ਮਰਕੁਸ ਦੀ ਇੰਜੀਲ
ਯਿਸੂ ਦਾ ਆਗਮਨ
(ਮੱਤੀ 3:1-12; ਲੂਕਾ 3:1-9, 15-17; ਯੂਹੰਨਾ 1:19-28)
1
ਪਰਮੇਸ਼ੁਰ ਦੇ ਪੁੱਤਰ ਯਿਸੂ ਮਸੀਹ ਦੀ ਖੁਸ਼ਖਬਰੀ ਦਾ ਆਰੰਭ: ਜਿਵੇਂ ਕਿ ਇਹ ਨਬੀ ਯਸਾਯਾਹ ਦੀ ਪੁਸਤਕ ਵਿੱਚ ਲਿਖਿਆ ਹੋਇਆ ਹੈ:
“ਸੁਣੋ! ਮੈਂ ਆਪਣੇ ਦੂਤ ਨੂੰ ਤੇਰੇ ਅੱਗੇ ਭੇਜਾਂਗਾ।
ਉਹ ਤੇਰੇ ਲਈ ਰਸਤਾ ਤਿਆਰ ਕਰੇਗਾ।” ਮਲਾਕੀ 3:1
“ਉਜਾੜ ਵਿੱਚ ਇੱਕ ਮਨੁੱਖ ਪੁਕਾਰ ਰਿਹਾ ਹੈ:
‘ਪ੍ਰਭੂ ਲਈ ਰਸਤੇ ਨੂੰ ਤਿਆਰ ਕਰੋ,
ਉਸ ਦੇ ਰਾਹਾਂ ਨੂੰ ਸਿਧੇ ਕਰੋ।’” ਯਸਾਯਾਹ 40:3
ਯੂਹੰਨਾ ਬਪਤਿਸਮਾ ਦੇਣ ਵਾਲਾ ਆਇਆ, ਅਤੇ ਉਸ ਨੇ ਉਜਾੜ ਵਿੱਚ ਆਕੇ ਲੋਕਾਂ ਨੂੰ ਬਪਤਿਸਮਾ ਦਿੱਤਾ। ਉਸ ਨੇ ਉਨ੍ਹਾਂ ਨੂੰ ਸਿੱਖਾਇਆ ਕਿ ਉਹ ਬਪਤਿਸਮਾ ਲੈ ਕੇ ਇਹ ਵਿਖਾਉਣ ਕਿ ਉਨ੍ਹਾਂ ਨੇ ਆਪਣੇ ਜੀਵਨ ਬਦਲ ਲਏ ਹਨ। ਇਸ ਤਰ੍ਹਾਂ, ਉਨ੍ਹਾਂ ਦੇ ਪਾਪ ਮਾਫ਼ ਕੀਤੇ ਜਾ ਸੱਕਣਗੇ। ਸਾਰੇ ਯਹੂਦਿਯਾ ਅਤੇ ਯਰੂਸ਼ਲਮ ਦੇਸ਼ ਦੇ ਲੋਕ ਉਸ ਕੋਲ ਆਏ ਅਤੇ ਆਪੋ-ਆਪਣੇ ਕੀਤੇ ਪਾਪਾਂ ਬਾਰੇ ਦੱਸਣ ਲੱਗੇ ਤਾਂ ਉਸਤੋਂ ਬਾਦ ਯੂਹੰਨਾ ਨੇ ਉਨ੍ਹਾਂ ਨੂੰ ਯਰਦਨ ਨਦੀ ਵਿੱਚ ਬਪਤਿਸਮਾ ਦਿੱਤਾ।
ਯੂਹੰਨਾ ਦੇ ਕੱਪੜੇ ਊਠ ਦੇ ਵਾਲਾਂ ਦੇ ਸਨ ਅਤੇ ਉਸਦੀ ਕਮਰ ਉੱਤੇ ਚਮੜੇ ਦੀ ਪੇਟੀ ਬੰਧੀ ਹੋਈ ਸੀ। ਉਹ ਟਿੱਡੀਆਂ ਅਤੇ ਜੰਗਲੀ ਸ਼ਹਿਦ ਖਾਂਦਾ ਸੀ।
ਅਤੇ ਉਸ ਨੇ ਲੋਕਾਂ ਵਿੱਚ ਇਹ ਪ੍ਰਚਾਰ ਕੀਤਾ ਕਿ ਭਈ: “ਮੇਰੇ ਤੋਂ ਬਾਦ ਉਹ ਇੱਕ ਆਵੇਗਾ ਅਤੇ ਉਹ ਮੇਰੇ ਤੋਂ ਵੱਧ ਮਹਾਨ ਹੈ ਅਤੇ ਮੈਂ ਇਸ ਲਾਇੱਕ ਵੀ ਨਹੀਂ ਕਿ ਨਿਉਂ ਕੇ ਉਸਦੀ ਜੁੱਤੀ ਦਾ ਤਸਮਾ ਖੋਲ੍ਹਾਂ। ਮੈਂ ਤੁਹਾਨੂੰ ਪਾਣੀ ਨਾਲ ਬਪਤਿਸਮਾ ਦਿੱਤਾ ਹੈ ਪਰ ਉਹ ਮਨੁੱਖ ਜਿਹੜਾ ਕਿ ਆ ਰਿਹਾ ਹੈ ਤੁਹਾਨੂੰ ਪਵਿੱਤਰ ਆਤਮਾ ਨਾਲ ਬਪਤਿਸਮਾ ਦੇਵੇਗਾ।”
ਯਿਸੂ ਨੂੰ ਬਪਤਿਸਮਾ
(ਮੱਤੀ 3:13-17; ਲੂਕਾ 3:21-22)
ਉਸ ਵਕਤ ਯਿਸੂ ਗਲੀਲ ਦੇ ਨਾਸਰਤ ਸ਼ਹਿਰ ਤੋਂ ਯੂਹੰਨਾ ਦੇ ਕੋਲ ਆਇਆ ਅਤੇ ਯੂਹੰਨਾ ਨੇ ਉਸ ਨੂੰ ਯਰਦਨ ਨਦੀ ਵਿੱਚ ਬਪਤਿਸਮਾ ਦਿੱਤਾ। 10 ਜਿਸ ਵਕਤ ਯਿਸੂ ਪਾਣੀ ਵਿੱਚੋਂ ਬਾਹਰ ਨਿਕਲ ਰਿਹਾ ਸੀ ਤਾਂ ਉਸ ਨੇ ਅਕਾਸ਼ ਨੂੰ ਖੁਲ੍ਹਦਿਆਂ ਵੇਖਿਆ ਅਤੇ ਉਸ ਵਿੱਚੋਂ ਪਵਿੱਤਰ ਆਤਮਾ ਯਿਸੂ ਕੋਲ ਘੁੱਗੀ ਵਾਂਗ ਥੱਲੇ ਉੱਤਰਿਆ। 11 ਸਵਰਗ ਵਿੱਚੋਂ ਅਕਾਸ਼ਵਾਣੀ ਹੋਈ, “ਤੂੰ ਮੇਰਾ ਪਿਆਰਾ ਪੁੱਤਰ ਹੈ। ਮੈਂ ਤੈਥੋਂ ਬਹੁਤ ਖੁਸ਼ ਹਾਂ।”
ਯਿਸੂ ਦਾ ਪਰਤਾਇਆ ਜਾਣਾ
(ਮੱਤੀ 4:1-11; ਲੂਕਾ 4:1-13)
12 ਤੱਦ ਆਤਮਾ ਯਿਸੂ ਨੂੰ ਇੱਕਲਿਆਂ ਉਜਾੜ ਵਿੱਚ ਲੈ ਗਿਆ। 13 ਉਹ ਉੱਥੇ ਚਾਲੀ ਦਿਨ ਤੱਕ ਸ਼ੈਤਾਨ ਦੁਆਰਾ ਪਰਤਾਇਆ ਗਿਆ। ਜਦੋਂ ਉਹ ਉੱਥੇ ਜੰਗਲੀ ਜਾਨਵਰਾਂ ਨਾਲ ਸੀ, ਤਾਂ ਉਦੋਂ ਦੂਤ ਉਸਦੀ ਸੇਵਾ ਕਰ ਰਹੇ ਸਨ।
ਯਿਸੂ ਦਾ ਕੁਝ ਚੇਲਿਆਂ ਨੂੰ ਚੁਨਣਾ
(ਮੱਤੀ 4:12-17; ਲੂਕਾ 4:14-15)
14 ਉਸਤੋਂ ਬਾਦ, ਯੂਹੰਨਾ ਨੂੰ ਕੈਦ ਕਰ ਦਿੱਤਾ ਗਿਆ ਅਤੇ ਫ਼ੇਰ ਯਿਸੂ ਗਲੀਲ ਨੂੰ ਆਇਆ ਅਤੇ ਪਰਮੇਸ਼ੁਰ ਦੀ ਖੁਸ਼ਖਬਰੀ ਦਾ ਪ੍ਰਚਾਰ ਕੀਤਾ ਅਤੇ ਕਿਹਾ, 15 “ਹੁਣ ਠੀਕ ਸਮਾਂ ਆ ਗਿਆ ਹੈ। ਪਰਮੇਸ਼ੁਰ ਦਾ ਰਾਜ ਨੇੜੇ ਆ ਗਿਆ ਹੈ। ਤੁਸੀਂ ਆਪਣਾ ਜੀਵਨ ਬਦਲ ਲਵੋ ਅਤੇ ਇਸ ਖੁਸ਼ਖਬਰੀ ਉੱਤੇ ਇਤਬਾਰ ਕਰੋ।”
ਯਿਸੂ ਦਾ ਕੁਝ ਅਨੁਯਾਈਆਂ ਨੂੰ ਚੁਨਣਾ
(ਮੱਤੀ 4:18-22; ਲੂਕਾ 5:1-11)
16 ਗਲੀਲੀ ਝੀਲ ਦੇ ਕੰਢੇ ਉੱਤੇ ਫ਼ਿਰਦਿਆਂ ਯਿਸੂ ਨੇ ਸ਼ਮਊਨ ਅਤੇ ਉਸ ਦੇ ਭਰਾ ਅੰਦ੍ਰਿਯਾਸ ਨੂੰ ਜੋ ਕਿ ਮਛੇਰੇ ਸਨ, ਝੀਲ ਵਿੱਚ ਮੱਛੀਆਂ ਫ਼ੜਨ ਲਈ ਜਾਲ ਪਾਉਂਦਿਆਂ ਵੇਖਿਆ। 17 ਤਾਂ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਆਓ ਅਤੇ ਮੇਰੇ ਪਿੱਛੇ ਚੱਲੋ, ਮੈਂ ਤੁਹਾਨੂੰ ਲੋਕਾਂ ਨੂੰ ਇਕੱਠੇ ਕਰਨ ਵਾਲੇ ਬਨਾਵਾਂਗਾ।” 18 ਤਾਂ ਸ਼ਮਊਨ ਅਤੇ ਅੰਦ੍ਰਿਯਾਸ ਆਪਣੇ ਜਾਲਾਂ ਨੂੰ ਉੱਥੇ ਹੀ ਛੱਡ ਕੇ ਉਸ ਦੇ ਮਗਰ ਹੋ ਤੁਰੇ।
19 ਯਿਸੂ ਗਲੀਲ ਝੀਲ ਦੇ ਕਿਨਾਰੇ ਥੋੜਾ ਹੋਰ ਅੱਗੇ ਤੁਰਿਆ ਉਸ ਨੇ ਦੋ ਹੋਰ ਭਰਾਵਾਂ, ਜ਼ਬਦੀ ਦੇ ਪੁੱਤਰ ਯਾਕੂਬ ਅਤੇ ਯੂਹੰਨਾ, ਨੂੰ ਵੇਖਿਆ, ਜੋ ਕਿ ਆਪਣੀ ਬੇੜੀ ਵਿੱਚ ਆਪਣੇ ਜਾਲਾਂ ਨੂੰ ਠੀਕ ਕਰ ਰਹੇ ਸਨ ਤਾਂ ਕਿ ਮੱਛੀਆਂ ਫ਼ੜ ਸੱਕਣ। 20 ਜਦੋਂ ਯਿਸੂ ਨੇ ਦੋਹਾਂ ਭਰਾਵਾਂ ਨੂੰ ਬੁਲਾਇਆ, ਉਹ ਆਪਣੇ ਪਿਤਾ ਤੇ ਉਨ੍ਹਾਂ ਦੇ ਕਾਮਿਆਂ ਨੂੰ ਛੱਡ ਕੇ ਯਿਸੂ ਦੇ ਪਿੱਛੇ ਹੋ ਤੁਰੇ।
ਯਿਸੂ ਇੱਕ ਭਰਿਸ਼ਟ ਆਤਮਾ ਵਾਲੇ ਮਨੁੱਖ ਨੂੰ ਠੀਕ ਕਰਦਾ
(ਲੂਕਾ 4:31-37)
21 ਯਿਸੂ ਅਤੇ ਉਸ ਦੇ ਚੇਲੇ ਫ਼ਿਰ ਕਫ਼ਰਨਾਹੂਮ ਵਿੱਚ ਗਏ। ਸਬਤ ਦੇ ਦਿਨ ਉਹ ਪ੍ਰਾਰਥਨਾ ਸਥਾਨ ਤੇ ਜਾਕੇ ਲੋਕਾਂ ਨੂੰ ਉਪਦੇਸ਼ ਦੇਣ ਲੱਗੇ। 22 ਲੋਕ ਯਿਸੂ ਦੇ ਉਪਦੇਸ਼ ਤੇ ਹੈਰਾਨ ਸਨ। ਉਸ ਨੇ ਉਨ੍ਹਾਂ ਨੂੰ ਉਸ ਮਨੁੱਖ ਵਾਂਗ ਉਪਦੇਸ਼ ਦਿੱਤੇ ਜਿਸ ਕੋਲ ਅਧਿਕਾਰ ਹੋਵੇ ਨਾ ਕਿ ਨੇਮ ਦੇ ਉਪਦੇਸ਼ਕਾਂ ਵਾਂਗ। 23 ਜਦੋਂ ਅਜੇ ਯਿਸੂ ਪ੍ਰਾਰਥਨਾ ਸਥਾਨ ਵਿੱਚ ਹੀ ਸੀ, ਉੱਥੇ ਇੱਕ ਮਨੁੱਖ ਸੀ ਜਿਸ ਨੂੰ ਭਰਿਸ਼ਟ ਆਤਮਾ ਚਿੰਬੜਿਆ ਹੋਇਆ ਸੀ। ਅਤੇ ਉਹ ਚੀਕਦਾ ਹੋਇਆ ਯਿਸੂ ਕੋਲ ਆਇਆ, 24 “ਓ ਯਿਸੂ ਨਾਸਰੀ! ਤੂੰ ਸਾਡੇ ਕੋਲ ਕਿਸ ਲਈ ਆਇਆ ਹੈਂ? ਕੀ ਤੂੰ ਸਾਡਾ ਨਾਸ਼ ਕਰਨ ਆਇਆ ਹੈਂ? ਮੈਂ ਜਾਣਦਾ ਹਾਂ ਕਿ ਤੂੰ ਕੌਣ ਹੈਂ, ਤੂੰ ਪਰਮੇਸ਼ੁਰ ਦਾ ਪਵਿੱਤਰ ਪੁਰੱਖ ਹੈਂ।”
25 ਯਿਸੂ ਨੇ ਬੜੇ ਰੋਅਬ ਨਾਲ ਉਸ ਨੂੰ ਕਿਹਾ, “ਚੁੱਪ ਕਰ! ਅਤੇ ਇਸ ਮਨੁੱਖ ਵਿੱਚੋਂ ਨਿਕਲ ਜਾ!” 26 ਫ਼ੇਰ ਭਰਿਸ਼ਟ ਆਤਮਾ ਨੇ ਉਸ ਮਨੁੱਖ ਨੂੰ ਕੰਬਣੀ ਛੇੜੀ। ਫ਼ੇਰ ਉਹ ਭਰਿਸ਼ਟ ਆਤਮਾ ਉੱਚੀ-ਉੱਚੀ ਚੀਕਦਾ ਹੋਇਆ ਉਸ ਵਿੱਚੋਂ ਬਾਹਰ ਨਿਕਲ ਆਇਆ।
27 ਲੋਕ ਇਹ ਵੇਖਕੇ ਹੈਰਾਨ ਹੋਏ। ਉਨ੍ਹਾਂ ਇੱਕ ਦੂਜੇ ਤੋਂ ਪੁੱਛਿਆ, “ਇਥੇ ਕੀ ਹੋ ਰਿਹਾ ਹੈ? ਇਹ ਨਵੀਂ ਤਰ੍ਹਾਂ ਦਾ ਹੀ ਉਪਦੇਸ਼ ਹੈ, ਇਹ ਆਦਮੀ ਤਾਂ ਬੜੇ ਅਧਿਕਾਰ ਦੇ ਨਾਲ ਉਪਦੇਸ਼ ਦਿੰਦਾ ਹੈ ਅਤੇ ਇੱਥੋਂ ਤੱਕ ਕਿ ਇਹ ਤਾਂ ਭਰਿਸ਼ਟ ਆਤਮਿਆਂ ਨੂੰ ਹੁਕਮ ਵੀ ਦਿੰਦਾ ਹੈ ਅਤੇ ਉਹ ਉਸਦੀ ਮੰਨ ਲੈਂਦੇ ਹਨ।” 28 ਇਉਂ ਗਲੀਲ ਦੇ ਸਾਰੇ ਖੇਤ੍ਰ ਵਿੱਚ ਯਿਸੂ ਬਾਰੇ ਖ਼ਬਰ ਬੜੀ ਤੇਜ਼ੀ ਨਾਲ ਫ਼ੈਲੀ ਗਈ।
ਯਿਸੂ ਦਾ ਬਹੁਤ ਸਾਰੇ ਲੋਕਾਂ ਨੂੰ ਚੰਗਾ ਕਰਨਾ
(ਮੱਤੀ 8:14-17; ਲੂਕਾ 4:38-41)
29 ਯਿਸੂ ਅਤੇ ਉਸ ਦੇ ਚੇਲੇ ਫ਼ਿਰ ਪ੍ਰਾਰਥਨਾ ਸਥਾਨ ਛੱਡ ਕੇ ਯਾਕੂਬ ਅਤੇ ਯੂਹੰਨਾ ਸਮੇਤ ਸ਼ਮਊਨ ਅਤੇ ਅੰਦ੍ਰਿਯਾਸ ਦੇ ਘਰ ਆਏ। 30 ਸ਼ਮਊਨ ਦੀ ਸੱਸ ਮੰਜੇ ਤੇ ਪਈ ਤਾਪ ਨਾਲ ਤੱਪ ਰਹੀ ਸੀ। ਉੱਥੇ ਲੋਕਾਂ ਨੇ ਯਿਸੂ ਨੂੰ ਉਸ ਦੇ ਬਾਰੇ ਦਸਿਆ। 31 ਤਾਂ ਯਿਸੂ ਉਸ ਦੇ ਮੰਜੇ ਕੋਲ ਗਿਆ। ਉਸ ਨੇ ਉਸਦਾ ਹੱਥ ਫ਼ੜਕੇ ਉਸ ਨੂੰ ਉੱਠਾਇਆ, ਅਤੇ ਬੁਖਾਰ ਨੇ ਉਸ ਨੂੰ ਛੱਡ ਦਿੱਤਾ। ਉਸ ਤੋਂ ਬਾਦ ਉਸ ਨੇ ਯਿਸੂ ਦੀ ਸੇਵਾ ਕੀਤੀ।
32 ਉਸ ਰਾਤ, ਜਦੋਂ ਸੂਰਜ ਡੁੱਬ ਚੁੱਕਾ ਤਾਂ ਲੋਕ ਬਹੁਤ ਸਾਰੇ ਬਿਮਾਰ ਲੋਕਾਂ ਅਤੇ ਉਨ੍ਹਾਂ ਲੋਕਾਂ ਨੂੰ ਜਿਨ੍ਹਾਂ ਨੂੰ ਭੂਤ ਚਿੰਬੜੇ ਹੋਏ ਸਨ, ਯਿਸੂ ਕੋਲ ਲਿਆਏ। 33 ਸਾਰਾ ਨਗਰ ਉਸ ਘਰ ਦੇ ਬੂਹੇ ਅੱਗੇ ਇਕੱਠਾ ਹੋ ਗਿਆ। 34 ਯਿਸੂ ਨੇ ਬਹੁਤ ਸਾਰੇ ਲੋਕਾਂ ਨੂੰ ਵੱਖ-ਵੱਖ ਤਰ੍ਹਾਂ ਦੇ ਰੋਗਾਂ ਤੋਂ ਚੰਗਾ ਕੀਤਾ। ਅਤੇ ਉਸ ਨੇ ਬਹੁਤ ਸਾਰੇ ਲੋਕਾਂ ਵਿੱਚੋਂ ਭੂਤ ਕੱਢੇ। ਪਰ ਉਸ ਨੇ ਭੂਤਾਂ ਨੂੰ ਬੋਲਣ ਦੀ ਆਗਿਆ ਨਾ ਦਿੱਤੀ ਕਿਉਂਕਿ ਉਹ ਉਸ ਨੂੰ ਜਾਣਦੇ ਸਨ।
ਯਿਸੂ ਖੁਸ਼ਖਬਰੀ ਦੇ ਪ੍ਰਚਾਰ ਦੀ ਤਿਆਰੀ ਕਰਦਾ
(ਲੂਕਾ 4:42-44)
35 ਅਗਲੀ ਸਵੇਰ, ਯਿਸੂ ਬੜੀ ਸਵਖਤੇ ਉੱਠਿਆ। ਅਜੇ ਹਨੇਰਾ ਹੀ ਸੀ ਜਦੋਂ ਉਹ ਘਰੋਂ ਨਿਕਲ ਪਿਆ, ਅਤੇ ਇੱਕਾਂਤ ਵਿੱਚ ਜਾਕੇ ਉਸ ਨੇ ਪ੍ਰਾਰਥਨਾ ਕੀਤੀ। 36 ਬਾਅਦ ਵਿੱਚ ਸ਼ਮਊਨ ਅਤੇ ਉਸ ਦੇ ਸਾਥੀ ਉਸ ਨੂੰ ਲੱਭਣ ਗਏ। 37 ਜਦੋਂ ਉਨ੍ਹਾਂ ਨੇ ਯਿਸੂ ਨੂੰ ਲੱਭ ਲਿਆ ਤਾਂ ਆਖਣ ਲੱਗੇ, “ਸਭ ਲੋਕ ਤੁਹਾਨੂੰ ਭਾਲ ਰਹੇ ਹਨ।”
38 ਯਿਸੂ ਨੇ ਆਖਿਆ, “ਆਓ, ਅਸੀਂ ਇਹ ਜਗ੍ਹਾ ਛੱਡੀਏ ਅਤੇ ਨੇੜੇ ਦੇ ਹੋਰ ਨਗਰਾਂ ਵਿੱਚ ਜਾਈਏ ਤਾਂ ਜੋ ਮੈਂ ਉਨ੍ਹਾਂ ਥਾਵਾਂ ਤੇ ਵੀ ਪ੍ਰਚਾਰ ਕਰ ਸੱਕਾਂ ਜਿਸ ਲਈ ਮੈਂ ਆਇਆ ਹਾਂ।” 39 ਇਸ ਤਰ੍ਹਾਂ, ਯਿਸੂ ਪ੍ਰਾਰਥਨਾ ਸਥਾਨਾਂ ਵਿੱਚ ਪ੍ਰਚਾਰ ਕਰਦਾ ਹੋਇਆ ਪੂਰੀ ਗਲੀਲ ਵਿੱਚ ਹਰ ਜਗ੍ਹਾ ਗਿਆ ਅਤੇ ਉਸ ਨੇ ਲੋਕਾਂ ਵਿੱਚੋਂ ਭੂਤ ਕੱਢੇ।
ਯਿਸੂ ਦਾ ਇੱਕ ਬਿਮਾਰ ਆਦਮੀ ਨੂੰ ਠੀਕ ਕਰਨਾ
(ਮੱਤੀ 8:1-4; ਲੂਕਾ 5:12-16)
40 ਇੱਕ ਆਦਮੀ ਜਿਸ ਨੂੰ ਕੋੜ੍ਹ ਹੋਇਆ ਸੀ, ਉਸ ਨੇ ਝੁਕ ਕੇ ਯਿਸੂ ਅੱਗੇ ਅਰਜੋਈ ਕੀਤੀ, “ਜੇ ਤੂੰ ਚਾਹੇਂ ਤਾਂ ਮੈਨੂੰ ਠੀਕ ਕਰ ਸੱਕਦਾ ਹੈ।”
41 ਯਿਸੂ ਨੂੰ ਉਸ ਮਨੁੱਖ ਤੇ ਤਰਸ ਆਇਆ ਤਾਂ ਉਸ ਨੇ ਉਸ ਆਦਮੀ ਨੂੰ ਛੂਹਿਆ ਅਤੇ ਕਿਹਾ, “ਮੈਂ ਚਾਹੁੰਦਾ ਹਾਂ ਕਿ ਤੂੰ ਠੀਕ ਹੋ ਜਾਵੇਂ ਸੋ ਤੂੰ ਰਾਜੀ ਹੋ ਜਾ।” 42 ਫ਼ਿਰ ਕੋੜ੍ਹ ਨੇ ਉਸ ਨੂੰ ਛੱਡ ਦਿੱਤਾ ਅਤੇ ਉਹ ਨਿਰਮਲ ਹੋ ਗਿਆ।
43 ਯਿਸੂ ਨੇ ਉਸ ਆਦਮੀ ਨੂੰ ਬੜੀ ਸਖਤੀ ਨਾਲ ਤਗੀਦ ਕਰਕੇ ਭੇਜ ਦਿੱਤਾ, 44 ਉਸ ਨੇ ਉਸ ਨੂੰ ਆਖਿਆ, “ਤੂੰ ਇਸ ਬਾਰੇ ਕਿਸੇ ਨੂੰ ਨਾ ਦੱਸੀਂ। ਪਰ ਜਾ ਅਤੇ ਆਪਣੇ-ਆਪ ਨੂੰ ਜਾਜਕ ਨੂੰ ਵਿਖਾ। ਕਿਉਂਕਿ ਤੂੰ ਚੰਗਾ ਕੀਤਾ ਗਿਆ ਹੈਂ, ਪਰਮੇਸ਼ੁਰ ਨੂੰ ਭੇਟਾ ਪੇਸ਼ ਕਰ। ਤੂੰ ਉਹੀ ਭੇਟਾ ਅਰਪਨ ਕਰੀ ਜਿਸਦਾ ਮੂਸਾ ਨੇ ਹੁਕਮ ਦਿੱਤਾ ਸੀ। ਇਸ ਨਾਲ ਲੋਕਾਂ ਨੂੰ ਪਤਾ ਲੱਗ ਜਾਵੇਗਾ ਕਿ ਤੂੰ ਰਾਜੀ ਹੋ ਗਿਆ ਹੈਂ।” 45 ਪਰ ਉਹ ਆਦਮੀ ਬਾਹਰ ਜਾਕੇ ਇਹ ਚਰਚਾ ਕਰਨ ਲੱਗਾ ਕਿ ਯਿਸੂ ਨੇ ਉਸ ਨੂੰ ਰਾਜੀ ਕੀਤਾ ਹੈ। ਇਉਂ ਯਿਸੂ ਦੀ ਖਬਰ ਸਭ ਜਗ੍ਹਾ ਫ਼ੈਲ ਗਈ। ਇਸ ਲਈ ਯਿਸੂ ਖੁਲ੍ਹੇ-ਆਮ ਕਿਸੇ ਨਗਰ ਵਿੱਚ ਨਾ ਵੜ ਸੱਕਿਆ। ਤਾਂ ਉਸ ਨੇ ਇੱਕਾਂਤ ਜਗ੍ਹਾਵਾਂ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ। ਪਰ ਤਾਂ ਵੀ ਲੋਕਾਂ ਨੇ ਸਭ ਨਗਰਾਂ ਤੋਂ ਯਿਸੂ ਕੋਲ ਆਉਣਾ ਜਾਰੀ ਰੱਖਿਆ।