ਯਿਸੂ ਦਾ ਆਪਣੇ ਵਤਨ ਨੂੰ ਮੁੜਨਾ
(ਮੱਤੀ 13:53-58; ਲੂਕਾ 4:16-30)
6
ਯਿਸੂ ਨੇ ਉਹ ਜਗ੍ਹਾ ਛੱਡ ਦਿੱਤੀ ਅਤੇ ਆਪਣੇ ਸ਼ਹਿਰ ਆ ਗਿਆ। ਉਸ ਦੇ ਚੇਲੇ ਉਸ ਦੇ ਨਾਲ ਸਨ। ਉਸ ਨੇ ਸਬਤ ਦੇ ਦਿਨ ਪ੍ਰਾਰਥਨਾ ਸਥਾਨ ਵਿੱਚ ਉਪਦੇਸ਼ ਦੇਣਾ ਸ਼ੁਰੂ ਕਰ ਦਿੱਤਾ ਅਤੇ ਬਹੁਤ ਸਾਰੇ ਲੋਕ ਉਸ ਨੂੰ ਸੁਣਕੇ ਹੈਰਾਨ ਸਨ ਅਤੇ ਆਖਿਆ, “ਉਸਨੇ ਇਹ ਸਭ ਕਿੱਥੋਂ ਸਿੱਖਿਆ ਅਤੇ ਉਸ ਨੂੰ ਇਹ ਗਿਆਨ ਕਿਸਨੇ ਦਿੱਤਾ? ਅਤੇ ਇੰਨੇ ਕਰਿਸ਼ਮੇ ਕਰਨ ਦੀ ਸ਼ਕਤੀ ਇਸਨੇ ਕਿੱਥੋਂ ਹਾਸਿਲ ਕੀਤੀ ਹੈ? ਉਹ ਤਾਂ ਕੇਵਲ ਤਰੱਖਾਨ ਹੈ ਅਤੇ ਉਸਦੀ ਮਾਂ ਮਰਿਯਮ ਹੈ ਅਤੇ ਉਹ ਯਾਕੂਬ ਅਤੇ ਯੋਸੇਸ, ਯਹੂਦਾਹ, ਸ਼ਮਊਨ ਦਾ ਭਰਾ ਹੈ ਅਤੇ ਉਸ ਦੀਆਂ ਭੈਣਾਂ ਇੱਥੇ ਸਾਡੇ ਵਿੱਚਕਾਰ ਰਹਿੰਦੀਆਂ ਹਨ।” ਇਸੇ ਕਾਰਣ ਲੋਕਾਂ ਨੇ ਉਸ ਨੂੰ ਸਵੀਕਾਰ ਨਾ ਕੀਤਾ।
ਯਿਸੂ ਨੇ ਲੋਕਾਂ ਨੂੰ ਆਖਿਆ, “ਹੋਰ ਲੋਕ ਨਬੀ ਦਾ ਆਦਰ ਕਰਦੇ ਹਨ। ਪਰ ਉਸ ਦੇ ਆਪਣੇ ਸ਼ਹਿਰ ਦੇ ਲੋਕ ਅਤੇ ਉਸ ਦੇ ਆਪਣੇ ਰਿਸ਼ਤੇਦਾਰ ਅਤੇ ਆਪਣਾ ਪਰਿਵਾਰ ਉਸਦਾ ਆਦਰ ਨਹੀਂ ਕਰੇਗਾ।” ਯਿਸੂ ਉੱਥੇ ਕੋਈ ਕਰਿਸ਼ਮਾ ਨਾ ਕਰ ਸੱਕਿਆ ਉਸ ਨੇ ਸਿਰਫ਼ ਕੁਝ ਬਿਮਾਰ ਲੋਕਾਂ ਉੱਤੇ ਆਪਣਾ ਹੱਥ ਧਰਕੇ ਉਨ੍ਹਾਂ ਨੂੰ ਚੰਗਾ ਕਰ ਦਿੱਤਾ। ਯਿਸੂ ਹੈਰਾਨ ਹੋਇਆ ਕਿਉਂਕਿ ਉਨ੍ਹਾਂ ਲੋਕਾਂ ਨੂੰ ਵਿਸ਼ਵਾਸ ਨਹੀਂ ਸੀ। ਫ਼ਿਰ ਉਹ ਉਸ ਜਗ੍ਹਾ ਦੇ ਹੋਰਨਾਂ ਪਿੰਡਾਂ ਵਿੱਚ ਗਿਆ ਅਤੇ ਲੋਕਾਂ ਨੂੰ ਉਪਦੇਸ਼ ਦਿੱਤੇ।
ਯਿਸੂ ਦਾ ਆਪਣੇ ਰਸੂਲਾਂ ਨੂੰ ਮਿਸ਼ਨ ਤੇ ਭੇਜਣਾ
(ਮੱਤੀ 10:1, 5-15; ਲੂਕਾ 9:1-6)
ਯਿਸੂ ਨੇ ਬਾਰ੍ਹਾਂ ਚੇਲਿਆਂ ਨੂੰ ਇਕੱਠਿਆਂ ਸੱਦਿਆ ਅਤੇ ਉਨ੍ਹਾਂ ਨੂੰ ਦੋ-ਦੋ ਕਰਕੇ ਭੇਜਣ ਲੱਗਾ ਅਤੇ ਉਨ੍ਹਾਂ ਨੂੰ ਭਰਿਸ਼ਟ-ਆਤਮਿਆਂ ਨੂੰ ਬਾਹਰ ਕੱਢਣ ਦੀ ਸ਼ਕਤੀ ਵੀ ਦਿੱਤੀ। ਅਤੇ ਆਪਣੇ ਚੇਲਿਆਂ ਨੂੰ ਇਹ ਆਖਿਆ, “ਆਪਣੇ ਸਫ਼ਰ ਵਿੱਚ ਸਿਵਾਇ ਇੱਕ ਲਾਠੀ ਦੇ ਹੋਰ ਕੁਝ ਨਾ ਲੈ ਕੇ ਜਾਣਾ। ਨਾ ਕੋਈ ਰੋਟੀ, ਨਾ ਥੈਲਾ ਨਾ ਹੀ ਆਪਣੀਆਂ ਜੇਬਾਂ ਵਿੱਚ ਕੋਈ ਪੈਸਾ ਲੈ ਕੇ ਜਾਣਾ। ਜੁੱਤੀ ਪਾਓ ਅਤੇ ਜਿਹੜੇ ਕੱਪੜੇ ਤੁਸੀਂ ਪਾਉਂਦੇ ਹੋ ਸਿਰਫ਼ ਉਹੀ ਲਓ। 10 ਜਦੋਂ ਤੁਸੀਂ ਕਿਸੇ ਵੀ ਘਰ ਵਿੱਚ ਪ੍ਰਵੇਸ਼ ਕਰੋ, ਓਨਾਂ ਚਿਰ ਉੱਥੇ ਹੀ ਰਹੋ ਜਿੰਨਾ ਚਿਰ ਤੁਸੀਂ ਦੂਜੇ ਸ਼ਹਿਰ ਨੂੰ ਨਹੀਂ ਜਾਂਦੇ। 11 ਜੇਕਰ ਕਿਸੇ ਵੀ ਸ਼ਹਿਰ ਦੇ ਵਾਸੀ ਤੁਹਾਨੂੰ ਕਬੂਲਣ ਅਤੇ ਸੁਣਨ ਤੋਂ ਇਨਕਾਰ ਕਰਦੇ ਹਨ, ਫ਼ਿਰ ਆਪਣੇ ਪੈਰਾਂ ਤੋਂ ਧੂੜ ਝਾੜ ਦੇਣੀ ਅਤੇ ਇੱਕੋ ਵਾਰ ਉਹ ਸ਼ਹਿਰ ਛੱਡ ਦੇਣਾ। ਇਹ ਉਨ੍ਹਾਂ ਲਈ ਚਿਤਾਵਨੀ ਹੋਵੇਗੀ।”
12 ਤਾਂ ਚੇਲੇ ਉੱਥੋਂ ਫ਼ਿਰ ਹੋਰ ਜਗ੍ਹਾ ਵੱਲ ਨੂੰ ਚੱਲੇ ਗਏ। ਉਨ੍ਹਾਂ ਨੇ ਲੋਕਾਂ ਨੂੰ ਆਪਣੇ ਜੀਵਨ ਮਾਰਗ ਬਦਲਣ ਦੇ ਉਪਦੇਸ਼ ਦਿੱਤੇ। 13 ਅਤੇ ਉਨ੍ਹਾਂ ਨੇ ਲੋਕਾਂ ਵਿੱਚੋਂ ਕਾਫ਼ੀ ਸਾਰੇ ਭੂਤਾਂ ਨੂੰ ਕੱਢਿਆ ਅਤੇ ਉਨ੍ਹਾਂ ਨੇ ਮਰੀਜ਼ਾਂ ਨੂੰ ਜੈਤੂਨ ਦੇ ਤੇਲ ਨਾਲ ਮਾਲਿਸ਼ ਕਰਕੇ ਚੰਗਾ ਕੀਤਾ।
ਹੇਰੋਦੇਸ ਨੇ ਸੋਚਿਆ ਯਿਸੂ ਹੀ ਬਪਤਿਸਮਾ ਦੇਣ ਵਾਲਾ ਯੂਹੰਨਾ ਹੈ
(ਮੱਤੀ 14:1-12; ਲੂਕਾ 9:7-9)
14 ਰਾਜਾ ਹੇਰੋਦੇਸ ਨੇ ਵੀ ਯਿਸੂ ਬਾਰੇ ਸੁਣਿਆ, ਕਿਉਂਕਿ ਯਿਸੂ ਦਾ ਨਾਉਂ ਪ੍ਰਸਿਧ ਹੋ ਗਿਆ ਸੀ। ਕੁਝ ਲੋਕਾਂ ਨੇ ਆਖਿਆ, “ਉਹ ਯੂਹੰਨਾ ਬਪਤਿਸਮਾ ਦੇਣ ਵਾਲਾ ਹੈ ਜੋ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ ਅਤੇ ਇਸੇ ਕਾਰਣ ਉਹ ਇਹ ਸ਼ਕਤੀਆਂ ਤੇ ਕਰਿਸ਼ਮੇ ਕਰ ਸੱਕਦਾ ਹੈ।”
15 ਕੁਝ ਹੋਰ ਲੋਕਾਂ ਨੇ ਆਖਿਆ, “ਇਹ ਏਲੀਯਾਹ ਹੈ।”
ਹੋਰਨਾਂ ਨੇ ਆਖਿਆ, “ਯਿਸੂ ਪੁਰਾਣੇ ਦਿਨਾਂ ਦੇ ਨਬੀਆਂ ਵਰਗਾ, ਇੱਕ ਨਬੀ ਹੈ।”
16 ਹੇਰੋਦੇਸ ਨੇ ਯਿਸੂ ਬਾਰੇ ਇਹ ਸਭ ਕੁਝ ਸੁਣਿਆ ਅਤੇ ਕਿਹਾ, “ਯੂਹੰਨਾ ਜਿਸਦਾ ਮੈਂ ਸਿਰ ਵੱਢਿਆ ਸੀ ਹੁਣ ਫ਼ੇਰ ਜੀ ਉੱਠਿਆ ਹੈ।”
ਯੂਹੰਨਾ ਬਪਤਿਸਮਾ ਦੇਣ ਵਾਲਾ ਕਿਵੇਂ ਮਾਰਿਆ ਗਿਆ
17 ਹੇਰੋਦੇਸ ਨੇ ਖੁਦ ਯੂਹੰਨਾ ਨੂੰ ਗਿਰਫ਼ਤਾਰ ਕਰਨ ਲਈ ਆਖਿਆ। ਇੰਝ ਉਸ ਨੂੰ ਕੈਦਖਾਨੇ ਵਿੱਚ ਪਾਇਆ ਗਿਆ। ਰਾਜਾ ਹੇਰੋਦੇਸ ਨੇ ਇਹ ਸਭ ਆਪਣੀ ਪਤਨੀ ਨੂੰ ਖੁਸ਼ ਕਰਨ ਲਈ ਕੀਤਾ, ਜਿਸਦਾ ਨਾਉਂ ਸੀ ਹੇਰੋਦਿਯਾਸ। ਹੇਰੋਦਿਯਾਸ, ਹੇਰੋਦੇਸ ਦੇ ਭਰਾ ਫ਼ਿਲਿਪੁੱਸ ਦੀ ਪਤਨੀ ਸੀ। ਪਰ ਹੇਰੋਦੇਸ ਨੇ ਉਸ ਨਾਲ ਵਿਆਹ ਕਰਾ ਲਿਆ। 18 ਯੂਹੰਨਾ ਹੇਰੋਦੇਸ ਨੂੰ ਕਿਹਾ, “ਆਪਣੇ ਭਰਾ ਦੀ ਤੀਵੀਂ ਨਾਲ ਵਿਆਹ ਕਰਵਾਉਣਾ ਠੀਕ ਨਹੀਂ।” 19 ਇਸੇ ਲਈ ਹੇਰੋਦਿਯਾਸ ਯੂਹੰਨਾ ਨਾਲ ਨਫ਼ਰਤ ਕਰਦੀ ਸੀ ਉਹ ਉਸ ਨੂੰ ਮਾਰਨਾ ਚਾਹੁੰਦੀ ਸੀ ਪਰ ਉਸਦਾ ਕੋਈ ਵੱਸ ਨਹੀਂ ਸੀ ਚੱਲਦਾ। 20 ਹੇਰੋਦੇਸ ਯੂਹੰਨਾ ਤੋਂ ਡਰਦਾ ਸੀ ਕਿਉਂਕਿ ਉਹ ਜਾਣਦਾ ਸੀ ਕਿ ਯੂਹੰਨਾ ਇੱਕ ਧਰਮੀ ਅਤੇ ਪਵਿੱਤਰ ਪੁਰੱਖ ਸੀ, ਇਸ ਲਈ ਉਸ ਨੇ ਉਸਦੀ ਰੱਖਿਆ ਕੀਤੀ। ਉਹ ਯੂਹੰਨਾ ਦੇ ਉਪਦੇਸ਼ ਨੂੰ ਬੜੇ ਅਨੰਦ ਨਾਲ ਸੁਣਦਾ ਸੀ। ਪਰ ਉਸ ਦੇ ਇਸ ਉਪਦੇਸ਼ ਨੇ ਹੇਰੋਦੇਸ ਨੂੰ ਪਰੇਸ਼ਾਨ ਕੀਤਾ।
21 ਫ਼ੇਰ ਯੂਹੰਨਾ ਦੀ ਮੌਤ ਲਈ ਹੇਰੋਦਿਯਾਸ ਦੇ ਹੱਥ ਉਦੋਂ ਸਹੀ ਸਮਾਂ ਲੱਗ ਗਿਆ ਜਦੋਂ ਰਾਜਾ ਹੇਰੋਦੇਸ ਦਾ ਜਨਮ ਦਿਨ ਸੀ। ਉਸ ਦਿਨ, ਹੇਰੋਦੇਸ ਨੇ ਇੱਕ ਦਾਵਤ ਤੇ ਆਪਣੇ ਅਧਿਕਾਰੀਆਂ, ਫ਼ੌਜ ਦੇ ਅਧਿਕਾਰੀਆਂ, ਅਤੇ ਗਲੀਲ ਦੇ ਮਹੱਤਵਪੂਰਨ ਲੋਕਾਂ ਨੂੰ ਨਿਉਂਤਾ ਦਿੱਤਾ। 22 ਹੇਰੋਦਿਯਾਸ ਦੀ ਧੀ ਉਸ ਦਾਵਤ ਵਿੱਚ ਆਈ ਅਤੇ ਨੱਚੀ। ਰਾਜੇ ਅਤੇ ਉਸ ਨਾਲ ਦੇ ਹੋਰ ਵਿਸ਼ੇਸ਼ ਵਿਅਕਤੀਆਂ ਨੇ ਉਸ ਦੇ ਨਾਚ ਦਾ ਅਨੰਦ ਮਾਣਿਆ।
ਰਾਜਾ ਹੇਰੋਦੇਸ ਨੇ ਉਸ ਕੁੜੀ ਨੂੰ ਆਖਿਆ, “ਜੋ ਕੁਝ ਵੀ ਤੈਨੂੰ ਚਾਹੀਦਾ ਮੰਗ ਅਤੇ ਮੈਂ ਉਹ ਤੈਨੂੰ ਦੇ ਦੇਵਾਂਗਾ।” 23 ਉਸ ਨੇ ਸੌਂਹ ਖਾਕੇ ਉਸ ਨਾਲ ਇਕਰਾਰ ਕੀਤਾ, “ਜੋ ਕੁਝ ਤੂੰ ਮੰਗੇਂਗੀ ਮੈਂ ਤੈਨੂੰ ਦੇਵਾਂਗਾ ਭਾਵੇਂ ਇਹ ਮੇਰਾ ਅੱਧਾ ਰਾਜ ਹੀ ਕਿਉਂ ਨਾ ਹੋਵੇ।”
24 ਤਾਂ ਕੁੜੀ ਨੇ ਆਪਣੀ ਮਾਂ ਕੋਲ ਜਾਕੇ ਪੁੱਛਿਆ, “ਮੈਨੂੰ ਕੀ ਮੰਗਣਾ ਚਾਹੀਦਾ?”
ਤਾਂ ਉਸਦੀ ਮਾਂ ਨੇ ਆਖਿਆ, “ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਸਿਰ ਮੰਗ ਲੈ।”
25 ਤੱਦ ਉਹ ਜਲਦੀ ਨਾਲ ਰਾਜੇ ਕੋਲ ਗਈ ਅਤੇ ਆਖਿਆ, “ਮੈਨੂੰ ਹੁਣੇ ਹੀ ਇੱਕ ਥਾਲੀ ਤੇ ਰੱਖਕੇ ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਸਿਰ ਚਾਹੀਦਾ ਹੈ।”
26 ਤੱਦ ਰਾਜਾ ਬਹੁਤ ਉਦਾਸ ਹੋ ਗਿਆ। ਪਰ ਉਸ ਨੇ ਸੌਂਹ ਖਾਕੇ ਉਸ ਕੁੜੀ ਨਾਲ ਇਕਰਾਰ ਕੀਤਾ ਸੀ ਕਿ ਉਹ ਜੋ ਕੁਝ ਵੀ ਮੰਗੇਗੀ, ਦੇਵੇਗਾ। ਅਤੇ ਉਸ ਦੇ ਮਹਿਮਾਨਾਂ ਨੇ ਵੀ ਉਸਦਾ ਵਾਦਾ ਸੁਣਿਆ ਸੀ। ਇਸ ਲਈ ਹੇਰੋਦੇਸ ਉਸ ਨੂੰ ਇਨਕਾਰ ਨਹੀਂ ਸੀ ਕਰ ਸੱਕਦਾ। 27 ਰਾਜੇ ਨੇ ਝੱਟ ਇੱਕ ਸਿਪਾਹੀ ਨੂੰ ਹੁਕਮ ਦੇਕੇ ਭੇਜਿਆ ਕਿ ਉਹ ਯੂਹੰਨਾ ਦਾ ਸਿਰ ਲੈ ਕੇ ਆਵੇ ਤਾਂ ਸਿਪਾਹੀ ਕੈਦਖਾਨੇ ਨੂੰ ਗਿਆ ਅਤੇ ਯੂਹੰਨਾ ਦਾ ਸਿਰ ਵੱਢ ਦਿੱਤਾ। 28 ਤੱਦ ਸਿਪਾਹੀ ਥਾਲੀ ਵਿੱਚ ਉਸਦਾ ਸਿਰ ਧਰਕੇ ਲਿਆਇਆ ਅਤੇ ਉਹ ਸਿਰ ਉਸ ਨੇ ਕੁੜੀ ਅੱਗੇ ਪੇਸ਼ ਕੀਤਾ ਅਤੇ ਉਸ ਕੁੜੀ ਨੇ ਉਹ ਸਿਰ ਆਪਣੀ ਮਾਂ ਨੂੰ ਦੇ ਦਿੱਤਾ। 29 ਜਦੋਂ ਯੂਹੰਨਾ ਦੇ ਚੇਲਿਆਂ ਨੂੰ ਇਹ ਪਤਾ ਲੱਗਾ, ਉਹ ਆਏ ਅਤੇ ਉਸਦਾ ਸਰੀਰ ਲੈ ਜਾਕੇ ਕਬਰ ਵਿੱਚ ਰੱਖ ਦਿੱਤਾ।
ਯਿਸੂ ਦਾ ਪੰਜ ਹਜ਼ਾਰ ਤੋਂ ਵੱਧ ਨੂੰ ਭੋਜਨ ਕਰਵਾਉਣਾ
(ਮੱਤੀ 14:13-21; ਲੂਕਾ 9:10-17; ਯੂਹੰਨਾ 6:1-14)
30 ਫ਼ੇਰ ਰਸੂਲ ਵਾਪਸ ਆਏ ਅਤੇ ਯਿਸੂ ਦੇ ਦੁਆਲੇ ਇਕੱਠੇ ਹੋ ਗਏ ਅਤੇ ਜੋ ਕੁਝ ਵੀ ਉਨ੍ਹਾਂ ਨੇ ਕੀਤਾ ਸੀ ਅਤੇ ਜੋ ਪ੍ਰਚਾਰ ਕੀਤਾ ਸੀ ਸਭ ਉਸ ਨੂੰ ਦਸਿਆ। 31 ਬਹੁਤ ਸਾਰੇ ਲੋਕ ਉੱਥੇ ਆਉਂਦੇ ਅਤੇ ਜਾਂਦੇ ਸਨ। ਇਸ ਲਈ ਯਿਸੂ ਅਤੇ ਰਸੂਲਾਂ ਕੋਲ ਰੋਟੀ ਖਾਣ ਦਾ ਵੀ ਸਮਾਂ ਨਹੀਂ ਸੀ। ਫ਼ਿਰ ਯਿਸੂ ਨੇ ਆਪਣੇ ਚੇਲਿਆਂ ਨੂੰ ਆਖਿਆ, “ਮੇਰੇ ਨਾਲ ਆਓ, ਅਸੀਂ ਇੱਕਲੇ ਕਿਸੇ ਨਿਵੇਕਲੀ ਥਾਂ ਤੇ ਚੱਲੀਏ ਤਾਂ ਜੋ ਅਸੀਂ ਥੋੜੇ ਸਮੇਂ ਲਈ ਅਰਾਮ ਕਰ ਸੱਕੀਏ।”
32 ਤਾਂ ਯਿਸੂ ਅਤੇ ਉਸ ਦੇ ਚੇਲੇ ਇੱਕਲੇ ਨਿਕਲ ਗਏ। ਉਹ ਕਿਸ਼ਤੀ ਦੁਆਰਾ ਇੱਕ ਇੱਕਾਂਤ ਜਗ੍ਹਾ ਤੇ ਚੱਲੇ ਗਏ। 33 ਪਰ ਬਹੁਤ ਸਾਰੇ ਲੋਕਾਂ ਨੇ ਉਨ੍ਹਾਂ ਨੂੰ ਜਾਂਦਿਆਂ ਵੇਖਿਆ ਸੀ ਅਤੇ ਉਹ ਜਾਣਦੇ ਸਨ ਕਿ ਇਹ ਯਿਸੂ ਹੀ ਹੈ। ਤਾਂ ਸਾਰੇ ਸ਼ਹਿਰਾਂ ਦੇ ਲੋਕ ਤੁਰਕੇ ਉੱਥੇ ਪਹੁੰਚੇ ਜਿੱਥੇ ਯਿਸੂ ਆਪਣੇ ਚੇਲਿਆਂ ਨਾਲ ਬੇੜੀ ਵਿੱਚ ਗਿਆ ਸੀ। ਸਗੋਂ ਲੋਕ ਉਸ ਦੇ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਉੱਥੇ ਮੌਜੂਦ ਸਨ। 34 ਜਦੋਂ ਯਿਸੂ ਉੱਥੇ ਪਹੁੰਚਿਆ ਤਾਂ ਉਸ ਨੇ ਵੇਖਿਆ ਕਿ ਬਹੁਤ ਸਾਰੇ ਲੋਕ ਉਸਦਾ ਇੰਤਜ਼ਾਰ ਕਰ ਰਹੇ ਸਨ। ਯਿਸੂ ਨੂੰ ਉਨ੍ਹਾਂ ਤੇ ਤਰਸ ਆਇਆ, ਕਿਉਂਕਿ ਉਹ ਬਿਨ ਆਜੜੀ ਦੀਆਂ ਭੇਡਾਂ ਵਾਂਗ ਸਨ। ਤਾਂ ਉਸ ਨੇ ਉਨ੍ਹਾਂ ਨੂੰ ਬਹੁਤ ਸਾਰੀਆਂ ਗੱਲਾਂ ਬਾਰੇ ਉਪਦੇਸ਼ ਦਿੱਤਾ।
35 ਕਾਫ਼ੀ ਦਿਨ ਲਹਿ ਚੁੱਕਾ ਸੀ ਤਾਂ ਉਸ ਦੇ ਚੇਲੇ ਉਸ ਕੋਲ ਆਏ ਅਤੇ ਆਖਿਆ, “ਇਹ ਇੱਕ ਉਜਾੜ ਥਾਂ ਹੈ ਅਤੇ ਕਾਫ਼ੀ ਦੇਰ ਹੋ ਰਹੀ ਹੈ। 36 ਇਸ ਲਈ ਇਨ੍ਹਾਂ ਲੋਕਾਂ ਨੂੰ ਜਾਣ ਦਿਉ ਤਾਂ ਜੋ ਇਹ ਆਲੇ-ਦੁਆਲੇ ਦੇ ਖੇਤਾਂ ਤੇ ਨਗਰਾਂ ਵਿੱਚੋਂ ਆਪਣੇ ਲਈ ਭੋਜਨ ਦਾ ਇੰਤਜ਼ਾਮ ਕਰ ਸੱਕਣ।”
37 ਪਰ ਯਿਸੂ ਨੇ ਉੱਤਰ ਦਿੱਤਾ, “ਤੁਸੀਂ ਹੀ ਉਨ੍ਹਾਂ ਨੂੰ ਖਾਣ ਲਈ ਦੇਵੋ।”
ਚੇਲਿਆਂ ਨੇ ਯਿਸੂ ਨੂੰ ਪੁੱਛਿਆ, “ਕੀ ਸਾਨੂੰ ਜਾਣਾ ਚਾਹੀਦਾ ਹੈ ਅਤੇ ਇਨ੍ਹਾਂ ਸਾਰੇ ਲੋਕਾਂ ਵਾਸਤੇ ਭੋਜਨ ਖਰੀਦਣਾ ਚਾਹੀਦਾ ਹੈ? ਜੇਕਰ ਇਨ੍ਹਾਂ ਸਾਰਿਆਂ ਲੋਕਾਂ ਨੂੰ ਭੋਜਨ ਦੇਣਾ ਹੈ ਤਾਂ ਸਾਨੂੰ ਸਾਰਿਆਂ ਨੂੰ ਕਾਫ਼ੀ ਪੈਸਾ ਕਮਾਉਣ ਲਈ ਇੱਕ ਮਹੀਨਾ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਅਸੀਂ ਇਨ੍ਹਾਂ ਲੋਕਾਂ ਨੂੰ ਭੋਜਨ ਖਰੀਦ ਕੇ ਦੇਣ ਦੇ ਯੋਗ ਹੋ ਸੱਕੀਏ।”
38 ਯਿਸੂ ਨੇ ਚੇਲਿਆਂ ਨੂੰ ਆਖਿਆ, “ਜਾਓ ਅਤੇ ਵੇਖੋ! ਤੁਹਾਡੇ ਕੋਲ ਕਿੰਨੀਆਂ ਰੋਟੀਆਂ ਹਨ?”
ਚੇਲਿਆਂ ਨੇ ਆਪਣੀਆਂ ਰੋਟੀਆਂ ਗਿਣੀਆਂ ਅਤੇ ਯਿਸੂ ਕੋਲ ਆਕੇ ਕਿਹਾ, “ਸਾਡੇ ਕੋਲ ਪੰਜ ਰੋਟੀਆਂ ਅਤੇ ਦੋ ਮੱਛੀਆਂ ਹਨ।”
39 ਤਾਂ ਯਿਸੂ ਨੇ ਚੇਲਿਆਂ ਨੂੰ ਕਿਹਾ, “ਉਨ੍ਹਾਂ ਨੂੰ ਆਖੋ ਕਿ ਸਭ ਕੁੰਡਲੀਆਂ ਬਣਾਕੇ ਹਰੀ ਘਾਹ ਉੱਤੇ ਬੈਠ ਜਾਣ।” 40 ਤਾਂ ਸਾਰੇ ਲੋਕ ਕੁੰਡਲੀਆਂ ਬਣਾਕੇ ਬਹਿ ਗਏ ਅਤੇ ਹਰ ਕੁੰਡਲੀ ਵਿੱਚ ਪੰਜਾਹ ਜਾਂ ਸੌ ਬੰਦੇ ਸਨ।
41 ਯਿਸੂ ਨੇ ਉਹ ਪੰਜ ਰੋਟੀਆਂ ਅਤੇ ਦੋ ਮੱਛੀਆਂ ਹੱਥ ਵਿੱਚ ਫ਼ੜੀਆਂ, ਅਕਾਸ਼ ਵੱਲ ਵੇਖਕੇ ਇਨ੍ਹਾਂ ਵਾਸਤੇ ਪਰਮੇਸ਼ੁਰ ਦਾ ਧੰਨਵਾਦ ਕੀਤਾ। ਫ਼ੇਰ ਉਸ ਨੇ ਰੋਟੀਆਂ ਤੋੜੀਆਂ ਅਤੇ ਲੋਕਾਂ ਵਿੱਚ ਵੰਡਣ ਲਈ ਆਪਣੇ ਚੇਲਿਆਂ ਨੂੰ ਦੇ ਦਿੱਤੀਆਂ। ਇੰਝ ਹੀ ਯਿਸੂ ਨੇ ਮੱਛੀਆਂ ਦੇ ਟੋਟੇ ਕੀਤੇ ਅਤੇ ਉਹ ਲੋਕਾਂ ਨੂੰ ਦੇ ਦਿੱਤੇ।
42 ਸਭ ਲੋਕਾਂ ਨੇ ਆਪਣੀ ਭੁੱਖ ਮੁਤਾਬਕ ਖਾਧਾ। 43 ਫ਼ੇਰ ਚੇਲਿਆਂ ਨੇ ਬਚੀਆਂ ਹੋਈਆਂ ਰੋਟੀਆਂ ਅਤੇ ਮੱਛੀਆਂ ਦੇ ਟੁਕੜਿਆਂ ਨਾਲ ਬਾਰ੍ਹਾਂ ਟੋਕਰੀਆਂ ਭਰੀਆਂ। 44 ਉਸ ਭੋਜਨ ਵਿੱਚ ਪੰਜ ਹਜ਼ਾਰ ਦੇ ਕਰੀਬ ਆਦਮੀ ਸਨ।
ਯਿਸੂ ਦਾ ਪਾਣੀ ਉੱਪਰ ਚੱਲਣਾ
(ਮੱਤੀ 14:22-33; ਯੂਹੰਨਾ 6:16-21)
45 ਫ਼ਿਰ ਉਸ ਨੇ ਆਪਣੇ ਚੇਲਿਆਂ ਨੂੰ ਬੇੜੀ ਵਿੱਚ ਚੜ੍ਹ੍ਹਨ ਦੀ ਤਗੀਦ ਕੀਤੀ। ਯਿਸੂ ਨੇ ਉਨ੍ਹਾਂ ਨੂੰ ਝੀਲ ਦੇ ਦੂਜੇ ਕੰਢੇ ਬੈਤਸੈਦਾ ਨਾਉਂ ਦੀ ਥਾਂ ਤੇ ਜਾਣ ਨੂੰ ਕਿਹਾ ਅਤੇ ਖੁਦ ਉੱਥੇ ਹੀ ਰਹਿ ਪਿਆ। ਯਿਸੂ ਆਪ ਉੱਥੇ ਹੀ ਰੁਕ ਗਿਆ ਅਤੇ ਆਖਿਆ ਕਿ ਉਸ ਨੂੰ ਆਉਣ ਵਿੱਚ ਦੇਰੀ ਹੋ ਸੱਕਦੀ ਹੈ। ਅਤੇ ਉਸ ਨੇ ਬਾਕੀ ਲੋਕਾਂ ਨੂੰ ਵੀ ਵਾਪਿਸ ਘਰਾਂ ਨੂੰ ਮੁੜ ਜਾਣ ਲਈ ਕਿਹਾ। 46 ਜਦੋਂ ਉਸ ਨੇ ਲੋਕਾਂ ਨੂੰ ਵਿਦਾ ਕੀਤਾ ਤਾਂ ਉਹ ਆਪ ਪਹਾੜੀ ਉੱਤੇ ਪ੍ਰਾਰਥਨਾ ਲਈ ਚੱਲਾ ਗਿਆ।
47 ਆਥਣ ਤੱਕ, ਬੇੜੀ ਝੀਲ ਦੇ ਵਿੱਚਕਾਰ ਸੀ ਪਰ ਇੱਕਲਾ ਯਿਸੂ ਹਾਲੇ ਵੀ ਕੰਢੇ ਉੱਤੇ ਖੜ੍ਹਾ ਸੀ। 48 ਉਸ ਨੇ ਵੇਖਿਆ ਕਿ ਦੂਰ ਬੇੜੀ ਅਜੇ ਝੀਲ ਵਿੱਚਕਾਰ ਹੈ ਅਤੇ ਚੱਪੂ ਚਲਾਉਣ ਲਈ ਚੇਲੇ ਬੜਾ ਜ਼ੋਰ ਲਗਾ ਰਹੇ ਹਨ ਕਿਉਂਕਿ ਹਵਾ ਉਲਟੀ ਦਿਸ਼ਾ ਵੱਲ ਦੀ ਸੀ। ਰਾਤ ਦੇ ਪਿੱਛਲੇ ਪਹਿਰ ਤਕਰੀਬਨ ਤਿੰਨ ਤੋਂ ਛੇ ਦੇ ਵਿੱਚਕਾਰ ਯਿਸੂ ਝੀਲ ਦੇ ਉੱਪਰੋਂ ਦੀ ਤੁਰਦਿਆਂ ਉਨ੍ਹਾਂ ਦੀ ਬੇੜੀ ਵੱਲ ਆਇਆ, ਅਤੇ ਉਹ ਬੇੜੀ ਤੋਂ ਥੋੜਾ ਅਗਾਂਹ ਤੁਰਿਆ। 49 ਪਰ ਜਦੋਂ ਚੇਲਿਆਂ ਨੇ ਯਿਸੂ ਨੂੰ ਪਾਣੀ ਤੇ ਤੁਰਦਿਆਂ ਵੇਖਿਆ, ਉਨ੍ਹਾਂ ਨੇ ਸਮਝਿਆ ਕਿ ਉਹ ਕੋਈ ਭੂਤ ਹੈ ਅਤੇ ਉਹ ਡਰ ਨਾਲ ਚੀਕਣ ਲੱਗੇ। 50 ਸਾਰੇ ਚੇਲੇ ਉਸ ਨੂੰ ਵੇਖਕੇ ਬਹੁਤ ਘਬਰਾਏ ਪਰ ਉਹ ਚੇਲਿਆਂ ਨੂੰ ਬੋਲਿਆ, “ਹੌਂਸਲਾ ਰੱਖੋ! ਇਹ ਮੈਂ ਹੀ ਹਾਂ! ਤੁਸੀਂ ਡਰੋ ਨਹੀਂ!” 51 ਤੱਦ ਯਿਸੂ ਉਨ੍ਹਾਂ ਦਾ ਸਾਥ ਦੇਣ ਲਈ ਬੇੜੀ ਵਿੱਚ ਚੜ੍ਹ੍ਹ ਗਿਆ ਅਤੇ ਹਵਾ ਸ਼ਾਂਤ ਹੋ ਗਈ। ਚੇਲਿਆਂ ਨੇ ਇਹ ਸਭ ਵੇਖਿਆ ਅਤੇ ਹੈਰਾਨ ਹੋ ਗਏ। 52 ਉਨ੍ਹਾਂ ਨੇ ਯਿਸੂ ਨੂੰ ਰੋਟੀਆਂ ਵਾਲਾ ਕਰਿਸ਼ਮਾ ਕਰਦਿਆਂ ਵੇਖਿਆ ਵੀ ਸੀ ਪਰ ਉਹ ਇਹ ਨਾ ਸਮਝ ਸੱਕੇ ਕਿਉਂਕਿ ਉਹ ਪੱਥਰ ਦਿਲ ਸਨ।
ਯਿਸੂ ਬਹੁਤ ਸਾਰੇ ਲੋਕਾਂ ਨੂੰ ਚੰਗਾ ਕਰਦਾ
(ਮੱਤੀ 14:34-36)
53 ਜਦੋਂ ਉਨ੍ਹਾਂ ਨੇ ਝੀਲ ਪਾਰ ਕਰ ਲਈ ਤਾਂ ਉਹ ਗੰਨੇਸਰਤ ਦੇ ਕੰਢੇ ਪਹੁੰਚੇ ਅਤੇ ਉੱਥੇ ਜਾਕੇ ਬੇੜੀ ਨੂੰ ਬੰਨ੍ਹ ਦਿੱਤਾ। 54 ਜਦੋਂ ਉਹ ਬੇੜੀ ਤੋਂ ਬਾਹਰ ਨਿਕਲੇ ਤਾਂ ਲੋਕਾਂ ਨੇ ਯਿਸੂ ਨੂੰ ਵੇਖਿਆ। ਉਹ ਜਾਣਦੇ ਸਨ ਕਿ ਇਹ ਕੌਣ ਹੈ। 55 ਉਹ ਲੋਕ ਦੂਜੇ ਲੋਕਾਂ ਨੂੰ ਇਤਲਾਹ ਦੇਣ ਵਾਸਤੇ ਨਗਰ ਦੇ ਚਾਰੇ ਪਾਸੇ ਦੌੜੇ, ਇਹ ਦੱਸਣ ਲਈ ਕਿ ਯਿਸੂ ਉੱਥੇ ਸੀ। ਜਿੱਥੇ ਵੀ ਯਿਸੂ ਜਾਂਦਾ ਲੋਕ ਬਿਮਾਰ ਲੋਕਾਂ ਨੂੰ ਮੰਜਿਆਂ ਉੱਤੇ ਪਾਕੇ ਉਸ ਕੋਲ ਲੈਂ ਆਉਂਦੇ। 56 ਯਿਸੂ ਉਸ ਖੇਤ੍ਰ ਵਿੱਚ ਸ਼ਹਿਰਾਂ, ਨਗਰਾਂ ਅਤੇ ਖੇਤਾਂ ਵਿੱਚ ਹਰ ਥਾਂ ਗਿਆ। ਜਿੱਥੇ ਵੀ ਉਹ ਗਿਆ ਲੋਕ ਬਜ਼ਾਰਾਂ ਵਿੱਚ ਵੀ ਮਰੀਜ਼ਾਂ ਨੂੰ ਲੈ ਆਉਂਦੇ ਸਨ। ਅਤੇ ਉਨ੍ਹਾਂ ਨੇ ਯਿਸੂ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਕੁੜਤੇ ਦੇ ਕਿਸੇ ਵੀ ਹਿੱਸੇ ਨੂੰ ਉਨ੍ਹਾਂ ਨੂੰ ਛੋਹਣ ਦੇਵੇ। ਜਿਨ੍ਹਾਂ ਨੇ ਉਸ ਨੂੰ ਛੋਹਿਆ ਚੰਗੇ ਹੋ ਗਏ।