ਕੁਝ ਆਗੂ ਮੂਸਾ ਦੇ ਖਿਲਾਫ਼ ਹੋ ਜਾਂਦੇ ਹਨ
16
ਕੋਰਹ, ਦਾਥਾਨ, ਅਬੀਰਾਮ ਅਤੇ ਓਨ ਮੂਸਾ ਦੇ ਵਿਰੁੱਧ ਹੋ ਗਏ। (ਕੋਰਹ ਯਿਸਹਾਰ ਦਾ ਪੁੱਤਰ ਸੀ। ਯਿਸਹਾਰ ਕਹਾਥ ਦਾ ਪੁੱਤਰ ਸੀ। ਅਤੇ ਕਹਾਥ ਲੇਵੀ ਦਾ ਪੁੱਤਰ ਸੀ। ਦਾਥਾਨ ਅਤੇ ਅਬੀਰਾਮ, ਅਲੀਆਬ ਦੇ ਪੁੱਤਰ ਭਰਾ ਸਨ। ਅਤੇ ਓਨ, ਪਲਤ ਦਾ ਪੁੱਤਰ ਸੀ। ਦਾਥਾਨ, ਅਬੀਰਾਮ ਅਤੇ ਓਨ ਰਊਬੇਨ ਦੇ ਉੱਤਰਾਧਿਕਾਰੀ ਸਨ।) ਉਨ੍ਹਾਂ ਚਹੁੰਆਂ ਆਦਮੀਆਂ ਨੇ ਇਸਰਾਏਲ ਦੇ 250 ਹੋਰ ਆਦਮੀ ਇਕੱਠੇ ਕਰ ਲਏ ਅਤੇ ਮੂਸਾ ਦੇ ਵਿਰੁੱਧ ਹੋਕੇ ਆ ਗਏ। ਉਹ ਲੋਕਾਂ ਵੱਲੋਂ ਚੁਣੇ ਹੋਏ ਆਗੂ ਸਨ। ਸਾਰੇ ਲੋਕ ਉਨ੍ਹਾਂ ਨੂੰ ਜਾਣਦੇ ਸਨ। ਉਹ ਮੂਸਾ ਅਤੇ ਹਾਰੂਨ ਦੇ ਵਿਰੁੱਧ ਬੋਲਣ ਲਈ ਇੱਕ ਟੋਲੇ ਵਿੱਚ ਆਏ ਅਤੇ ਉਨ੍ਹਾਂ ਨੂੰ ਆਖਿਆ, “ਤੁਸੀਂ ਬਹੁਤ ਦੂਰ ਚੱਲੇ ਗਏ ਹੋ! ਇਸਰਾਏਲ ਦੇ ਸਾਰੇ ਲੋਕ ਪਵਿੱਤਰ ਹਨ ਅਤੇ ਯਹੋਵਾਹ ਉਨ੍ਹਾਂ ਦੇ ਦਰਮਿਆਨ ਹੈ! ਤੁਸੀਂ ਆਪਣੇ-ਆਪ ਨੂੰ ਯਹੋਵਾਹ ਦੇ ਹੋਰਨਾਂ ਲੋਕਾਂ ਨਾਲੋਂ ਵੱਧੇਰੇ ਮਹੱਤਵਪੂਰਣ ਬਣਾ ਰਹੇ ਹੋ।”
ਜਦੋਂ ਮੂਸਾ ਨੇ ਇਹ ਗੱਲਾਂ ਸੁਣੀਆ, ਉਸ ਨੇ ਆਪਣਾ ਸਿਰ ਧਰਤੀ ਵੱਲ ਝੁਕਾ ਦਿੱਤਾ, ਇਹ ਦਰਸਾਉਣ ਲਈ ਕਿ ਉਹ ਗੁਮਾਨੀ ਨਹੀਂ ਸੀ। ਫ਼ੇਰ ਮੂਸਾ ਨੇ ਕੋਰਹ ਅਤੇ ਉਸ ਦੇ ਸਾਰੇ ਅਨੁਯਾਈਆਂ ਨੂੰ ਆਖਿਆ, “ਕੱਲ੍ਹ ਸਵੇਰੇ ਯਹੋਵਾਹ ਦਰਸਾ ਦੇਵੇਗਾ ਕਿ ਕਿਹੜਾ ਬੰਦਾ ਸੱਚ ਮੁੱਚ ਉਸਦਾ ਹੈ। ਯਹੋਵਾਹ ਦਰਸਾ ਦੇਵੇਗਾ ਕਿ ਕਿਹੜਾ ਬੰਦਾ ਸੱਚ ਮੁੱਚ ਪਵਿੱਤਰ ਹੈ। ਅਤੇ ਯਹੋਵਾਹ ਉਸ ਬੰਦੇ ਨੂੰ ਆਪਣੇ ਨੇੜੇ ਲੈ ਆਵੇਗਾ। ਯਹੋਵਾਹ ਉਸ ਬੰਦੇ ਨੂੰ ਚੁਣ ਲਵੇਗਾ, ਅਤੇ ਯਹੋਆਹ ਉਸ ਬੰਦੇ ਨੂੰ ਆਪਣੇ ਨੇੜੇ ਲੈ ਆਵੇਗਾ। ਇਸ ਲਈ ਕੋਰਹ, ਤੁਹਾਨੂੰ ਅਤੇ ਤੁਹਾਡੇ ਸਾਰੇ ਅਨੁਯਾਈਆਂ ਨੂੰ ਇਹ ਗੱਲ ਕਰਨੀ ਚਾਹੀਦੀ ਹੈ: ਕੁਝ ਖਾਸ ਭਾਂਡਿਆਂ ਵਿੱਚ ਧੂਫ਼ ਅਤੇ ਅੱਗ ਪਾਉ ਅਤੇ ਉਨ੍ਹਾਂ ਨੂੰ ਯਹੋਵਾਹ ਦੇ ਸਾਹਮਣੇ ਲਿਆਉ। ਯਹੋਵਾਹ ਉਸ ਬੰਦੇ ਦੀ ਚੋਣ ਕਰ ਲਵੇਗਾ ਜਿਹੜਾ ਸੱਚ ਮੁੱਚ ਹੀ ਪਵਿੱਤਰ ਹੈ। ਤੁਸੀਂ ਲੇਵੀ ਲੋਕ ਬਹੁਤ ਦੂਰ ਜਾ ਚੁੱਕੇ ਹੋ।”
ਮੂਸਾ ਨੇ ਕੋਰਹ ਨੂੰ ਇਹ ਵੀ ਆਖਿਆ, “ਲੇਵੀਓ, ਤੁਸੀਂ ਮੇਰੀ ਗੱਲ ਸੁਣੋ। ਤੁਹਾਨੂੰ ਖੁਸ਼ ਹੋਣਾ ਚਾਹੀਦਾ ਹੈ ਕਿ ਇਸਰਾਏਲ ਦੇ ਪਰਮੇਸ਼ੁਰ ਨੇ ਤੁਹਾਨੂੰ ਚੁਣਿਆ ਅਤੇ ਤੁਹਾਨੂੰ ਇਸਰਾਏਲ ਦੇ ਹੋਰਨਾ ਲੋਕਾਂ ਨਾਲੋਂ ਵੱਖ ਰੱਖਿਆ। ਯਹੋਵਾਹ, ਤੁਹਾਨੂੰ ਆਪਣੇ ਕੋਲ, ਆਪਣੇ ਪਵਿੱਤਰ ਤੰਬੂ ਵਿੱਚ ਕੰਮ ਕਰਾਉਣ ਲਈ ਅਤੇ ਇਸਰਾਏਲ ਦੇ ਲੋਕਾਂ ਦੀ, ਉਸਦੀ ਉਪਾਸਨਾ ਕਰਨ ਵਿੱਚ ਮਦਦ ਕਰਨ ਲਈ ਲੈ ਕੇ ਆਇਆ। 10 ਯਹੋਵਾਹ ਨੇ ਤੁਹਾਨੂੰ ਲੇਵੀਆਂ ਨੂੰ, ਆਪਣੇ ਨੇੜੇ ਲਿਆਂਦਾ ਜਾਜਕਾਂ ਦੀ ਸਹਾਇਤਾ ਲਈ। ਪਰ ਹੁਣ ਤੁਸੀਂ ਜਾਜਕ ਬਨਣ ਦੀ ਕੋਸ਼ਿਸ਼ ਵੀ ਕਰ ਰਹੇ ਹੋ। 11 ਤੁਸੀਂ ਅਤੇ ਤੁਹਾਡੇ ਅਨੁਯਾਈ ਯਹੋਵਾਹ ਦੇ ਵਿਰੁੱਧ ਇਕੱਠੇ ਹੋ ਗਏ ਹੋ! ਕੀ ਹਾਰੂਨ ਨੇ ਕੋਈ ਗਲਤ ਗੱਲ ਕੀਤੀ ਹੈ? ਨਹੀਂ! ਇਸ ਲਈ ਤੁਸੀਂ ਹਾਰੂਨ ਦੇ ਵਿਰੁੱਧ ਸ਼ਿਕਾਇਤ ਕਿਉਂ ਕਰ ਰਹੇ ਹੋ।”
12 ਫ਼ੇਰ ਮੂਸਾ ਨੇ ਅਲੀਆਬ ਦੇ ਪੁੱਤਰਾਂ, ਦਾਥਾਨ ਅਤੇ ਅਬੀਰਾਮ ਨੂੰ ਸੱਦਿਆ। ਪਰ ਉਨ੍ਹਾਂ ਦੋਹਾ ਆਦਮੀਆਂ ਨੇ ਆਖਿਆ, “ਅਸੀਂ ਨਹੀਂ ਆਵਾਂਗੇ! 13 ਤੂੰ ਸਾਨੂੰ ਬਹੁਤ ਚੰਗੀਆਂ ਚੀਜ਼ਾਂ ਨਾਲ ਭਰੀ ਹੋਈ ਧਰਤੀ ਤੋਂ ਬਾਹਰ ਲੈ ਕੇ ਆਇਆ। ਤੂੰ ਸਾਨੂੰ ਮਾਰਨ ਲਈ ਮਾਰੂਥਲ ਵਿੱਚ ਲੈ ਆਂਦਾ ਹੈ। ਅਤੇ ਹੁਣ ਤੂੰ ਇਹ ਦਰਸਾਉਣਾ ਚਾਹੁੰਦਾ ਹੈ ਕਿ ਤੇਰੇ ਕੋਲ ਸਾਨੂੰ ਕਾਬੂ ਕਰਨ ਲਈ ਵੱਧੇਰੇ ਤਾਕਤ ਹੈ। 14 ਅਸੀਂ ਕਿਉਂ ਤੇਰੇ ਪਿੱਛੇ ਲੱਗੀਏ? ਤੂੰ ਸਾਨੂੰ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਨਾਲ ਭਰੀ ਹੋਈ ਧਰਤੀ ਉੱਤੇ ਨਹੀਂ ਲਿਆਂਦਾ। ਤੂੰ ਸਾਨੂੰ ਉਹ ਧਰਤੀ ਨਹੀਂ ਦਿੱਤੀ ਜਿਸਦਾ ਪਰਮੇਸ਼ੁਰ ਨੇ ਇਕਰਾਰ ਕੀਤਾ ਸੀ। ਤੂੰ ਸਾਨੂੰ ਖੇਤ ਜਾਂ ਅੰਗੂਰਾਂ ਦੇ ਬਗੀਚੇ ਨਹੀਂ ਦਿੱਤੇ। ਕੀ ਤੂੰ ਇਨ੍ਹਾਂ ਆਦਮੀਆ ਨੂੰ ਆਪਣੇ ਗੁਲਾਮ ਬਣਾ ਲਵੇਗਾ ਨਹੀਂ, ਅਸੀਂ ਨਹੀਂ ਆਵਾਂਗੇ।”
15 ਇਸ ਲਈ ਮੂਸਾ ਬਹੁਤ ਕਰੋਧਵਾਨ ਹੋ ਗਿਆ। ਉਸ ਨੇ ਯਹੋਵਾਹ ਨੂੰ ਆਖਿਆ, “ਮੈਂ ਇਨ੍ਹਾਂ ਲੋਕਾਂ ਨਾਲ ਕੋਈ ਬੁਰਾ ਨਹੀਂ ਕੀਤਾ। ਮੈਂ ਕਦੇ ਵੀ ਇਨ੍ਹਾਂ ਪਾਸੋਂ ਕੁਝ ਨਹੀਂ ਲਿਆ-ਇੱਕ ਖੋਤਾ ਵੀ ਨਹੀਂ! ਯਹੋਵਾਹ, ਇਨ੍ਹਾਂ ਦੀਆਂ ਸੁਗਾਤਾਂ ਪ੍ਰਵਾਨ ਨਾ ਕਰ।”
16 ਫ਼ੇਰ ਮੂਸਾ ਨੇ ਕੋਰਹ ਨੂੰ ਆਖਿਆ, “ਤੂੰ ਅਤੇ ਤੇਰੇ ਸਾਰੇ ਅਨੁਯਾਈ ਕੱਲ੍ਹ ਨੂੰ ਯਹੋਵਾਹ ਅੱਗੇ ਖੜੇ ਹੋਵੋਂਗੇ। ਉੱਥੇ ਹਾਰੂਨ ਅਤੇ ਤੂੰ ਅਤੇ ਤੇਰੇ ਅਨੁਯਾਈ ਹੋਣਗੇ। 17 ਤੁਹਾਡੇ ਵਿੱਚੋਂ ਹਰੇਕ ਨੂੰ ਇੱਕ ਭਾਂਡਾ ਲਿਆਉਣਾ ਚਾਹੀਦਾ ਹੈ, ਇਸ ਵਿੱਚ ਧੂਫ਼ ਪਾਕੇ ਯਹੋਵਾਹ ਨੂੰ ਚੜ੍ਹਾਵੋ। ਇੱਥੇ ਆਗੂਆਂ ਲਈ 250 ਭਾਂਡੇ ਹੋਣਗੇ ਅਤੇ ਇੱਕ ਭਾਂਡਾ ਤੁਹਾਡੇ ਲਈ ਅਤੇ ਇੱਕ ਭਾਂਡਾ ਹਾਰੂਨ ਲਈ।”
18 ਇਸ ਲਈ ਹਰੇਕ ਆਦਮੀ ਇੱਕ-ਇੱਕ ਭਾਂਡਾ ਲਿਆਇਆ ਅਤੇ ਇਸ ਵਿੱਚ ਧੂਫ਼ ਧੁਖਦੀ ਰੱਖੀ। ਫ਼ੇਰ ਉਹ ਜਾਕੇ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਉੱਤੇ ਖਲੋ ਗਏ। ਮੂਸਾ ਅਤੇ ਹਾਰੂਨ ਵੀ ਉੱਥੇ ਖਲੋਤੇ ਸਨ। 19 ਕੋਰਹ ਨੇ ਸਾਰੇ ਲੋਕਾਂ ਨੂੰ ਵੀ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਉੱਤੇ ਇਕੱਠਾ ਕਰ ਲਿਆ। ਫ਼ੇਰ ਉੱਥੋਂ ਦੇ ਹਰ ਬੰਦੇ ਨੂੰ ਪਰਮੇਸ਼ੁਰ ਦਾ ਪਰਤਾਪ ਦਿਖਾਈ ਦਿੱਤਾ।
20 ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਆਖਿਆ, 21 “ਇਨ੍ਹਾਂ ਲੋਕਾਂ ਪਾਸੋਂ ਦੂਰ ਚੱਲੇ ਜਾਵੋ! ਮੈਂ ਇਨ੍ਹਾਂ ਨੂੰ ਹੁਣੇ ਤਬਾਹ ਕਰਨਾ ਚਾਹੁੰਦਾ ਹਾਂ।”
22 ਪਰ ਮੂਸਾ ਅਤੇ ਹਾਰੂਨ ਨੇ ਝੁਕ ਕੇ ਸਿਜਦਾ ਕੀਤਾ ਅਤੇ ਉੱਚੀ ਆਵਾਜ਼ ਵਿੱਚ ਆਖਿਆ, “ਪਰਮੇਸ਼ੁਰ, ਤੂੰ ਜਾਣਦਾ ਹੈ ਕਿ ਲੋਕ ਕੀ ਸੋਚ ਰਹੇ ਹਨ* ਕਿਰਪਾ ਕਰਕੇ ਇਨ੍ਹਾਂ ਸਾਰੇ ਲੋਕਾਂ ਉੱਤੇ ਕਰੋਧਵਾਨ ਨਾ ਹੋ। ਅਸਲ ਵਿੱਚ ਸਿਰਫ਼ ਇੱਕ ਆਦਮੀ ਨੇ ਹੀ ਪਾਪ ਕੀਤਾ ਹੈ।”
23 ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ, 24 “ਲੋਕਾਂ ਨੂੰ ਆਖ ਕਿ ਉਹ ਕੋਰਹ, ਦਾਥਾਨ ਅਤੇ ਅਬੀਰਾਮ ਦੇ ਤੰਬੂਆਂ ਤੋਂ ਦੂਰ ਹੋ ਜਾਣ।”
25 ਮੂਸਾ ਖੜਾ ਹੋ ਗਿਆ ਅਤੇ ਦਾਥਾਨ ਅਤੇ ਅਬੀਰਾਮ ਕੋਲ ਚੱਲਾ ਗਿਆ। ਇਸਰਏਲ ਦੇ ਸਾਰੇ ਬਜ਼ੁਰਗ ਉਸ ਦੇ ਪਿੱਛੇ ਚੱਲੇ ਗਏ। 26 ਮੂਸਾ ਨੇ ਲੋਕਾਂ ਨੂੰ ਚਿਤਾਵਨੀ ਦਿੱਤੀ, “ਇਨ੍ਹਾਂ ਬੁਰੇ ਆਦਮੀਆਂ ਦੇ ਤੰਬੂਆਂ ਤੋਂ ਦੂਰ ਹਟ ਜਾਵੋ। ਇਨ੍ਹਾਂ ਦੀ ਕਿਸੇ ਚੀਜ਼ ਨੂੰ ਨਾ ਛੂਹੋ। ਜੇ ਤੁਸੀਂ ਅਜਿਹਾ ਕਰੋਂਗੇ, ਤਾਂ ਤੁਸੀਂ ਇਨ੍ਹਾਂ ਦੇ ਪਾਪਾਂ ਕਰਕੇ ਤਬਾਹ ਹੋ ਜਾਵੋਂਗੇ।”
27 ਇਸ ਲਈ ਲੋਕ ਕੋਰਹ, ਦਾਥਾਨ ਅਤੇ ਅਬੀਰਾਮ ਦੇ ਤੰਬੂਆਂ ਤੋਂ ਦੂਰ ਹਟ ਗਏ। ਦਾਥਾਨ ਅਤੇ ਅਬੀਰਾਮ ਆਪਣੇ ਤੰਬੂਆਂ ਵੱਲ ਚੱਲੇ ਗਏ। ਉਹ ਆਪਣੀਆਂ ਪਤਨੀਆਂ, ਬੱਚਿਆਂ ਅਤੇ ਛੋਟੇ ਨਿਆਣੀਆਂ ਸਮੇਤ ਆਪਣੇ ਤੰਬੂਆਂ ਦੇ ਬਾਹਰ ਖੜੇ ਹੋ ਗਏ।
28 ਫ਼ੇਰ ਮੂਸਾ ਨੇ ਆਖਿਆ, “ਮੈਂ ਤੁਹਾਨੂੰ ਸਬੂਤ ਦਿਆਂਗਾ ਕਿ ਯਹੋਵਾਹ ਨੇ ਮੈਨੂੰ ਇਹ ਸਾਰੀਆਂ ਗੱਲਾਂ, ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਹਨ, ਕਰਨ ਲਈ ਭੇਜਿਆ ਹੈ। ਮੈਂ ਤੁਹਾਨੂੰ ਦਰਸਾ ਦਿਆਂਗਾ ਕਿ ਇਹ ਸਾਰੀਆਂ ਗੱਲਾਂ ਸਿਰਫ਼ ਮੇਰਾ ਵਿੱਚਾਰ ਨਹੀਂ ਸਨ। 29 ਇੱਥੇ ਇਹ ਆਦਮੀ ਮਾਰੇ ਜਾਣਗੇ। ਪਰ ਜੇ ਇਹ ਆਮ ਢੰਗ ਨਾਲ ਮਾਰੇ ਜਾਂਦੇ ਹਨ-ਜਿਵੇਂ ਸਾਰੇ ਆਦਮੀ ਮਰਦੇ ਹਨ-ਤਾਂ ਇਸ ਤੋਂ ਪਤਾ ਚੱਲੇਗਾ ਕਿ ਯਹੋਵਾਹ ਨੇ ਸੱਚ ਮੁੱਚ ਵਿੱਚ ਮੈਨੂੰ ਨਹੀਂ ਸੀ ਭੇਜਿਆ। 30 ਪਰ ਜੇ ਯਹੋਵਾਹ ਇਨ੍ਹਾਂ ਨੂੰ ਵਖਰੇ ਢੰਗ ਨਾਲ ਮਾਰ ਦਿੰਦਾ ਹੈ-ਕਿਸੇ ਨਵੇਂ ਢੰਗ ਨਾਲ-ਤਾਂ ਤੁਹਾਨੂੰ ਪਤਾ ਚੱਲ ਜਾਵੇਗਾ ਕਿ ਇਨ੍ਹਾਂ ਲੋਕਾਂ ਨੇ ਸੱਚ ਮੁੱਚ ਯਹੋਵਾਹ ਦੇ ਵਿਰੁੱਧ ਪਾਪ ਕੀਤਾ ਹੈ। ਇਹੀ ਸਬੂਤ ਹੈ: ਧਰਤੀ ਪਾਟ ਜਾਵੇਗੀ ਅਤੇ ਇਨ੍ਹਾਂ ਆਦਮੀਆਂ ਨੂੰ ਨਿਗਲ ਜਾਵੇਗੀ। ਉਹ ਜਿਉਂਦੇ ਜੀਅ ਆਪਣੀਆਂ ਕਬਰਾਂ ਵਿੱਚ ਪੈ ਜਾਣਗੇ। ਅਤੇ ਇਨ੍ਹਾਂ ਦੀ ਹਰ ਸ਼ੈਅ ਇਨ੍ਹਾਂ ਦੇ ਨਾਲ ਹੀ ਹੀ ਚਲੀ ਜਾਵੇਗੀ।”
31 ਜਦੋਂ ਮੂਸਾ ਇਹ ਗੱਲਾਂ ਆਖਕੇ ਹਟਿਆ ਉਨ੍ਹਾਂ ਆਦਮੀਆਂ ਦੇ ਪੈਰਾਂ ਹੇਠਾਂ ਧਰਤੀ ਪਾਟ ਗਈ। 32 ਲਗਦਾ ਸੀ ਜਿਵੇਂ ਧਰਤੀ ਨੇ ਆਪਣਾ ਮੂੰਹ ਖੋਲ੍ਹਕੇ ਉਨ੍ਹਾਂ ਨੂੰ ਨਿਗਲ ਲਿਆ ਹੋਵੇ। ਕੋਰਹ ਦੇ ਸਾਰੇ ਬੰਦੇ, ਉਨ੍ਹਾਂ ਦੇ ਪਰਿਵਾਰ ਅਤੇ ਉਨ੍ਹਾਂ ਦੀ ਹਰ ਸ਼ੈਅ ਧਰਤੀ ਅੰਦਰ ਸਮਾ ਗਈ। 33 ਇਹ ਲੋਕ ਜਿਉਂਦੇ ਜੀਅ ਆਪਣੀਆਂ ਕਬਰਾਂ ਨੂੰ ਅੰਦਰ ਚੱਲੇ ਗਏ। ਉਨ੍ਹਾਂ ਦੀਆਂ ਸਾਰੀਆਂ ਚੀਜ਼ਾਂ ਉਨ੍ਹਾਂ ਦੇ ਨਾਲ ਗਈਆਂ। ਫ਼ੇਰ ਧਰਤੀ ਨੇ ਉਨ੍ਹਾਂ ਨੂੰ ਢੱਕ ਲਿਆ। ਉਹ ਆਪਣੇ ਡੇਰਿਆਂ ਵਿੱਚੋਂ ਫ਼ਨਾਹ ਹੋ ਗਏ ਸਨ।
34 ਇਸਰਾਏਲ ਦੇ ਲੋਕਾਂ ਨੇ ਉਨ੍ਹਾਂ ਲੋਕਾਂ ਦੇ ਤਬਾਹ ਹੋਣ ਦੀਆਂ ਚੀਕਾਂ ਸੁਣੀਆਂ ਇਸ ਲਈ ਉਹ ਸਾਰੇ ਇਹ ਆਖਦਿਆਂ ਹੋਇਆ ਸ਼ਰਣ ਲਈ ਭੱਜੇ, “ਧਰਤੀ ਸਾਨੂੰ ਵੀ ਨਿਗਲ ਜਾਵੇਗੀ।”
35 ਫ਼ੇਰ ਯਹੋਵਾਹ ਵੱਲੋਂ ਇੱਕ ਅੱਗ ਆਈ ਅਤੇ ਉਸ ਨੇ ਧੂਫ਼ ਚੜ੍ਹਾਉਣ ਵਾਲੇ 250 ਆਦਮੀਆਂ ਨੂੰ ਤਬਾਹ ਕਰ ਦਿੱਤਾ।
36 ਯਹੋਵਾਹ ਨੇ ਮੂਸਾ ਨੂੰ ਆਖਿਆ, 37-38 “ਜਾਜਕ ਹਾਰੂਨ ਦੇ ਪੁੱਤਰ ਅਲਾਜ਼ਾਰ ਨੂੰ ਅੱਗ ਵਿੱਚੋਂ ਸਾਰੇ ਧੂਫ਼ਦਾਨ ਲਿਆਉਣ ਅਤੇ ਕੋਲਿਆਂ ਅਤੇ ਰਾਖ ਨੂੰ ਖਿੰਡਾਉਣ ਲਈ ਆਖ। ਉਨ੍ਹਾਂ ਲੋਕਾਂ ਨੇ ਮੇਰੇ ਵਿਰੁੱਧ ਪਾਪ ਕੀਤਾ ਹੈ, ਅਤੇ ਉਨ੍ਹਾਂ ਦੇ ਪਾਪ ਨੇ ਉਨ੍ਹਾਂ ਦੀਆਂ ਜਾਨਾ ਲੈ ਲਈਆਂ। ਪਰ ਧੂਫ਼ਦਾਨ ਹਾਲੇ ਵੀ ਪਵਿੱਤਰ ਹਨ ਕਿਉਂਕਿ ਇਹ ਉਨ੍ਹਾਂ ਨੇ ਯਹੋਵਾਹ ਨੂੰ ਦਿੱਤੇ ਸਨ। ਧੂਫ਼ਦਾਨਾ ਨੂੰ ਚੰਡ ਕੇ ਪੱਧਰ ਬਣਾ ਲੈ। ਇਨ੍ਹਾਂ ਧਾਤ ਦੀਆਂ ਚਾਦਰਾਂ ਨੂੰ ਜਗਵੇਦੀ ਨੂੰ ਢੱਕਣ ਲਈ ਵਰਤ। ਇਹ ਇਸਰਾਏਲ ਦੇ ਸਮੂਹ ਲੋਕਾਂ ਲਈ ਇੱਕ ਚਿਤਾਵਨੀ ਹੋਵੇਗੀ।”
39 ਇਸ ਲਈ ਜਾਜਕ ਅਲਆਜ਼ਾਰ ਨੇ ਤਾਂਬੇ ਦੇ ਸਾਰੇ ਧੂਫ਼ਦਾਨ ਇਕੱਠੇ ਕੀਤੇ ਜਿਹੜੇ ਉਨ੍ਹਾਂ ਆਦਮੀਆਂ ਨੇ ਲਿਆਂਦੇ ਸਨ। ਉਹ ਸਾਰੇ ਆਦਮੀ ਸੜ ਚੁੱਕੇ ਸਨ ਪਰ ਧੂਫ਼ਦਾਨ ਬਚ ਗਏ ਸਨ। ਫ਼ੇਰ ਅਲਆਜ਼ਾਰ ਨੇ ਕੁਝ ਆਦਮੀਆਂ ਨੂੰ ਆਖਿਆ ਕਿ ਇਨ੍ਹਾਂ ਧੂਫ਼ਦਾਨਾ ਨੂੰ ਚੰਡ ਕੇ ਚਪਟਾ ਕਰ ਦੇਣ। ਫ਼ੇਰ ਉਸ ਨੇ ਉਹ ਧਾਤ ਦੇ ਪੱਤਰੇ ਜਗਵੇਦੀ ਉੱਤੇ ਰੱਖ ਦਿੱਤੇ। 40 ਉਸ ਨੇ ਅਜਿਹਾ ਉਸੇ ਤਰ੍ਹਾਂ ਕੀਤਾ ਜਿਵੇਂ ਯਹੋਵਾਹ ਨੇ ਮੂਸਾ ਰਾਹੀਂ ਉਸ ਨੂੰ ਆਦੇਸ਼ ਦਿੱਤਾ ਸੀ। ਇਹ ਇਸਰਾਏਲ ਦੇ ਲੋਕਾਂ ਨੂੰ ਚੇਤੇ ਰੱਖਣ ਵਿੱਚ ਸਹਾਇਤਾ ਕਰਨ ਵਾਲਾ ਸੰਕੇਤ ਸੀ ਕਿ ਸਿਰਫ਼ ਹਾਰੂਨ ਦੇ ਪਰਿਵਾਰ ਦੇ ਬੰਦਿਆਂ ਨੂੰ ਹੀ ਯਹੋਵਾਹ ਅੱਗੇ ਧੂਫ਼ ਧੁਖਾਉਣੀ ਚਾਹੀਦੀ ਸੀ। ਹੋਰ ਹਰ ਉਹ ਆਦਮੀ ਜਿਹੜਾ ਯਹੋਵਾਹ ਅੱਗੇ ਧੂਫ਼ ਧੁਖਾਵੇਗਾ ਉਹ ਕੋਰਹ ਅਤੇ ਉਸ ਦੇ ਅਨੁਯਾਈਆਂ ਵਾਂਗ ਮਾਰਿਆ ਜਾਵੇਗਾ।
ਹਾਰੂਨ ਲੋਕਾਂ ਦੀ ਰੱਖਿਆ ਕਰਦਾ ਹੈ
41 ਅਗਲੇ ਦਿਨ ਇਸਰਾਏਲ ਦੇ ਸਮੂਹ ਲੋਕਾਂ ਨੇ ਮੂਸਾ ਅਤੇ ਹਾਰੂਨ ਦੇ ਵਿਰੁੱਧ ਸ਼ਿਕਾਇਤ ਕੀਤੀ। ਉਨ੍ਹਾਂ ਨੇ ਆਖਿਆ, “ਤੁਸੀਂ ਯਹੋਵਾਹ ਦੇ ਬੰਦਿਆਂ ਨੂੰ ਮਾਰ ਦਿੱਤਾ ਹੈ।”
42 ਮੂਸਾ ਅਤੇ ਹਾਰੂਨ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਉੱਤੇ ਖਲੋਤੇ ਹੋਏ ਸਨ। ਲੋਕ ਉੱਥੇ ਉਨ੍ਹਾਂ ਦੇ ਵਿਰੁੱਧ ਸ਼ਿਕਾਇਤ ਕਰਨ ਲਈ ਜਮ੍ਹਾ ਹੋ ਗਏ। ਪਰ ਜਦੋਂ ਉਨ੍ਹਾਂ ਨੇ ਤੰਬੂ ਵੱਲ ਦੇਖਿਆ, ਇਸ ਨੂੰ ਬੱਦਲ ਨੇ ਕਜਿਆ ਹੋਇਆ ਸੀ ਅਤੇ ਉਨ੍ਹਾਂ ਨੇ ਉੱਥੇ ਯਹੋਵਾਹ ਦੇ ਪਰਤਾਪ ਦੀ ਮਜੂਦਗੀ ਵੇਖੀ। 43 ਫ਼ੇਰ ਮੂਸਾ ਅਤੇ ਹਾਰੂਨ ਮੰਡਲੀ ਵਾਲੇ ਤੰਬੂ ਦੇ ਸਾਹਮਣੇ ਚੱਲੇ ਗਏ।
44 ਯਹੋਵਾਹ ਨੇ ਮੂਸਾ ਨੂੰ ਆਖਿਆ, 45 “ਉਨ੍ਹਾਂ ਲੋਕਾਂ ਕੋਲੋਂ ਦੂਰ ਹਟ ਜਾ ਤਾਂ ਜੋ ਮੈਂ ਉਨ੍ਹਾਂ ਨੂੰ ਹੁਣ ਤਬਾਹ ਕਰ ਸੱਕਾਂ।” ਇਸ ਲਈ ਮੂਸਾ ਅਤੇ ਹਾਰੂਨ ਨੇ ਧਰਤੀ ਵੱਲ ਝੁਕ ਕੇ ਸਿਜਦਾ ਕੀਤਾ।
46 ਫ਼ੇਰ ਮੂਸਾ ਨੇ ਹਾਰੂਨ ਨੂੰ ਆਖਿਆ, “ਜਗਵੇਦੀ ਤੋਂ ਆਪਣਾ ਕਾਂਸੇ ਦਾ ਧੂਫ਼ਦਾਨ ਅਤੇ ਕੁਝ ਅੱਗ ਵੀ ਲੈ ਕੇ ਆ। ਫ਼ੇਰ ਇਸ ਵਿੱਚ ਧੂਫ਼ ਪਾ। ਜਲਦੀ ਲੋਕਾਂ ਦੇ ਇਕੱਠ ਵੱਲ ਜਾਹ ਅਤੇ ਉਨ੍ਹਾਂ ਲਈ ਪਰਾਸਚਿਤ ਕਰਨ ਵਾਲੀਆਂ ਗੱਲਾਂ ਕਰ। ਯਹੋਵਾਹ ਉਨ੍ਹਾਂ ਉੱਤੇ ਕਰੋਧਵਾਨ ਹੈ ਅਤੇ ਬਿਮਾਰੀ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ।”
47-48 ਇਸ ਲਈ ਹਾਰੂਨ ਨੇ ਉਹੀ ਕੀਤਾ ਜੋ ਮੂਸਾ ਨੇ ਆਖਿਆ ਸੀ। ਹਾਰੂਨ ਨੇ ਧੂਫ਼ ਅਤੇ ਅੱਗ ਲਿਆਂਦੀ ਅਤੇ ਲੋਕਾਂ ਦੇ ਵਿੱਚਕਾਰ ਭੱਜਕੇ ਚੱਲਾ ਗਿਆ। ਪਰ ਲੋਕਾਂ ਅੰਦਰ ਬਿਮਾਰੀ ਪਹਿਲਾਂ ਹੀ ਫ਼ੈਲ ਚੁੱਕੀ ਸੀ। ਇਸ ਲਈ ਹਾਰੂਨ ਜਿਉਂਦਿਆਂ ਅਤੇ ਮੁਰਦਿਆਂ ਵਿੱਚਕਾਰ ਖਲੋ ਗਿਆ। ਹਾਰੂਨ ਨੇ ਲੋਕਾਂ ਨੂੰ ਪਵਿੱਤਰ ਬਨਾਉਣ ਵਾਲੀਆਂ ਗੱਲਾਂ ਆਖੀਆਂ ਅਤੇ ਬਿਮਾਰੀ ਉੱਥੇ ਹੀ ਰੁਕ ਗਈ। 49 ਪਰ ਉਸ ਬਿਮਾਰੀ ਨਾਲ 14,700 ਆਦਮੀ ਮਾਰੇ ਗਏ-ਇਨ੍ਹਾਂ ਵਿੱਚ ਉਨ੍ਹਾਂ ਆਦਮੀਆਂ ਦੀ ਗਿਣਤੀ ਸ਼ਾਮਿਲ ਨਹੀਂ ਜਿਹੜੇ ਕੋਰਹ ਦੇ ਕਾਰਣ ਮਰੇ। 50 ਇਸ ਲਈ ਭਿਆਨਕ ਬਿਮਾਰੀ ਨੂੰ ਰੋਕ ਲਿਆ ਗਿਆ ਅਤੇ ਹਾਰੂਨ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਉੱਤੇ ਮੂਸਾ ਵੱਲ ਚੱਲਾ ਗਿਆ।
* 16:22 ਪਰਮੇਸ਼ੁਰ … ਰਹੇ ਹਨ ਮੂਲਅਰਥ, “ਪਰਮੇਸ਼ੁਰ ਸਾਰੇ ਲੋਕਾਂ ਦੇ ਆਤਮਿਆਂ ਦਾ ਪਰਮੇਸ਼ੁਰ।”