ਜਾਜਕਾਂ ਅਤੇ ਲੇਵੀਆਂ ਦਾ ਕਾਰਜ
18
1 ਯਹੋਵਾਹ ਨੇ ਹਾਰੂਨ ਨੂੰ ਆਖਿਆ, “ਤੂੰ, ਮੇਰੇ ਪੁੱਤਰ, ਅਤੇ ਤੇਰੇ ਪਿਤਾ ਦੇ ਪਰਿਵਾਰ ਦੇ ਸਮੂਹ ਦੇ ਬੰਦੇ, ਹੁਣ ਕਿਸੇ ਵੀ ਉਨ੍ਹਾਂ ਗਲਤ ਕਂਮਾ ਲਈ ਜ਼ਿੰਮੇਵਾਰ ਹੋ, ਜਿਹੜੇ ਪਵਿੱਤਰ ਸਥਾਨ ਦੇ ਵਿਰੁੱਧ ਕੀਤੇ ਜਾਂਦੇ ਹਨ।
2 ਆਪਣੇ ਪਰਿਵਾਰ-ਸਮੂਹ ਵਿੱਚੋਂ ਹੋਰਨਾ ਲੇਵੀਆਂ, ਆਪਣੇ ਭਰਾਵਾਂ ਨੂੰ ਵੀ ਆਪਣੇ ਨਾਲ ਸ਼ਾਮਿਲ ਕਰ ਲੈ। ਉਹ ਮੰਡਲੀ ਵਾਲੇ ਤੰਬੂ ਵਿੱਚ ਤੇਰੇ ਅਤੇ ਤੇਰੇ ਪੁੱਤਰਾਂ ਦੇ ਕੰਮ ਵਿੱਚ ਸਹਾਇਤਾ ਕਰਨਗੇ।
3 ਲੇਵੀ ਦੇ ਪਰਿਵਾਰ ਦੇ ਉਹ ਲੋਕ ਤੇਰੇ ਸਪੁਰਦ ਹਨ। ਉਹ ਤੰਬੂ ਵਿੱਚ ਕੀਤੇ ਜਾਣ ਵਾਲੇ ਸਮੂਹ ਕਂਮਾ ਨੂੰ ਕਰਨਗੇ। ਪਰ ਉਨ੍ਹਾਂ ਨੂੰ ਪਵਿੱਤਰ ਸਥਾਨ ਦੀਆਂ ਵਸਤਾਂ ਜਾਂ ਜਗਵੇਦੀ ਦੇ ਨੇੜੇ ਨਹੀਂ ਜਾਣਾ ਚਾਹੀਦਾ। ਜੇ ਉਹ ਜਾਣਗੇ ਤਾਂ ਮਾਰੇ ਜਾਣਗੇ-ਅਸੀਂ ਤੁਸੀਂ ਵੀ ਮਾਰੇ ਜਾਵਾਂਗੇ।
4 ਉਹ ਤੁਹਾਡੇ ਵਿੱਚ ਸ਼ਾਮਿਲ ਹੋਣਗੇ ਅਤੇ ਤੁਹਾਡੇ ਨਾਲ ਕੰਮ ਕਰਨਗੇ। ਉਹ ਮੰਡਲੀ ਵਾਲੇ ਤੰਬੂ ਦੀ ਸਾਂਭ-ਸੰਭਾਲ ਲਈ ਜ਼ਿੰਮੇਵਾਰ ਹੋਣਗੇ। ਜਿਹੜਾ ਵੀ ਕੰਮ ਤੰਬੂ ਵਿੱਚ ਕਰਨ ਵਾਲਾ ਹੋਵੇਗਾ ਉਹ ਉਨ੍ਹਾਂ ਰਾਹੀ ਹੀ ਕੀਤਾ ਜਾਵੇਗਾ। ਹੋਰ ਕੋਈ ਵੀ ਉੱਥੇ ਨਾ ਆਵੇ ਜਿੱਥੇ ਤੁਸੀਂ ਹੋ।
5 “ਤੁਸੀਂ ਪਵਿੱਤਰ ਸਥਾਨ ਅਤੇ ਜਗਵੇਦੀ ਦੀ ਸੇਵਾ ਸੰਭਾਲ ਲਈ ਜ਼ਿੰਮੇਵਾਰ ਹੋ। ਮੈਂ ਇਸਰਾਏਲ ਦੇ ਲੋਕਾਂ ਨਾਲ ਫ਼ੇਰ ਕਰੋਧਵਾਨ ਨਹੀਂ ਹੋਣਾ ਚਾਹੁੰਦਾ।
6 ਮੈਂ ਖੁਦ ਲੇਵੀਆਂ ਨੂੰ ਇਸਰਾਏਲੀਆਂ ਦਰਮਿਆਨੋ ਚੁਣਿਆ ਸੀ। ਮੈਂ ਉਨ੍ਹਾਂ ਨੂੰ ਯਹੋਵਾਹ ਦੀ ਸੇਵਾ ਕਰਨ ਅਤੇ ਮੰਡਲੀ ਵਾਲੇ ਤੰਬੂ ਵਿੱਚ ਕੰਮ ਕਰਨ ਵਾਸਤੇ ਤੁਹਾਨੂੰ ਦਿੱਤਾ ਹੈ।
7 ਪਰ, ਹਾਰੂਨ ਸਿਰਫ਼ ਤੂੰ ਅਤੇ ਤੇਰੇ ਪੁੱਤਰ ਹੀ ਜਾਜਕ ਵਜੋਂ ਸੇਵਾ ਕਰਨ। ਸਿਰਫ਼ ਤੁਸੀਂ ਹੀ ਹੋ ਜਿਹੜੇ ਜਗਵੇਦੀ ਦੇ ਨੇੜੇ ਜਾ ਸੱਕਦੇ ਹੋ। ਸਿਰਫ਼ ਤੁਸੀਂ ਹੀ ਹੋ ਜਿਹੜੇ ਪਰਦੇ ਅੰਦਰ ਅੱਤ ਪਾਵਨ ਸਥਾਨ ਵਿੱਚ ਜਾ ਸੱਕਦੇ ਹੋ। ਮੈਂ ਤੁਹਾਨੂੰ ਇੱਕ ਸੁਗਾਤ ਦੇ ਰਿਹਾ ਹਾਂ-ਤੁਹਾਡੀ ਜਾਜਕ ਵਜੋਂ ਸੇਵਾ ਨੂੰ। ਹੋਰ ਕੋਈ ਵੀ ਜਿਹੜਾ ਮੇਰੇ ਪਵਿੱਤਰ ਸਥਾਨ ਦੇ ਨੇੜੇ ਆਵੇਗਾ, ਅਵੱਸ਼ ਮਾਰਿਆ ਜਾਏਗਾ।”
8 ਫ਼ੇਰ ਯਹੋਵਾਹ ਨੇ ਹਾਰੂਨ ਨੂੰ ਆਖਿਆ, “ਮੈਂ ਖੁਦ ਉਨ੍ਹਾਂ ਖਾਸ ਸੁਗਾਤਾਂ ਦੀ ਜ਼ਿੰਮੇਵਾਰੀ ਤੈਨੂੰ ਦਿੱਤੀ ਸੀ ਜਿਹੜੀਆਂ ਲੋਕ ਮੈਨੂੰ ਦਿੰਦੇ ਹਨ। ਉਹ ਸਾਰੀਆਂ ਪਵਿੱਤਰ ਸੁਗਾਤਾ ਜਿਹੜੀਆਂ ਇਸਰਾਏਲ ਦੇ ਲੋਕ ਮੈਨੂੰ ਦਿੰਦੇ ਹਨ, ਮੈਂ ਤੈਨੂੰ ਦਿੰਦਾ ਹਾਂ। ਤੂੰ ਅਤੇ ਤੇਰੇ ਪੁੱਤਰ ਇਨ੍ਹਾਂ ਸੁਗਾਤਾਂ ਵਿੱਚੋਂ ਹਿੱਸਾ ਲੈ ਸੱਕਦੇ ਹੋ। ਉਹ ਹਮੇਸ਼ਾ ਤੁਹਾਡੀਆਂ ਹੀ ਰਹਿਣਗੀਆਂ।
9 ਲੋਕੀ ਬਲੀਆਂ, ਅਨਾਜ ਦੀਆਂ ਭੇਟਾ, ਪਾਪ ਦੀਆਂ ਭੇਟਾ ਅਤੇ ਦੋਸ਼ ਦੀਆਂ ਭੇਟਾ ਲੈ ਕੇ ਆਉਣਗੇ। ਇਹ ਭੇਟਾ ਅੱਤ ਪਵਿੱਤਰ ਹਨ। ਇਨ੍ਹਾਂ ਸਾਰੀਆਂ ਪਵਿੱਤਰ ਭੇਟਾ ਵਿੱਚੋਂ ਤੁਹਾਡਾ ਹਿੱਸਾ ਅੱਗ ਵਿੱਚ ਨਾ ਪਾਏ ਹੋਏ ਹਿੱਸੇ ਹੋਣਗੇ। ਇਹ ਸਾਰੀਆਂ ਵਸਤਾਂ ਤੇਰੇ ਅਤੇ ਤੇਰੇ ਪੁੱਤਰਾਂ ਲਈ ਹੋਣਗੀਆਂ।
10 ਅੱਤ ਪਵਿੱਤਰ ਸਥਾਨ ਉੱਤੇ ਸਿਰਫ਼ ਉਹੀ ਚੀਜ਼ਾਂ ਛਕਣੀਆਂ। ਤੁਹਾਡੇ ਪਰਿਵਾਰ ਦਾ ਹਰ ਮਰਦ ਉਨ੍ਹਾਂ ਨੂੰ ਛਕੇਗਾ ਪਰ ਤੁਹਾਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ ਉਹ ਭੇਟਾ ਪਵਿੱਤਰ ਹਨ।
11 “ਅਤੇ ਉਸ ਸਾਰੀਆਂ ਸੁਗਾਤਾਂ ਜਿਹੜੀਆਂ ਇਸਰਾਏਲ ਦੇ ਲੋਕ, ਹਿਲਾਉਣ ਦੀ ਭੇਟ ਵਜੋਂ ਦਿੰਦੇ ਹਨ, ਉਹ ਵੀ ਤੁਹਾਡੀਆਂ ਹੋਣਗੀਆਂ। ਇਹ ਮੈਂ ਤੈਨੂੰ ਤੇਰੇ ਧੀਆਂ-ਪੁੱਤਰਾਂ ਨੂੰ ਦਿੰਦਾ ਹਾਂ। ਇਹ ਤੁਹਾਡਾ ਹਿੱਸਾ ਹੈ। ਤੁਹਾਡੇ ਪਰਿਵਾਰ ਦਾ ਹਰ ਉਹ ਜੀਅ ਜਿਹੜਾ ਸਾਫ਼-ਸੁਥਰਾ ਹੈ, ਇਸ ਨੂੰ ਖਾ ਸੱਕੇਗਾ।
12 “ਅਤੇ ਮੈਂ ਤੁਹਾਨੂੰ ਸਭ ਤੋਂ ਉੱਤਮ ਜੈਤੂਨ ਦਾ ਤੇਲ ਅਤੇ ਸਭ ਤੋਂ ਚੰਗੀ ਨਵੀਂ ਮੈਅ ਅਤੇ ਅਨਾਜ ਤੁਹਾਨੂੰ ਦਿੰਦਾ ਹਾਂ। ਇਹ ਉਹ ਚੀਜ਼ਾਂ ਹਨ ਜਿਹੜੀਆਂ ਇਸਰਾਏਲ ਲੋਕ ਮੈਨੂੰ, ਯਹੋਵਾਹ ਨੂੰ ਦਿੰਦੇ ਹਨ। ਇਹ ਉਨ੍ਹਾਂ ਦੀ ਫ਼ਸਲ ਦੀਆਂ ਸਭ ਤੋਂ ਪਹਿਲੀਆਂ ਚੀਜ਼ਾਂ ਹਨ।
13 ਜਦੋਂ ਵੀ ਲੋਕ ਆਪਣੀ ਫ਼ਸਲ ਵਢਦੇ ਹਨ, ਉਹ ਪਹਿਲੀਆਂ ਚੀਜ਼ਾਂ ਯਹੋਵਾਹ ਨੂੰ ਚੜ੍ਹਾਉਂਦੇ ਹਨ। ਇਸ ਲਈ ਇਹ ਚੀਜ਼ਾਂ ਮੈਂ ਤੁਹਾਨੂੰ ਦੇਵਾਂਗਾ। ਤੁਹਾਡੇ ਪਰਿਵਾਰ ਦਾ ਹਰ ਸਦੱਸ ਜਿਹੜਾ ਪਵਿੱਤਰ ਹੈ, ਇਸ ਨੂੰ ਖਾ ਸੱਕਦਾ ਹੈ।
14 “ਇਸਰਾਏਲ ਦੀ ਹਰ ਉਹ ਚੀਜ਼ ਜਿਹੜੀ ਯਹੋਵਾਹ ਨੂੰ ਚੜ੍ਹਾਈ ਜਾਵੇਗੀ ਉਹ ਤੁਹਾਡੀ ਹੋਵੇਗੀ।
15 “ਯਹੋਵਾਹ ਨੂੰ ਦਿੱਤਾ ਹੋਇਆ ਕਿਸੇ ਔਰਤ ਅਤੇ ਕਿਸੇ ਜਾਨਵਰ ਦਾ ਪਲੋਠਾ ਤੁਹਾਡਾ ਹੈ। ਜੇਕਰ ਪਲੋਠਾ ਪਸ਼ੂ ਨਾਪਾਕ ਹੈ, ਤਾਂ ਇਸ ਨੂੰ ਛੁਡਾਕੇ ਵਾਪਸ ਲਿਆ ਜਾਣਾ ਚਾਹੀਦਾ ਹੈ। ਜੇਕਰ ਪਲੋਠਾ ਮਨੁੱਖ ਦਾ ਬੱਚਾ ਹੈ, ਇਸ ਨੂੰ ਛੁਡਾਕੇ ਵਾਪਸ ਲਿਆ ਜਾਣਾ ਚਾਹੀਦਾ ਹੈ।
16 ਜਦੋਂ ਬੱਚਾ ਇੱਕ ਮਹੀਨੇ ਦਾ ਹੋਵੇ, ਉਨ੍ਹਾਂ ਨੂੰ ਮੁੱਲ ਜ਼ਰੂਰ ਤਾਰਨਾ ਚਾਹੀਦਾ ਹੈ। ਮੁੱਲ, ਦੋ ਔਂਸ ਚਾਂਦੀ ਹੋਵੇਗੀ ਅਤੇ ਇਹ ਤੁਹਾਡੇ ਦੁਆਰਾ ਸਰਕਾਰੀ ਨਾਪ ਅਨੁਸਾਰ ਤੋਂਲੀ ਜਾਣੀ ਚਾਹੀਦੀ ਹੈ। ਸਰਕਾਰੀ ਨਾਪ ਅਨੁਸਾਰ, ਇੱਕ ਸ਼ੈਕਲ 20 ਗੇਰਾਹ ਦਾ ਹੁੰਦਾ ਹੈ।
17 “ਪਰ ਤੁਹਾਨੂੰ ਪਲੋਠੀ ਦੀ ਗਊ, ਭੇਡ ਜਾਂ ਬੱਕਰੀ ਲਈ ਕੀਮਤ ਅਦਾ ਨਹੀਂ ਕਰਨੀ ਚਾਹੀਦੀ। ਇਹ ਜਾਨਵਰ ਪਵਿੱਤਰ ਹਨ। ਉਨ੍ਹਾਂ ਦਾ ਖੂਨ ਜਗਵੇਦੀ ਉੱਤੇ ਛਿੜਕੋ ਅਤੇ ਉਨ੍ਹਾਂ ਦੀ ਚਰਬੀ ਨੂੰ ਸਾੜੋ ਇਹ ਹੋਮ ਦੀ ਭੇਟ ਹੈ। ਇਸਦੀ ਸੁਗੰਧੀ ਯਹੋਵਾਹ ਨੂੰ ਪ੍ਰਸੰਨ ਕਰਦੀ ਹੈ।
18 ਪਰ ਇਨ੍ਹਾਂ ਜਾਨਵਰਾ ਦਾ ਮਾਸ ਤੁਹਾਡਾ ਹੋਵੇਗਾ। ਅਤੇ ਹਿਲਾਉਣ ਦੇ ਭੇਟ ਦਾ ਸੀਨਾ ਤੁਹਾਡਾ ਹੋਵੇਗਾ। ਅਤੇ ਹੋਰਨਾ ਭੇਟਾ ਵਿੱਚੋਂ ਸੱਜਾ ਪੱਟ ਤੁਹਾਡਾ ਹੋਵੇਗਾ।
19 ਉਹ ਸਾਰੀਆਂ ਚੀਜ਼ਾਂ ਜਿਹੜੀਆਂ ਲੋਕ ਪਵਿੱਤਰ ਭੇਟਾ ਵਜੋਂ ਚੜ੍ਹਾਉਂਦੇ ਹਨ, ਮੈਂ, ਯਹੋਵਾਹ, ਉਹ ਤੁਹਾਨੂੰ, ਤੁਹਾਡੇ ਪੁੱਤਰਾਂ ਅਤੇ ਤੁਹਾਡੀਆਂ ਧੀਆਂ ਨੂੰ ਦਿੰਦਾ ਹਾਂ। ਇਹ ਤੁਹਾਡਾ ਹਿੱਸਾ ਹੈ। ਇਹ ਬਿਧੀ ਸਦਾ ਜਾਰੀ ਰਹੇਗੀ। ਇਹ ਯਹੋਵਾਹ ਨਾਲ ਕੀਤਾ ਹੋਇਆ ਇਕਰਾਰਨਾਮਾ ਹੈ ਜਿਹੜਾ ਤੋੜਿਆ ਨਹੀਂ ਜਾ ਸੱਕਦਾ। ਇਹ ਇਕਰਾਰ ਮੈਂ ਤੇਰੇ ਅਤੇ ਤੇਰੇ ਉੱਤਰਾਧਿਕਾਰੀਆਂ ਨਾਲ ਕਰਦਾ ਹਾਂ।”
20 ਯਹੋਵਾਹ ਨੇ ਹਾਰੂਨ ਨੂੰ ਇਹ ਵੀ ਆਖਿਆ, “ਤੁਹਾਨੂੰ ਕੋਈ ਜ਼ਮੀਨ ਨਹੀਂ ਮਿਲੇਗੀ। ਅਤੇ ਕੋਈ ਵੀ ਚੀਜ਼ ਜਿਹੜੀ ਲੋਕਾਂ ਦੀ ਮਲਕੀਅਤ ਹੈ ਉਹ ਤੁਹਾਡੀ ਮਲਕੀਅਤ ਨਹੀਂ ਹੋਵੇਗੀ। ਮੈਂ, ਯਹੋਵਾਹ, ਤੁਹਾਡਾ ਹੋਵਾਂਗਾ। ਇਸਰਾਏਲ ਦੇ ਲੋਕਾਂ ਨੂੰ ਉਹ ਜ਼ਮੀਨ ਮਿਲੇਗੀ ਜਿਸਦਾ ਮੈਂ ਇਕਰਾਰ ਕੀਤਾ ਹੈ। ਪਰ ਤੁਹਾਡੇ ਲਈ ਮੈਂ, ਖੁਦ ਹੀ ਇੱਕ ਸੁਗਾਤ ਹਾਂ।
21 “ਇਸਰਾਏਲ ਦੇ ਲੋਕ ਆਪਣੇ ਹਰੇਕ ਧਨ ਦਾ ਦਸਵੰਧ ਦੇਣਗੇ। ਇਸ ਲਈ ਉਹ ਦਸਵੰਧ ਮੈਂ ਲੇਵੀ ਦੇ ਸਮੂਹ ਉੱਤਰਾਧਿਕਾਰੀਆਂ ਨੂੰ ਦਿੰਦਾ ਹਾਂ। ਇਹ ਉਨ੍ਹਾਂ ਦੇ ਮੰਡਲੀ ਵਾਲੇ ਤੰਬੂ ਵਿੱਚ ਕੀਤੇ ਕੰਮ ਦੀ ਤਨਖਾਹ ਹੈ।
22 ਪਰ ਇਸਰਾਏਲ ਦੇ ਹੋਰਨਾਂ ਲੋਕਾਂ ਵਿੱਚੋਂ ਕਿਸੇ ਨੂੰ ਵੀ ਮੰਡਲੀ ਵਾਲੇ ਤੰਬੂ ਦੇ ਨੇੜੇ ਨਹੀਂ ਜਾਣਾ ਚਾਹੀਦਾ। ਜੇ ਉਹ ਜਾਣਗੇ, ਤਾਂ ਉਨ੍ਹਾਂ ਨੂੰ ਅਵੱਸ਼ ਹੀ ਮਾਰ ਦਿੱਤਾ ਜਾਵੇ!
23 ਉਹ ਲੇਵੀ ਜਿਹੜੇ ਮੰਡਲੀ ਵਾਲੇ ਤੰਬੂ ਵਿੱਚ ਕੰਮ ਕਰਦੇ ਹਨ, ਉਨ੍ਹਾਂ ਨੂੰ ਇਸਦੇ ਵਿਰੁੱਧ ਕੀਤੇ ਗਏ ਕਿਸੇ ਵੀ ਪਾਪ ਦੀ ਸਜ਼ਾ ਭੁਗਤਣੀ ਚਾਹੀਦੀ ਹੈ। ਇਹ ਉਹ ਬਿਧੀ ਹੈ ਜਿਹੜੀ ਹਮੇਸ਼ਾ ਲਈ ਜਾਰੀ ਰਹੇਗੀ। ਲੇਵੀਆਂ ਨੂੰ ਕੋਈ ਜ਼ਮੀਨ ਨਹੀਂ ਮਿਲੇਗੀ ਜਿਸਦਾ ਮੈਂ ਇਸਰਾਏਲ ਦੇ ਹੋਰਨਾਂ ਲੋਕਾਂ ਨਾਲ ਇਕਰਾਰ ਕੀਤਾ ਸੀ।
24 ਪਰ ਇਸਰਾਏਲ ਦੇ ਲੋਕ ਆਪਣੀ ਹਰ ਚੀਜ਼ ਵਿੱਚੋਂ ਦਸਵੰਧ ਕੱਢ ਕੇ ਮੈਨੂੰ ਦੇਣਗੇ। ਅਤੇ ਮੈਂ ਉਹ ਦਸਵੰਧ ਲੇਵੀਆਂ ਨੂੰ ਦੇ ਦੇਵਾਂਗਾ। ਇਹੀ ਕਾਰਣ ਹੈ ਕਿ ਮੈਂ ਲੇਵੀਆਂ ਬਾਰੇ ਇਹ ਸ਼ਬਦ ਆਖੇ ਹਨ: ਉਨ੍ਹਾਂ ਲੋਕਾਂ ਨੂੰ ਉਸ ਧਰਤੀ ਦਾ ਕੋਈ ਹਿੱਸਾ ਨਹੀਂ ਮਿਲੇਗਾ ਜਿਸਦਾ ਮੈਂ ਇਸਰਾਏਲ ਦੇ ਲੋਕਾਂ ਨਾਲ ਇਕਰਾਰ ਕੀਤਾ ਸੀ।”
25 ਯਹੋਵਾਹ ਨੇ ਮੂਸਾ ਨੂੰ ਆਖਿਆ,
26 “ਲੇਵੀ ਲੋਕਾਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਦੱਸ: ਇਸਰਾਏਲ ਦੇ ਲੋਕ ਆਪਣੀ ਹਰ ਚੀਜ਼ ਵਿੱਚੋਂ ਦਸਵੰਧ ਕੱਢ ਕੇ ਯਹੋਵਾਹ ਨੂੰ ਦੇਣਗੇ। ਉਹ ਦਸਵੰਧ ਲੇਵੀ ਲੋਕਾਂ ਦਾ ਹੋਵੇਗਾ। ਪਰ ਤੁਹਾਨੂੰ ਉਸਦਾ ਦਸਵਾ ਹਿੱਸਾ ਯਹੋਵਾਹ ਨੂੰ ਭੇਟ ਵਜੋਂ ਦੇਣਾ ਚਾਹੀਦਾ।
27 ਜਦੋਂ ਫ਼ਸਲਾਂ ਦੀ ਵਾਢੀ ਹੋਵੇਗੀ, ਤੁਹਾਨੂੰ ਪੀਸੇ ਹੋਏ ਦਾਣਿਆ ਤੋਂ ਅਨਾਜ ਅਤੇ ਕੋਲੂ ਤੋਂ ਨਵੀਂ ਮੈਅ ਵੀ ਮਿਲੇਗੀ। ਫ਼ੇਰ ਇਹ ਵੀ ਤੁਹਾਡੀ ਯਹੋਵਾਹ ਨੂੰ ਭੇਟ ਹੋਵੇਗੀ।
28 ਇਸ ਤਰ੍ਹਾਂ ਤੁਸੀਂ ਵੀ ਇਸਰਾਏਲ ਦੇ ਹੋਰਨਾਂ ਲੋਕਾਂ ਵਾਂਗ ਯਹੋਵਾਹ ਨੂੰ ਭੇਟ ਚੜ੍ਹਾਉਗੇ। ਤੁਸੀਂ ਇਸਰਾਏਲ ਦੇ ਲੋਕਾਂ ਵੱਲੋਂ ਯਹੋਵਾਹ ਨੂੰ ਦਿੱਤੇ ਦਸਵੰਧ ਨੂੰ ਪ੍ਰਾਪਤ ਕਰੋਂਗੇ। ਫ਼ੇਰ ਤੁਸੀਂ ਉਸਦਾ ਦਸਵਾਂ ਹਿੱਸਾ ਜਾਜਕ ਹਾਰੂਨ ਨੂੰ ਦੇਵੋਂਗੇ।
29 ਜਦੋਂ ਤੁਹਾਨੂੰ ਇਸਰਾਏਲ ਦੇ ਲੋਕ ਆਪਣੀ ਹਰ ਚੀਜ਼ ਵਿੱਚੋਂ ਦਸਵੰਧ ਕੱਢ ਕੇ ਦੇਣ, ਤਾਂ ਤੁਹਾਨੂੰ ਉਨ੍ਹਾਂ ਚੀਜ਼ਾਂ ਵਿੱਚੋਂ ਸਭ ਤੋਂ ਉੱਤਮ ਅਤੇ ਪਵਿੱਤਰ ਹਿੱਸੇ ਦੀ ਚੋਣ ਕਰਨੀ ਚਾਹੀਦੀ ਹੈ। ਇਹ ਉਹ ਦਸਵੰਧ ਹੈ ਜਿਹੜਾ ਤੁਸੀਂ ਯਹੋਵਾਹ ਨੂੰ ਦਿੰਦੇ ਹੋ।
30 “ਮੂਸਾ, ਲੇਵੀ ਲੋਕਾਂ ਨੂੰ ਆਖ; ਇਸਰਾਏਲ ਦੇ ਲੋਕ ਤੁਹਾਨੂੰ ਆਪਣੀ ਫ਼ਸਲ ਅਤੇ ਆਪਣੀ ਮੈਅ ਵਿੱਚੋਂ ਦਸਵੰਧ ਕੱਢ ਕੇ ਦੇਣਗੇ। ਫ਼ੇਰ ਤੁਸੀਂ ਉਸਦਾ ਸਭ ਤੋਂ ਚੰਗਾ ਹਿੱਸਾ ਯਹੋਵਾਹ ਨੂੰ ਦੇਵੋਂਗੇ।
31 ਬਾਕੀ ਜੋ ਵੀ ਬਚੇ ਤੁਸੀਂ ਅਤੇ ਤੁਹਾਡੇ ਪਰਿਵਾਰ ਖਾ ਸੱਕਦੇ ਹਨ। ਇਹ ਤੁਹਾਡੀ ਮੰਡਲੀ ਵਾਲੇ ਤੰਬੂ ਵਿੱਚ ਕੀਤੀ ਸੇਵਾ ਦਾ ਫ਼ਲ ਹੈ।
32 ਤੇ ਜੇ ਤੁਸੀਂ ਹਮੇਸ਼ਾ ਇਸਦਾ ਸਭ ਤੋਂ ਚੰਗਾ ਹਿੱਸਾ ਯਹੋਵਾਹ ਨੂੰ ਭੇਟ ਕਰੋਂਗੇ ਤਾਂ ਤੁਸੀਂ ਕਦੇ ਵੀ ਦੋਸ਼ੀ ਨਹੀਂ ਹੋ ਸੱਕਦੇ। ਤੁਸੀਂ ਹਮੇਸ਼ਾ ਚੇਤੇ ਰੱਖੋਂਗੇ ਕਿ ਇਹ ਸੁਗਾਤਾਂ ਇਸਰਾਏਲ ਦੇ ਲੋਕਾਂ ਵੱਲੋਂ ਪਵਿੱਤਰ ਭੇਟਾ ਹਨ। ਅਤੇ ਤੁਸੀਂ ਮਾਰੇ ਨਹੀਂ ਜਾਵੋਂਗੇ।”