ਮੰਦਰ ਦਾ ਭਵਿੱਖ ਵਿੱਚ ਹੋਣ ਵਾਲਾ ਨੁਕਸਾਨ
(ਮਰਕੁਸ 13:1-31; ਲੂਕਾ 21:5-33)
24
ਯਿਸੂ ਮੰਦਰ ਤੋਂ ਬਾਹਰ ਨਿਕਲ ਕੇ ਜਾ ਰਿਹਾ ਸੀ ਕਿ ਉਸ ਦੇ ਚੇਲੇ ਉਸ ਨੂੰ ਮੰਦਰ ਦੀਆਂ ਇਮਾਰਤਾਂ ਤੇ ਮੰਦਰ ਵਿਖਾਉਣ ਲਈ ਆਏ। ਯਿਸੂ ਨੇ ਚੇਲਿਆਂ ਨੂੰ ਆਖਿਆ, “ਤੁਸੀਂ ਵੇਖਣਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਇਸ ਸਥਾਨ ਦੀ ਹਰ ਇਮਾਰਤ ਨਸ਼ਟ ਹੋ ਜਾਵੇਗੀ, ਇਸ ਜਗ੍ਹਾ ਦਾ ਹਰ ਪੱਥਰ ਧਰਤੀ ਉੱਪਰ ਡਿੱਗੇਗਾ।”
ਬਾਦ ਵਿੱਚ, ਜਦੋਂ ਯਿਸੂ ਜੈਤੂਨ ਦੇ ਪਹਾੜ ਤੇ ਬੈਠਾ ਹੋਇਆ ਸੀ, ਉਸ ਦੇ ਚੇਲੇ ਇੱਕਾਂਤ ਵਿੱਚ ਉਸ ਕੋਲ ਆਏ ਅਤੇ ਪੁੱਛਿਆ, “ਸਾਨੂੰ ਦੱਸੋ, ਇਹ ਗੱਲਾਂ ਕਦੋਂ ਵਾਪਰਨਗੀਆਂ ਅਤੇ ਤੁਹਾਡੇ ਆਉਣ ਦਾ ਅਤੇ ਜੁਗ ਦੇ ਅੰਤ ਦਾ ਕੀ ਨਿਸ਼ਾਨ ਹੋਵੇਗਾ?ֹ”
ਯਿਸੂ ਨੇ ਆਖਿਆ, “ਸਾਵੱਧਾਨ ਰਹਿਣਾ ਕਿਸੇ ਕੋਲੋਂ ਵੀ ਧੋਖਾ ਨਾ ਖਾਣਾ। ਕਿਉਂਕਿ ਬਹੁਤ ਲੋਕ ਮੇਰੇ ਨਾਂ ਤੇ ਆਉਣਗੇ ਅਤੇ ਆਖਣਗੇ, ‘ਮੈਂ ਮਸੀਹਾ ਹਾਂ।’ ਤੇ ਉਹ ਬਹੁਤ ਲੋਕਾਂ ਨੂੰ ਗੁਮਰਾਹ ਕਰਨਗੇ। ਤੁਸੀਂ ਲੜੀਆਂ ਜਾਣ ਵਾਲੀਆਂ ਲੜਾਈਆਂ ਬਾਰੇ ਵੀ ਸੁਣੋਂਗੇ। ਤੁਸੀਂ ਉਨ੍ਹਾਂ ਲੜਾਈਆਂ ਦੇ ਸ਼ੁਰੂ ਹੋਣ ਦੀਆਂ ਅਫ਼ਵਾਹਾਂ ਸੁਣੋਂਗੇ। ਪਰ ਤੁਸੀਂ ਡਰਨਾ ਨਹੀਂ ਕਿਉਂਕਿ ਇਹ ਸਭ ਗੱਲਾਂ ਵਾਪਰਨੀਆਂ ਚਾਹੀਦੀਆਂ ਹਨ। ਪਰ ਹਾਲੇ ਇਹ ਅੰਤ ਨਹੀਂ। ਇੱਕ ਕੌਮ ਦੂਜੀ ਕੌਮ ਉੱਪਰ ਹੀ ਇੱਕ ਪਾਤਸ਼ਾਹੀ ਦੂਜੀ ਉੱਪਰ ਚੜ੍ਹਾਈ ਕਰੇਗੀ। ਬਹੁਤ ਥਾਵਾਂ ਉੱਤੇ ਅਕਾਲ ਪੈਣਗੇ ਅਤੇ ਭੂਚਾਲ ਆਉਣਗੇ। ਇਹ ਸਭ ਗੱਲਾਂ ਔਰਤ ਦੀ ਗਰਭ ਅਵਸਥਾ ਦੀਆਂ ਪੀੜਾਂ ਵਾਂਗ ਹੋਣਗੀਆਂ, ਜਦੋਂ ਉਹ ਇੱਕ ਬੱਚੇ ਨੂੰ ਜਨਮ ਦੇ ਰਹੀ ਹੁੰਦੀ ਹੈ।
“ਫ਼ਿਰ ਲੋਕ ਤੁਹਾਨੂੰ ਸ਼ਾਸਕਾਂ ਹੱਥੀਂ ਦੇਣਗੇ ਅਤੇ ਮਾਰੇ ਜਾਣ ਲਈ ਫ਼ੜਾ ਦੇਣਗੇ। ਸਭ ਲੋਕ ਤੁਹਾਨੂੰ ਨਫ਼ਰਤ ਕਰਨਗੇ। ਇਹ ਸਭ ਗੱਲਾਂ ਤੁਹਾਡੇ ਨਾਲ ਇਸ ਲਈ ਵਾਪਰਨਗੀਆਂ ਕਿਉਂਕਿ ਤੁਸੀਂ ਮੇਰੇ ਵਿੱਚ ਵਿਸ਼ਵਾਸ ਰੱਖਦੇ ਹੋ। 10 ਉਸ ਵਕਤ ਬਹੁਤ ਸਾਰੇ ਨਿਹਚਾਵਾਨ ਆਪਣਾ ਵਿਸ਼ਵਾਸ ਗੁਆ ਬੈਠਣਗੇ ਅਤੇ ਉਹ ਇੱਕ ਦੂਜੇ ਦੇ ਵਿਰੋਧ ਵਿੱਚ ਉੱਠ ਖੜੋਣਗੇ ਤੇ ਆਪਣੇ ਵਿੱਚ ਨਫ਼ਰਤਾਂ ਪਾਲ ਬੈਠਣਾਗੇ। 11 ਬਹੁਤ ਸਾਰੇ ਝੂਠੇ ਨਬੀ ਆਉਣਗੇ ਅਤੇ ਬਹੁਤ ਲੋਕਾਂ ਨੂੰ ਗਲਤ ਰਾਹ ਪਾ ਦੇਣਗੇ। 12 ਦੁਨੀਆਂ ਵਿੱਚ ਦੁਸ਼ਟਤਾ ਵੱਧ ਜਾਵੇਗੀ। ਇਸ ਲਈ ਬਹੁਤ ਸਾਰੇ ਸ਼ਰਧਾਲੂਆਂ ਦਾ ਪਿਆਰ ਠੰਡਾ ਪੈ ਜਾਵੇਗਾ। 13 ਪਰ ਜਿਹੜਾ ਅੰਤ ਤੀਕ ਸਹੇਗਾ ਉਹੀ ਬਚਾਇਆ ਜਾਵੇਗਾ। 14 ਅਤੇ ਪਰਮੇਸ਼ੁਰ ਦੇ ਰਾਜ ਬਾਰੇ ਇਹ ਖੁਸ਼ਖਬਰੀ ਸਾਰੀ ਦੁਨੀਆਂ ਵਿੱਚ ਫ਼ੈਲਾਈ ਜਾਵੇਗੀ। ਹਰ ਇੱਕ ਕੌਮ ਨੂੰ ਇਸ ਬਾਰੇ ਦੱਸਿਆ ਜਾਵੇਗਾ ਉਸ ਤੋਂ ਮਗਰੋਂ ਅੰਤ ਆਵੇਗਾ।
15 “ਦਾਨੀਏਲ ਨਬੀ ਨੇ ਉਸ ਘਿਨਾਉਣੀ ਦਿਲ ਕੰਬਾਊ ਵਸਤ ਬਾਰੇ ਆਖਿਆ ਹੈ ‘ਜਿਸ ਨਾਲ ਭਾਰੀ ਨੁਕਸਾਨ ਹੋਣਾ ਹੈ।’* ਤੁਸੀਂ ਉਹ ਭਿਆਨਕ ਵਸਤ ਪਵਿੱਤਰ ਸਥਾਨ ਵਿੱਚ ਖੜੀ ਵੇਖੋਂਗੇ।” (ਤੁਹਾਡੇ ਵਿੱਚ ਜਿਨ੍ਹਾਂ ਨੇ ਇਸ ਬਾਰੇ ਪੜ੍ਹਿਆ ਹੈ ਉਹ ਸਮਝਦੇ ਹਨ ਕਿ ਇਸਦਾ ਕੀ ਅਰਥ ਹੈ।) 16 “ਉਸ ਵਕਤ ਜਿਹੜੇ ਲੋਕ ਯਹੂਦਿਯਾ ਵਿੱਚ ਹੋਣ ਉਹ ਪਹਾੜੀਆਂ ਨੂੰ ਭੱਜ ਜਾਣ। 17 ਲੋਕਾਂ ਨੂੰ ਉਸ ਵਕਤ ਬਿਨਾ ਆਪਣਾ ਵਕਤ ਜਾਇਆ ਕੀਤਿਆਂ ਉੱਥੇ ਜਾਣਾ ਚਾਹੀਦਾ ਹੈ। ਜੇਕਰ ਕੋਈ ਮਨੁੱਖ ਆਪਣੇ ਘਰ ਦੀ ਛੱਤ ਉੱਤੇ ਹੈ, ਤਾਂ ਉਸ ਨੂੰ ਘਰ ਵਿੱਚੋਂ ਆਪਣੀਆਂ ਚੀਜ਼ਾਂ ਲੈਣ ਵਾਸਤੇ ਹੇਠਾਂ ਨਹੀਂ ਆਉਣਾ ਚਾਹੀਦਾ। 18 ਜੇਕਰ ਕੋਈ ਮਨੁੱਖ ਖੇਤ ਵਿੱਚ ਹੈ ਤਾਂ ਉਸ ਨੂੰ ਆਪਣਾ ਚੋਲਾ ਲੈਣ ਵਾਸਤੇ ਵਾਪਿਸ ਨਹੀਂ ਆਉਣਾ ਚਾਹੀਦਾ।
19 “ਇਹ ਵਕਤ ਉਨ੍ਹਾਂ ਔਰਤਾਂ ਵਾਸਤੇ ਬੜਾ ਖਰਾਬ ਹੋਵੇਗਾ ਜਿਹੜੀਆਂ ਗਰਭਵਤੀਆਂ ਹੋਣਗੀਆਂ ਜਾਂ ਜਿਨ੍ਹਾਂ ਦੇ ਬੱਚੇ ਦੁੱਧ ਚੁੰਘਦੇ ਹੋਣਗੇ। 20 ਪਰ ਤੁਸੀਂ ਪ੍ਰਾਰਥਨਾ ਕਰੋ ਕਿ ਤੁਹਾਡੀ ਭਾਜ ਸਰਦੀਆਂ ਵਿੱਚ ਜਾਂ ਸਬਤ ਦੇ ਦਿਨ ਨਾ ਹੋਵੇ। 21 ਕਿਉਂਕਿ, ਉਸ ਸਮੇਂ ਬਹੁਤ ਵੱਡੀ ਮੁਸੀਬਤ ਹੋਵੇਗੀ। ਅਜਿਹੀ ਮੁਸੀਬਤ ਸੰਸਾਰ ਦੇ ਆਦਿ ਤੋਂ ਲੈ ਕੇ ਹੁਣ ਤੱਕ ਕਦੀ ਨਹੀਂ ਵਾਪਰੀ ਅਤੇ ਨਾ ਹੀ ਇਹ ਫ਼ੇਰ ਕਦੇ ਵਾਪਰੇਗੀ।
22 “ਪਰਮੇਸ਼ੁਰ ਨੇ ਉਹ ਮੁਸੀਬਤਾਂ ਦੇ ਦਿਨ ਘਟਾਉਣ ਦਾ ਫ਼ੈਸਲਾ ਕੀਤਾ ਹੈ। ਜੇਕਰ ਉਸ ਨੇ ਅਜਿਹਾ ਨਾ ਕੀਤਾ, ਤਾਂ ਕੋਈ ਜਿਉਂਦਾ ਨਹੀਂ ਰਹੇਗਾ। ਪਰ ਪਰਮੇਸ਼ੁਰ ਨੇ ਉਹ ਸਮਾਂ ਆਪਣੇ ਚੁਣੇ ਹੋਏ ਲੋਕਾਂ ਦੀ ਭਲਾਈ ਲਈ ਘਟਾ ਦਿੱਤਾ ਹੈ।
23 “ਉਸ ਵਕਤ ਜੇਕਰ ਤੁਹਾਨੂੰ ਕੋਈ ਆਖੇ ਕਿ ਵੇਖੋ ਮਸੀਹ ਇੱਥੇ ਹੈ, ਤੇ ਕੋਈ ਕਹੇ ਕਿ ਵੇਖੋ ਉਹ ਇੱਥੇ ਹੈ, ਤਾਂ ਤੁਸੀਂ ਉਨ੍ਹਾਂ ਦਾ ਵਿਸ਼ਵਾਸ ਨਾ ਕਰਨਾ। 24 ਕਿਉਂਕਿ ਝੂਠੇ ਮਸੀਹ ਅਤੇ ਝੂਠੇ ਨਬੀ ਉੱਠਣਗੇ ਅਤੇ ਕਈ ਤਰ੍ਹਾਂ ਦੇ ਅਚਰਜ ਨਿਸ਼ਾਨ ਅਤੇ ਅਦਭੁਤ ਕਰਾਮਾਤਾਂ ਵਿਖਾਉਣਗੇ ਕਿ ਉਹ ਪਰਮੇਸ਼ੁਰ ਵੱਲੋਂ ਚੁਣਿਆ ਹੋਇਆਂ ਨੂੰ ਵੀ ਭੁਲੇਵੇ ਵਿੱਚ ਪਾ ਸੱਕਣ। ਉਹ ਇਹ ਗੱਲਾਂ, ਜੇਕਰ ਸੰਭਵ ਹੋਇਆ ਤਾਂ, ਪਰਮੇਸ਼ੁਰ ਦੇ ਚੁਣੇ ਹੋਏ ਲੋਕਾਂ ਨੂੰ ਗੁਮਰਾਹ ਕਰਨ ਲਈ ਵੀ ਕਰਨਗੇ। 25 ਹੁਣ ਮੈਂ ਤੁਹਾਨੂੰ ਇਹ ਸਭ ਕੁਝ ਵਾਪਰਨ ਤੋਂ ਪਹਿਲਾਂ ਹੀ ਦੱਸ ਦਿੱਤਾ ਹੈ।
26 “ਕੁਝ ਲੋਕ ਤੁਹਾਨੂੰ ਜੇਕਰ ਇਹ ਕਹਿਣ ਕਿ ਮਸੀਹ ਥਲਾਂ ਵਿੱਚ ਹੈ। ਤਾਂ ਤੁਸੀਂ ਉਨ੍ਹਾਂ ਦੇ ਕਹੇ ਉਜਾੜ ਵਿੱਚ ਮਸੀਹ ਨੂੰ ਲੱਭਣ ਨਾ ਚੱਲੇ ਜਾਣਾ। ਕੋਈ ਤੁਹਾਨੂੰ ਇਹ ਵੀ ਕਹਿ ਸੱਕਦਾ ਹੈ ਕਿ ਵੇਖੋ ਮਸੀਹ ਅੰਦਰਲੀ ਕੋਠੜੀ ਵਿੱਚ ਹੈ। ਪਰ ਤੁਸੀਂ ਉਸਤੇ ਵਿਸ਼ਵਾਸ ਨਾ ਕਰਿਓ। 27 ਕਿਉਂਕਿ ਜਿਸ ਤਰ੍ਹਾਂ ਬਿਜਲੀ ਚੜ੍ਹ੍ਹਦਿਉਂ ਚਮਕਾ ਮਾਰਕੇ ਲਹਿੰਦੇ ਤੀਕਰ ਦਿਸਦੀ ਹੈ ਉਸੇ ਤਰ੍ਹਾਂ ਮਨੁੱਖ ਦੇ ਪੁੱਤਰ ਦਾ ਆਉਣਾ ਹੋਵੇਗਾ। 28 ਜਦੋਂ ਤੁਸੀਂ ਗਿਰਝਾਂ ਨੂੰ ਇਕੱਠਿਆਂ ਹੁੰਦਿਆਂ ਦੇਖਦੇ ਹੋ ਤਾਂ ਤੁਸੀਂ ਜਾਣ ਜਾਂਦੇ ਹੋ ਇੱਥੇ ਕੋਈ ਮੁਰਦਾ ਹੈ। ਉਸੇ ਤਰ੍ਹਾਂ ਮੇਰਾ ਆਉਣਾ ਵੀ ਸਭ ਲਈ ਸਾਫ਼ ਹੋਵੇਗਾ।
29 “ਉਨ੍ਹਾਂ ਦਿਨਾਂ ਦੀਆਂ ਤਕਲੀਫ਼ਾਂ ਤੋਂ ਤੁਰੰਤ ਬਾਦ, ਇਹ ਵਾਪਰੇਗਾ:
‘ਝੱਟ ਹੀ ਸੂਰਜ ਹਨੇਰਾ ਹੋ ਜਾਵੇਗਾ
ਅਤੇ ਚੰਨ ਆਪਣੀ ਚਾਨਣੀ ਨਹੀਂ ਦੇਵੇਗਾ
ਤਾਰੇ ਅਕਾਸ਼ ਤੋਂ ਡਿੱਗ ਪੈਣਗੇ
ਅਤੇ ਅਕਾਸ਼ਾਂ ਦੀਆਂ ਸ਼ਕਤੀਆਂ ਹਿਲਾਈਆਂ ਜਾਣਗੀਆਂ।’
30 “ਉਸ ਵਕਤ, ਅਕਾਸ਼ ਵਿੱਚ ਇੱਕ ਨਿਸ਼ਾਨ ਪ੍ਰਗਟੇਗਾ, ਇਹ ਵਿਖਾਉਣ ਲਈ, ਕਿ ਮਨੁੱਖ ਦਾ ਪੁੱਤਰ ਆ ਰਿਹਾ ਹੈ। ਫ਼ਿਰ ਧਰਤੀ ਦੇ ਸਾਰੇ ਲੋਕ ਚੀਕਣਗੇ। ਉਹ ਮਨੁੱਖ ਦੇ ਪੁੱਤਰ ਨੂੰ ਸ਼ਕਤੀ ਅਤੇ ਮਹਾਨ ਮਹਿਮਾ ਨਾਲ ਅਕਾਸ਼ ਦੇ ਬੱਦਲਾਂ ਤੇ ਆਉਂਦਾ ਵੇਖਣਗੇ। 31 ਮਨੁੱਖ ਦਾ ਪੁੱਤਰ ਤੁਰ੍ਹੀ ਦੀ ਵੱਡੀ ਅਵਾਜ਼ ਨਾਲ ਆਪਣੇ ਦੂਤਾਂ ਨੂੰ ਭੇਜੇਗਾ। ਉਹ ਉਸ ਦੇ ਚੁਣੇ ਹੋਏ ਲੋਕਾਂ ਨੂੰ ਧਰਤੀ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਅਤੇ ਅਕਾਸ਼ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਇਕੱਠਿਆਂ ਕਰਨਗੇ।
32 “ਅੰਜੀਰ ਦਾ ਰੁੱਖ ਸਾਨੂੰ ਸਬਕ ਸਿੱਖਾਉਂਦਾ ਹੈ। ਤੁਸੀਂ ਜਾਣਦੇ ਹੋ ਕਿ ਜਦੋਂ ਅੰਜੀਰ ਦੇ ਦ੍ਰੱਖਤ ਦੀਆਂ ਟਹਿਣੀਆਂ ਨਰਮ ਅਤੇ ਹਰੀਆਂ ਹੁੰਦੀਆਂ ਹਨ ਅਤੇ ਉਨ੍ਹਾਂ ਤੇ ਪੱਤੇ ਫ਼ੁੱਟਦੇ ਹਨ ਤਾਂ ਪਤਾ ਲੱਗ ਜਾਂਦਾ ਹੈ ਕਿ ਗਰਮੀ ਦੀ ਰੁੱਤ ਨੇੜੇ ਹੈ। 33 ਇਸੇ ਤਰ੍ਹਾਂ, ਜਦੋਂ ਤੁਸੀਂ ਇਹ ਸਭ ਗੱਲਾਂ ਵਾਪਰਦੀਆਂ ਵੇਖੋਂਗੇ, ਤੁਸੀਂ ਜਾਣ ਜਾਵੋਂਗੇ ਕਿ ਮਨੁੱਖ ਦੇ ਪੁੱਤਰ ਦਾ ਆਉਣਾ ਨੇੜੇ ਹੈ। 34 ਮੈਂ ਤੁਹਾਨੂੰ ਸੱਚ ਦੱਸਦਾ ਹਾਂ। ਇਹ ਸਭ ਗੱਲਾਂ ਉਦੋਂ ਵਾਪਰਨਗੀਆਂ ਜਦੋਂ ਹਾਲੇ ਇਹ ਪੀੜ੍ਹੀ ਜਿਉਂਦੀ ਹੋਵੇਗੀ। 35 ਪੂਰਾ ਸੰਸਾਰ ਧਰਤੀ ਅਤੇ ਅਕਾਸ਼ ਨਾਸ਼ ਹੋ ਜਾਣਗੇ ਪਰ ਮੇਰੇ ਬਚਨ ਕਦੇ ਵੀ ਨਾਸ਼ ਨਹੀਂ ਹੋਣਗੇ।
ਸਿਰਫ਼ ਪਰਮੇਸ਼ੁਰ ਜਾਣਦਾ ਹੈ ਕਿ ਉਹ ਸਮਾਂ ਕਦੋਂ ਆਵੇਗਾ
(ਮਰਕੁਸ 13:32-37; ਲੂਕਾ 17:26-30, 34-36)
36 “ਪਰ ਉਸ ਦਿਨ ਅਤੇ ਉਸ ਘੜੀ ਨੂੰ ਕੋਈ ਨਹੀਂ ਜਾਣਦਾ। ਨਾ ਸਵਰਗ ਦੇ ਦੂਤ ਨਾ ਪੁੱਤਰ ਸਿਰਫ਼ ਪਿਤਾ ਹੀ ਜਾਣਦਾ ਹੈ।
37 “ਜਿਵੇਂ ਨੂਹ ਦਾ ਸਮਾਂ ਸੀ ਉਸੇ ਤਰ੍ਹਾਂ ਮਨੁੱਖ ਦੇ ਪੁੱਤਰ ਦਾ ਆਉਣਾ ਵੀ ਹੋਵੇਗਾ। 38 ਉਨ੍ਹਾਂ ਦਿਨਾਂ ਵਿੱਚ ਹੜ੍ਹ ਤੋਂ ਪਹਿਲਾਂ, ਲੋਕ ਖਾ ਰਹੇ ਸਨ, ਪੀ ਰਹੇ ਸਨ, ਵਿਆਹ ਕਰਵਾ ਰਹੇ ਸਨ ਅਤੇ ਆਪਣੇ ਬੱਚਿਆਂ ਦੇ ਵਿਆਹ ਵੀ ਕਰ ਰਹੇ ਸਨ ਅਤੇ ਲੋਕ ਇਹ ਸਭ ਕੁਝ ਕਰਦੇ ਰਹੇ ਜਦ ਤੱਕ ਕਿ ਨੂਹ ਕਿਸ਼ਤੀ ਉੱਤੇ ਨਹੀਂ ਚੜ੍ਹ੍ਹਿਆ ਸੀ। 39 ਲੋਕਾਂ ਨੂੰ ਨਹੀਂ ਪਤਾ ਸੀ ਕਿ ਕੀ ਵਾਪਰ ਰਿਹਾ ਸੀ। ਉਨ੍ਹਾਂ ਨੂੰ ਹੜ੍ਹ ਆਉਣ ਅਤੇ ਸਭ ਲੋਕਾਂ ਨੂੰ ਨਸ਼ਟ ਕਰ ਦੇਣ ਤੱਕ ਕੁਝ ਵੀ ਪਤਾ ਨਹੀਂ ਸੀ।
“ਇਵੇਂ ਹੀ ਮਨੁੱਖ ਦੇ ਪੁੱਤਰ ਦੇ ਆਉਣ ਤੇ ਹੋਵੇਗਾ। 40 ਦੋ ਮਨੁੱਖ ਇਕੱਠੇ ਖੇਤ ਵਿੱਚ ਕੰਮ ਕਰ ਰਹੇ ਹੋਣਗੇ, ਉਨ੍ਹਾਂ ਵਿੱਚੋਂ ਇੱਕ ਨੂੰ ਫ਼ੜ ਲਿਆ ਜਾਵੇਗਾ ਅਤੇ ਦੂਜਾ ਛੱਡ ਦਿੱਤਾ ਜਾਵੇਗਾ। 41 ਦੋ ਔਰਤਾਂ ਚੱਕੀ ਪੀਹ ਰਹੀਆਂ ਹੋਣਗੀਆਂ ਇੱਕ ਲੈ ਲਿੱਤੀ ਜਾਵੇਗੀ ਅਤੇ ਦੂਜੀ ਨੂੰ ਛੱਡ ਦਿੱਤੀ ਜਾਵੇਗਾ।
42 “ਸੋ ਹੁਸ਼ਿਆਰ ਰਹੋ! ਤੁਸੀਂ ਨਹੀਂ ਜਾਣਦੇ ਕਿ ਤੁਹਾਡਾ ਪ੍ਰਭੂ ਕਿਹੜੇ ਦਿਨ ਆਵੇਗਾ। 43 ਇਹ ਗੱਲ ਯਾਦ ਰੱਖਣਾ ਕਿ ਜੇਕਰ ਘਰ ਦਾ ਮਾਲਕ ਜਾਣਦਾ ਹੋਵੇ ਕਿ ਚੋਰ ਕਿਸ ਵਕਤ ਆਉਣ ਵਾਲਾ ਹੈ, ਉਹ ਸਤਰਕ ਰਹੇਗਾ ਅਤੇ ਚੋਰ ਨੂੰ ਆਪਣੇ ਘਰ ਦੇ ਅੰਦਰ ਵੜਨ ਨਹੀਂ ਦੇਵੇਗਾ। 44 ਇਵੇਂ ਤੁਹਾਨੂੰ ਵੀ ਤਿਆਰ ਰਹਿਣਾ ਚਾਹੀਦਾ ਹੈ ਕਿਉਂਕਿ ਜਿਸ ਘੜੀ ਤੁਹਾਨੂੰ ਚਿੱਤ ਚੇਤਾ ਵੀ ਨਹੀ ਹੋਣਾ ਉਸ ਘੜੀ ਮਨੁੱਖ ਦਾ ਪੁੱਤਰ ਆ ਜਾਵੇਗਾ।
ਚੰਗੇ ਨੋਕਰ ਅਤੇ ਬੁਰੇ ਨੋਕਰ
(ਲੂਕਾ 12:41-48)
45 “ਗਿਆਨੀ ਅਤੇ ਭਰੋਸੇ ਯੋਗ ਨੋਕਰ ਕੌਣ ਹੈ? ਉਹ ਅਜਿਹਾ ਹੈ ਜਿਸ ਨੂੰ ਮਾਲਕ ਨੇ ਹੋਰਨਾਂ ਸਾਰੇ ਨੋਕਰਾਂ ਉੱਤੇ ਨਿਗਰਾਨੀ ਰੱਖਣ ਅਤੇ ਉਨ੍ਹਾਂ ਨੂੰ ਠੀਕ ਸਮੇਂ ਤੇ ਭੋਜਨ ਦੇਣ ਦੀ ਜ਼ਿੰਮੇਦਾਰੀ ਦਿੱਤੀ ਹੈ? 46 ਜਦੋਂ ਮਾਲਕ ਆਉਂਦਾ ਹੈ ਅਤੇ ਨੋਕਰ ਨੂੰ ਦਿੱਤਾ ਹੋਇਆ ਕੰਮ ਕਰਦਿਆਂ ਵੇਖਦਾ ਹੈ, ਤਾਂ ਉਹ ਨੋਕਰ ਬਹੁਤ ਖੁਸ਼ ਹੁੰਦਾ ਹੈ। 47 ਮੈਂ ਤੁਹਾਨੂੰ ਸੱਚ ਦੱਸਦਾ ਹਾਂ। ਮਾਲਕ ਉਸ ਨੋਕਰ ਨੂੰ ਆਪਣੀ ਸਾਰੀ ਜਾਇਦਾਦ ਦੀ ਜ਼ਿੰਮੇਵਾਰੀ ਦੇ ਦੇਵੇਗਾ।
48 “ਪਰ ਉਦੋਂ ਕੀ ਹੋਵੇਗਾ ਜੇ ਨੋਕਰ ਦੁਸ਼ਟ ਹੋਵੇ ਅਤੇ ਸੋਚੇ ਕਿ ਉਸਦਾ ਮਾਲਕ ਛੇਤੀ ਵਾਪਿਸ ਨਹੀਂ ਆਵੇਗਾ? 49 ਫ਼ੇਰ ਉਹ ਦੂਜੇ ਨੋਕਰਾਂ ਨੂੰ ਮਾਰਨਾ ਕੁੱਟਣਾ ਸ਼ੁਰੂ ਕਰ ਦੇਵੇਗਾ ਅਤੇ ਸ਼ਰਾਬੀਆਂ ਨਾਲ ਖਾਣ-ਪੀਣ ਅਤੇ ਆਨੰਦ ਮਾਨਣ ਲੱਗ ਪਵੇਗਾ। 50 ਤਾਂ ਉਸ ਨੋਕਰ ਦਾ ਮਾਲਕ ਅਚਾਨਕ ਆਵੇਗਾ, ਜਦੋਂ ਉਸ ਨੂੰ ਉਸਦੀ ਆਸ ਵੀ ਨਹੀਂ ਹੋਵੇਗੀ, ਅਤੇ ਉਹ ਉਸ ਨੂੰ ਯਾਦ ਚੇਤੇ ਨਹੀਂ ਹੋਵੇਗਾ। 51 ਫ਼ਿਰ ਮਾਲਕ ਉਸ ਨੂੰ ਸਜ਼ਾ ਦੇਵੇਗਾ ਅਤੇ ਉਸ ਨੂੰ ਕਪਟੀਆਂ ਨਾਲ ਭੇਜ ਦੇਵੇਗਾ, ਜਿੱਥੇ ਲੋਕ ਚੀਕਦੇ ਅਤੇ ਆਪਣੇ ਦੰਦ ਕਰੀਚਦੇ ਹੋਣਗੇ।
* 24:15 “ਉਸ ਘਿਨਾਉਣੀ … ਹੋਣਾ ਹੈ” ਦੇਖੋ ਦਾਨੀਏਲ 9:27; 11:31; 12:11; 24:29 ਦੇਖੋ ਯਸਾ. 13:10; 34:4