ਹੇਰੋਦੇਸ ਨੂੰ ਯਿਸੂ ਬਾਰੇ ਖਬਰ
(ਮਰਕੁਸ 6:14-29; ਲੂਕਾ 9:7-9)
14
1 ਉਸ ਸਮੇਂ ਰਾਜੇ ਹੇਰੋਦੇਸ, ਗਲੀਲੀ ਦੇ ਸ਼ਾਸਕ ਨੇ ਯਿਸੂ ਦੀ ਖਬਰ ਸੁਣੀ।
2 ਉਸ ਨੇ ਆਪਣੇ ਨੋਕਰਾਂ ਨੂੰ ਆਖਿਆ, “ਇਹ ਮਨੁੱਖ ਬਪਤਿਸਮਾ ਦੇਣ ਵਾਲਾ ਯੂਹੰਨਾ ਹੈ। ਉਹ ਜ਼ਰੂਰ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ। ਇਸੇ ਲਈ ਇਸ ਵਿੱਚ ਅਜਿਹੀਆਂ ਚਮਤਕਾਰੀ ਸ਼ਕਤੀਆਂ ਕੰਮ ਕਰ ਰਹੀਆਂ ਹਨ।”
ਯੂਹੰਨਾ ਬਪਤਿਸਮਾ ਦੇਣ ਵਾਲੇ ਦੀ ਮੌਤ
3 ਹੇਰੋਦੇਸ ਨੇ ਆਪਣੇ ਭਰਾ ਫ਼ਿਲਿਪੁੱਸ ਦੀ ਤੀਵੀਂ ਹੇਰੋਦਿਯਾਸ ਦੇ ਕਾਰਣ ਯੂਹੰਨਾ ਨੂੰ ਫ਼ੜਕੇ ਬੰਨ੍ਹਿਆ ਅਤੇ ਕੈਦ ਵਿੱਚ ਪਾ ਦਿੱਤਾ ਸੀ।
4 ਉਸ ਨੇ ਯੂਹੰਨਾ ਨੂੰ ਇਸ ਲਈ ਕੈਦ ਕੀਤਾ ਕਿਉਂਕਿ, ਯੂਹੰਨਾ ਨੇ ਉਸ ਨੂੰ ਆਖਿਆ, “ਹੇਰੋਦਿਯਾਸ ਨੂੰ ਰੱਖਣਾ ਤੁਹਾਨੂੰ ਯੋਗ ਨਹੀਂ।”
5 ਉਹ ਯੂਹੰਨਾ ਨੂੰ ਮਾਰਨਾ ਚਾਹੁੰਦਾ ਸੀ, ਪਰ ਉਹ ਲੋਕਾਂ ਤੋਂ ਡਰਦਾ ਸੀ ਕਿਉਂਕਿ ਉਨ੍ਹਾਂ ਨੇ ਯੂਹੰਨਾ ਨੂੰ ਨਬੀ ਸਮਝਿਆ ਹੋਇਆ ਸੀ।
6 ਪਰ ਹੇਰੋਦੇਸ ਦੇ ਜਨਮਦਿਨ ਤੇ ਹੇਰੋਦਿਯਾਸ ਦੀ ਧੀ, ਹੇਰੋਦੇਸ ਅਤੇ ਉਸ ਦੇ ਮਹਿਮਾਨਾਂ ਵਾਸਤੇ ਨੱਚੀ। ਹੇਰੋਦੇਸ ਉਸਤੋਂ ਬਹੁਤ ਪ੍ਰਸੰਨ ਹੋਇਆ।
7 ਤਾਂ ਹੇਰੋਦੇਸ ਨੇ ਸੌਂਹ ਖਾਕੇ ਉਸ ਨੂੰ, ਜੋ ਕੁਝ ਵੀ ਉਹ ਮੰਗੇ, ਦੇਣ ਦਾ ਇਕਰਾਰ ਕੀਤਾ।
8 ਉਸਦੀ ਮਾਂ ਨੇ ਉਸ ਨੂੰ ਦੱਸਿਆ ਹੋਇਆ ਸੀ ਕਿ ਉਹ ਕੀ ਮੰਗੇ, ਤਾਂ ਉਸ ਨੇ ਆਖਿਆ, “ਹੁਣੇ ਇੱਥੇ ਥਾਲ ਤੇ ਰੱਖ ਕੇ ਮੈਨੂੰ ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਸਿਰ ਦਿਉ।”
9 ਹੇਰੋਦੇਸ ਉਦਾਸ ਹੋ ਗਿਆ, ਪਰ ਆਪਣੀਆਂ ਸੌਹਾਂ ਦੇ ਕਾਰਣ ਅਤੇ ਉਨ੍ਹਾਂ ਲੋਕਾਂ ਦੇ ਕਾਰਣ, ਜਿਹੜੇ ਉਸ ਦੇ ਨਾਲ ਬੈਠੇ ਹੋਏ ਸਨ, ਉਸ ਨੇ ਹੁਕਮ ਦਿੱਤਾ ਕਿ ਉਸਦੀ ਬੇਨਤੀ ਤੁਰੰਤ ਪੂਰੀ ਕੀਤੀ ਜਾਵੇ।
10 ਅਤੇ ਉਸ ਨੇ ਮਨੁੱਖ ਨੂੰ ਭੇਜਕੇ ਕੈਦਖਾਨੇ ਵਿੱਚ ਯੂਹੰਨਾ ਦਾ ਸਿਰ ਵੱਢਵਾ ਸੁੱਟਿਆ।
11 ਫ਼ੇਰ ਉਸਦਾ ਸਿਰ ਥਾਲ ਵਿੱਚ ਲਿਆਂਦਾ ਗਿਆ ਅਤੇ ਉਸਦੀ ਕੁੜੀ ਨੂੰ ਦਿੱਤਾ ਗਿਆ ਅਤੇ ਉਹ ਇਹ ਸਿਰ ਆਪਣੀ ਮਾਂ ਹੇਰੋਦਿਯਾਸ ਕੋਲ ਲੈ ਗਈ।
12 ਯੂਹੰਨਾ ਦੇ ਚੇਲਿਆਂ ਨੇ ਉੱਥੇ ਜਾਕੇ ਲੋਥ ਚੁੱਕੀ ਅਤੇ ਉਸ ਨੂੰ ਦਬਿਆ ਅਤੇ ਆਕੇ ਯਿਸੂ ਨੂੰ ਖਬਰ ਦਿੱਤੀ।
ਯਿਸੂ ਦਾ ਪੰਜ ਹਜ਼ਾਰ ਨੂੰ ਭੋਜਨ ਕਰਾਉਣਾ
(ਮਰਕੁਸ 6:30-44; ਲੂਕਾ 9:10-17; ਯੂਹੰਨਾ 6:1-14)
13 ਜਦੋਂ ਯਿਸੂ ਨੇ ਇਹ ਸੁਣਿਆ ਤਾਂ ਉਹ ਉਸ ਥਾਂ ਤੋਂ ਇੱਕਲਾ ਬੇੜੀ ਉੱਤੇ ਬੈਠਕੇ ਇੱਕ ਇੱਕਾਂਤ ਥਾਂ ਨੂੰ ਚੱਲਾ ਗਿਆ। ਅਤੇ ਇਹ ਸੁਣਕੇ ਲੋਕ ਨਗਰਾਂ ਤੋਂ ਉਸ ਦੇ ਪਿੱਛੇ ਪੈਦਲ ਤੁਰ ਪਏ।
14 ਜਦੋਂ ਉਹ ਬੇੜੀ ਤੋਂ ਉਤਰਿਆ, ਉੱਥੇ ਉਸ ਨੇ ਬਹੁਤ ਵੱਡੀ ਭੀੜ ਵੇਖੀ। ਉਸ ਨੇ ਉਨ੍ਹਾਂ ਲਈ ਤਰਸ ਮਹਿਸੂਸ ਕੀਤਾ ਅਤੇ ਉਨ੍ਹਾਂ ਦੇ ਰੋਗੀ ਲੋਕਾਂ ਨੂੰ ਚੰਗਾ ਕੀਤਾ।
15 ਜਦੋਂ ਸ਼ਾਮ ਹੋਈ ਤਾਂ ਚੇਲਿਆਂ ਨੇ ਉਸ ਕੋਲ ਆਕੇ ਕਿਹਾ, “ਇਹ ਉਜਾੜ ਥਾਂ ਹੈ ਅਤੇ ਹੁਣ ਕੁਵੇਲਾ ਹੋ ਗਿਆ ਹੈ ਲੋਕਾਂ ਨੂੰ ਭੇਜ ਦਿਉ ਤਾਂ ਜੋ ਉਹ ਪਿੰਡਾਂ ਨੂੰ ਜਾ ਸੱਕਣ। ਅਤੇ ਆਪਣੇ ਲਈ ਖਾਣਾ-ਦਾਣਾ ਮੁੱਲ ਲੈਣ।”
16 ਪਰ ਯਿਸੂ ਨੇ ਉਨ੍ਹਾਂ ਨੂੰ ਜਵਾਬ ਦਿੱਤਾ, “ਉਨ੍ਹਾਂ ਦੇ ਜਾਣ ਦੀ ਲੋੜ ਨਹੀਂ। ਤੁਸੀਂ ਉਨ੍ਹਾਂ ਨੂੰ ਖਾਣ ਨੂੰ ਦੇਵੋ।”
17 ਚੇਲਿਆਂ ਨੇ ਕਿਹਾ, “ਪਰ ਏਥੇ ਸਾਡੇ ਕੋਲ ਸਿਰਫ਼ ਪੰਜ ਰੋਟੀਆਂ ਅਤੇ ਦੋ ਮੱਛੀਆਂ ਹਨ।”
18 ਯਿਸੂ ਨੇ ਆਖਿਆ, “ਉਹ ਰੋਟੀਆਂ ਤੇ ਮੱਛੀਆਂ ਮੇਰੇ ਕੋਲ ਲਿਆਓ।”
19 ਫ਼ੇਰ ਯਿਸੂ ਨੇ ਭੀੜ ਨੂੰ ਘਾਹ ਉੱਤੇ ਬੈਠਣ ਦਾ ਹੁਕਮ ਦਿੱਤਾ। ਉਸ ਨੇ ਪੰਜ ਰੋਟੀਆਂ ਤੇ ਦੋ ਮੱਛੀਆਂ ਲਈਆਂ: ਉਸ ਨੇ ਅਕਾਸ਼ ਵੱਲ ਵੇਖਿਆ ਅਤੇ ਭੋਜਨ ਲਈ ਪਰਮੇਸ਼ੁਰ ਦਾ ਧੰਨਵਾਦ ਕੀਤਾ। ਫ਼ਿਰ ਯਿਸੂ ਨੇ ਰੋਟੀਆਂ ਵੰਡਿਆਂ ਅਤੇ ਚੇਲਿਆਂ ਨੂੰ ਦੇ ਦਿੱਤੀਆਂ। ਅਤੇ ਚੇਲਿਆਂ ਨੇ ਉਹ ਰੋਟੀਆਂ ਲੋਕਾਂ ਵਿੱਚ ਵੰਡ ਦਿੱਤੀਆਂ।
20 ਸਭ ਲੋਕਾਂ ਨੇ ਰੱਜ ਕੇ ਖਾਧਾ, ਖਾਣ ਤੋਂ ਬਾਦ ਚੇਲਿਆਂ ਨੇ ਬਚੀਆਂ ਹੋਈਆਂ ਰੋਟੀਆਂ ਦੇ ਟੁਕੜਿਆਂ ਨਾਲ ਬਾਰ੍ਹਾਂ ਟੋਕਰੀਆਂ ਭਰੀਆਂ।
21 ਉੱਥੇ ਔਰਤਾਂ ਅਤੇ ਬੱਚੇ ਮਿਲਾਉਣ ਤੋਂ ਬਿਨਾਂ ਜਿਨ੍ਹਾਂ ਨੇ ਭੋਜਨ ਕੀਤਾ। ਕੁਲ ਪੰਜ ਹਜ਼ਾਰ ਆਦਮੀ ਸਨ।
ਯਿਸੂ ਝੀਲ ਉੱਤੇ ਚੱਲਦਾ ਹੈ
(ਮਰਕੁਸ 6:45-52; ਯੂਹੰਨਾ 6:16-21)
22 ਉਸਤੋਂ ਬਾਦ, ਯਿਸੂ ਨੇ ਚੇਲਿਆਂ ਨੂੰ ਬੇੜੀ ਵਿੱਚ ਬੈਠਣ ਲਈ ਕਿਹਾ ਅਤੇ ਆਖਿਆ ਕਿ ਉਹ ਝੀਲ ਪਾਰ ਲੰਘ ਜਾਣ ਅਤੇ ਉੱਥੇ ਉਸਦਾ ਇੰਤਜ਼ਾਰ ਕਰਨ।
23 ਭੀੜ ਨੂੰ ਦੂਰ ਭੇਜਣ ਤੋਂ ਬਾਦ, ਪ੍ਰਾਰਥਨਾ ਕਰਨ ਲਈ ਉਹ ਬਿਲਕੁਲ ਇੱਕਲਾ ਪਹਾੜ ਉੱਤੇ ਚੜ੍ਹ੍ਹ ਗਿਆ। ਜਦੋਂ ਸ਼ਾਮ ਹੋਈ, ਉਹ ਉੱਥੇ ਇੱਕਲਾ ਹੀ ਸੀ।
24 ਬੇੜੀ ਪਹਿਲਾਂ ਹੀ ਕੰਢੇ ਤੋਂ ਬਹੁਤ ਦੂਰ ਸੀ। ਲਹਿਰਾਂ ਦੇ ਕਾਰਣ ਬੇੜੀ ਮੁਸੀਬਤ ਵਿੱਚ ਸੀ। ਹਵਾ ਉਲਟੀ ਦਿਸ਼ਾ ਤੋਂ ਵਗ ਰਹੀ ਸੀ।
25 ਸਵੇਰ ਦੇ ਤਿੰਨ ਅਤੇ ਛੇ ਦੇ ਵਿੱਚਕਾਰ ਯਿਸੂ ਝੀਲ ਦੇ ਉੱਤੇ ਤੁਰਦਾ ਹੋਇਆ ਆਪਣੇ ਚੇਲਿਆਂ ਕੋਲ ਆਇਆ।
26 ਜਦੋਂ ਉਸ ਦੇ ਚੇਲਿਆਂ ਨੇ ਉਸ ਨੂੰ ਝੀਲ ਦੇ ਉੱਪਰ ਤੁਰਦਿਆਂ ਵੇਖਿਆ ਘਬਰਾ ਕੇ ਆਖਣ ਲੱਗੇ, “ਇਹ ਕੋਈ ਭੂਤ ਹੈ।” ਉਹ ਡਰ ਨਾਲ ਚੀਕ ਉੱਠੇ।
27 ਪਰ ਯਿਸੂ ਨੇ ਝੱਟ ਉਨ੍ਹਾਂ ਨੂੰ ਆਖਿਆ, “ਘਬਰਾਓ ਨਾ! ਇਹ ਮੈਂ ਹਾਂ, ਡਰੋ ਨਾ।”
28 ਤੱਦ ਪਤਰਸ ਨੇ ਜਵਾਬ ਦਿੱਤਾ, “ਪ੍ਰਭੂ ਜੀ, ਜੇਕਰ ਇਹ ਸੱਚਮੁੱਚ ਤੁਸੀਂ ਹੋ, ਤਾਂ ਮੈਨੂੰ ਪਾਣੀ ਉੱਤੇ ਤੁਰਕੇ ਆਪਣੇ ਕੋਲ ਆਉਣ ਦਾ ਆਦੇਸ਼ ਦੇਵੋ।”
29 ਯਿਸੂ ਨੇ ਕਿਹਾ, “ਪਤਰਸ, ਆ ਜਾ!”
ਤੱਦ ਬੇੜੀਉਂ ਉਤਰਨ ਤੋਂ ਬਾਦ ਪਤਰਸ ਪਾਣੀ ਉੱਤੇ ਯਿਸੂ ਵੱਲ ਨੂੰ ਤੁਰਿਆ।
30 ਪਰ ਜਦੋਂ ਪਤਰਸ ਪਾਣੀ ਤੇ ਤੁਰਿਆ ਤਾਂ, ਉਸ ਨੇ ਭਾਰੀ ਹਵਾ ਦਾ ਬੁੱਲਾ ਵੇਖਿਆ ਅਤੇ ਡਰ ਗਿਆ ਅਤੇ ਪਾਣੀ ਵਿੱਚ ਡੁੱਬਣ ਲੱਗਾ। ਪਤਰਸ ਚੀਕਿਆ, “ਪ੍ਰਭੂ ਜੀ, ਮੈਨੂੰ ਬਚਾਓ!”
31 ਯਿਸੂ ਨੇ ਉਸ ਨੂੰ ਆਪਣੇ ਹੱਥ ਨਾਲ ਚੁੱਕਿਆ ਅਤੇ ਆਖਿਆ, “ਤੈਨੂੰ ਘੱਟ ਵਿਸ਼ਵਾਸ ਹੈ। ਤੂੰ ਸ਼ੱਕ ਕਿਉਂ ਕੀਤਾ?”
32 ਜਦੋਂ ਉਹ ਬੇੜੀ ਤੇ ਚੜ੍ਹ੍ਹ ਗਏ ਤਾਂ ਪੌਣ ਥੰਮ ਗਈ।
33 ਫ਼ੇਰ, ਉਹ ਜਿਹੜੇ ਬੇੜੀ ਵਿੱਚ ਸਨ, ਉਨ੍ਹਾਂ ਨੇ ਉਸਦੀ ਉਪਾਸਨਾ ਕੀਤੀ ਅਤੇ ਆਖਿਆ, “ਸੱਚਮੁੱਚ ਤੂੰ ਪਰਮੇਸ਼ੁਰ ਦਾ ਪੁੱਤਰ ਹੈਂ।”
ਯਿਸੂ ਕਈ ਬਿਮਾਰ ਲੋਕਾਂ ਨੂੰ ਰਾਜ਼ੀ ਕਰਦਾ ਹੈ
(ਮਰਕੁਸ 6:53-56)
34 ਉਹ ਝੀਲ ਦੇ ਪਾਰ ਲੰਘਕੇ ਗੰਨੇਸਰਤ ਦੀ ਧਰਤੀ ਉੱਤੇ ਉੱਤਰੇ।
35 ਜਦੋਂ ਉੱਥੋਂ ਦੇ ਲੋਕਾਂ ਨੇ ਉਸ ਨੂੰ ਪਛਾਣਿਆ, ਤਾਂ ਉਨ੍ਹਾਂ ਨੇ ਆਸੇ-ਪਾਸੇ ਦੇ ਇਲਾਕਿਆਂ ਵਿੱਚ ਖਬਰ ਫ਼ੈਲਾ ਦਿੱਤੀ ਤੇ ਉਨ੍ਹਾਂ ਨੇ ਆਪਣੇ ਸਾਰੇ ਬਿਮਾਰ ਲੋਕਾਂ ਨੂੰ ਉਸ ਕੋਲ ਲਿਆਂਦਾ।
36 ਉਨ੍ਹਾਂ ਨੇ ਯਿਸੂ ਨੂੰ ਬੇਨਤੀ ਕੀਤੀ ਕਿ ਉਹ ਸਿਰਫ਼ ਉਨ੍ਹਾਂ ਨੂੰ ਉਸ ਦੇ ਚੋਲੇ ਦਾ ਪੱਲਾ ਛੋਹਣ ਦੀ ਆਗਿਆ ਦੇਵੇ, ਉਨ੍ਹਾਂ ਸਭ ਨੇ, ਜਿਨ੍ਹਾਂ ਨੇ ਛੋਹਿਆ, ਚੰਗੇ ਹੋ ਗਏ।