ਮਿਰਯਮ ਅਤੇ ਹਾਰੂਨ ਮੂਸਾ ਬਾਰੇ ਸ਼ਿਕਾਇਤ ਕਰਦੇ ਹਨ
12
1 ਮਿਰਯਮ ਅਤੇ ਹਾਰੂਨ ਨੇ ਮੂਸਾ ਦੇ ਖਿਲਾਫ਼ ਬੋਲਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਉਸਦੀ ਆਲੋਚਨਾ ਕੀਤੀ ਕਿਉਂਕਿ ਉਸ ਨੇ ਇੱਕ ਇੱਥੋਂ ਕੁਸ਼ੀ ਔਰਤ ਨਾਲ ਸ਼ਾਦੀ ਕੀਤੀ ਸੀ। ਉਨ੍ਹਾਂ ਦਾ ਵਿੱਚਾਰ ਸੀ ਕਿ ਮੂਸਾ ਲਈ ਇਹ ਸਹੀ ਨਹੀਂ ਸੀ ਕਿ ਉਹ ਕਿਸੇ ਇੱਥੋਂ ਕੂਸ਼ੀ ਔਰਤ ਨਾਲ ਸ਼ਾਦੀ ਕਰੇ।
2 ਉਨ੍ਹਾਂ ਨੇ ਆਪਣੇ-ਆਪ’ਚ ਸੋਚਿਆ, “ਕੀ ਯਹੋਵਾਹ ਨੇ ਲੋਕਾਂ ਨਾਲ ਗੱਲ ਕਰਨ ਲਈ ਸਿਰਫ਼ ਮੂਸਾ ਨੂੰ ਹੀ ਇਸਤੇਮਾਲ ਕੀਤਾ ਹੈ? ਕੀ ਉਹ ਸਾਡੇ ਰਾਹੀਂ ਵੀ ਨਹੀਂ ਬੋਲਿਆ?”
ਪਰ ਯਹੋਵਾਹ ਨੇ ਉਨ੍ਹਾਂ ਨੂੰ ਸੁਣ ਲਿਆ।
3 (ਮੂਸਾ ਬਹੁਤ ਨਿਰਮਲ ਬੰਦਾ ਸੀ ਉਹ ਕਦੇ ਵੀ ਪਾਪ ਨਹੀਂ ਕਰਦਾ ਸੀ ਅਤੇ ਨਾ ਹੀ ਫ਼ਢ਼ਾਂ ਮਾਰਦਾ ਸੀ। ਉਹ ਧਰਤੀ ਉਤਲੇ ਕਿਸੇ ਵੀ ਮਨੁੱਖ ਨਾਲੋ ਵੱਧੇਰੇ ਨਿਮਾਣਾ ਸੀ।)
4 ਇਸ ਲਈ, ਅਚਾਨਕ ਯਹੋਵਾਹ ਆ ਗਿਆ ਅਤੇ ਮੂਸਾ, ਹਾਰੂਨ ਅਤੇ ਮਿਰਯਮ ਨਾਲ ਗੱਲ ਕੀਤੀ ਯਹੋਵਾਹ ਨੇ ਆਖਿਆ, “ਤੁਸੀਂ ਤਿੰਨੇ ਜਣੇ, ਹੁਣੇ ਮੰਡਲੀ ਵਾਲੇ ਤੰਬੂ ਕੋਲ ਆਉ।”
ਇਸ ਲਈ ਮੂਸਾ, ਹਾਰੂਨ ਅਤੇ ਮਿਰਯਮ ਤੰਬੂ ਕੋਲ ਚੱਲੇ ਗਏ।
5 ਯਹੋਵਾਹ ਲੰਮੇ ਬੱਦਲ ਵਿੱਚੋਂ ਉਤਰਿਆ ਅਤੇ ਤੰਬੂ ਦੇ ਪ੍ਰਵੇਸ਼ ਉੱਤੇ ਖਲੋ ਗਿਆ। ਯਹੋਵਾਹ ਨੇ ਅਵਾਜ਼ ਦਿੱਤੀ, “ਹਾਰੂਨ ਅਤੇ ਮਿਰਯਮ!” ਹਾਰੂਨ ਅਤੇ ਮਿਰਯਮ ਉਸ ਕੋਲ ਚੱਲੇ ਗਏ।
6 ਪਰਮੇਸ਼ੁਰ ਨੇ ਆਖਿਆ, “ਮੇਰੀ ਗੱਲ ਸੁਣੋ! ਜੇਕਰ ਤੁਹਾਡੇ ਦਰਮਿਆਨ ਕੋਈ ਵੀ ਨਬੀ ਹੈ, ਮੈਂ, ਯਹੋਵਾਹ, ਉਸ ਨੂੰ ਦਰਸ਼ਨ ਵਿੱਚ ਆਪਣੇ-ਆਪ ਨੂੰ ਦਿਖਾਵਾਂਗਾ। ਮੈਂ ਉਸ ਨਾਲ ਸੁਪਨਿਆਂ ਵਿੱਚ ਗੱਲਾਂ ਕਰਾਂਗਾ।
7 ਪਰ ਮੂਸਾ ਉਸ ਤਰ੍ਹਾਂ ਦਾ ਨਹੀਂ ਹੈ। ਮੂਸਾ ਮੇਰਾ ਵਫ਼ਾਦਾਰ ਸੇਵਕ ਹੈ। ਮੈਂ ਆਪਣੇ ਪੂਰੇ ਘਰ ਨਾਲ ਉਸ ਉੱਤੇ ਭਰੋਸਾ ਕਰਦਾ ਹਾਂ।
8 ਜਦੋਂ ਮੈਂ ਉਸ ਦੇ ਨਾਲ ਗੱਲ ਕਰਦਾ ਹਾਂ। ਮੈਂ ਉਸ ਦੇ ਨਾਲ ਆਮ੍ਹੋ-ਸਾਹਮਣੇ ਗੱਲ ਕਰਦਾ ਹਾਂ। ਮੈਂ ਗੁਝੇ ਅਰੱਥਾਂ ਵਾਲੀਆਂ ਕਹਾਣੀਆ ਦੀ ਵਰਤੋਂ ਨਹੀਂ ਕਰਦਾ ਮੈਂ ਉਹ ਗੱਲਾਂ ਉਸ ਨੂੰ ਸਾਫ਼-ਸਾਫ਼ ਦਿਖਾ ਦਿੰਦਾ ਹਾਂ ਜਿਹੜੀਆਂ ਮੈਂ ਚਾਹੁੰਦਾ ਹਾਂ ਕਿ ਉਹ ਜਾਣੇ। ਮੂਸਾ ਯਹੋਵਾਹ ਦੇ ਬਿੰਬ ਵੱਲ ਝਾਕ ਸੱਕਦਾ ਹੈ। ਇਸ ਲਈ ਤੁਸੀਂ ਮੇਰੇ ਸੇਵਕ ਮੂਸਾ ਦੇ ਖਿਲਾਫ਼ ਬੋਲਣ ਲੱਗੇ ਕਿਉਂ ਨਹੀਂ ਡਰੇ?”
9 ਯਹੋਵਾਹ ਉਨ੍ਹਾਂ ਉੱਤੇ ਬਹੁਤ ਖਫ਼ਾ ਸੀ। ਯਹੋਵਾਹ ਉਨ੍ਹਾਂ ਨੂੰ ਛੱਡ ਗਿਆ।
10 ਤੰਬੂ ਤੋਂ ਬੱਦਲ ਉੱਪਰ ਉੱਠਿਆ ਹਾਰੂਨ ਨੇ ਆਸੇ-ਪਾਸੇ ਮੁੜਕੇ ਮਿਰਯਮ ਵੱਲ ਦੇਖਿਆ। ਉਸਦਾ ਰੰਗ ਬਰਫ਼ ਵਰਗਾ ਸਫ਼ੇਦ ਸੀ ਉਸ ਨੂੰ ਚਮੜੀ ਦੀ ਭਿਆਨਕ ਬਿਮਾਰੀ ਸੀ।
11 ਫ਼ੇਰ ਹਾਰੂਨ ਨੇ ਮੂਸਾ ਨੂੰ ਆਖਿਆ, “ਸ੍ਰੀਮਾਨ ਜੀ ਕਿਰਪਾ ਕਰਕੇ ਸਾਨੂੰ ਸਾਡੇ ਮੂਰੱਖਤਾ ਭਰੇ ਪਾਪ ਲਈ ਮਾਫ਼ ਕਰ ਦਿਉ।
12 ਉਸ ਦੇ ਮਾਸ ਨੂੰ ਮੁਰਦਾ ਜਨਮੇ ਬੱਚੇ ਦੇ ਮਾਸ ਵਾਂਗ ਨਾ ਝੜਨ ਦਿਉ।” (ਕਈ ਵਾਰੀ ਕੋਈ ਬੱਚਾ ਇਸੇ ਤਰ੍ਹਾਂ ਅੱਧੇ ਖਾਧੇ ਹੋਏ ਮਾਸ ਨਾਲ ਪੈਦਾ ਹੁੰਦਾ ਹੈ।)
13 ਇਸ ਲਈ ਮੂਸਾ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ, “ਪਰਮੇਸ਼ੁਰ ਕਿਰਪਾ ਕਰਕੇ ਇਸ ਨੂੰ ਇਸ ਬਿਮਾਰੀ ਤੋਂ ਛੁਟਕਾਰਾ ਦਿਵਾਉ।”
14 ਯਹੋਵਾਹ ਨੇ ਮੂਸਾ ਨੂੰ ਜਵਾਬ ਦਿੱਤਾ, “ਜੇ ਉਸਦਾ ਪਿਤਾ ਉਸ ਦੇ ਚਿਹਰੇ ਉੱਤੇ ਥੁੱਕੇ, ਕੀ ਉਹ ਸੱਤਾਂ ਦਿਨਾਂ ਤੀਕ ਸ਼ਰਮਿੰਦਾ ਹੀ ਬੈਠੀ ਰਹੇਗੀ। ਇਸ ਲਈ ਉਸ ਨੂੰ ਸੱਤਾਂ ਦਿਨਾਂ ਲਈ ਡੇਰੇ ਤੋਂ ਬਾਹਰ ਜਾਣ ਦਿਉ। ਫ਼ੇਰ ਬਿਮਾਰੀ ਠੀਕ ਹੋ ਜਾਵੇਗੀ ਅਤੇ ਉਹ ਡੇਰੇ ਵਿੱਚ ਵਾਪਸ ਆ ਸੱਕੇਗੀ।”
15 ਇਸ ਲਈ ਉਨ੍ਹਾਂ ਨੇ ਮਿਰਯਮ ਨੂੰ ਸੱਤ ਦਿਨਾਂ ਲਈ ਡੇਰੇ ਤੋਂ ਬਾਹਰ ਕੱਢ ਦਿੱਤਾ। ਅਤੇ ਲੋਕ ਉਸ ਥਾਂ ਤੋਂ ਉਦੋਂ ਤੱਕ ਨਹੀਂ ਹਿੱਲੇ। ਜਦੋਂ ਤੱਕ ਕਿ ਉਸ ਨੂੰ ਵਾਪਿਸ ਨਹੀਂ ਲਿਆਂਦਾ ਗਿਆ।
16 ਇਸਤੋਂ ਮਗਰੋਂ ਲੋਕ ਹਸੇਰੋਥ ਛੱਡ ਕੇ ਪਾਰਾਨ ਦੇ ਮਾਰੂਥਲ ਨੂੰ ਚੱਲੇ ਗਏ। ਲੋਕਾਂ ਨੇ ਪਾਰਾਨ ਮਾਰੂਥਲ ਵਿੱਚ ਡੇਰਾ ਲਾ ਲਿਆ।