਸ ਰੱਖਦੇ ਹੋ। ਤੁਸੀਂ ਇੰਨੇ ਖੁਸ਼ ਹੋ ਜਿਹੜੀ ਬਿਆਨ ਨਹੀਂ ਕੀਤੀ ਜਾ ਸੱਕਦੀ ਅਤੇ ਉਹ ਖੁਸ਼ੀ ਮਹਿਮਾ ਨਾਲ ਭਰੀ ਹੋਈ ਹੈ।
9 ਤੁਹਾਡੀ ਨਿਹਚਾ ਦਾ ਇੱਕ ਟੀਚਾ ਹੈ ਅਤੇ ਤੁਸੀਂ ਉਹ ਟੀਚਾ ਪ੍ਰਾਪਤ ਕਰ ਰਹੇ ਹੋਂ, ਜੋ ਕਿ ਤੁਹਾਡੀ ਮੁਕਤੀ ਹੈ।
10 ਨਬੀਆਂ ਨੇ ਇਸ ਮੁਕਤੀ ਬਾਰੇ ਬੜੇ ਧਿਆਨ ਨਾਲ ਤਲਾਸ਼ ਅਤੇ ਪੁੱਛ ਗਿੱਛ ਕੀਤੀ ਹੈ। ਉਹ ਉਸ ਕਿਰਪਾ ਬਾਰੇ ਬੋਲੇ ਜੋ ਤੁਸੀਂ ਪਰਮੇਸ਼ੁਰ ਤੋਂ ਪ੍ਰਾਪਤ ਕਰਨ ਵਾਲੇ ਸੀ।
11 ਇਨ੍ਹਾਂ ਨਬੀਆਂ ਵਿੱਚ ਮਸੀਹ ਦਾ ਆਤਮਾ ਸੀ। ਆਤਮਾ ਨੇ ਉਨ੍ਹਾਂ ਨੂੰ ਉਨ੍ਹਾਂ ਸਾਰੇ ਦੁੱਖਾਂ ਬਾਰੇ ਦੱਸਿਆ ਜੋ ਯਿਸੂ ਨੂੰ ਭੋਗਣੇ ਪੈਣਗੇ ਅਤੇ ਉਸ ਮਹਿਮਾ ਬਾਰੇ ਵੀ ਜੋ ਇਨ੍ਹਾਂ ਦੁੱਖਾਂ ਤੋਂ ਬਾਅਦ ਆਵੇਗੀ। ਨਬੀਆਂ ਨੇ ਉਹ ਸਮਝਣ ਦੀ ਕੋਸ਼ਿਸ਼ ਕੀਤੀ ਜੋ ਆਤਮਾ ਉਨ੍ਹਾਂ ਨੂੰ ਦਰਸ਼ਾ ਰਿਹਾ ਸੀ, ਯਾਨੀ ਕਿ, ਇਹ ਘਟਨਾਵਾਂ ਕਦੋਂ ਘਟਣਗੀਆਂ ਅਤੇ ਉਸ ਸਮੇਂ ਦੁਨੀਆਂ ਕਿਵੇਂ ਦੀ ਹੋਵੇਗੀ।
12 ਉਨ੍ਹਾਂ ਨਬੀਆਂ ਨੂੰ ਦਰਸ਼ਾ ਦਿੱਤਾ ਗਿਆ ਸੀ ਕਿ ਉਨ੍ਹਾਂ ਦੀ ਸੇਵਾ ਉਨ੍ਹਾਂ ਦੇ ਆਪਣੇ ਲਈ ਨਹੀਂ ਸੀ ਸਗੋਂ ਉਹ ਤੁਹਾਡੇ ਲਈ ਸੇਵਾ ਕਰ ਰਹੇ ਸਨ। ਇਨ੍ਹਾਂ ਲੋਕਾਂ ਨੇ, ਜਿਨ੍ਹਾਂ ਨੇ ਤੁਹਾਨੂੰ ਖੁਸ਼ਖਬਰੀ ਦਾ ਪ੍ਰਚਾਰ ਕੀਤਾ, ਉਹੀ ਗੱਲਾਂ ਕਹੀਆਂ। ਇਹ ਗੱਲਾਂ ਸਵਰਗ ਵੱਲੋਂ ਭੇਜੇ ਪਵਿੱਤਰ ਆਤਮਾ ਰਾਹੀਂ ਦਿੱਤੀਆਂ ਗਈਆਂ ਸਨ। ਦੂਤ ਵੀ ਉਨ੍ਹਾਂ ਗੱਲਾਂ ਬਾਰੇ ਜਾਨਣ ਲਈ ਉਤਸੁਕ ਸਨ ਜੋ ਤੁਹਾਨੂੰ ਦੱਸੀਆਂ ਗਈਆਂ ਹਨ।
ਪਵਿੱਤਰ ਜੀਵਨ ਲਈ ਸੱਦਾ
13 ਇਸ ਲਈ ਆਪਣੇ ਮਨਾਂ ਨੂੰ ਸੇਵਾ ਲਈ ਅਤੇ ਆਤਮਾ ਨੂੰ ਆਤਮ ਸੰਯਮ ਲਈ ਤਿਆਰ ਰੱਖੋ। ਤੁਹਾਡੀ ਸਾਰੀ ਆਸ਼ਾ ਉਸ ਕਿਰਪਾ ਦੀ ਦਾਤ ਉੱਤੇ ਹੋਣੀ ਚਾਹੀਦੀ ਹੈ ਜਿਹੜੀ ਤੁਹਾਨੂੰ ਉਦੋਂ ਮਿਲੇਗੀ ਜਦੋਂ ਯਿਸੂ ਮਸੀਹ ਪ੍ਰਗਟ ਹੋਵੇਗਾ।
14 ਕਿਉਂ ਕਿ ਬੀਤੇ ਦਿਨਾਂ ਵਿੱਚ ਤੁਸੀਂ ਇਸ ਸਭ ਬਾਰੇ ਕੁਹ ਵੀ ਨਹੀਂ ਜਾਣਦੇ ਸੀ, ਤੁਸੀਂ ਉਹ ਸਾਰੀਆਂ ਭਰਿਸ਼ਟ ਕਰਨੀਆਂ ਕੀਤੀਆਂ ਜੋ ਤੁਸੀਂ ਕਰਨੀਆਂ ਚਾਹੁੰਦੇ ਸੀ। ਪਰ ਹੁਣ ਤੁਸੀਂ ਪਰਮੇਸ਼ੁਰ ਦੇ ਆਗਿਆਕਾਰੀ ਬੱਚੇ ਹੋ। ਇਸ ਲਈ ਹੁਣ ਤੁਸੀਂ ਉਸ ਤਰ੍ਹਾਂ ਦਾ ਜੀਵਨ ਨਾ ਜੀਵੋ ਜਿਹੋ ਜਿਹਾ ਜੀਵਨ ਅਤੀਤ ਵਿੱਚ ਜਿਉਂਦੇ ਸੀ।
15 ਤੁਹਾਨੂੰ ਆਪਣੇ ਵਿਹਾਰ ਵਿੱਚ ਉਵੇਂ ਹੀ ਪਵਿੱਤਰ ਹੋਣਾ ਚਾਹੀਦਾ ਹੈ ਜਿਵੇਂ ਕਿ ਪਰਮੇਸ਼ੁਰ ਪਵਿੱਤਰ ਹੈ। ਪਰਮੇਸ਼ੁਰ ਹੀ ਹੈ ਜਿਸਨੇ ਤੁਹਾਨੂੰ ਸੱਦਿਆ ਹੈ।
16 ਇਹ ਪੋਥੀਆਂ ਵਿੱਚ ਲਿਖਿਆ ਹੈ: “ਉਵੇਂ ਪਵਿੱਤਰ ਬਣੋ ਜਿਵੇਂ ਮੈਂ ਪਵਿੱਤਰ ਹਾਂ।”
17 ਜਦੋਂ ਤੁਸੀਂ ਪਰਮੇਸ਼ੁਰ ਨੂੰ ਪ੍ਰਾਰਥਨਾ ਕਰੋ, ਤੁਸੀਂ ਉਸ ਨੂੰ ਆਪਣਾ ਪਿਤਾ ਬੁਲਾਓ। ਪਰਮੇਸ਼ੁਰ ਬਿਨਾ ਪੱਖਪਾਤ ਦੇ ਹਰ ਮਨੁੱਖ ਨੂੰ ਉਸ ਦੇ ਕੰਮਾਂ ਅਨੁਸਾਰ ਨਿਆਂ ਦਿੰਦਾ ਹੈ। ਇਸ ਲਈ, ਜਦੋਂ ਤੁਸੀਂ ਇਸ ਦੁਨੀਆਂ ਵਿੱਚ ਮੁਸਾਫ਼ਿਰਾਂ ਦੀ ਤਰ੍ਹਾਂ ਜੀਵੋ ਤਾਂ ਤੁਹਾਨੂੰ ਪਰਮੇਸ਼ੁਰ ਲਈ ਇੱਕ ਇੱਜ਼ਤ ਦੀ ਜ਼ਿੰਦਗੀ ਜਿਉਣੀ ਚਾਹੀਦੀ ਹੈ।
18 ਤੁਸੀਂ ਜਾਣਦੇ ਹੋ ਕਿ ਅਤੀਤ ਵਿੱਚ ਤੁਸੀਂ ਵਿਆਰਥ ਜੀਵਨ ਬਿਤਾ ਰਹੇ ਸੀ। ਇਹ ਜੀਵਨ ਢੰਗ ਤੁਸੀਂ ਆਪਣੇ ਪੁਰਖਿਆਂ ਤੋਂ ਸਿੱਖੇ ਸੀ। ਪਰ ਤੁਹਾਨੂੰ ਉਸ ਤਰ੍ਹਾਂ ਦੇ ਜੀਵਨ ਢੰਗ ਤੋਂ ਬਚਾ ਲਿਆ ਗਿਆ। ਤੁਹਾਨੂੰ ਖਰੀਦਿਆ ਗਿਆ ਹੈ ਪਰ ਸੋਨੇ ਅਤੇ ਚਾਂਦੀ ਨਾਲ ਨਹੀਂ ਜੋ ਨਸ਼ਟ ਹੋ ਜਾਂਦੇ ਹਨ।
19 ਤੁਹਾਨੂੰ ਮਸੀਹ ਦੇ ਅਨਮੋਲ ਲਹੂ ਨਾਲ ਖਰੀਦਿਆ ਗਿਆ ਹੈ ਜੋ ਕਿ ਇੱਕ ਸੰਪੂਰਣ ਅਤੇ ਸ਼ੁੱਧ ਲੇਲੇ ਵਾਂਗ ਕੁਰਬਾਨ ਕੀਤਾ ਗਿਆ ਸੀ।
20 ਮਸੀਹ ਨੂੰ ਉਦੋਂ ਚੁਣਿਆ ਗਿਆ ਸੀ ਜਦੋਂ ਹਾਲੇ ਦੁਨੀਆਂ ਵੀ ਨਹੀਂ ਬਣੀ ਸੀ ਪਰ ਉਸ ਨੂੰ ਤੁਹਾਡੇ ਲਈ ਇਨ੍ਹਾਂ ਅੰਤਲੇ ਸਮਿਆਂ ਵਿੱਚ ਪ੍ਰਗਟ ਕੀਤਾ ਗਿਆ।
21 ਤੁਸੀਂ ਮਸੀਹ ਦੇ ਰਾਹੀਂ ਪਰਮੇਸ਼ੁਰ ਵਿੱਚ ਨਿਹਚਾ ਰੱਖਦੇ ਹੋ। ਪਰਮੇਸ਼ੁਰ ਨੇ ਮਸੀਹ ਨੂੰ ਮੌਤ ਤੋਂ ਜਿਵਾਲਿਆ ਫ਼ਿਰ ਪਰਮੇਸ਼ੁਰ ਨੇ ਉਸ ਨੂੰ ਮਹਿਮਾ ਦਿੱਤੀ। ਇਸ ਲਈ ਤੁਹਾਡਾ ਨਿਹਚਾ ਅਤੇ ਤੁਹਾਡੀ ਆਸ ਪਰਮੇਸ਼ੁਰ ਵਿੱਚ ਹੈ।
22 ਹੁਣ ਤੁਸੀਂ ਸੱਚ ਨੂੰ ਮੰਨਕੇ ਆਪਣੇ ਆਪ ਨੂੰ ਸ਼ੁੱਧ ਬਣਾ ਲਿਆ ਹੈ। ਹੁਣ ਤੁਹਾਡੇ ਕੋਲ ਆਪਣੇ ਭਰਾਵਾਂ ਅਤੇ ਭੈਣਾਂ ਲਈ ਸੱਚਾ ਪ੍ਰੇਮ ਹੈ। ਇਸ ਲਈ ਇੱਕ ਦੂਸਰੇ ਨੂੰ ਡੂੰਘੇ ਪਿਆਰ ਅਤੇ ਸ਼ੁੱਧ ਦਿਲ ਨਾਲ ਪਿਆਰ ਕਰੋ।
23 ਤੁਹਾਡਾ ਪੁਨਰ ਜਨਮ ਹੋਇਆ ਹੈ। ਤੁਸੀਂ ਇਹ ਨਵਾਂ ਜੀਵਨ ਉਸ ਬੀਜ ਤੋਂ ਪ੍ਰਾਪਤ ਨਹੀਂ ਕੀਤਾ ਜੋ ਮਰ ਜਾਂਦਾ ਹੈ, ਸਗੋਂ ਉਸ ਬੀਜ ਤੋਂ ਜੋ ਹਮੇਸ਼ਾ ਸਥਿਰ ਰਹਿੰਦਾ ਹੈ। ਤੁਸੀਂ ਪਰਮੇਸ਼ੁਰ ਦੇ ਸੰਦੇਸ਼ ਕਾਰਣ ਫ਼ੇਰ ਜਨਮੇ ਸੀ ਜੋ ਜਿਉਂਦਾ ਹੈ ਅਤੇ ਸਦਾ ਰਹਿੰਦਾ ਹੈ।
24 ਕਿਉਂ ਕਿ ਪੋਥੀ ਦਾ ਕਥਨ ਹੈ,
“ਸਾਰੇ ਲੋਕ ਘਾਹ ਵਰਗੇ ਹਨ
ਅਤੇ ਉਨ੍ਹਾਂ ਦੀ ਮਹਿਮਾ ਜੰਗਲੀ ਫ਼ੁੱਲਾਂ ਵਰਗੀ ਹੈ।
ਘਾਹ ਸੁੱਕ ਜਾਂਦਾ ਹੈ,
ਅਤੇ ਫ਼ੁੱਲ ਝੜ ਜਾਂਦੇ ਹਨ।
25 ਪਰ ਪਰਮੇਸ਼ੁਰ ਦਾ ਸ਼ਬਦ ਹਮੇਸ਼ਾ ਰਹੇਗਾ।” ਯਸਾਯਾਹ 40:6-8
ਅਤੇ ਇਹ ਸ਼ਬਦ ਹੀ ਸੀ ਜਿਹੜਾ ਤੁਹਾਨੂੰ ਦਿੱਤਾ ਗਿਆ ਸੀ।