ਯਿਸੂ ਰਾਜਪਾਲ ਪਿਲਾਤੁਸ ਦੇ ਸਨਮੁੱਖ
(ਮਰਕੁਸ 15:1; ਲੂਕਾ 23:1-2; ਯੂਹੰਨਾ 18:28-32)
27
1 ਅਗਲੀ ਸਵੇਰ ਪ੍ਰਧਾਨ ਜਾਜਕਾਂ ਅਤੇ ਲੋਕਾਂ ਦੇ ਬਜ਼ੁਰਗ ਆਗੂਆਂ ਨੇ ਯਿਸੂ ਨੂੰ ਜਾਨ ਤੋਂ ਮਾਰਨ ਦਾ ਫ਼ੈਸਲਾ ਕੀਤਾ।
2 ਉਨ੍ਹਾਂ ਨੇ ਉਸ ਨੂੰ ਜੰਜ਼ੀਰਾਂ ਪਾ ਦਿੱਤੀਆਂ ਅਤੇ ਪਿਲਾਤੁਸ ਦੇ ਹਵਾਲੇ ਕਰਨ ਲਈ ਲੈ ਗਏ।
ਯਹੂਦਾ ਨੇ ਆਤਮ ਹੱਤਿਆ ਕੀਤੀ
(ਰਸੂਲਾਂ ਦੇ ਕਰਤੱਬ 1:18-19)
3 ਯਹੂਦਾ ਨੇ ਵੇਖਿਆ ਕਿ ਉਨ੍ਹਾਂ ਨੇ ਯਿਸੂ ਨੂੰ ਮਾਰਨ ਦਾ ਫ਼ੈਸਲਾ ਕਰ ਲਿਆ ਹੈ। ਇਹ ਯਹੂਦਾ ਹੀ ਸੀ ਜਿਸਨੇ ਯਿਸੂ ਨੂੰ ਦੁਸ਼ਮਨਾਂ ਦੇ ਹੱਥ ਫ਼ੜਾ ਦਿੱਤਾ ਸੀ। ਜਦੋਂ ਉਸ ਨੇ ਇਹ ਸਭ ਵਾਪਰਦਾ ਵੇਖਿਆ, ਉਹ ਪਛਤਾਇਆ, ਅਤੇ ਉਸ ਨੇ ਉਹ 30 ਸਿੱਕੇ ਪ੍ਰਧਾਨ ਜਾਜਕਾਂ ਅਤੇ ਬਜ਼ੁਰਗ ਆਗੂਆਂ ਨੂੰ ਵਾਪਸ ਮੋੜ ਦਿੱਤੇ।
4 ਯਹੂਦਾ ਨੇ ਉਨ੍ਹਾਂ ਨੂੰ ਆਖਿਆ, “ਮੈਂ ਪਾਪ ਕੀਤਾ ਹੈ ਜੋ ਇੱਕ ਨਿਰਦੋਸ਼ ਜਾਨ ਨੂੰ ਮਾਰਨ ਲਈ ਫ਼ੜਵਾ ਦਿੱਤਾ।”
ਯਹੂਦੀ ਆਗੂਆਂ ਨੇ ਜਵਾਬ ਦਿੱਤਾ, “ਸਾਨੂੰ ਇਸਦੀ ਕੋਈ ਪਰਵਾਹ ਨਹੀਂ ਇਹ ਤੇਰੀ ਸਮੱਸਿਆ ਹੈ, ਤੂੰ ਜਾਣ।”
5 ਤਾਂ ਯਹੂਦਾ ਨੇ ਉਹ ਚਾਂਦੀ ਦੇ ਸਿੱਕੇ ਮੰਦਰ ਵਿੱਚ ਸੁੱਟ ਦਿੱਤੇ ਅਤੇ ਵਾਪਸ ਮੁੜਕੇ ਖੁਦ ਨੂੰ ਫ਼ਾਹਾ ਲਾ ਲਿਆ।
6 ਪ੍ਰਧਾਨ ਜਾਜਕਾਂ ਨੇ ਉੱਥੋਂ ਉਹ ਸਿੱਕੇ ਚੁੱਕੇ ਅਤੇ ਕਿਹਾ, “ਇਨ੍ਹਾਂ ਪੈਸਿਆਂ ਨੂੰ ਮੰਦਰ ਦੇ ਖਜ਼ਾਨੇ ਵਿੱਚ ਪਾਉਣਾ ਯੋਗ ਨਹੀਂ ਕਿਉਂਕਿ ਇਹ ਧਨ ਕਿਸੇ ਦੀ ਮੌਤ ਲਈ ਦਿੱਤਾ ਗਿਆ ਸੀ।”
7 ਤਾਂ ਉਨ੍ਹਾਂ ਇੱਕ ਮਤਾ ਪਾਸ ਕੀਤਾ ਕਿ ਇਸ ਧਨ ਨਾਲ ਇੱਕ ਘੁਮਿਆਰ ਦਾ ਖੇਤ ਖਰੀਦਿਆ ਜਾਵੇ। ਇਹ ਖੇਤ ਉਨ੍ਹਾਂ ਲੋਕਾਂ ਦੇ ਕੰਮ ਆਵੇਗਾ ਜੋ ਯਰੂਸ਼ਲਮ ਵਿੱਚ ਆਉਂਦੇ ਹੋਏ ਇੱਥੇ ਮਰ ਜਾਂਦੇ ਹਨ, ਇਹ ਖੇਤ ਉਨ੍ਹਾਂ ਲੋਕਾਂ ਨੂੰ ਦਫ਼ਨਾਉਣ ਦੇ ਕੰਮ ਆਵੇਗਾ।
8 ਇਸੇ ਕਾਰਣ ਅੱਜ ਵੀ ਉਹ ਖੇਤ, ਲਹੂ ਦਾ ਖੇਤ ਕਰਕੇ ਜਾਣਿਆ ਜਾਂਦਾ ਹੈ।
9 ਤਾਂ ਜਿਹੜਾ ਬਚਨ ਯਿਰਮਿਯਾਹ ਨਬੀ ਦੇ ਰਾਹੀਂ ਕਿਹਾ ਗਿਆ ਸੀ ਉਹ ਪੂਰਾ ਹੋਇਆ ਕਿ,
“ਉਨ੍ਹਾਂ ਨੇ ਤੀਹ ਚਾਂਦੀ ਦੇ ਸਿੱਕੇ ਵਾਪਸ ਲੈ ਲਏ, ਜੋ ਇੱਕ ਮਨੁੱਖ ਦੀ ਜਾਨ ਦਾ ਮੁੱਲ ਠਹਿਰਾਇਆ ਗਿਆ ਸੀ ਇਵੇਂ ਹੀ ਕੁਝ ਯਹੂਦੀਆਂ ਨੇ ਉਸਦੀ ਜਾਨ ਦੀ ਕੀਮਤ ਲਾਈ ਸੀ।
10 ਉਨ੍ਹਾਂ ਨੇ ਉਸ ਧਨ ਨੂੰ ਘੁਮਿਆਰ ਦਾ ਖੇਤ ਖਰੀਦਣ ਲਈ ਵਰਤਿਆ ਜਿਵੇਂ ਕਿ ਪ੍ਰਭੂ ਨੇ ਹੁਕਮ ਦਿੱਤਾ ਸੀ।”
ਰਾਜਪਾਲ ਪਿਲਾਤੁਸ ਦੇ ਯਿਸੂ ਨਾਲ ਪ੍ਰਸ਼ਨ
(ਮਰਕੁਸ 15:2-5; ਲੂਕਾ 23:3-5; ਯੂਹੰਨਾ 18:33-38)
11 ਯਿਸੂ ਰਾਜਪਾਲ ਦੇ ਸਾਹਮਣੇ ਖੜ੍ਹਾ ਸੀ, ਅਤੇ ਰਾਜਪਾਲ ਨੇ ਉਸ ਨੂੰ ਇਹ ਪੁੱਛਿਆ, “ਕੀ ਤੂੰ ਯਹੂਦੀਆਂ ਦਾ ਪਾਤਸ਼ਾਹ ਹੈਂ?”
ਯਿਸੂ ਨੇ ਕਿਹਾ, “ਹਾਂ, ਮੈਂ ਹਾਂ।”
12 ਜਦੋਂ ਪ੍ਰਧਾਨ ਜਾਜਕਾਂ ਅਤੇ ਬਜ਼ੁਰਗ ਯਹੂਦੀ ਆਗੂਆਂ ਨੇ ਉਸ ਉੱਤੇ ਦੋਸ਼ ਲਾਏ, ਉਸ ਨੇ ਜਵਾਬ ਵਿੱਚ ਕੁਝ ਨਹੀਂ ਆਖਿਆ।
13 ਤੱਦ ਪਿਲਾਤੁਸ ਨੇ ਉਸ ਨੂੰ ਕਿਹਾ, “ਕੀ ਤੂੰ ਨਹੀਂ ਸੁਣ ਰਿਹਾ ਜੋ ਇਲਜ਼ਾਮ ਇਹ ਤੇਰੇ ਖਿਲਾਫ਼ ਲਾ ਰਹੇ ਹਨ?”
14 ਪਰ ਯਿਸੂ ਨੇ ਉਸ ਨੂੰ ਕੋਈ ਵੀ ਉੱਤਰ ਨਹੀਂ ਦਿੱਤਾ। ਅਤੇ ਇਹ ਸਭ ਵੇਖਕੇ ਰਾਜਪਾਲ ਬੜਾ ਹੈਰਾਨ ਹੋਇਆ।
ਪਿਲਾਤੁਸ ਦੀ ਯਿਸੂ ਨੂੰ ਆਜ਼ਾਦ ਕਰਨ ਦੀ ਕੋਸ਼ਿਸ਼ ਨਾਕਾਮਯਾਬ
(ਮਰਕੁਸ 15:6-15; ਲੂਕਾ 23:13-25; ਯੂਹੰਨਾ 18:39-19:16)
15 ਇਹ ਰਿਵਾਜ਼ ਸੀ ਕਿ ਪਸਾਹ ਦੇ ਤਿਉਹਾਰ ਉੱਤੇ ਜਿਸ ਨੂੰ ਲੋਕ ਚਾਹੁਣ ਰਾਜਪਾਲ ਕੈਦ ਵਿੱਚੋਂ ਉਸ ਕੈਦੀ ਨੂੰ ਰਿਹਾ ਕਰਦਾ ਹੁੰਦਾ ਸੀ।
16 ਉਸ ਵਕਤ ਬਰੱਬਾ ਨਾਉਂ ਦਾ ਇੱਕ ਬਹੁਤ ਖਤਰਨਾਕ ਆਦਮੀ ਕੈਦ ਵਿੱਚ ਸੀ।
17 ਸਾਰੇ ਲੋਕ ਰਾਜਪਾਲ ਪਿਲਾਤੁਸ ਦੇ ਘਰ ਇਕੱਠੇ ਹੋਏ ਤਾਂ ਉਸ ਨੇ ਲੋਕਾਂ ਨੂੰ ਕਿਹਾ, “ਤੁਸੀਂ ਮੈਥੋਂ ਆਪਣੇ ਵਾਸਤੇ ਕਿਸਨੂੰ ਰਿਹਾ ਕਰਾਉਣਾ ਚਾਹੁੰਦੇ ਹੋ। ਬਰੱਬਾਸ, ਜਾਂ ਯਿਸੂ ਨੂੰ ਜੋ ਕਿ ਮਸੀਹ ਕਹਾਉਂਦਾ ਹੈ?”
18 ਕਿਉਂਕਿ ਉਹ ਜਾਣਦਾ ਸੀ ਕਿ ਲੋਕਾਂ ਨੇ ਉਸ ਨੂੰ ਈਰਖਾ ਕਾਰਣ ਉਸ ਦੇ ਹੱਥੀ ਫ਼ੜਵਾਇਆ ਸੀ।
19 ਜਦੋਂ ਉਹ ਨਿਆਂੇ ਵਾਲੀ ਕੁਰਸੀ ਤੇ ਬੈਠਾ ਹੋਇਆ ਸੀ, ਤਾਂ ਉਸਦੀ ਪਤਨੀ ਨੇ ਸੁਨੇਹਾ ਭੇਜਿਆ, “ਇਸ ਮਨੁੱਖ ਨੂੰ ਕੁਝ ਨਾ ਕਰ। ਇਹ ਅਪਰਾਧੀ ਨਹੀਂ ਹੈ ਅਤੇ ਅੱਜ ਮੈਂ ਇਸ ਬਾਰੇ ਸੁਪਨਾ ਵੇਖਿਆ ਹੈ ਅਤੇ ਉਸ ਨੇ ਮੈਨੂੰ ਬਹੁਤ ਪਰੇਸ਼ਾਨ ਕਰ ਦਿੱਤਾ ਹੈ।”
20 ਪਰ ਪ੍ਰਧਾਨ ਜਾਜਕਾਂ ਅਤੇ ਬਜ਼ੁਰਗ ਯਹੂਦੀ ਆਗੂਆਂ ਨੇ ਲੋਕਾਂ ਨੂੰ ਬਰੱਬਾਸ ਨੂੰ ਰਿਹਾ ਕਰਨ ਦੀ ਬੇਨਤੀ ਕਰਨ ਲਈ ਮਨਵਾਇਆ ਅਤੇ ਯਿਸੂ ਨੂੰ ਮਾਰੇ ਜਾਣ ਲਈ।
21 ਪਿਲਾਤੁਸ ਨੇ ਕਿਹਾ, “ਦੋਹਾਂ ਵਿੱਚੋਂ ਤੁਸੀਂ ਮੈਥੋਂ ਕਿਸਨੂੰ ਰਿਹਾ ਕਰਾਉਨਾ ਚਾਹੁੰਦੇ ਹੋ?”
ਲੋਕਾਂ ਨੇ ਕਿਹਾ, “ਬਰੱਬਾਸ ਨੂੰ ਛੱਡ ਦਿਉ।”
22 ਪੁਲਾਤੁਸ ਨੇ ਕਿਹਾ, “ਫ਼ੇਰ ਮੈਂ ਯਿਸੂ ਨਾਲ ਕੀ ਕਰਾਂ ਜਿਹੜਾ ਕਿ ਮਸੀਹ ਕਹਾਉਂਦਾ ਹੈ?”
ਲੋਕਾਂ ਨੇ ਉੱਤਰ ਦਿੱਤਾ “ਉਸ ਨੂੰ ਸਲੀਬ ਦਿਉ।”
23 ਰਾਜਪਾਲ ਨੇ ਆਖਿਆ, “ਕਿਉਂ? ਉਸ ਨੇ ਕੀ ਅਪਰਾਧ ਕੀਤਾ ਹੈ।”
ਪਰ ਸਭਨਾਂ ਨੇ ਹੋਰ ਉੱਚੀ ਡੰਡ ਪਾਕੇ ਕਿਹਾ, “ਉਸ ਨੂੰ ਸਲੀਬ ਦਿਓ।”
24 ਪਿਲਾਤੁਸ ਨੇ ਮਹਿਸੂਸ ਕੀਤਾ ਕਿ ਉਹ ਲੋਕਾਂ ਦਾ ਮਨ ਬਦਲਨ ਵਿੱਚ ਕਾਮਯਾਬ ਨਹੀਂ ਸੀ ਹੋ ਰਿਹਾ, ਅਤੇ ਇਸਦੀ ਜਗ੍ਹਾ, ਉਹ ਗੁੱਸਾ ਕਰ ਰਹੇ ਸਨ ਅਤੇ ਉਹ ਹੋਰ ਵੀ ਰੌਲਾ ਪਾ ਰਹੇ ਸਨ। ਉਸ ਨੇ ਪਾਣੀ ਲੈ ਕੇ ਲੋਕਾਂ ਦੇ ਸਾਹਮਣੇ ਆਪਣੇ ਹੱਥ ਧੋਤੇ ਅਤੇ ਆਖਿਆ, “ਮੈਂ ਇਸ ਮਨੁੱਖ ਦੇ ਲਹੂ ਤੋਂ ਨਿਰਦੋਸ਼ ਹਾਂ। ਦੋਸ਼ ਤੁਹਾਡੇ ਸਿਰ ਹੀ ਲੱਗੇਗਾ।”
25 ਸਭ ਲੋਕਾਂ ਨੇ ਜਵਾਬ ਦਿੱਤਾ, “ਅਸੀਂ ਅਤੇ ਸਾਡੇ ਬੱਚੇ ਇਸਦੇ ਲਹੂ ਦੇ ਜਿੰਮੇਵਾਰ ਹੋਵਾਂਗੇ।”
26 ਤੱਦ ਪਿਲਾਤੁਸ ਨੇ ਬਰੱਬਾਸ ਨੂੰ ਛੱਡ ਦਿੱਤਾ ਅਤੇ ਉਸ ਨੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਉਹ ਯਿਸੂ ਨੂੰ ਕੋੜਿਆਂ ਨਾਲ ਮਾਰਨ। ਅਤੇ ਉਸ ਨੇ ਯਿਸੂ ਨੂੰ ਸਿਪਾਹੀਆਂ ਹੱਥੀ ਸਲੀਬ ਉੱਤੇ ਚੜ੍ਹਾਉਣ ਲਈ ਦੇ ਦਿੱਤਾ।
ਪਿਲਾਤੁਸ ਦੇ ਸਿਪਾਹੀਆਂ ਵੱਲੋਂ ਯਿਸੂ ਨੂੰ ਮਸਖਰੀਆਂ
(ਮਰਕੁਸ 15:16-20; ਯੂਹੰਨਾ 19:2-3)
27 ਤੱਦ ਪਿਲਾਤੁਸ ਦੇ ਸਿਪਾਹੀ ਯਿਸੂ ਨੂੰ ਰਾਜਪਾਲ ਦੇ ਮਹਿਲ ਵਿੱਚ ਲਿਆਏ ਅਤੇ ਉਸ ਦੇ ਦੁਆਲੇ ਸਾਰੇ ਪਹਿਰੇਦਾਰ ਇਕੱਠੇ ਕੀਤੇ।
28 ਸਿਪਾਹੀਆਂ ਨੇ ਉਸ ਦੇ ਸਾਰੇ ਕੱਪੜੇ ਲਾਹ ਕੇ ਇੱਕ ਲਾਲ ਚੋਗਾ ਉਸ ਨੂੰ ਪੁਵਾਇਆ।
29 ਕੰਡਿਆਂ ਨੂੰ ਗੁੰਦਕੇ ਉਨ੍ਹਾਂ ਨੇ ਇੱਕ ਕੰਡਿਆਂ ਦਾ ਤਾਜ ਬਨਾਇਆ ਅਤੇ ਉਸ ਦੇ ਸਿਰ ਤੇ ਪਾ ਦਿੱਤਾ। ਇੱਕ ਸੋਟੀ ਉਸ ਦੇ ਸੱਜੇ ਹੱਥ ਵਿੱਚ ਫ਼ੜਵਾ ਦਿੱਤੀ। ਫ਼ਿਰ ਸਿਪਾਹੀ ਉਸ ਅੱਗੇ ਝੁਕੇ ਅਤੇ ਉਸ ਨੂੰ ਮਸਖਰੀ ਕੀਤੀ, “ਹੇ ਯਹੂਦੀਆਂ ਦੇ ਪਾਤਸ਼ਾਹ, ਨਮਸੱਕਾਰ!”
30 ਸਿਪਾਹੀਆਂ ਨੇ ਯਿਸੂ ਉੱਤੇ ਥੁਕਿਆ ਅਤੇ ਫ਼ਿਰ ਉਸ ਦੇ ਹੱਥ ਵਿੱਚ ਫ਼ੜਾਈ ਹੋਈ ਸੋਟੀ ਨੂੰ ਖੋਹਕੇ ਉਸ ਦੇ ਨਾਲ ਕਿੰਨੀ ਵਾਰੀ ਉਸ ਦੇ ਸਿਰ ਤੇ ਸੱਟ ਮਾਰੀ।
31 ਜਦ ਉਹ ਉਸ ਨਾਲ ਮਸਖਰੀ ਕਰ ਹਟੇ ਤਾਂ ਉਨ੍ਹਾਂ ਨੇ ਉਹ ਲਾਲ ਚੋਗਾ ਉਸਤੋਂ ਲਾਹਕੇ, ਉਸ ਦੇ ਕੱਪੜੇ ਉਸ ਨੂੰ ਪੁਆਏ ਅਤੇ ਸਲੀਬ ਉੱਤੇ ਚੜ੍ਹਾਉਣ ਲਈ ਉਸ ਨੂੰ ਲੈ ਗਏ।
ਯਿਸੂ ਦਾ ਸਲੀਬ ਤੇ ਮਾਰਿਆ ਜਾਣਾ
(ਮਰਕੁਸ 15:21-32; ਲੂਕਾ 23:26-39; ਯੂਹੰਨਾ 19:17-19)
32 ਜਦੋਂ ਸਿਪਾਹੀ ਯਿਸੂ ਨੂੰ ਸ਼ਹਿਰ ਤੋਂ ਬਾਹਰ ਲੈ ਜਾ ਰਹੇ ਸਨ, ਉਨ੍ਹਾਂ ਨੇ ਕੁਰੇਨੀ ਦੇ ਸ਼ਮਊਨ ਨੂੰ ਵੇਖਿਆ, ਅਤੇ ਉਸ ਨੂੰ ਯਿਸੂ ਦੀ ਸਲੀਬ ਚੁੱਕਣ ਲਈ ਮਜਬੂਰ ਕੀਤਾ।
33 ਉਹ ਗਲਗਥਾ ਨਾਉਂ ਦੀ ਜਗ੍ਹਾ ਤੇ ਪਹੁੰਚੇ ਜਿਸਦਾ ਅਰਥ ਹੈ “ਖੋਪਰੀ ਦੀ ਥਾਂ।”
34 ਉੱਥੇ, ਉਨ੍ਹਾਂ ਨੇ ਯਿਸੂ ਨੂੰ ਪਿਤ ਨਾਲ ਮਿਸ਼੍ਰਿਤ ਮੈਅ ਪੀਣ ਨੂੰ ਦਿੱਤੀ। ਪਰ ਇਸਦਾ ਸੁਆਦ ਦੇਖਣ ਤੋਂ ਬਾਦ, ਉਸ ਨੇ ਇਸ ਨੂੰ ਪੀਣ ਤੋਂ ਇਨਕਾਰ ਕਰ ਦਿੱਤਾ।
35 ਤਾਂ ਉਨ੍ਹਾਂ ਨੇ ਉਸ ਨੂੰ ਸਲੀਬ ਤੇ ਚੜ੍ਹਾਇਆ ਅਤੇ ਉਸ ਨੂੰ ਕਿੱਲਾਂ ਠੋਕੀਆਂ। ਪਰਚੀਆਂ ਪਾਕੇ ਉਨ੍ਹਾਂ ਨੇ ਆਪਣੇ ਵਿੱਚਕਾਰ ਉਸ ਦੇ ਕੱਪੜੇ ਵੰਡ ਲਏ।
36 ਸਿਪਾਹੀ ਉੱਥੇ ਬੈਠੇ ਉਸਦੀ ਪਹਿਰੇਦਾਰੀ ਕਰ ਰਹੇ ਸਨ।
37 ਉਨ੍ਹਾਂ ਨੇ ਉਸ ਦੇ ਖਿਲਾਫ਼ ਦੋਸ਼ਾਂ ਦੀ ਨਿਸ਼ਾਨ ਪੱਤਰੀ ਯਿਸੂ ਦੇ ਸਿਰ ਤੇ ਪਾ ਦਿੱਤੀ। ਜਿਸ ਅਤੇ ਲਿਖਿਆ ਸੀ, “ਇਹ ਯਹੂਦੀਆਂ ਦਾ ਪਾਤਸ਼ਾਹ ਯਿਸੂ ਹੈ।”
38 ਯਿਸੂ ਦੇ ਆਸੇ-ਪਾਸੇ ਹੋਰ ਦੋ ਜਣਿਆਂ ਨੂੰ ਸਲੀਬ ਦਿੱਤੀ ਗਈ ਸੀ। ਇੱਕ ਸੱਜੇ ਪਾਸੇ ਅਤੇ ਦੂਜਾ ਖੱਬੇ ਪਾਸੇ।
39 ਅਤੇ ਆਉਣ ਜਾਣ ਵਾਲੇ ਲੋਕ ਉਸ ਨੂੰ ਆਉਂਦੇ ਜਾਂਦੇ ਹੋਏ ਤਾਨੇ ਮਾਰਨ ਲੱਗੇ ਅਤੇ ਸਿਰ ਹਿਲਾਕੇ ਕਹਿਣ ਲੱਗੇ,
40 “ਤੂੰ ਜੋ ਕਹਿੰਦਾ ਸੀ ਕਿ ਇਸ ਮੰਦਰ ਨੂੰ ਢਾਹ ਕੇ ਤਿੰਨ ਦਿਨਾਂ ਵਿੱਚ ਦੋਬਾਰਾ ਬਣਾ ਸੱਕਦਾ ਹੈਂ, ਹੁਣ ਆਪਣੇ-ਆਪ ਨੂੰ ਬਚਾ? ਜੇ ਤੁਂ ਸੱਚ ਵਿੱਚ ਪਰਮੇਸ਼ੁਰ ਦਾ ਪੁੱਤਰ ਹੈਂ ਤਾਂ ਸਲੀਬ ਤੋਂ ਉੱਤਰ ਕੇ ਆਪਣੇ-ਆਪ ਨੂੰ ਬਚਾ।”
41 ਇਸ ਤਰ੍ਹਾਂ ਪ੍ਰਧਾਨ ਜਾਜਕਾਂ, ਨੇਮ ਦੇ ਉਪਦੇਸ਼ਕਾਂ ਅਤੇ ਬਜ਼ੁਰਗ ਯਹੂਦੀ ਆਗੂਆਂ ਨੇ ਯਿਸੂ ਦਾ ਮਜ਼ਾਕ ਉਡਾਇਆ
42 ਉਨ੍ਹਾਂ ਨੇ ਆਖਿਆ, “ਉਸਨੇ ਹੋਰਨਾਂ ਨੂੰ ਬਚਾਇਆ, ਪਰ ਉਹ ਆਪਣੇ-ਆਪ ਨੂੰ ਨਹੀਂ ਬਚਾ ਸੱਕਦਾ। ਲੋਕ ਉਸ ਨੂੰ ਇਸਰਾਏਲ ਦਾ ਪਾਤਸ਼ਾਹ ਬੁਲਾਉਂਦੇ ਹਨ। ਜੇਕਰ ਉਹ ਪਾਤਸ਼ਾਹ ਹੈ ਤਾਂ ਉਹ ਸਲੀਬ ਤੋਂ ਹੇਠਾਂ ਉਤਰ ਆਵੇ, ਅਤੇ ਅਸੀਂ ਉਸ ਵਿੱਚ ਵਿਸ਼ਵਾਸ ਕਰਾਂਗੇ।
43 ਉਸ ਨੇ ਪਰਮੇਸ਼ੁਰ ਵਿੱਚ ਭਰੋਸਾ ਰੱਖਿਆ। ਜੇਕਰ ਉਹ ਚਾਹੁੰਦਾ ਹੈ ਤਾਂ ਹੁਣ ਪਰਮੇਸ਼ੁਰ ਉਸ ਨੂੰ ਬਚਾਵੇ। ਉਸ ਨੇ ਖੁਦ ਹੀ ਆਖਿਆ ਸੀ, ‘ਮੈਂ ਪਰਮੇਸ਼ੁਰ ਦਾ ਪੁੱਤਰ ਹਾਂ।’”
44 ਜੋ ਡਾਕੂ ਯਿਸੂ ਦੇ ਨਾਲ ਸਲੀਬ ਤੇ ਚੜ੍ਹਾਏ ਗਏ ਸਨ, ਉਨ੍ਹਾਂ ਨੇ ਵੀ ਯਿਸੂ ਨੂੰ ਬੇਇੱਜ਼ਤੀ ਵਾਲੇ ਸ਼ਬਦ ਆਖੇ।
ਯਿਸੂ ਦੀ ਮੌਤ
(ਮਰਕੁਸ 15:33-41; ਲੂਕਾ 23:44-49; ਯੂਹੰਨਾ 19:28-30)
45 ਦੁਪਿਹਰ ਵੇਲੇ, ਹਨੇਰੇ ਨੇ ਸਾਰੇ ਦੇਸ਼ ਨੂੰ ਢੱਕ ਲਿਆ। ਜੋ ਕਿ ਤਕਰੀਬਨ ਤਿੰਨ ਘੰਟੇ ਰਿਹਾ।
46 ਤਕਰੀਬਨ ਤਿੰਨ ਵਜੇ ਯਿਸੂ ਨੇ ਉੱਚੀ ਅਵਾਜ਼ ਵਿੱਚ ਪੁਕਾਰਿਆ, “ਏਲੀ-ਏਲੀ ਲਮਾ ਸਬਕਤਾਨੀ?” ਇਸਦਾ ਮਤਲਬ ਸੀ, “ਹੇ ਮੇਰੇ ਪਰਮੇਸ਼ੁਰ, ਹੇ ਮੇਰੇ ਪਰਮੇਸ਼ੁਰ, ਤੂੰ ਮੈਨੂੰ ਕਿਉਂ ਛੱਡ ਦਿੱਤਾ ਹੈ?”
47 ਕੁਝ ਲੋਕ ਜੋ ਉੱਥੇ ਖੜ੍ਹੇ ਸਨ ਉਨ੍ਹਾਂ ਨੇ ਇਹ ਸੁਣਿਆ ਅਤੇ ਲੋਕਾਂ ਕਿਹਾ, “ਇਹ ਏਲੀਯਾਹ ਨੂੰ ਅਵਾਜ਼ ਮਾਰਦਾ ਹੈ।”
48 ਤੁਰੰਤ ਹੀ, ਉਨ੍ਹਾਂ ਵਿੱਚੋਂ ਇੱਕ ਬੰਦਾ ਭੱਜਕੇ ਗਿਆ ਅਤੇ ਇੱਕ ਸਪੰਜ ਲੈ ਆਇਆ। ਅਤੇ ਉਸ ਨੂੰ ਸਿਰਕੇ ਵਿੱਚ ਭਿਉਂਇਆ ਅਤੇ ਸਪੰਜ ਨੂੰ ਸੋਟੀ ਤੇ ਬੰਨ੍ਹਿਆ ਅਤੇ ਉਸ ਵਿੱਚੋਂ ਪੀਣ ਲਈ ਯਿਸੂ ਨੂੰ ਦਿੱਤਾ।
49 ਪਰ ਦੂਜੇ ਲੋਕਾਂ ਨੇ ਆਖਿਆ, “ਇੰਤਜ਼ਾਰ ਕਰੀਏ ਅਤੇ ਵੇਖਿਏ ਕਿ ਕੀ ਏਲੀਯਾਹ ਉਸ ਨੂੰ ਬਚਾਉਣ ਆਉਂਦਾ ਹੈ?”
50 ਫ਼ੇਰ ਯਿਸੂ ਇੱਕ ਵਾਰ ਬਹੁਤ ਉੱਚੀ ਅਵਾਜ਼ ਨਾਲ ਚੀਕਿਆ ਅਤੇ ਪ੍ਰਾਣ-ਹੀਣ ਹੋ ਗਿਆ।
51 ਜਦੋਂ ਯਿਸੂ ਮਰ ਗਿਆ, ਤਾਂ ਮੰਦਰ ਦਾ ਪੜਦਾ ਉੱਪਰ ਤੋਂ ਹੇਠਾਂ ਤੱਕ ਦੋ ਟੁਕੜਿਆਂ ਵਿੱਚ ਪਾਟ ਗਿਆ। ਧਰਤੀ ਕੰਬ ਗਈ ਅਤੇ ਚੱਟਾਨਾਂ ਤਿੜਕ ਗਈਆਂ ਸਨ।
52 ਕਬਰਾਂ ਖੁਲ੍ਹ ਗਈਆਂ, ਅਤੇ ਬਹੁਤ ਸਾਰੇ ਪਰਮੇਸ਼ੁਰ ਦੇ ਲੋਕ, ਜੋ ਮਰ ਚੁੱਕੇ ਸਨ ਮੌਤ ਤੋਂ ਉਭਰ ਆਏ।
53 ਉਹ ਕਬਰਾਂ ਤੋਂ ਬਾਹਰ ਆ ਗਏ, ਯਿਸੂ ਦੇ ਪੂਨਰ-ਉਥਾਨ ਤੋਂ ਬਾਦ, ਉਹ ਪਵਿੱਤਰ ਸ਼ਹਿਰ ਯਰੂਸ਼ਲਮ ਵਿੱਚ ਗਏ ਅਤੇ ਉਹ ਬਹੁਤ ਸਾਰੇ ਲੋਕਾਂ ਨੂੰ ਦਿਖਾਈ ਦਿੱਤੇ।
54 ਸੂਬੇਦਾਰ ਅਤੇ ਉਨ੍ਹਾਂ ਸਿਪਾਹੀਆਂ ਨੇ, ਜਿਨ੍ਹਾਂ ਨੇ ਯਿਸੂ ਦੀ ਪਹਿਰੇਦਾਰੀ ਕੀਤੀ ਸੀ, ਇਹ ਭੂਚਾਲ ਅਤੇ ਇਹ ਸਭ ਘਟਨਾਵਾਂ ਵੇਖੀਆਂ ਤਾਂ ਉਹ ਬਹੁਤ ਘਬਰਾਏ ਅਤੇ ਕਿਹਾ, “ਉਹ ਸੱਚ-ਮੁੱਚ ਪਰਮੇਸ਼ੁਰ ਦਾ ਪੁੱਤਰ ਸੀ।”
55 ਬਹੁਤ ਸਾਰੀਆਂ ਔਰਤਾਂ ਵੀ ਉੱਥੇ ਸਨ। ਉਹ ਥੋੜੀ ਦੂਰ ਤੋਂ ਵੇਖ ਰਹੀਆਂ ਸਨ। ਉਹ ਗਲੀਲ ਤੋਂ ਉਸਦੀ ਸੇਵਾ ਕਰਨ ਲਈ ਆਈਆਂ ਸਨ।
56 ਮਰਿਯਮ ਮਗਦਲੀਨੀ, ਯਾਕੂਬ ਅਤੇ ਯੋਸੇਸ ਦੀ ਮਾਤਾ ਮਰਿਯਮ ਅਤੇ ਜ਼ਬਦੀ ਦੇ ਪੁੱਤਰਾਂ ਦੀ ਮਾਤਾ।
ਯਿਸੂ ਨੂੰ ਦਫ਼ਨਾਉਣਾ
(ਮਰਕੁਸ 15:42-47; ਲੂਕਾ 23:50-56; ਯੂਹੰਨਾ 19:38-42)
57-58 ਉਸ ਸ਼ਾਮ, ਯੂਸੁਫ਼ ਨਾਉਂ ਦਾ ਇੱਕ ਅਮੀਰ ਆਦਮੀ ਪਿਲਾਤੁਸ ਕੋਲ ਆਇਆ। ਯੂਸੁਫ਼ ਅਰੀਮਥੈਆ ਤੋਂ ਸੀ, ਅਤੇ ਉਹ ਵੀ ਯਿਸੂ ਦਾ ਚੇਲਾ ਸੀ। ਉਸ ਨੇ ਪਿਲਾਤੁਸ ਤੋਂ ਯਿਸੂ ਦਾ ਸ਼ਰੀਰ ਮੰਗਿਆ। ਪਿਲਾਤੁਸ ਨੇ ਯਿਸੂ ਦੀ ਲੋਥ ਉਸ ਨੂੰ ਦੇ ਦੇਣ ਲਈ ਆਪਣੇ ਸੈਨਕਾਂ ਨੂੰ ਹੁਕਮ ਦਿੱਤਾ।
59 ਯੂਸੁਫ਼ ਨੇ ਸ਼ਰੀਰ ਲਿਆ ਅਤੇ ਉਸ ਨੂੰ ਨਵੇਂ ਮਹੀਨ ਕੱਪੜੇ ਵਿੱਚ ਲਪੇਟਿਆ।
60 ਯੂਸੁਫ਼ ਨੇ ਯਿਸੂ ਦੇ ਸ਼ਰੀਰ ਨੂੰ ਉਸਦੀ ਨਵੀਂ ਕਬਰ ਵਿੱਚ ਰੱਖਿਆ ਜਿਹੜੀ ਉਸ ਨੇ ਚੱਟਾਨ ਵਿੱਚ ਤਰਾਸ਼ੀ ਹੋਈ ਸੀ। ਫ਼ਿਰ ਉਸ ਨੇ ਕਬਰ ਦਾ ਪ੍ਰਵੇਸ਼ ਦੁਆਰ ਵੱਡੇ ਪੱਥਰ ਨਾਲ ਢੱਕ ਦਿੱਤਾ ਅਤੇ ਚੱਲਿਆ ਗਿਆ।
61 ਮਰਿਯਮ ਮਗਦਲੀਨੀ ਅਤੇ ਮਰਿਯਮ ਨਾਉਂ ਦੀ ਦੂਜੀ ਔਰਤ ਉੱਥੇ ਹੀ ਕਬਰ ਦੇ ਸਾਹਮਣੇ ਬੈਠੀਆਂ ਰਹੀਆਂ।
ਯਿਸੂ ਦੀ ਕਬਰ ਦੀ ਰਾਖੀ
62 ਉਹ ਦਿਨ, ਤਿਆਰੀ ਦਾ ਦਿਨ ਕਹਾਉਂਦਾ ਸੀ। ਅਗਲੇ ਦਿਨ ਪ੍ਰਧਾਨ ਜਾਜਕ, ਅਤੇ ਫ਼ਰੀਸੀ ਇਕੱਠੇ ਹੋਕੇ ਪਿਲਾਤੁਸ ਕੋਲ ਆਏ ਅਤੇ ਬੋਲੇ,
63 “ਮਹਾਰਾਜ, ਸਾਨੂੰ ਯਾਦ ਹੈ ਕਿ ਜਦੋਂ ਉਹ ਜਿਉਂਦਾ ਸੀ ਉਸ ਦਗਾਬਾਜ਼ ਨੇ ਆਖਿਆ ਸੀ, ‘ਤਿੰਨ ਦਿਨਾਂ ਬਾਦ, ਮੈਂ ਮੌਤ ਤੋਂ ਜੀਅ ਉੱਠਾਂਗਾ।’
64 ਇਸ ਲਈ ਹੁਕਮ ਦਿਉ ਕਿ ਤਿੰਨ ਦਿਨ ਤੱਕ ਕਬਰ ਦੀ ਧਿਆਨ ਨਾਲ ਪਹਿਰੇਦਾਰੀ ਕੀਤੀ ਜਾਵੇ। ਨਹੀਂ ਤਾਂ, ਉਸ ਦੇ ਚੇਲੇ ਆਕੇ ਉਸਦਾ ਸ਼ਰੀਰ ਲੈ ਜਾ ਸੱਕਦੇ ਹਨ, ਅਤੇ ਫ਼ਿਰ ਲੋਕਾਂ ਨੂੰ ਦੱਸਣਗੇ ਕਿ ਉਹ ਮੌਤ ਤੋਂ ਉੱਠ ਪਿਆ ਹੈ। ਇਹ ਅਖੀਰਲਾ ਪੱਖੰਡ ਪਹਿਲੇ ਨਾਲੋਂ ਵੀ ਭੈੜਾ ਹੋਵੇਗਾ।”
65 ਪਿਲਾਤੁਸ ਨੇ ਆਖਿਆ, “ਤੁਸੀਂ ਕੁਝ ਸਿਪਾਹੀ ਲੈ ਲਵੋ ਅਤੇ ਜਿੰਨੀ ਚੰਗੀ ਤਰ੍ਹਾਂ ਤੁਸੀਂ ਚਾਹੁੰਦੇ ਹੋ ਉਸਦੀ ਕਬਰ ਦੀ ਰਾਖੀ ਕਰੋ।”
66 ਤੱਦ ਉਹ ਸਾਰੇ ਕਬਰ ਵੱਲ ਗਏ ਅਤੇ ਚੋਰਾਂ ਤੋਂ ਬਚਾਉਣ ਲਈ ਉਸਦੀ ਰਾਖੀ ਕੀਤੀ। ਉਨ੍ਹਾਂ ਨੇ ਕਬਰ ਦੀ ਰਾਖੀ ਲਈ ਕਬਰ ਵਾਲੇ ਪੱਥਰ ਉੱਤੇ ਮੋਹਰ ਲਾਕੇ ਕੁਝ ਸਿਪਾਹੀਆਂ ਨੂੰ ਉੱਥੇ ਬਿਠਾਕੇ ਕਬਰ ਦੀ ਰਾਖੀ ਕਰਵਾਈ।