ਯਿਸੂ ਦਾ ਇੱਕ ਨੌਕਰ ਨੂੰ ਠੀਕ ਕਰਨਾ
(ਮੱਤੀ 8:5-13; ਯੂਹੰਨਾ 4:43-54)
7
ਜਦੋਂ ਯਿਸੂ ਆਪਣੀਆਂ ਸਾਰੀਆਂ ਗੱਲਾਂ ਲੋਕਾਂ ਤੱਕ ਪਹੁੰਚਾ ਚੁੱਕਾ ਤਾਂ ਉਹ ਕਫ਼ਰਨਾਹੂਮ ਵੱਲ ਗਿਆ। ਉੱਥੇ ਇੱਕ ਸੈਨਾ ਅਧਿਕਾਰੀ ਸੀ। ਉਸਦਾ ਨੌਕਰ ਬੜਾ ਬਿਮਾਰ ਸੀ, ਅਤੇ ਮਰਨ ਕਿਨਾਰੇ ਸੀ। ਉਸ ਨੂੰ ਨੌਕਰ ਨਾਲ ਬੜਾ ਪਿਆਰ ਸੀ। ਜਦੋਂ ਅਧਿਕਾਰੀ ਨੂੰ ਯਿਸੂ ਬਾਰੇ ਪਤਾ ਲੱਗਾ ਉਸ ਨੇ ਕੁਝ ਬਜ਼ੁਰਗ ਯਹੂਦੀ ਆਗੂਆਂ ਨੂੰ ਯਿਸੂ ਕੋਲ ਇਹ ਬੇਨਤੀ ਕਰਨ ਲਈ ਭੇਜਿਆ ਕਿ ਉਹ ਆਵੇ ਅਤੇ ਉਸ ਦੇ ਨੌਕਰ ਨੂੰ ਬਚਾਵੇ। ਤਾਂ ਉਹ ਆਦਮੀ ਯਿਸੂ ਕੋਲ ਗਏ ਉਨ੍ਹਾਂ ਨੇ ਅਧਿਕਾਰੀ ਦੀ ਮਦਦ ਕਰਨ ਲਈ ਯਿਸੂ ਅੱਗੇ ਬੇਨਤੀ ਕੀਤੀ ਅਤੇ ਕਿਹਾ, “ਕਿ ਉਹ ਸੱਚ-ਮੁੱਚ ਤੇਰੀ ਸਹਾਇਤਾ ਦੇ ਕਾਬਿਲ ਹੈ। ਉਹ ਸਾਡੇ ਲੋਕਾਂ ਨੂੰ ਪਿਆਰ ਕਰਦਾ ਹੈ ਅਤੇ ਸਾਡੇ ਲਈ ਉਸ ਨੇ ਪ੍ਰਾਰਥਨਾ ਸਥਾਨ ਵੀ ਬਨਵਾਇਆ ਹੈ।”
ਇਸ ਲਈ ਯਿਸੂ ਉਨ੍ਹਾਂ ਦੇ ਨਾਲ ਚੱਲਿਆ ਗਿਆ ਅਤੇ ਜਦੋਂ ਉਹ ਉਸ ਦੇ ਘਰ ਤੋਂ ਜਿਆਦਾ ਦੂਰ ਨਹੀਂ ਸੀ। ਤਾਂ ਅਧਿਕਾਰੀ ਨੇ ਆਪਣੇ ਕੁਝ ਮਿੱਤਰਾਂ ਨੂੰ ਉਸ ਨੂੰ ਇਹ ਆਖਣ ਲਈ ਭੇਜਿਆ, “ਪ੍ਰਭੂ ਤੁਸੀਂ ਇੱਥੇ ਆਉਣ ਦੀ ਤਕਲੀਫ਼ ਨਾ ਕਰੋ, ਕਿਉਂਕਿ ਮੈਂ ਇਸ ਲਾਇੱਕ ਨਹੀਂ ਕਿ ਤੁਸੀਂ ਮੇਰੀ ਛੱਤ ਹੇਠ ਆਵੋ। ਇਸੇ ਕਾਰਣ ਮੈਂ ਆਪਣੇ-ਆਪ ਨੂੰ ਤੁਹਾਡੇ ਕੋਲ ਆਉਣ ਦੇ ਕਾਬਿਲ ਨਹੀਂ ਸਮਝਿਆ। ਪਰ ਤੁਸੀਂ ਕੇਵਲ ਇੱਕ ਸ਼ਬਦ ਆਖੋਂ ਤਾਂ ਮੇਰਾ ਨੌਕਰ ਰਾਜੀ ਹੋ ਜਾਵੇਗ਼ਾ। ਕਿਉਂਕਿ ਮੈਂ ਖੁਦ ਆਪਣੇ ਤੋਂ ਉਚਿਆਂ ਦੇ ਅਧੀਨ ਕੰਮ ਕਰਦਾ ਹਾਂ। ਕੁਝ ਸਿਪਾਹੀ ਹਨ ਜੋ ਮੇਰੇ ਹੇਠਾਂ ਹਨ। ਜੇਕਰ ਮੈਂ ਕਿਸੇ ਨੂੰ ਆਖਦਾ ਹਾਂ, ‘ਜਾ’, ਤਾਂ ਉਹ ਜਾਂਦਾ ਹੈ ਤੇ ਜੇਕਰ ਮੈਂ ਕਿਸੇ ਹੋਰ ਨੂੰ ਆਖਦਾ ਹਾਂ, ‘ਆ’, ਉਹ ਆਉਂਦਾ ਹੈ। ਜੇਕਰ ਮੈਂ ਆਪਣੇ ਨੌਕਰ ਨੂੰ ਕਹਾਂ, ‘ਇਹ ਕਰ’, ਤਾਂ ਉਹ ਕਰਦਾ ਹੈ।”
ਜਦੋਂ ਯਿਸੂ ਨੇ ਇਹ ਸੁਣਿਆ ਤਾਂ ਉਹ ਹੈਰਾਨ ਹੋਇਆ। ਯਿਸੂ ਉਨ੍ਹਾਂ ਲੋਕਾਂ ਵੱਲ ਮੁੜਿਆ ਜੋ ਉਸਦਾ ਹੁਕਮ ਮੰਨਦੇ ਸਨ ਅਤੇ ਉਨ੍ਹਾਂ ਨੂੰ ਆਖਿਆ, “ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਅਜਿਹਾ ਵਿਸ਼ਵਾਸ ਤਾਂ ਮੈਂ ਇਸਰਾਏਲ ਵਿੱਚ ਵੀ ਨਹੀਂ ਵੇਖਿਆ।”
10 ਜਿਹੜੇ ਲੋਕ ਯਿਸੂ ਕੋਲ ਭੇਜੇ ਗਏ ਸਨ ਜਦੋਂ ਉਹ ਘਰ ਨੂੰ ਵਾਪਸ ਚੱਲੇ ਗਏ ਤਾਂ ਉਨ੍ਹਾਂ ਨੇ ਵੇਖਿਆ ਕਿ ਨੌਕਰ ਰਾਜ਼ੀ ਹੋ ਗਿਆ ਸੀ।
ਯਿਸੂ ਦਾ ਇੱਕ ਮਨੁੱਖ ਨੂੰ ਜਿਉਂਦਾ ਕਰਨਾ
11 ਅਗਲੇ ਦਿਨ ਯਿਸੂ ਨਾਇਨ ਨਾਂ ਦੇ ਇੱਕ ਸ਼ਹਿਰ ਵਿੱਚ ਗਿਆ। ਉਸ ਦੇ ਚੇਲੇ ਅਤੇ ਲੋਕਾਂ ਦੀ ਇੱਕ ਵੱਡੀ ਭੀੜ ਉਸ ਦੇ ਨਾਲ ਸਫ਼ਰ ਕਰ ਰਹੀ ਸੀ। 12 ਜਦੋਂ ਉਹ ਨਗਰ ਦੇ ਫ਼ਾਟਕ ਦੇ ਕੋਲ ਪਹੁੰਚਿਆ ਤਾਂ ਉਸ ਨੇ ਇੱਕ ਜਨਾਜ਼ਾ ਵੇਖਿਆ। ਇੱਕ ਵਿਧਵਾ ਦਾ ਇੱਕੋ-ਇੱਕ ਪੁੱਤਰ ਸੀ ਜੋ ਮਰ ਗਿਆ ਸੀ। ਜਦੋਂ ਉਸ ਦੇ ਪੁੱਤਰ ਦਾ ਜਨਾਜ਼ਾ ਲਿਜਾਇਆ ਜਾ ਰਿਹਾ ਸੀ ਤਾਂ ਉਸ ਦੇ ਨਾਲ ਕਾਫ਼ੀ ਲੋਕ ਵੀ ਤੁਰ ਰਹੇ ਸਨ। 13 ਜਦੋਂ ਪ੍ਰਭੂ ਯਿਸੂ ਨੇ ਉਸ ਨੂੰ ਵੇਖਿਆ ਤਾਂ ਉਸ ਦੇ ਉੱਤੇ ਤਰਸ ਖਾਧਾ ਅਤੇ ਉਸ ਨੇ ਉਸ ਔਰਤ ਨੂੰ ਕਿਹਾ, “ਤੂੰ ਰੋ ਨਹੀਂ।” 14 ਉਹ ਅਗਾਂਹ ਗਿਆ ਅਤੇ ਤਾਬੂਤ ਨੂੰ ਛੋਹਿਆ ਅਤੇ ਜਿਨ੍ਹਾਂ ਲੋਕਾਂ ਨੇ ਤਾਬੂਤ ਨੂੰ ਚੁੱਕਿਆ ਹੋਇਆ ਸੀ, ਉੱਥੇ ਹੀ ਰੁਕ ਗਏ। ਯਿਸੂ ਨੇ ਉਸ ਮੁਰਦਾ ਪੁੱਤਰ ਨੂੰ ਕਿਹਾ, “ਹੇ ਯੁਵਕ! 15 ਮੈਂ ਤੈਨੂੰ ਆਖਦਾ ਹਾਂ ਕਿ ਉੱਠ ਖਲੋ।” ਤਾਂ ਉਹ ਵਿਧਵਾ ਦਾ ਪੁੱਤਰ ਉੱਠ ਬੈਠਾ ਅਤੇ ਗੱਲਾਂ ਕਰਨ ਲੱਗ ਪਿਆ ਅਤੇ ਯਿਸੂ ਨੇ ਉਸ ਨੂੰ ਉਸਦੀ ਮਾਂ ਨੂੰ ਦੇ ਦਿੱਤਾ।
16 ਸਭ ਲੋਕ ਡਰ ਨਾਲ ਭਰ ਗਏ ਅਤੇ ਇਹ ਕਹਿ ਕੇ ਪਰਮੇਸ਼ੁਰ ਦੀ ਉਸਤਤਿ ਕਰਨ ਲੱਗੇ “ਇੱਕ ਵੱਡਾ ਨਬੀ ਸਾਡੇ ਕੋਲ ਆਇਆ ਹੈ।” ਅਤੇ ਉਨ੍ਹਾਂ ਕਿਹਾ, “ਪਰਮੇਸ਼ੁਰ ਖੁਦ ਆਪਣੇ ਲੋਕਾਂ ਦੀ ਮਦਦ ਕਰਨ ਲਈ ਆਇਆ ਹੈ।”
17 ਇਹ ਖਬਰ ਯਿਸੂ ਬਾਰੇ ਸਾਰੇ ਯਹੂਦਿਯਾ ਅਤੇ ਉਸ ਦੇ ਆਸ-ਪਾਸ ਦੇ ਇਲਾਕੇ ਵਿੱਚ ਫ਼ੈਲ ਗਈ।
ਯੂਹੰਨਾ ਵੱਲੋਂ ਇੱਕ ਸਵਾਲ
(ਮੱਤੀ 11:2-19)
18 ਯੂਹੰਨਾ ਦੇ ਚੇਲਿਆਂ ਨੇ ਉਸ ਨੂੰ ਇਨ੍ਹਾਂ ਸਭ ਗੱਲਾਂ ਬਾਰੇ ਦੱਸਿਆ ਅਤੇ ਯੂਹੰਨਾ ਨੇ ਆਪਣੇ ਦੋ ਚੇਲਿਆਂ ਨੂੰ ਆਪਣੇ ਕੋਲ ਬੁਲਾਇਆ। 19 ਯੂਹੰਨਾ ਨੇ ਉਨ੍ਹਾਂ ਨੂੰ ਪ੍ਰਭੂ ਕੋਲ ਇਹ ਪੁੱਛਣ ਲਈ ਭੇਜਿਆ “ਕੀ ਤੂੰ ਉਹੀ ਹੈ ਜਿਸਦਾ ਸਾਨੂੰ ਇੰਤਜਾਰ ਹੈ ਜਾਂ ਅਸੀਂ ਕਿਸੇ ਦੂਜੇ ਦੇ ਆਉਣ ਦਾ ਇੰਤਜਾਰ ਕਰੀਏ?”
20 ਤਾਂ ਉਹ ਲੋਕ ਯਿਸੂ ਕੋਲ ਆਏ ਅਤੇ ਆਖਣ ਲੱਗੇ, “ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਸਾਨੂੰ ਤੇਰੇ ਕੋਲੋ ਇਹ ਸਵਾਲ ਪੁੱਛਣ ਲਈ ਭੇਜਿਆ ਹੈ ਕਿ ‘ਕੀ ਤੂੰ ਉਹੀ ਹੈ ਜਿਸਦੀ ਸਾਨੂੰ ਉਡੀਕ ਹੈ ਜਾਂ ਅਸੀਂ ਕਿਸੇ ਹੋਰ ਦੇ ਆਉਣ ਦੀ ਉਡੀਕ ਕਰੀਏ?’”
21 ਉਸ ਵਕਤ ਯਿਸੂ ਨੇ ਬਹੁਤ ਸਾਰੇ ਬਿਮਾਰ ਲੋਕਾਂ ਨੂੰ ਉਨ੍ਹਾਂ ਦੀ ਬਿਮਾਰੀ ਤੇ ਰੋਗਾਂ ਤੋਂ ਅਤੇ ਭਰਿਸ਼ਟ ਆਤਮਿਆਂ ਤੋਂ ਮੁਕਤ ਕੀਤਾ ਅਤੇ ਬਹੁਤ ਸਾਰੇ ਅੰਨ੍ਹੇ ਲੋਕਾਂ ਨੂੰ ਦ੍ਰਿਸ਼ਟੀ ਦਿੱਤੀ ਤਾਂ ਜੋ ਉਹ ਦੋਬਾਰਾ ਵੇਖ ਸੱਕਣ। 22 ਤੱਦ ਯਿਸੂ ਨੇ ਯੂਹੰਨਾ ਦੇ ਚੇਲਿਆਂ ਨੂੰ ਆਖਿਆ, “ਜਾਓ ਅਤੇ ਜਾਕੇ ਜੋ ਕੁਝ ਤੁਸੀਂ ਸੁਣਿਆ ਅਤੇ ਵੇਖਿਆ ਹੈ ਯੂਹੰਨਾ ਨੂੰ ਦੱਸੋ, ਕਿ ਹੁਣ ਅੰਨ੍ਹੇ ਵੇਖ ਸੱਕਦੇ ਹਨ, ਲੰਗੜ੍ਹੇ ਤੁਰ ਸੱਕਦੇ ਹਨ ਕੋੜ੍ਹੀ ਰਾਜ਼ੀ ਹੋ ਗਏ ਹਨ, ਬੋਲੇ ਸੁਣ ਸੱਕਦੇ ਹਨ ਅਤੇ ਮੁਰਦਿਆਂ ਨੂੰ ਜੀਵਨ ਦਿੱਤਾ ਗਿਆ ਹੈ। ਅਤੇ ਪਰਮੇਸ਼ੁਰ ਦੇ ਰਾਜ ਦੀ ਖੁਸ਼ਖਬਰੀ ਗਰੀਬ ਲੋਕਾਂ ਨੂੰ ਦਿੱਤੀ ਗਈ ਹੈ। 23 ਜੋ ਵਿਅਕਤੀ ਮੈਨੂੰ ਸਵੀਕਾਰਦਾ ਹੈ ਉਹ ਧੰਨ ਹੈ।”
24 ਜਦੋਂ ਯੂਹੰਨਾ ਦੇ ਚੇਲੇ ਚੱਲੇ ਗਏ ਤਾਂ ਯਿਸੂ ਨੇ ਲੋਕਾਂ ਨੂੰ ਯੂਹੰਨਾ ਬਾਰੇ ਆਖਣਾ ਸ਼ੁਰੂ ਕੀਤਾ “ਤੁਸੀਂ ਕੀ ਵੇਖਣ ਲਈ ਉਜਾੜ ਵਿੱਚ ਗਏ ਸੀ? ਕੀ ਇੱਕ ਕਾਨੇ ਨੂੰ ਜਿਹੜਾ ਹਵਾ ਦੇ ਬੁੱਲੇ ਨਾਲ ਹਿਲਦਾ ਹੈ? 25 ਤੁਸੀਂ ਬਾਹਰ ਕੀ ਵੇਖ ਰਹੇ ਸੀ? ਕੀ ਇੱਕ ਵੱਧੀਆ ਪੋਸ਼ਾਕ ਪਾਈ ਹੋਏ ਆਦਮੀ ਨੂੰ ਵੇਖਦੇ ਸੀ? ਨਹੀਂ ਜਿਹੜੇ ਲੋਕ ਵੱਧੀਆ ਕੱਪੜੇ ਪਾਉਂਦੇ ਹਨ ਅਤੇ ਐਸ਼ ਨਾਲ ਜਿਉਂਦੇ ਹਨ, ਰਾਜਿਆਂ ਦੇ ਮਹਿਲਾਂ ਵਿੱਚ ਹੀ ਵੇਖੇ ਜਾ ਸੱਕਦੇ ਹਨ। 26 ਸੱਚੀਂ! ਤੁਸੀਂ ਬਾਹਰ ਕੀ ਵੇਖਣ ਗਏ ਸੀ? ਕੀ ਨਬੀ ਨੂੰ ਵੇਖਣ ਗਏ ਸੀ? ਹਾਂ! ਮੈਂ ਤੁਹਾਨੂੰ ਦੱਸਦਾ ਹਾਂ ਕਿ ਯੂਹੰਨਾ ਇੱਕ ਨਬੀ ਤੋਂ ਵੱਧ ਹੈ। 27 ਇਹ ਉਹੀ ਵਿਅਕਤੀ ਹੈ ਜਿਸ ਬਾਰੇ ਪੋਥੀਆਂ ਵਿੱਚ ਵੀ ਇਹ ਲਿਖਿਆ ਹੋਇਆ ਹੈ:
‘ਸੁਣੋ! ਮੈਂ, ਆਪਣਾ ਦੂਤ ਤੇਰੇ ਅੱਗੇ-ਅੱਗੇ ਭੇਜਦਾ ਹਾਂ ਜਿਹੜਾ
ਤੇਰੇ ਅੱਗੇ ਤੇਰਾ ਰਾਹ ਤਿਆਰ ਕਰੇਗਾ।’ ਮਲਾਕੀ 3:1
28 ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਜਿਹੜੇ ਵੀ ਇੱਥੇ ਮਨੁੱਖ ਜੰਮੇ ਹਨ ਯੂਹੰਨਾ ਨਾਲੋਂ ਵੱਡਾ ਕੋਈ ਨਹੀਂ, ਪਰ ਜੋ ਵੀ ਕੋਈ ਮਨੁੱਖ ਪਰਮੇਸ਼ੁਰ ਦੇ ਰਾਜ ਵਿੱਚ ਛੋਟਾ ਹੈ ਉਸ ਕੋਲੋਂ ਵੱਡਾ ਹੈ।”
29 (ਜਦੋਂ ਸਾਰੇ ਲੋਕਾਂ ਸਮੇਤ ਮਸੂਲੀਆਂ ਨੇ ਵੀ ਇਹ ਸੁਣਿਆ ਤਾਂ ਉਹ ਸਹਿਮਤ ਹੋਏ ਕਿ ਪਰਮੇਸ਼ੁਰ ਦਾ ਰਸਤਾ ਧਰਮੀ ਸੀ। ਇਹ ਉਹੀ ਲੋਕ ਸਨ ਜਿਨ੍ਹਾਂ ਨੂੰ ਯੂਹੰਨਾ ਦੁਆਰਾ ਬਪਤਿਸਮਾ ਦਿੱਤਾ ਗਿਆ ਸੀ। 30 ਪਰ ਫ਼ਰੀਸੀਆਂ ਅਤੇ ਨੇਮ ਦੇ ਉਪਦੇਸ਼ਕਾਂ ਨੇ ਪਰਮੇਸ਼ੁਰ ਦੀ ਉਨ੍ਹਾਂ ਬਾਰੇ ਬਣਾਈ ਵਿਉਂਤ ਨੂੰ ਨਾਮੰਜੂਰ ਕਰ ਦਿੱਤਾ, ਉਨ੍ਹਾਂ ਨੇ ਯੂਹੰਨਾ ਨੂੰ ਬਪਤਿਸਮਾ ਦੇਣ ਦੀ ਅਨੁਮਤੀ ਨਾ ਦਿੱਤੀ।)
31 “ਫ਼ਿਰ ਮੈਂ ਇਸ ਪੀੜ੍ਹੀ ਦੇ ਲੋਕਾਂ ਨੂੰ ਕਿਸ ਵਰਗਾ ਦੱਸਾਂ? ਉਨ੍ਹਾਂ ਦੀ ਤੁਲਨਾ ਕਿਸ ਨਾਲ ਹੈ? 32 ਉਹ ਉਨ੍ਹਾਂ ਬੱਚਿਆਂ ਵਰਗੇ ਹਨ ਜਿਹੜੇ ਰਾਹਾਂ ਤੇ ਬੈਠਦੇ ਹਨ ਅਤੇ ਉਨ੍ਹਾਂ ਦਾ ਇੱਕ ਸਮੂਹ ਦੂਜੇ ਸਮੂਹ ਨੂੰ ਆਖਦਾ ਹੈ,
‘ਅਸੀਂ ਤੁਹਾਡੇ ਲਈ ਬੰਸਰੀ ਵਜਾਈ
ਪਰ ਤੁਸੀਂ ਨਾ ਨੱਚੇ,
ਅਸੀਂ ਤੁਹਾਡੇ ਲਈ ਸ਼ੋਕ ਗੀਤ ਗਾਇਆ
ਪਰ ਤੁਸੀਂ ਨਹੀਂ ਰੋਏ।’
33 ਯੂਹੰਨਾ ਬਪਤਿਸਮਾ ਦੇਣ ਵਾਲਾ ਆਇਆ, ਨਾ ਤਾਂ ਉਹ ਰੋਟੀ ਖਾਂਦਾ ਹੈ ਨਾ ਹੀ ਮੈਅ ਪੀਂਦਾ ਹੈ ਪਰ ਤੁਸੀਂ ਕਹਿੰਦੇ ਹੋ, ‘ਉਸ ਨੂੰ ਭੂਤ ਚਿੰਬੜਿਆ ਹੋਇਆ ਹੈ।’ 34 ਫ਼ਿਰ ਮਨੁੱਖ ਦਾ ਪੁੱਤਰ ਖਾਂਦੇ ਅਤੇ ਪੀਂਦੇ ਆਇਆ ਹੈ ਅਤੇ ਤੁਸੀਂ ਕਹਿੰਦੇ ਹੋ ਕਿ ‘ਵੇਖੋ ਉਹ ਖਾਊ ਅਤੇ ਪਿਆਊ ਹੈ ਅਤੇ ਉਹ ਮਸੂਲੀਆਂ ਅਤੇ ਪਾਪੀਆਂ ਦਾ ਮਿੱਤਰ ਹੈ।’ 35 ਪਰ ਸਿਆਣਪ ਆਪਣੇ ਕਾਰਨਾਮਿਆਂ ਦੁਆਰਾ ਹੀ ਧਰਮੀ ਦਿਖਾਈ ਦਿੰਦੀ ਹੈ।”
ਸ਼ਮਊਨ ਫ਼ਰੀਸੀ
36 ਫ਼ਿਰ ਫ਼ਰੀਸੀਆਂ ਵਿੱਚੋਂ ਇੱਕ ਨੇ ਬੇਨਤੀ ਕੀਤੀ ਕਿ ਉਹ ਉਸ ਨਾਲ ਰੋਟੀ ਖਾਵੇ। ਤਾਂ ਯਿਸੂ ਉਸ ਫ਼ਰੀਸੀ ਨਾਲ ਉਸ ਦੇ ਘਰ ਜਾਕੇ ਖਾਣੇ ਦੀ ਮੇਜ ਤੇ ਬੈਠਾ।
37 ਉਸ ਨਗਰ ਵਿੱਚ ਇੱਕ ਪਾਪਣ ਔਰਤ ਸੀ ਅਤੇ ਉਹ ਜਾਣਦੀ ਸੀ ਕਿ ਯਿਸੂ ਇੱਕ ਫ਼ਰੀਸੀ ਦੇ ਘਰ ਭੋਜਨ ਖਾ ਰਿਹਾ ਸੀ, ਤਾਂ ਉਹ ਇੱਕ ਸੰਗਮਰਮਰ ਦੀ ਸ਼ੀਸ਼ੀ ਵਿੱਚ ਅਤਰ ਲਿਆਈ। 38 ਉਹ ਯਿਸੂ ਦੇ ਚਰਨਾਂ ਕੋਲ ਖੜ੍ਹੀ ਸੀ ਅਤੇ ਰੋ ਰਹੀ ਸੀ। ਉਸ ਨੇ ਆਪਣੇ ਹੰਝੂਆਂ ਨਾਲ ਉਸ ਦੇ ਪੈਰ ਗਿੱਲੇ ਕਰਨੇ ਸ਼ੁਰੂ ਕਰ ਦਿੱਤੇ, ਅਤੇ ਆਪਣੇ ਵਾਲਾਂ ਦੇ ਨਾਲ ਯਿਸੂ ਦੇ ਪੈਰਾਂ ਨੂੰ ਪੂੰਝਿਆ ਅਤੇ ਸੁਕਾਇਆ। ਉਸ ਨੇ ਕਿੰਨੀ ਵਾਰ ਉਸ ਦੇ ਪੈਰਾਂ ਨੂੰ ਚੁੰਮਿਆ ਅਤੇ ਫ਼ਿਰ ਉਸ ਦੇ ਪੈਰਾਂ ਤੇ ਅਤਰ ਮਲ ਦਿੱਤਾ।
39 ਜਿਸ ਫ਼ਰੀਸੀ ਨੇ ਯਿਸੂ ਨੂੰ ਆਪਣੇ ਘਰ ਭੋਜਨ ਲਈ ਬੁਲਾਇਆ ਸੀ ਉਸ ਨੇ ਇਹ ਸਭ ਵੇਖਿਆ ਤਾਂ ਆਪਣੇ ਮਨ ਵਿੱਚ ਸੋਚਿਆ, “ਜੇਕਰ ਇਹ ਆਦਮੀ (ਯਿਸੂ) ਨਬੀ ਹੁੰਦਾ ਤਾਂ ਜਿਹੜੀ ਔਰਤ ਇਸਦੇ ਪੈਰ ਛੂਹ ਰਹੀ ਹੈ, ਉਸ ਨੂੰ ਪਤਾ ਹੋਣਾ ਚਾਹੀਦਾ ਸੀ ਕਿ ਉਹ ਇੱਕ ਪਾਪਣ ਔਰਤ ਹੈ।”
40 ਯਿਸੂ ਨੇ ਫ਼ਰੀਸੀ ਨੂੰ ਆਖਿਆ, “ਸ਼ਮਊਨ! ਮੈਂ ਤੈਨੂੰ ਕੁਝ ਆਖਣਾ ਹੈ।”
ਸ਼ਮਊਨ ਨੇ ਕਿਹਾ, “ਗੁਰੂ! ਤੁਸੀਂ ਮੈਨੂੰ ਕੀ ਆਖਣਾ ਚਾਹੁੰਦੇ ਹੋ?”
41 ਯਿਸੂ ਨੇ ਆਖਿਆ: “ਦੋ ਆਦਮੀ ਸਨ। ਦੋਵੇ ਹੀ ਇੱਕੇ ਹੀ ਸਾਹੂਕਾਰ ਦੇ ਦੇਣਦਾਰ ਸਨ। ਇੱਕ ਬੰਦਾ ਸਹੂਕਾਰ ਨੂੰ 500 ਚਾਂਦੀ ਦੇ ਸਿੱਕਿਆਂ ਦਾ ਦੇਣਦਾਰ ਸੀ ਅਤੇ ਦੂਜਾ ਆਦਮੀ ਸਾਹੂਕਾਰ ਨੂੰ 50 ਚਾਂਦੀ ਦੇ ਸਿੱਕਿਆਂ ਦਾ ਦੇਣਦਾਰ ਸੀ। 42 ਦੋਨਾਂ ਹੀ ਆਦਮੀਆਂ ਕੋਲ ਪੈਸੇ ਨਹੀਂ ਸਨ, ਇਸ ਲਈ ਉਹ ਆਪਣਾ ਕਰਜਾ ਨਾ ਦੇ ਸੱਕੇ। ਪਰ ਸਾਹੂਕਾਰ ਨੇ ਦੋਹਾਂ ਆਦਮੀਆਂ ਨੂੰ ਆਖਿਆ ਉਨ੍ਹਾਂ ਨੂੰ ਆਪਣਾ ਕਰਜ ਦੇਣ ਦੀ ਕੋਈ ਲੋੜ ਨਹੀਂ। ਹੁਣ ਦੋਹਾਂ ਵਿੱਚੋਂ ਕਿਹੜਾ ਬੰਦਾ ਸਾਹੂਕਾਰ ਨੂੰ ਵੱਧ ਪਿਆਰ ਕਰੇਗਾ।”
43 ਸ਼ਮਊਨ ਨੇ ਕਿਹਾ, “ਮੇਰੇ ਖਿਆਲ ਵਿੱਚ ਉਹ ਵੱਧੀਕ ਪਿਆਰ ਕਰੇਗਾ ਜਿਸ ਨੂੰ ਉਸ ਨੇ ਜਿਆਦਾ ਧਨ ਬਖਸ਼ਿਆ।”
ਯਿਸੂ ਨੇ ਸ਼ਮਊਨ ਨੂੰ ਕਿਹਾ, “ਤੂੰ ਠੀਕ ਆਖ ਰਿਹਾ ਹੈ।” 44 ਫ਼ਿਰ ਯਿਸੂ ਉਸ ਔਰਤ ਵੱਲ ਪਰਤਿਆ ਅਤੇ ਸ਼ਮਊਨ ਨੂੰ ਆਖਣ ਲੱਗਾ, “ਤੂੰ ਇਸ ਔਰਤ ਨੂੰ ਵੇਖ ਰਿਹਾ ਹੈਂ? ਜਦੋਂ ਮੈਂ ਤੇਰੇ ਘਰ ਅੰਦਰ ਪ੍ਰਵੇਸ਼ ਕੀਤਾ ਤਾਂ ਤੂੰ ਮੇਰੇ ਪੈਰ ਧੋਣ ਲਈ ਪਾਣੀ ਨਾ ਦਿੱਤਾ ਪਰ ਉਸ ਨੇ ਆਪਣੇ ਹੰਝੂਆਂ ਨਾਲ ਮੇਰੇ ਪੈਰ ਧੋਤੇ ਅਤੇ ਆਪਣੇ ਵਾਲਾਂ ਨਾਲ ਉਨ੍ਹਾਂ ਨੂੰ ਸੁਕਾਇਆ। 45 ਤੂੰ ਮੈਨੂੰ ਨਹੀਂ ਚੁੰਮਿਆ ਪਰ ਜਦੋਂ ਹੀ ਮੈਂ ਅੰਦਰ ਆਇਆ ਤੱਦ ਤੋਂ ਉਹ ਮੇਰੇ ਪੈਰਾਂ ਨੂੰ ਚੁੰਮਦੀ ਰਹੀ। 46 ਤੂੰ ਮੇਰਾ ਸਿਰ ਤੇਲ ਨਾਲ ਨਹੀਂ ਝਸਿਆ ਪਰ ਉਸ ਨੇ ਅਤਰ ਨਾਲ ਮੇਰੇ ਪੈਰ ਮਲੇ। 47 ਇਸ ਲਈ, ਮੈਂ ਤੁਹਾਨੂੰ ਦੱਸਦਾ ਹਾਂ ਕਿ ਉਸਦਾ ਅਨੰਦ ਪਿਆਰ ਇਹ ਦਰਸ਼ਾਉਂਦਾ ਹੈ ਕਿ ਉਸ ਦੇ ਬਹੁਤ ਸਾਰੇ ਪਾਪ ਮਾਫ਼ ਹੋ ਗਏ ਹਨ। ਪਰ ਉਹ, ਜਿਸਦੇ ਥੋੜੇ ਪਾਪ ਮਾਫ਼ ਹੋਏ ਹਨ, ਘੱਟ ਪਿਆਰ ਕਰਦਾ ਹੈ।”
48 ਫ਼ਿਰ ਯਿਸੂ ਨੇ ਉਸ ਔਰਤ ਨੂੰ ਆਖਿਆ, “ਤੇਰੇ ਪਾਪ ਬਖਸ਼ੇ ਗਏ ਹਨ।”
49 ਖਾਣੇ ਦੀ ਮੇਜ ਦੇ ਆਸ-ਪਾਸ ਬੈਠੇ ਲੋਕ ਆਪਣੇ ਮਨ ਵਿੱਚ ਸੋਚਣ ਲੱਗੇ ਕਿ, “ਇਹ ਕੌਣ ਆਦਮੀ ਹੈ ਜੋ ਪਾਪ ਵੀ ਮਾਫ਼ ਕਰ ਸੱਕਦਾ ਹੈ?”
50 ਯਿਸੂ ਨੇ ਉਸ ਔਰਤ ਨੂੰ ਕਿਹਾ, “ਤੇਰੀ ਵਿਸ਼ਵਾਸ ਨੇ ਤੈਨੂੰ ਤੇਰੇ ਪਾਪਾਂ ਤੋਂ ਬਚਾਇਆ ਹੈ, ਜਾਂ ਸ਼ਾਂਤੀ ਨਾਲ ਚਲੀ ਜਾ।”