ਯਿਸੂ ਦਾ ਪਰਤਾਇਆ ਜਾਣਾ
(ਮਰਕੁਸ 1:12-13; ਲੂਕਾ 4:1-13)
4
1 ਸ਼ੈਤਾਨ ਦੁਆਰਾ ਪਰਤਿਆਏ ਜਾਣ ਲਈ ਆਤਮਾ ਨੇ ਯਿਸੂ ਦੀ ਅਗਵਾਈ ਉਜਾੜ ਵਿੱਚ ਕੀਤੀ।
2 ਯਿਸੂ ਨੇ ਚਾਲੀ ਦਿਨ ਅਤੇ ਰਾਤਾਂ ਕੁਝ ਵੀ ਨਾ ਖਾਧਾ ਤਾਂ ਉਸ ਨੂੰ ਭੁੱਖ ਲੱਗੀ।
3 ਤਾਂ ਸ਼ੈਤਾਨ ਉਸ ਨੂੰ ਪਰਤਾਉਣ ਲਈ ਆਇਆ ਅਤੇ ਉਸ ਨੂੰ ਆਖਿਆ, “ਜੇ ਤੂੰ ਪਰਮੇਸ਼ੁਰ ਦਾ ਪੁੱਤਰ ਹੈਂ, ਤਾਂ ਕਹਿ ਕਿ ਇਹ ਪੱਥਰ ਰੋਟੀਆਂ ਬਣ ਜਾਣ।”
4 ਯਿਸੂ ਨੇ ਜਵਾਬ ਦਿੱਤਾ, “ਇਹ ਪੋਥੀਆਂ ਵਿੱਚ ਲਿਖਿਆ ਹੈ:
‘ਇਨਸਾਨ ਨਿਰੀ ਰੋਟੀ ਤੇ ਹੀ ਨਹੀਂ ਜਿਉਂਦੇ ਸਗੋਂ ਉਨ੍ਹਾਂ ਦਾ ਜੀਵਨ ਉਸ ਹਰੇਕ
ਵਾਕ ਉੱਪਰ ਨਿਰਭਰ ਕਰਦਾ ਹੈ ਜਿਹੜਾ ਪਰਮੇਸ਼ੁਰ ਦੇ ਮੂੰਹੋਂ ਨਿਕਲਦਾ ਹੈ।’” ਬਿਵਸਥਾ 8:3
5 ਫੇਰ ਸ਼ੈਤਾਨ ਯਿਸੂ ਨੂੰ ਪਵਿੱਤਰ ਸ਼ਹਿਰ ਵਿੱਚ ਆਪਣੇ ਨਾਲ ਲੈ ਗਿਆ ਅਤੇ ਉਸ ਨੂੰ ਮੰਦਰ ਦੇ ਬੜੇ ਉੱਚੇ ਸਥਾਨ ਉੱਤੇ ਖੜਾ ਕਰਕੇ ਕਿਹਾ,
6 “ਜੇਕਰ ਤੂੰ ਪਰਮੇਸ਼ੁਰ ਦਾ ਪੁੱਤਰ ਹੈਂ, ਤਾਂ ਆਪਣੇ-ਆਪ ਨੂੰ ਹੇਠਾਂ ਡੇਗ ਦੇ। ਕਿਉਂਕਿ ਇਹ ਪੋਥੀਆਂ ਵਿੱਚ ਲਿਖਿਆ ਹੈ ਕਿ,
‘ਪਰਮੇਸ਼ੁਰ ਆਪਣੇ ਦੂਤਾਂ ਨੂੰ ਤੇਰੇ ਲਈ ਹੁਕਮ ਦੇਵੇਗਾ,
ਅਤੇ ਉਹ ਤੈਨੂੰ ਆਪਣੇ ਹੱਥਾਂ ਉੱਪਰ ਚੁੱਕ ਲੈਣਗੇ,
ਤਾਂ ਜੋ ਤੂੰ ਪੱਥਰ ਵਿੱਚ ਆਪਣੇ ਪੈਰ ਵੱਜਣ ਤੋਂ ਬਚਾ ਸੱਕੇਂ।’” ਜ਼ਬੂਰ 91:11-12
7 ਯਿਸੂ ਨੇ ਉਸ ਨੂੰ ਕਿਹਾ, “ਪੋਥੀਆਂ ਵਿੱਚ ਇਹ ਵੀ ਲਿਖਿਆ ਹੈ, ‘ਤੈਨੂੰ ਪ੍ਰਭੂ ਤੇਰੇ ਪਰਮੇਸ਼ੁਰ ਨੂੰ ਨਹੀਂ ਪਰਤਾਉਣਾ ਚਾਹੀਦਾ।’”
8 ਫੇਰ ਸ਼ੈਤਾਨ ਉਸ ਨੂੰ ਇੱਕ ਵੱਡੇ ਉੱਚੇ ਪਹਾੜ ਉੱਤੇ ਨਾਲ ਲੈ ਗਿਆ ਅਤੇ ਜਗਤ ਦੇ ਸਾਰੇ ਰਾਜ ਅਤੇ ਉਨ੍ਹਾਂ ਦਾ ਜਲੌਂ ਵਿਖਾਇਆ।
9 ਸ਼ੈਤਾਨ ਨੇ ਕਿਹਾ, “ਜੇ ਤੂੰ ਝੁਕ ਕੇ ਮੈਨੂੰ ਮੱਥਾ ਟੇਕੇਂ ਤਾਂ ਇਹ ਸਭ ਕੁਝ ਮੈਂ ਤੈਨੂੰ ਦੇ ਦਿਆਂਗਾ।”
10 ਯਿਸੂ ਨੇ ਸ਼ੈਤਾਨ ਨੂੰ ਕਿਹਾ, “ਸ਼ੈਤਾਨ! ਤੂੰ ਇੱਥੋਂ ਚੱਲਿਆ ਜਾ, ਕਿਉਂਕਿ ਇਹ ਪੋਥੀਆਂ ਵਿੱਚ ਲਿਖਿਆ ਹੈ,
‘ਕਿ ਤੂੰ ਪ੍ਰਭੂ ਆਪਣੇ ਪਰਮੇਸ਼ੁਰ ਨੂੰ ਮੱਥਾ ਟੇਕ
ਅਤੇ ਉਸ ਇੱਕਲੇ ਦੀ ਹੀ ਸੇਵਾ ਕਰ।’” ਬਿਵਸਥਾ 6:13
11 ਤੱਦ ਸ਼ੈਤਾਨ ਚੱਲਿਆ ਗਿਆ ਅਤੇ ਕੁਝ ਦੂਤ ਯਿਸੂ ਕੋਲ ਉਸਦੀ ਮਦਦ ਕਰਨ ਲਈ ਆਏ।
ਯਿਸੂ ਨੇ ਗਲੀਲ ਵਿੱਚ ਆਪਣਾ ਕੰਮ ਅਰੰਭਿਆ
(ਮਰਕੁਸ 1:14-15; ਲੂਕਾ 4:14-15)
12 ਜਦ ਯਿਸੂ ਨੇ ਸੁਣਿਆ ਕਿ ਯੂਹੰਨਾ ਕੈਦ ਕਰ ਦਿੱਤਾ ਗਿਆ ਹੈ ਤਾਂ ਉਹ ਗਲੀਲ ਨੂੰ ਵਾਪਸ ਚੱਲਿਆ ਗਿਆ।
13 ਉਸ ਨੇ ਨਾਸਰਤ ਛੱਡ ਦਿੱਤਾ ਅਤੇ ਕਫ਼ਰਨਾਹੂਮ ਵਿੱਚ ਰਿਹਾ। ਇਹ ਨਗਰ ਇੱਕ ਝੀਲ ਦੇ ਨੇੜੇ ਹੈ। ਕਫ਼ਰਨਾਹੂਮ ਜ਼ਬੂਲੂਨ ਅਤੇ ਨਫ਼ਥਾਲੀ ਦੇ ਇਲਾਕੇ ਵਿੱਚ ਹੈ।
14 ਯਿਸੂ ਨੇ ਇਹ ਇਸ ਲਈ ਕੀਤਾ ਕਿ ਯਸਾਯਾਹ ਨਬੀ ਦਾ ਵਾਕ ਪੂਰਾ ਹੋਵੇ।
15 “ਜ਼ਬੂਲੂਨ ਦੀ ਧਰਤੀ ਅਤੇ ਨਫ਼ਥਾਲੀ ਦੀ ਧਰਤੀ,
ਸਮੁੰਦਰ ਦਾ ਰਾਹ, ਯਰਦਨ ਨਦੀ ਦੇ ਪਾਰ,
ਗ਼ੈਰ-ਯਹੂਦੀ ਲੋਕਾਂ ਦੀ ਧਰਤੀ, ਗਲੀਲ
16 ਹਨੇਰੇ ਵਿੱਚ ਰਹਿੰਦੇ ਲੋਕਾਂ ਨੇ ਵੱਡਾ ਚਾਨਣ ਵੇਖਿਆ ਹੈ;
ਚਾਨਣ ਉਨ੍ਹਾਂ ਲਈ ਆਇਆ
ਜੋ ਕਿ ਕਬਰਾਂ ਵਾਂਗ ਹਨੇਰੇ
ਦੇਸ਼ ਵਿੱਚ ਰਹਿੰਦੇ ਹਨ।” ਯਸਾਯਾਹ 9:1-2
17 ਉਸਤੋਂ ਬਾਅਦ ਯਿਸੂ ਪ੍ਰਚਾਰ ਕਰਨ ਲੱਗਾ, ਉਸ ਨੇ ਆਖਿਆ, “ਆਪਣੇ ਦਿਲ ਅਤੇ ਜੀਵਨਾਂ ਨੂੰ ਬਦਲੋ, ਕਿਉਂਕਿ ਸਵਰਗ ਦਾ ਰਾਜ ਨੇੜੇ ਆ ਰਿਹਾ ਹੈ।”
ਯਿਸੂ ਨੇ ਕੁਝ ਚੇਲੇ ਚੁਣੇ
(ਮਰਕੁਸ 1:16-20; ਲੂਕਾ 5:1-11)
18 ਜਦੋਂ ਯਿਸੂ ਗਲੀਲ ਝੀਲ ਦੇ ਕੰਢੇ ਘੁੰਮ ਰਿਹਾ ਸੀ ਤਾਂ ਉਸ ਨੇ ਦੋ ਭਰਾਵਾਂ ਸ਼ਮਊਨ ਜਿਹੜਾ ਪਤਰਸ ਕਹਾਉਂਦਾ ਹੈ ਅਤੇ ਉਸ ਦੇ ਭਰਾ ਅੰਦ੍ਰਿਯਾਸ ਨੂੰ ਵੇਖਿਆ। ਉਹ ਮਾਛੀ ਸਨ ਉਹ ਜਾਲ ਨਾਲ ਮੱਛੀਆਂ ਫ਼ੜ ਰਹੇ ਸਨ।
19 ਯਿਸੂ ਨੇ ਉਨ੍ਹਾਂ ਨੂੰ ਕਿਹਾ, “ਮੇਰੇ ਮਗਰ ਆਓ ਤੇ ਮੈਂ ਤੁਹਾਨੂੰ ਲੋਕਾਂ ਨੂੰ ਇਕੱਠਾ ਕਰਨ ਲਈ ਮਾਛੀ ਬਣਾਵਾਂਗਾ।”
20 ਤੁਰੰਤ ਹੀ ਉਹ ਜਾਲਾਂ ਨੂੰ ਛੱਡ ਕੇ ਯਿਸੂ ਦੇ ਮਗਰ ਹੋ ਤੁਰੇ।
21 ਯਿਸੂ ਗਲੀਲੀ ਝੀਲ ਦੇ ਕੰਢੇ ਚੱਲਦਾ ਰਿਹਾ। ਉਸ ਨੇ ਦੋ ਹੋਰ ਭਰਾਵਾਂ ਯਾਕੂਬ ਅਤੇ ਯੂਹੰਨਾ ਨੂੰ ਵੇਖਿਆ ਜੋ ਕੇ ਜ਼ਬਦੀ ਦੇ ਪੁੱਤਰ ਸਨ। ਉਹ ਆਪਣੇ ਪਿਉ ਨਾਲ ਬੇੜੀ ਵਿੱਚ ਆਪਣੇ, ਜਾਲਾਂ ਨੂੰ ਠੀਕ ਕਰ ਰਹੇ ਸਨ। ਯਿਸੂ ਨੇ ਉਨ੍ਹਾਂ ਨੂੰ ਸੱਦਿਆ
22 ਉਹ ਝੱਟ ਬੇੜੀ ਅਤੇ ਆਪਣੇ ਪਿਉ ਨੂੰ ਛੱਡ ਕੇ ਉਸ ਦੇ ਮਗਰ ਹੋ ਤੁਰੇ।
ਯਿਸੂ ਦਾ ਉਪਦੇਸ਼ ਦੇਣਾ ਅਤੇ ਲੋਕਾਂ ਨੂੰ ਚੰਗਾ ਕਰਨਾ
(ਲੂਕਾ 6:17-19)
23 ਯਿਸੂ ਸਾਰੀ ਗਲੀਲੀ ਵਿੱਚ ਫ਼ਿਰਿਆ। ਯਿਸੂ ਉਨ੍ਹਾਂ ਦੇ ਪ੍ਰਾਰਥਨਾ ਸਥਾਨਾਂ ਵਿੱਚ ਉਪਦੇਸ਼ ਦਿੰਦਾ ਅਤੇ ਸੁਰਗ ਦੇ ਰਾਜ ਦੀ ਖੁਸ਼ਖਬਰੀ ਦਾ ਪ੍ਰਚਾਰ ਕਰਦਾ। ਅਤੇ ਉਹ ਲੋਕਾਂ ਵਿੱਚੋਂ ਸਾਰੇ ਰੋਗ ਅਤੇ ਸਾਰੀ ਮਾਂਦਗੀ ਨੂੰ ਹਟਾਉਂਦਾ ਸੀ।
24 ਯਿਸੂ ਬਾਰੇ ਸਮੁੱਚੇ ਸੁਰੀਆ ਵਿੱਚ ਖ਼ਬਰ ਫ਼ੈਲ ਗਈ। ਲੋਕ ਬਿਮਾਰ ਅਤੇ ਰੋਗੀਆਂ ਨੂੰ ਜਿਹੜੇ ਗੰਭੀਰ ਦਰਦ ਝੱਲ ਰਹੇ ਸਨ ਅਤੇ ਜਿਨ੍ਹਾਂ ਨੂੰ ਭੂਤ ਚਿੰਬੜੇ ਹੋਏ ਸਨ, ਮਿਰਗੀ ਵਾਲੇ ਅਤੇ ਅਧਰੰਗੀਆਂ ਨੂੰ ਲਿਆਏ। ਯਿਸੂ ਨੇ ਸਾਰੇ ਰੋਗੀਆਂ ਨੂੰ ਚੰਗਾ ਕੀਤਾ।
25 ਵੱਡੀਆਂ ਭੀੜਾਂ ਗਲੀਲ, ਦਿਕਾਪੁਲਿਸ, ਯਰੂਸ਼ਲਮ, ਯਹੂਦਿਯਾ ਅਤੇ ਯਰਦਨ ਨਦੀ ਦੇ ਪਾਰੋਂ ਉਸ ਦੇ ਮਗਰ ਲੱਗ ਪਈਆਂ।