9
1 ਤੱਦ ਯਿਸੂ ਨੇ ਆਖਿਆ, “ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ ਇਨ੍ਹਾਂ, ਵਿੱਚੋਂ ਜਿਹੜੇ ਇੱਥੇ ਖੜ੍ਹੇ ਹਨ ਕੁਝ ਲੋਕ ਉਦੋਂ ਤੱਕ ਨਹੀਂ ਮਰਨਗੇ ਜਦ ਤੱਕ ਕਿ ਉਹ ਪਰਮੇਸ਼ੁਰ ਦੇ ਰਾਜ ਨੂੰ ਆਉਂਦਾ ਨਾ ਵੇਖਣ। ਪਰਮੇਸ਼ੁਰ ਦਾ ਰਾਜ ਸ਼ਕਤੀ ਨਾਲ ਆਵੇਗਾ।”
ਯਿਸੂ ਮੂਸਾ ਅਤੇ ਏਲੀਯਾਹ ਦੇ ਨਾਲ
(ਮੱਤੀ 17:1-13; ਲੂਕਾ 9:28-36)
2 ਛੇ ਦਿਨਾਂ ਬਾਦ ਯਿਸੂ ਨੇ ਪਤਰਸ, ਯਾਕੂਬ ਅਤੇ ਯੂਹੰਨਾ ਨੂੰ ਨਾਲ ਲਿਆ ਅਤੇ ਉਨ੍ਹਾਂ ਨੂੰ ਇੱਕ ਉੱਚੀ ਪਹਾੜੀ ਤੇ ਲੈ ਗਿਆ ਸਿਰਫ਼ ਉਹੀ ਉੱਥੇ ਉਸ ਦੇ ਨਾਲ ਸਨ। ਜਦੋਂ ਹਾਲੇ ਉਸ ਦੇ ਚੇਲੇ ਉਸ ਵੱਲ ਵੇਖ ਰਹੇ ਸਨ। ਯਿਸੂ ਉਨ੍ਹਾਂ ਦੇ ਸਾਹਮਣੇ ਬਦਲ ਗਿਆ ਸੀ।
3 ਉਸ ਦੇ ਕੱਪੜੇ ਚਮਕੀਲੇ ਚਿੱਟੇ ਹੋ ਗਏ ਅਤੇ ਉਹ ਇੰਨੇ ਚਿੱਟੇ ਸਨ ਕਿ ਦੁਨੀਆਂ ਦਾ ਕੋਈ ਵੀ ਧੋਬੀ ਅਜਿਹੇ ਚਿੱਟੇ ਕਰਨ ਯੋਗ ਨਹੀਂ।
4 ਫ਼ਿਰ ਦੋ ਆਦਮੀ, ਮੂਸਾ ਅਤੇ ਏਲੀਯਾਹ, ਉਨ੍ਹਾਂ ਅੱਗੇ ਪ੍ਰਗਟੇ ਅਤੇ ਉਹ ਯਿਸੂ ਨਾਲ ਗੱਲਾਂ ਕਰ ਰਹੇ ਸਨ।
5 ਪਤਰਸ ਨੇ ਯਿਸੂ ਨੂੰ ਕਿਹਾ, “ਗੁਰੂ! ਸਾਡੇ ਲਈ ਇੱਥੇ ਹੋਣਾ ਚੰਗਾ ਹੈ। ਅਸੀਂ ਇੱਥੇ ਤਿੰਨ ਤੰਬੂ ਲਗਾਵਾਂਗੇ। ਇੱਕ ਤੇਰੇ ਲਈ, ਇੱਕ ਮੂਸਾ ਅਤੇ ਇੱਕ ਏਲੀਯਾਹ ਲਈ।”
6 ਪਤਰਸ ਨਹੀਂ ਜਾਣਦਾ ਸੀ ਕਿ ਉਹ ਉਸ ਨੂੰ ਕੀ ਉੱਤਰ ਦੇਵੇ ਕਿਉਂਕਿ ਉਸ ਵਕਤ ਉਹ ਅਤੇ ਬਾਕੀ ਦੇ ਦੋ ਚੇਲੇ ਬਹੁਤ ਡਰ ਗਏ ਸਨ।
7 ਤੱਦ ਇੱਕ ਬੱਦਲ ਆਇਆ ਅਤੇ ਉਸ ਨੇ ਉਨ੍ਹਾਂ ਉੱਪਰ ਛਾਂ ਕੀਤੀ ਅਤੇ ਉਸ ਵਿੱਚੋਂ ਇੱਕ ਅਵਾਜ਼ ਆਈ ਜਿਸਨੇ ਕਿਹਾ, “ਇਹ ਮੇਰਾ ਪਿਆਰਾ ਪੁੱਤਰ ਹੈ, ਤੁਸੀਂ ਇਸ ਨੂੰ ਸੁਣੋ।”
8 ਪਰ ਉਨ੍ਹਾਂ ਚੁਫ਼ੇਰੇ ਨਜ਼ਰ ਕਰਕੇ ਵੇਖਿਆ ਤਾਂ ਉਨ੍ਹਾਂ ਨੇ ਯਿਸੂ ਤੋਂ ਬਿਨਾ ਹੋਰ ਕਿਸੇ ਨੂੰ ਵੀ ਨਾ ਵੇਖਿਆ। ਉੱਥੇ ਉਨ੍ਹਾਂ ਨਾਲ ਸਿਰਫ਼ ਉਹੀ ਸੀ।
9 ਯਿਸੂ ਅਤੇ ਚੇਲੇ ਜਦੋਂ ਪਹਾੜ ਤੋਂ ਉੱਤਰ ਰਹੇ ਸਨ ਤਾਂ ਯਿਸੂ ਨੇ ਚੇਲਿਆਂ ਨੂੰ ਹੁਕਮ ਦਿੱਤਾ, “ਤੁਸੀਂ ਜੋ ਕੁਝ ਵੇਖਿਆ ਹੈ, ਇਸ ਬਾਰੇ ਕਿਸੇ ਨਾਲ ਗੱਲ ਨਹੀਂ ਕਰਨੀ। ਓੁਨੀ ਦੇਰ ਇੰਤਜ਼ਾਰ ਕਰੋ ਜਦ ਤੱਕ ਕਿ ਮਨੁੱਖ ਦਾ ਪੁੱਤਰ ਮੁਰਦਿਆਂ ਵਿੱਚੋਂ ਨਾਂ ਜੀ ਉੱਠੇਗਾ।”
10 ਉਨ੍ਹਾਂ ਨੇ ਇਹ ਗੱਲਾਂ ਆਪਣੇ ਵਿੱਚਕਾਰ ਹੀ ਰੱਖੀਆਂ, ਅਤੇ ਉਹ ਆਪਸ ਵਿੱਚ ਵਿੱਚਾਰ ਕਰ ਰਹੇ ਸਨ “ਮੌਤ ਤੋਂ ਜੀ ਉੱਠਣ” ਦਾ ਅਰਥ ਕੀ ਹੋਇਆ?
11 ਚੇਲਿਆਂ ਨੇ ਯਿਸੂ ਨੂੰ ਆਖਿਆ, “ਨੇਮ ਦੇ ਉਪਦੇਸ਼ ਇਹ ਭਲਾ ਕਿਉਂ ਆਖਦੇ ਹਨ ਕਿ ਏਲੀਯਾਹ ਦਾ ਪਹਿਲਾਂ ਆਉਣਾ ਜ਼ਰੂਰੀ ਹੈ?”
12 ਯਿਸੂ ਨੇ ਉੱਤਰ ਦਿੱਤਾ, “ਉਨ੍ਹਾਂ ਦਾ ਇਹ ਕਹਿਣਾ ਕਿ ਏਲੀਯਾਹ ਪਹਿਲਾਂ ਆਵੇਗਾ ਦਰੁਸਤ ਹੈ ਕਿਉਂਕਿ ਉਹ ਪਹਿਲਾਂ ਆਕੇ ਸਭ ਕੁਝ ਮੁੜ ਸੁਆਰੇਗਾ। ਪਰ ਇਹ ਮਨੁੱਖ ਦੇ ਪੁੱਤਰ ਬਾਰੇ ਕਿਉਂ ਲਿਖਿਆ ਗਿਆ ਹੈ ਕਿ ਉਹ ਬਹੁਤ ਤਸੀਹੇ ਝੱਲੇਗਾ ਅਤੇ ਲੋਕਾਂ ਦੁਆਰਾ ਨਾਮੰਜ਼ੂਰ ਕੀਤਾ ਜਾਵੇਗਾ?
13 ਮੈਂ ਤੁਹਾਨੂੰ ਦੱਸਦਾ ਹਾਂ ਕਿ ਏਲੀਯਾਹ ਆ ਚੁੱਕਿਆ ਹੈ, ਅਤੇ ਲੋਕਾਂ ਨੇ ਉਸ ਨਾਲ ਬਦਸਲੂਕੀ ਕੀਤੀ ਜਿਵੇਂ ਕਿ ਉਨ੍ਹਾਂ ਨੇ ਚਾਹਿਆ। ਉਸ ਦੇ ਅਨੁਸਾਰ ਜੋ ਕਿ ਪੋਥੀਆਂ ਵਿੱਚ ਆਖਿਆ ਗਿਆ ਹੈ।”
ਯਿਸੂ ਦਾ ਬਿਮਾਰ ਬੱਚੇ ਨੂੰ ਠੀਕ ਕਰਨਾ
(ਮੱਤੀ 17:14-20; ਲੂਕਾ 9:37-43)
14 ਤੱਦ ਯਿਸੂ, ਪਤਰਸ, ਯਾਕੂਬ ਅਤੇ ਯੂਹੰਨਾ ਬਾਕੀ ਚੇਲਿਆਂ ਕੋਲ ਆਏ। ਉਨ੍ਹਾਂ ਵੇਖਿਆ ਕਿ ਇੱਕ ਵੱਡੀ ਭੀੜ ਉਨ੍ਹਾਂ ਦੇ ਗਿਰਦ ਇਕੱਠੀ ਹੋ ਗਈ ਹੈ। ਨੇਮ ਦੇ ਉਪਦੇਸ਼ਕ ਚੇਲਿਆਂ ਨਾਲ ਬਹਸ ਕਰ ਰਹੇ ਸਨ।
15 ਜਦੋਂ ਲੋਕਾਂ ਨੇ ਯਿਸੂ ਨੂੰ ਵੇਖਿਆ, ਉਹ ਉਸ ਨੂੰ ਵੇਖਕੇ ਬੜੇ ਹੈਰਾਨ ਹੋਏ ਅਤੇ ਉਹ ਉਸਦਾ ਸਵਾਗਤ ਕਰਨ ਲਈ ਉਸ ਵੱਲ ਭੱਜੇ।
16 ਯਿਸੂ ਨੇ ਪੁੱਛਿਆ, “ਤੁਸੀਂ ਨੇਮ ਦੇ ਉਪਦੇਸ਼ਕਾਂ ਨਾਲ ਕੀ ਵਿਵਾਦ ਕਰ ਰਹੇ ਹੋ?”
17 ਭੀੜ ਵਿੱਚੋਂ ਇੱਕ ਮਨੁੱਖ ਨੇ ਜਵਾਬ ਦਿੱਤਾ, “ਗੁਰੂ! ਮੈਂ ਆਪਣਾ ਪੁੱਤਰ ਤੁਹਾਡੀ ਸ਼ਰਣ ਵਿੱਚ ਲਿਆਇਆ ਹਾਂ, ਇਸਦੇ ਅੰਦਰ ਆਤਮਾ ਪ੍ਰਵੇਸ਼ ਕਰ ਗਿਆ ਹੈ ਜੋ ਮੇਰੇ ਬੱਚੇ ਨੂੰ ਬੋਲਣ ਤੋਂ ਹਟਾਉਂਦਾ ਹੈ।
18 ਉਹ ਭਰਿਸ਼ਟ-ਆਤਮਾ ਜਦੋਂ ਵੀ ਉਸ ਨੂੰ ਫ਼ੜਦਾ ਹੈ, ਉਸਤੇ ਹਮਲਾ ਕਰਕੇ ਉਸ ਨੂੰ ਪਟਕਾ ਕੇ ਜ਼ਮੀਨ ਤੇ ਮਾਰਦਾ ਹੈ। ਮੇਰੇ ਪੁੱਤਰ ਦੇ ਮੂੰਹ ਚੋਂ ਝੱਗ ਵਗਦੀ ਹੈ ਅਤੇ ਉਹ ਆਪਣੇ ਦੰਦ ਕਰੀਚਦਾ ਹੈ ਅਤੇ ਆਕੜ ਜਾਂਦਾ ਹੈ। ਮੈਂ ਤੇਰੇ ਚੇਲਿਆਂ ਨੂੰ ਇਹ ਭਰਿਸ਼ਟ ਆਤਮਾ ਬਾਹਰ ਕੱਢਣ ਲਈ ਆਖਿਆ ਸੀ, ਪਰ ਉਹ ਇਉਂ ਕਰਨ ਤੋਂ ਅਸਮਰਥ ਰਹੇ।”
19 ਯਿਸੂ ਨੇ ਆਖਿਆ, “ਹੇ ਬੇਪਰਤੀਤ ਲੋਕੋ! ਮੈਨੂੰ ਕਦੋਂ ਤੱਕ ਤੁਹਾਡੇ ਸੰਗ ਰਹਿਣਾ ਪਵੇਗਾ? ਮੈਂ ਤੁਹਾਨੂੰ ਕਿੰਨਾ ਚਿਰ ਸਹਾਰਾਂਗਾ? ਬੱਚੇ ਨੂੰ ਮੇਰੇ ਕੋਲ ਲਿਆਓ!”
20 ਤਾਂ ਚੇਲੇ ਉਸ ਲੜਕੇ ਨੂੰ ਉਸ ਕੋਲ ਲਿਆਏ। ਜਦੋਂ ਭਰਿਸ਼ਟ-ਆਤਮਾ ਨੇ ਯਿਸੂ ਨੂੰ ਵੇਖਿਆ ਤਾਂ ਆਤਮਾ ਨੇ ਬੱਚੇ ਨੂੰ ਕੰਬਣ ਲਈ ਮਜਬੂਰ ਕੀਤਾ। ਫ਼ਿਰ ਮੂੰਹੋ ਝੱਗ ਕੱਢਦਾ ਹੋਇਆ ਬੱਚਾ ਡਿੱਗ ਪਿਆ ਅਤੇ ਜ਼ਮੀਨ ਤੇ ਲੇਟ ਗਿਆ।
21 ਯਿਸੂ ਨੇ ਬੱਚੇ ਦੇ ਪਿਤਾ ਨੂੰ ਪੁੱਛਿਆ, “ਇਹ ਬੱਚੇ ਦੇ ਨਾਲ ਕਦੋਂ ਦਾ ਵਾਪਰ ਰਿਹਾ ਹੈ?”
ਪਿਤਾ ਨੇ ਜਵਾਬ ਦਿੱਤਾ, “ਜਦੋਂ ਉਹ ਬਹੁਤ ਛੋਟਾ ਸੀ।
22 ਭਰਿਸ਼ਟ ਆਤਮਾ ਉਸ ਨੂੰ ਮਾਰਨ ਲਈ ਅਕਸਰ ਅੱਗ ਤੇ ਕਦੇ ਪਾਣੀ ਵਿੱਚ ਸੁੱਟ ਦਿੰਦਾ ਸੀ। ਜੇਕਰ ਤੂੰ ਕੁਝ ਕਰ ਸੱਕਦਾ ਹੈ ਤਾਂ ਸਾਡੇ ਤੇ ਦਯਾ ਕਰ? ਸਾਡੀ ਸਹਾਇਤਾ ਕਰ।”
23 ਯਿਸੂ ਨੇ ਉਸ ਦੇ ਪਿਤਾ ਨੂੰ ਕਿਹਾ, “ਤੂੰ ਆਖਿਆ, ‘ਜੇ ਤੂੰ ਕਰ ਸੱਕਦਾ ਹੈਂ।’ ਵਿਸ਼ਵਾਸ ਕਰਨ ਵਾਲੇ ਵਿਅਕਤੀ ਲਈ ਸਭ ਕੁਝ ਸੰਭਵ ਹੈ।”
24 ਪਿਤਾ ਬੜਾ ਉਤਸੁਕ ਹੋ ਗਿਆ ਅਤੇ ਆਖਣ ਲੱਗਾ, “ਮੈਂ ਪਰਤੀਤ ਵਾਲਾ ਹਾਂ। ਮੇਰੇ ਤੇ ਕਿਰਪਾ ਕਰੋ ਕਿ ਮੈਂ ਹੋਰ ਪਰਤੀਤ ਕਰਨ ਵਾਲਾ ਬਣਾ।”
25 ਯਿਸੂ ਨੇ ਵੇਖਿਆ ਸਭ ਲੋਕ ਇਹ ਵੇਖਣ ਲਈ ਉਸ ਕੋਲ ਨੱਸੇ ਆ ਰਹੇ ਸਨ ਕਿ ਕੀ ਵਾਪਰ ਰਿਹਾ ਸੀ। ਫ਼ਿਰ ਉਸ ਨੇ ਭਰਿਸ਼ਟ ਆਤਮਾ ਨੂੰ ਝਿੜਕਿਆ ਅਤੇ ਆਖਿਆ, “ਤੂੰ ਭਰਿਸ਼ਟ ਆਤਮਾ, ਤੂੰ ਇਸ ਬੱਚੇ ਨੂੰ ਗੂੰਗਾ ਅਤੇ ਬੋਲਾ ਬਣਾ ਦਿੱਤਾ ਹੈ, ਮੈਂ ਤੈਨੂੰ ਹੁਕਮ ਦਿੰਦਾ ਹਾਂ ਕਿ ਤੂੰ ਇਸ ਬੱਚੇ ਵਿੱਚੋਂ ਬਾਹਰ ਆ ਜਾ, ਅਤੇ ਮੁੜ ਕਦੀ ਵੀ ਉਸ ਵਿੱਚ ਪ੍ਰਵੇਸ਼ ਨਾ ਕਰੀਂ।”
26 ਭਰਿਸ਼ਟ ਆਤਮਾ ਚੀਕਿਆ ਅਤੇ ਬੱਚੇ ਨੂੰ ਪੂਰੀ ਤਰ੍ਹਾਂ ਹਿਲਾ ਦਿੱਤਾ ਅਤੇ ਫ਼ੇਰ ਬਾਹਰ ਨਿਕਲ ਆਇਆ। ਜਦੋਂ ਉਹ ਬੱਚੇ ਨੂੰ ਭੁੰਜੇ ਡੇਗ ਕੇ ਉਸ ਵਿੱਚੋਂ ਬਾਹਰ ਨਿਕਲਿਆ ਤਾਂ ਬੱਚਾ ਮਰਿਆ ਹੋਇਆ ਜਾਪਦਾ ਸੀ। ਬੜੇ ਲੋਕਾਂ ਨੇ ਕਿਹਾ, “ਉਹ ਮਰ ਗਿਆ ਹੈ।”
27 ਪਰ ਯਿਸੂ ਨੇ ਬੱਚੇ ਦਾ ਹੱਥ ਫ਼ੜਿਆ ਤੇ ਉਹ ਉੱਠ ਕੇ ਖਲੋ ਗਿਆ।
28 ਜਦੋਂ ਯਿਸੂ ਘਰ ਵਾਪਸ ਆਇਆ ਤਾਂ ਉਸ ਦੇ ਚੇਲੇ ਉਸ ਵਕਤ ਉਸ ਕੋਲ ਉੱਥੇ ਇੱਕਲੇ ਸਨ ਤਾਂ ਉਸ ਨੂੰ ਆਖਣ ਲੱਗੇ, “ਕੀ ਵਜਹ ਹੈ ਕਿ ਅਸੀਂ ਉਸ ਭਰਿਸ਼ਟ-ਆਤਮਾ ਨੂੰ ਉਸ ਵਿੱਚੋਂ ਬਾਹਰ ਨਹੀਂ ਕੱਢ ਸੱਕੇ?”
29 ਯਿਸੂ ਨੇ ਉੱਤਰ ਦਿੱਤਾ, “ਇਸ ਤਰ੍ਹਾਂ ਦਾ ਆਤਮਾ ਸਿਰਫ਼ ਪ੍ਰਾਰਥਨਾ ਕਰਨ ਦੇ ਨਾਲ ਹੀ ਬਾਹਰ ਕੱਢਿਆ ਜਾ ਸੱਕਦਾ ਹੈ।”
ਯਿਸੂ ਦਾ ਆਪਣੀ ਮੌਤ ਬਾਰੇ ਗੱਲਾਂ ਕਰਨਾ
(ਮੱਤੀ 17:22-23; ਲੂਕਾ 9:43-45)
30 ਤੱਦ ਯਿਸੂ ਤੇ ਉਸ ਦੇ ਚੇਲੇ ਉੱਥੋਂ ਤੁਰ ਪਏ ਅਤੇ ਗਲੀਲ ਵਿੱਚੋਂ ਦੀ ਲੰਘੇ ਪਰ ਉਹ ਨਹੀਂ ਚਾਹੁੰਦਾ ਸੀ ਕਿ ਲੋਕਾਂ ਨੂੰ ਖਬਰ ਹੋਵੇ ਕਿ ਉਹ ਕਿੱਥੇ ਹਨ।
31 ਉਹ ਆਪਣੇ ਚੇਲਿਆਂ ਨੂੰ ਇੱਕਲਿਆਂ ਉਪਦੇਸ਼ ਦੇਣਾ ਚਾਹੁੰਦਾ ਸੀ। ਉਸ ਨੇ ਉਨ੍ਹਾਂ ਨੂੰ ਆਖਿਆ, “ਮਨੁੱਖ ਦਾ ਪੁੱਤਰ ਆਦਮੀਆਂ ਨੂੰ ਫ਼ੜਾ ਦਿੱਤਾ ਜਾਵੇਗਾ, ਜੋ ਉਸ ਨੂੰ ਮਾਰ ਦੇਣਗੇ, ਅਤੇ ਮੌਤ ਤੋਂ ਤਿੰਨ ਦਿਨ ਬਾਅਦ ਉਹ ਫ਼ਿਰ ਜੀਅ ਉੱਠੇਗਾ।”
32 ਪਰ ਚੇਲੇ ਉਸਦੀ ਇਹ ਗੱਲ ਨਾ ਸਮਝ ਸੱਕੇ ਪਰ ਉਹ ਉਸਤੋਂ ਇਸਦਾ ਮਤਲਬ ਪੁੱਛਣ ਤੋਂ ਵੀ ਡਰਦੇ ਰਹੇ।
ਯਿਸੂ ਦੱਸਦਾ ਕਿ ਕੌਣ ਸਭ ਤੋਂ ਮਹਾਨ ਹੈ
(ਮੱਤੀ 18:1-5; ਲੂਕਾ 9:46-48)
33 ਯਿਸੂ ਅਤੇ ਉਸ ਦੇ ਚੇਲੇ ਕਫ਼ਰਨਾਹੂਮ ਵਿੱਚ ਗਏ। ਉਹ ਇੱਕ ਘਰ ਵਿੱਚ ਗਏ ਤਾਂ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ, “ਮੈਂ ਤੁਹਾਨੂੰ ਰਾਹ ਵਿੱਚ ਵਾਦ-ਵਿਵਾਦ ਕਰਦੇ ਸੁਣਿਆ ਹੈ, ਤੁਸੀਂ ਕਿਸ ਬਾਰੇ ਬਹਿਸ ਕਰ ਰਹੇ ਸੀ?”
34 ਪਰ ਚੇਲਿਆਂ ਨੇ ਕੋਈ ਜਵਾਬ ਨਾ ਦਿੱਤਾ ਕਿਉਂਕਿ ਉਨ੍ਹਾਂ ਨੇ ਰਸਤੇ ਵਿੱਚ ਇਹ ਬਹਿਸ ਕੀਤੀ ਸੀ ਕਿ ਉਨ੍ਹਾਂ ਵਿੱਚੋਂ ਸਭ ਤੋਂ ਮਹਾਨ ਕੌਣ ਹੈ?
35 ਫ਼ਿਰ ਯਿਸੂ ਬੈਠ ਗਿਆ ਅਤੇ ਉਨ੍ਹਾਂ ਬਾਰ੍ਹਾਂ ਰਸੂਲਾਂ ਨੂੰ ਸੱਦਿਆ ਅਤੇ ਕਿਹਾ, “ਜੇਕਰ ਕੋਈ ਮਹਾਨ ਬਣਨਾ ਚਾਹੁੰਦਾ ਹੈ ਤਾਂ ਉਸ ਨੂੰ ਸਭ ਲੋਕਾਂ ਤੋਂ ਛੋਟਾ ਹੋਣਾ ਚਾਹੀਦਾ ਹੈ, ਅਤੇ ਉਸ ਨੂੰ ਉਨ੍ਹਾਂ ਦੀ ਸੇਵਾ ਕਰਨੀ ਚਾਹੀਦੀ ਹੈ।”
36 ਫ਼ਿਰ ਯਿਸੂ ਨੇ ਇੱਕ ਛੋਟੇ ਬਾਲਕ ਨੂੰ ਲੈ ਕੇ ਉਨ੍ਹਾਂ ਚੇਲਿਆਂ ਦੇ ਵਿੱਚਕਾਰ ਖੜ੍ਹਾ ਕੀਤਾ। ਫ਼ੇਰ ਉਸ ਨੂੰ ਕੁਛੜ ਚੁੱਕ ਕੇ ਉਨ੍ਹਾਂ ਨੂੰ ਕਿਹਾ,
37 “ਜੇਕਰ ਕੋਈ ਮੇਰੇ ਨਾਂ ਦੇ ਕਾਰਣ ਅਜਿਹੇ ਬਾਲਕ ਦਾ ਸਵਾਗਤ ਕਰਦਾ ਹੈ ਤਾਂ ਉਹ ਮੇਰਾ ਸਵਾਗਤ ਕਰਦਾ ਹੈ, ਅਤੇ ਉਹ ਜੋ ਮੇਰਾ ਸਵਾਗਤ ਕਰਦਾ ਹੈ, ਉਹ ਉਸ ਦਾ ਸਵਾਗਤ ਕਰਦਾ ਜਿਸ ਨੇ ਮੈਨੂੰ ਭੇਜਿਆ ਹੈ।”
ਜੋ ਸਾਡੇ ਵਿਰੁੱਧ ਨਹੀਂ ਉਹ ਸਾਡੇ ਨਾਲ ਹੈ
(ਲੂਕਾ 9:49-50)
38 ਫ਼ਿਰ ਯੂਹੰਨਾ ਨੇ ਆਖਿਆ, “ਗੁਰੂ! ਅਸੀਂ ਇੱਕ ਬੰਦੇ ਨੂੰ ਤੇਰੇ ਨਾਂ ਉੱਤੇ ਭੂਤ ਕੱਢਦਿਆਂ ਵੇਖਿਆ ਹੈ, ਪਰ ਉਸ ਨੂੰ ਅਸੀਂ ਇਹ ਸਭ ਕਰਨ ਤੋਂ ਰੋਕਿਆ, ਕਿਉਂਕਿ ਉਹ ਸਾਡੇ ਧੜੇ ਵਿੱਚੋਂ ਨਹੀਂ ਸੀ।”
39 ਯਿਸੂ ਨੇ ਆਖਿਆ, “ਉਸ ਨੂੰ ਰੋਕੋ ਨਾ। ਕਿਉਂਕਿ ਜੇਕਰ ਕੋਈ ਮੇਰੇ ਨਾਂ ਉੱਤੇ ਕਰਿਸ਼ਮੇ ਕਰਦਾ ਹੈ ਤਾਂ ਝੱਟ ਹੀ ਉਹ ਮੇਰੇ ਬਾਰੇ ਕੋਈ ਬੁਰੀਆਂ ਗੱਲਾਂ ਨਹੀਂ ਆਖੇਗਾ।
40 ਉਹ ਵਿਅਕਤੀ ਜੋ ਸਾਡੇ ਵਿਰੁੱਧ ਨਹੀਂ ਹੈ, ਉਹ ਸਾਡੇ ਲਈ ਹੈ।
41 ਮੈਂ ਤੁਹਾਨੂੰ ਸੱਚ ਦੱਸਦਾ ਹਾਂ ਜੇਕਰ ਕੋਈ ਤੁਹਾਨੂੰ ਪਾਣੀ ਦਾ ਪਿਆਲਾ ਪੀਣ ਨੂੰ ਦਿੰਦਾ ਹੈ, ਕਿਉਂਕਿ ਤੁਸੀਂ ਮਸੀਹ ਦੇ ਹੋ, ਤਾਂ ਉਹ ਜ਼ਰੂਰ ਆਪਣਾ ਫ਼ਲ ਪਾਵੇਗਾ।
ਯਿਸੂ ਪਾਪਾਂ ਦੇ ਕਾਰਣਾ ਬਾਰੇ ਚਿਤਾਵਨੀ ਦਿੰਦਾ ਹੈ
(ਮੱਤੀ 18:6-9; ਲੂਕਾ 17:1-2)
42 “ਜੇਕਰ ਕੋਈ ਮਨੁੱਖ ਇਨ੍ਹਾਂ ਛੋਟਿਆਂ ਬੱਚਿਆਂ ਤੋਂ, ਜਿਹੜੇ ਕਿ ਮੇਰੇ ਤੇ ਨਿਹਚਾ ਰੱਖਦੇ ਹਨ, ਪਾਪ ਕਰਵਾਏ ਤਾਂ ਉਸ ਮਨੁੱਖ ਲਈ ਇਹ ਬਹੁਤ ਮਾੜਾ ਹੋਵੇਗਾ। ਉਸ ਮਨੁੱਖ ਲਈ ਚੰਗਾ ਹੋਵੇਗਾ ਕਿ ਉਹ ਆਪਣੇ ਗੱਲ ਵਿੱਚ ਚੱਕੀ ਦਾ ਪੁੜ ਬੰਨ੍ਹੇ ਅਤੇ ਸਮੁੰਦਰ ਵਿੱਚ ਕੁੱਦ ਜਾਵੇ।
43 ਜੇਕਰ ਤੁਹਾਡਾ ਇੱਕ ਹੱਥ ਤੁਹਾਥੋਂ ਪਾਪ ਕਰਵਾਉਂਦਾ ਹੈ, ਤਾਂ ਇਸ ਨੂੰ ਵੱਢ ਸੁੱਟੋ। ਤੁਹਾਡੇ ਲਈ ਟੁੰਡਾ ਹੁੰਦਿਆਂ ਹੋਇਆਂ ਜੀਵਨ ਵਿੱਚ ਵੜਨਾ ਚੰਗਾ ਹੈ ਨਾ ਕਿ ਦੋ ਹੱਥਾ ਨਾਲ, ਜਿਸ ਨਾਲ ਤੁਸੀਂ ਨਰਕ ਵਿੱਚ ਜਾਵੋਂਗੇ। ਜਿੱਥੇ ਅਜਿਹੀ ਅੱਗ ਹੋਵੇਗੀ ਜੋ ਬੁਝਾਈ ਨਹੀਂ ਜਾ ਸੱਕਦੀ।
44 + ਮਰਕੁਸ ਦੀਆਂ ਕੁਝ ਯੂਨਾਨੀ ਨਕਲਾਂ ਵਿੱਚ ਤੁਕ 44 ਜੋੜੀ ਗਈ ਹੈ ਜਿਹੜੀ ਕਿ ਤੁਕ 48 ਨਾਲ ਮਿਲਦੀ ਹੈ।
45 ਜੇਕਰ ਤੁਹਾਡਾ ਇੱਕ ਪੈਰ ਤੁਹਾਥੋਂ ਪਾਪ ਕਰਾਉਂਦਾ ਹੈ, ਤਾਂ ਇਸ ਨੂੰ ਵੱਢ ਸੁੱਟੋ। ਲੰਗੜਾ ਹੋਕੇ ਜਿਉਣਾ ਤੁਹਾਡੇ ਲਈ ਉਸਤੋਂ ਭਲਾ ਹੈ ਜੋ ਦੋ ਪੈਰ ਹੁੰਦਿਆਂ ਵੀ ਤੁਹਾਨੂੰ ਨਰਕ ਦੀ ਉਸ ਅੱਗ ਵਿੱਚ, ਜਿਹੜੀ ਬੁਝਣ ਵਾਲੀ ਨਹੀਂ, ਸੁੱਟਿਆ ਜਾਵੇ।
46 + ਮਰਕੁਸ ਦੀਆਂ ਕੁਝ ਯੂਨਾਨੀ ਨਕਲਾਂ ਵਿੱਚ ਤੁਕ 46 ਜੋੜੀ ਗਈ ਹੈ ਜਿਹੜੀ ਤੁਕ 48 ਨਾਲ ਮਿਲਦੀ ਹੈ।
47 ਜੇਕਰ ਤੁਹਾਡੀ ਅੱਖ ਤੁਹਾਥੋਂ ਕੋਈ ਪਾਪ ਕਰਵਾਏ, ਇਸ ਨੂੰ ਵੀ ਬਾਹਰ ਕੱਢ ਸੁੱਟੋ। ਇੱਕ ਅੱਖ ਨਾਲ ਜੀਵਨ ਵਿੱਚ ਵੜਨਾ ਚੰਗਾ ਹੋਵੇਗਾ, ਉਸ ਕੋਲੋ ਕਿ ਤੁਹਾਨੂੰ ਦੋ ਅੱਖਾਂ ਦੇ ਹੁੰਦਿਆਂ ਹੋਇਆਂ ਨਰਕ ਵਿੱਚ ਸੁੱਟਿਆ ਜਾਵੇ।
48 ਨਰਕ ਵਿੱਚ, ਉਹ ਕੀੜੇ ਜੋ ਲੋਕਾਂ ਨੂੰ ਖਾਂਦੇ ਹਨ, ਕਦੇ ਨਹੀਂ ਮਰਦੇ, ਤੇ ਉੱਥੋਂ ਦੀ ਅੱਗ ਕਦੇ ਨਹੀਂ ਬੁਝਾਈ ਜਾ ਸੱਕਦੀ।
49 “ਸਭ ਨੂੰ ਅੱਗ ਦੁਆਰਾ ਸਜ਼ਾ ਦਿੱਤੀ ਜਾਵੇਗੀ।
50 “ਲੂਣ ਚੰਗਾ ਹੈ। ਜੇਕਰ ਲੂਣ ਆਪਣਾ ਲੂਣਾਪਨ ਛੱਡ ਦੇਵੇ ਤਾਂ ਉਹ ਦੋਬਾਰਾ ਨਮਕੀਨ ਨਹੀਂ ਹੋ ਸੱਕਦਾ। ਇਸ ਲਈ ਹਮੇਸ਼ਾ ਚੰਗਿਆਈ ਨਾਲ ਭਰਪੂਰ ਰਹੋ ਅਤੇ ਇੱਕ-ਦੂਜੇ ਨਾਲ ਸ਼ਾਂਤੀ ਪੂਰਵਕ ਰਹੋ।”