ਅਜ਼ਰਯਾਹ ਦਾ ਯਹੂਦਾਹ ਤੇ ਰਾਜ
15
ਇਸਰਾਏਲ ਦੇ ਪਾਤਸ਼ਾਹ ਯਾਰਾਬੁਆਮ ਦੇ 27ਵਰ੍ਹੇ ਯਹੂਦਾਹ ਦੇ ਪਾਤਸ਼ਾਹ ਅਮਸਯਾਹ ਦਾ ਪੁੱਤਰ ਅਜ਼ਰਯਾਹ ਰਾਜ ਕਰਨ ਲੱਗਾ। ਅਜ਼ਰਯਾਹ ਨੇ ਜਦੋਂ ਰਾਜ ਸੰਭਾਲਿਆ ਤਦ ਉਹ 16ਵਰ੍ਹਿਆਂ ਦਾ ਸੀ। ਉਸ ਨੇ ਯਰੂਸ਼ਲਮ ਵਿੱਚ 52 ਵਰ੍ਹੇ ਰਾਜ ਕੀਤਾ ਉਸ ਦੀ ਮਾਂ ਦਾ ਨਾਂ ਯਕਾਲਯਾਹ ਸੀ ਜੋ ਯਰੂਸ਼ਲਮ ਦੀ ਸੀ। ਜੋ ਕੁਝ ਯਹੋਵਾਹ ਦੀ ਨਿਗਾਹ ਵਿੱਚ ਠੀਕ ਸੀ ਅਜ਼ਰਯਾਹ ਨੇ ਉਹੀ ਕੁਝ ਕੀਤਾ ਜਿਵੇਂ ਉਸ ਦੇ ਪਿਤਾ ਅਮਸਯਾਹ ਨੇ ਵੀ ਕੀਤਾ ਸੀ। ਅਜ਼ਰਯਾਹ ਆਪਣੇ ਪਿਤਾ ਅਮਸਯਾਹ ਦੇ ਨਕਸ਼ੇ ਕਦਮ ਤੇ ਚੱਲਿਆ। ਪਰ ਇਸਨੇ ਵੀ ਉੱਚੀਆਂ ਥਾਵਾਂ ਨੂੰ ਨਾ ਢਾਹਿਆ। ਲੋਕ ਅਜੇ ਵੀ ਉੱਚੀਆਂ ਥਾਵਾਂ ਤੇ ਬਲੀਆਂ ਚੜ੍ਹਾਉਂਦੇ ਅਤੇ ਧੂਪ ਧੁਖਾਉਂਦੇ ਸਨ।
ਯਹੋਵਾਹ ਨੇ ਅਜ਼ਰਯਾਹ ਪਾਤਸ਼ਾਹ ਨੂੰ ਅਜਿਹਾ ਮਾਰਿਆ ਕਿ ਉਹ ਆਪਣੇ ਮਰਨ ਕਾਲ ਤੀਕ ਕੋੜ੍ਹੀ ਰਿਹਾ। ਉਹ ਇੱਕ ਅਲੱਗ ਘਰ ਵਿੱਚ ਰਹਿੰਦਾ ਅਤੇ ਪਾਤਸ਼ਾਹ ਦਾ ਪੁੱਤਰ ਯੋਥਾਮ ਘਰ ਦੀ ਦੇਖਭਾਲ ਅਤੇ ਲੋਕਾਂ ਦਾ ਨਿਆਉਂ ਕਰਦਾ ਸੀ।
ਅਜ਼ਰਯਾਹ ਨੇ ਵੀ ਜੋ ਮਹਾਨ ਕਾਰਜ ਕੀਤੇ ਉਹ ਯਹੂਦਾਹ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖਿਆ ਗਿਆ। ਜਦੋਂ ਅਜ਼ਰਯਾਹ ਦੀ ਮੌਤ ਹੋਈ ਤਾਂ ਉਸ ਨੂੰ ਦਾਊਦ ਦੇ ਸ਼ਹਿਰ ਆਪਣੇ ਪੁਰਖਿਆਂ ਦੇ ਕੋਲ ਦਫ਼ਨਾਇਆ ਗਿਆ। ਅਤੇ ਉਸ ਦੇ ਮਰਨ ਉਪਰੰਤ ਉਸਦਾ ਪੁੱਤਰ ਯੋਥਾਮ ਨਵਾਂ ਪਾਤਸ਼ਾਹ ਬਣਿਆ।
ਇਸਰਾਏਲ ਉੱਪਰ ਜ਼ਕਰਯਾਹ ਦਾ ਥੋੜੀ ਦੇਰ ਰਾਜ ਕਰਨਾ
ਯਾਰਾਬੁਆਮ ਦੇ ਪੁੱਤਰ ਜ਼ਕਰਯਾਹ ਨੇ ਸਾਮਰਿਯਾ ਵਿੱਚ ਇਸਰਾਏਲ ਉੱਪਰ ਛੇ ਮਹੀਨਿਆਂ ਲਈ ਰਾਜ ਕੀਤਾ। ਉਸ ਨੇ ਅਜ਼ਰਯਾਹ ਦੇ ਯਹੂਦਾਹ ਵਿੱਚ 38ਵੇਂ ਵਰ੍ਹੇ ਵਿੱਚ ਰਾਜ ਕਰਨਾ ਸ਼ੁਰੂ ਕੀਤਾ। ਜ਼ਕਰਯਾਹ ਨੇ ਉਹ ਕੰਮ ਕੀਤੇ ਜੋ ਯਹੋਵਾਹ ਦੀ ਨਿਗਾਹ ਵਿੱਚ ਮਾੜੇ ਸਨ। ਉਸ ਨੇ ਵੀ ਆਪਣੇ ਪੁਰਖਿਆਂ ਵਾਂਗ ਗ਼ਲਤ ਕੰਮ ਕੀਤੇ। ਉਸ ਨੇ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਉਨ੍ਹਾਂ ਪਾਪਾਂ ਤੋਂ ਮੂੰਹ ਨਾ ਮੋੜਿਆ ਜੋ ਉਸ ਨੇ ਇਸਰਾਏਲ ਤੋਂ ਕਰਵਾਏ ਸਨ।
10 ਤਦ ਯਾਬੇਸ਼ ਦੇ ਪੁੱਤਰ ਸ਼ੱਲੁਮ ਨੇ ਉਸ ਦੇ ਵਿਰੁੱਧ ਮਤਾ ਪਕਾਇਆ ਉਸ ਨੇ ਉਸ ਨੂੰ ਹੇਠਾਂ ਧੱਕ ਦਿੱਤਾ ਅਤੇ ਉਸ ਨੂੰ ਖੁਲੇਆਮ ਮਾਰਕੇ ਉਸਦੀ ਥਾਵੇਂ ਖੁਦ ਰਾਜ ਕਰਨ ਲੱਗ ਪਿਆ। 11 ਜ਼ਕਰਯਾਹ ਨੇ ਹੋਰ ਜੋ ਵੀ ਕਾਰਜ ਕੀਤੇ ਉਹ ਇਸਰਾਏਲ ਦੇ ਰਾਜਿਆਂ ਦੇ ਇਤਹਾਸ ਦੀ ਪੋਥੀ ਵਿੱਚ ਦਰਜ ਹਨ 12 ਇਸ ਤਰ੍ਹਾਂ ਯਹੋਵਾਹ ਦੇ ਬਚਨ ਸੱਚ ਹੋਏ। ਯਹੋਵਾਹ ਨੇ ਯੇਹੂ ਨੂੰ ਆਖਿਆ ਸੀ ਕਿ ਉਸਦੀਆਂ ਚਾਰ ਪੀੜੀਆਂ ਇਸਰਾਏਲ ਦੀ ਰਾਜ ਗੱਦੀ ਉੱਪਰ ਬੈਠਣਗੀਆਂ।
ਇਸਰਾਏਲ ਉੱਪਰ ਸ਼ੱਲੁਮ ਦਾ ਥੋੜੀ ਦੇਰ ਰਾਜ ਕਰਨਾ
13 ਯਹੂਦਾਹ ਦੇ ਪਾਤਸ਼ਾਹ ਉਜ਼ੀਯਾਹ ਦੇ 39ਵਰ੍ਹੇ ਯਾਬੇਸ਼ ਦਾ ਪੁੱਤਰ ਸ਼ੱਲੁਮ ਰਾਜ ਕਰਨ ਲੱਗਾ ਅਤੇ ਉਸ ਨੇ ਸਾਮਰਿਯਾ ਵਿੱਚ ਇੱਕ ਮਹੀਨਾ ਰਾਜ ਕੀਤਾ।
14 ਤਦ ਗਾਦੀ ਦਾ ਪੁੱਤਰ ਮਨਹੇਮ ਤਿਰਸਾਹ ਤੋਂ ਆਇਆ ਅਤੇ ਸਾਮਰਿਯਾ ਵਿੱਚ ਵੜ ਗਿਆ। ਮਨਹੇਮ ਨੇ ਯਾਬੇਸ਼ ਦੇ ਪੁੱਤਰ ਸ਼ੱਲੁਮ ਨੂੰ ਮਾਰ ਸੁੱਟਿਆ ਅਤੇ ਉਸ ਨੂੰ ਮਾਰਨ ਬਾਅਦ ਉਹ ਆਪ ਪਾਤਸ਼ਾਹ ਬਣ ਗਿਆ।
15 ਸ਼ੱਲੁਮ ਦੀ ਬਾਕੀ ਸਾਰੀ ਵਾਰਤਾ ਅਤੇ ਜੋ ਮਤਾ ਉਸ ਨੇ ਜ਼ਕਰਯਾਹ ਦੇ ਵਿਰੁੱਧ ਬਣਾਇਆ ਉਹ ਸਭ ਇਸਰਾਏਲ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਦਰਜ ਹੈ।
ਮਨਹੇਮ ਦਾ ਇਸਰਾਏਲ ਉੱਪਰ ਰਾਜ
16 ਸ਼ੱਲੁਮ ਦੀ ਮੌਤ ਤੋਂ ਬਾਅਦ, ਮਨਹੇਮ ਨੇ ਤਿਫ਼ਸਾਹ, ਜੋ ਸ਼ਹਿਰ ਵਿੱਚ ਸਨ ਅਤੇ ਇਸਦੇ ਆਸ-ਪਾਸ ਦੇ ਖੇਤਾਂ ਉੱਤੇ ਹਮਲਾ ਕਰ ਦਿੱਤਾ, ਕਿਉਂ ਕਿ ਲੋਕਾ ਨੇ ਉਸਦੀ ਖਾਤਰ ਸ਼ਹਿਰ ਦੇ ਫ਼ਾਟਕ ਨਹੀਂ ਖੋਲ੍ਹੇ, ਉਸ ਨੇ ਉਨ੍ਹਾਂ ਨੂੰ ਹਰਾ ਦਿੱਤਾ ਅਤੇ ਤਿਫ਼ਸਾਹ ਦੀਆਂ ਸਾਰੀਆਂ ਗਰਭਵਤੀ ਔਰਤਾਂ ਚੀਰ ਦਿੱਤੀਆਂ।
17 ਯਹੂਦਾਹ ਦੇ ਪਾਤਸ਼ਾਹ ਅਜ਼ਰਯਾਹ ਦੇ 39ਵਰ੍ਹੇ ਗਾਦੀ ਦਾ ਪੁੱਤਰ ਮਨਹੇਮ ਇਸਰਾਏਲ ਉੱਪਰ ਰਾਜ ਕਰਨ ਲੱਗਾ। ਉਸ ਨੇ ਸਾਮਰਿਯਾ ਵਿੱਚ 10 ਵਰ੍ਹੇ ਰਾਜ ਕੀਤਾ। 18 ਮਨਹੇਮ ਨੇ ਉਹ ਕੰਮ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਮਾੜਾ ਸੀ। ਉਸ ਨੇ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਉਨ੍ਹਾਂ ਪਾਪਾਂ ਤੋਂ ਸਾਰੀ ਉਮਰ ਭਰ ਮੂੰਹ ਨਾ ਮੋੜਿਆ ਜਿਹੜੇ ਉਸ ਨੇ ਇਸਰਾਏਲ ਤੋਂ ਕਰਵਾਏ ਸਨ।
19 ਅੱਸ਼ੂਰ ਦਾ ਪਾਤਸ਼ਾਹ ਪੂਲ ਇਸਰਾਏਲ ਉੱਪਰ ਹਮਲਾ ਕਰਨ ਲਈ ਆਇਆ, ਤਾਂ ਮਨਹੇਮ ਨੇ ਪੂਲ ਨੂੰ 34,000 ਕਿਲੋ ਚਾਂਦੀ ਦਿੱਤੀ ਤਾਂ ਜੋ ਉਹ ਉਸਦੀ ਮਦਦ ਕਰੇ ਅਤੇ ਮਨਹੇਮ ਦਾ ਉਸ ਦੇ ਰਾਜ ਉੱਤੇ ਪਕੜ ਮਜਬੂਤ ਕਰ ਦੇਵੇ। 20 ਮਨਹੇਮ ਨੇ ਉਹ ਚਾਂਦੀ ਸਾਰੇ ਅਮੀਰ ਆਦਮੀਆਂ ਕੋਲੋਂ ਇਕੱਠੀ ਕਰ ਲਈ ਹਰ ਇੱਕ ਆਦਮੀ ਕੋਲੋਂ, ਉਸ ਨੇ 50 ਸ਼ੈਕਲ ਚਾਂਦੀ ਲਈ। ਤਾਂ ਕਿ ਉਹ ਇਹ ਪੈਸਾ ਅੱਸ਼ੂਰ ਦੇ ਪਾਤਸ਼ਾਹ ਨੂੰ ਦੇ ਸੱਕੇ। ਫੇਰ ਅੱਸ਼ੂਰ ਦਾ ਰਾਜਾ ਵਾਪਸ ਆਪਣੀ ਧਰਤੀ ਵੱਲ ਮੁੜਿਆ ਅਤੇ ਇਸਰਾਏਲ ਦੀ ਧਰਤੀ ਵਿੱਚ ਨਾ ਰਿਹਾ।
21 ਮਨਹੇਮ ਨੇ ਜੋ ਵੀ ਮਹਾਨ ਕਾਰਜ ਕੀਤੇ ਉਹ ਇਸਰਾਏਲ ਦੇ ਇਤਹਾਸ ਦੀ ਪੋਥੀ ਵਿੱਚ ਲਿਖੇ ਗਏ। 22 ਮਨਹੇਮ ਮਰ ਗਿਆ ਤਾਂ ਉਸ ਨੂੰ ਉਸ ਦੇ ਪੁਰਖਿਆਂ ਨਾਲ ਦਫ਼ਨਾਇਆ ਗਿਆ। ਉਸ ਉਪਰੰਤ ਉਸਦਾ ਪੁੱਤਰ ਪਕਹਯਾਹ ਪਾਤਸ਼ਾਹ ਬਣਿਆ।
ਪਕਹਯਾਹ ਦਾ ਇਸਰਾਏਲ ਉੱਪਰ ਰਾਜ
23 ਯਹੂਦਾਹ ਉੱਪਰ ਪਾਤਸ਼ਾਹ ਅਜ਼ਰਯਾਹ ਦੇ 50 ਵੇਂ ਵਰ੍ਹੇ ਵਿੱਚ ਮਨਹੇਮ ਦਾ ਪੁੱਤਰ ਪਕਹਯਾਹ ਸਾਮਰਿਯਾ ਤੋਂ ਇਸਰਾਏਲ ਉੱਪਰ ਰਾਜ ਕਰਨ ਲੱਗਾ ਅਤੇ ਉਸ ਨੇ ਦੋ ਸਾਲ ਰਾਜ ਕੀਤਾ। 24 ਪਕਹਯਾਹ ਨੇ ਵੀ ਉਹੀ ਕੰਮ ਕੀਤੇ ਜੋ ਯਹੋਵਾਹ ਦੀ ਨਿਗਾਹ ਵਿੱਚ ਬੁਰੇ ਸਨ। ਪਕਹਯਾਹ ਵੀ ਨਬਾਟ ਦੇ ਪੁੱਤਰ ਯਾਰਾਬੁਆਮ ਵਾਂਗ ਜਿਸਨੇ ਇਸਰਾਏਲ ਤੋਂ ਪਾਪ ਕਰਵਾਇਆ, ਵਾਂਗ ਪਾਪ ਕਰਨ ਤੋਂ ਬਾਜ ਨਾ ਆਇਆ।
25 ਰਮਲਯਾਹ ਦੇ ਪੁੱਤਰ ਪਕਹ ਨੇ ਜੋ ਉਸਦੀ ਸੈਨਾ ਦਾ ਕਮਾਂਡਰ ਸੀ, ਉਸ ਦੇ ਵਿਰੁੱਧ ਮਤਾ ਪਕਾਇਆ ਅਤੇ ਸਾਮਰਿਯਾ ਵਿੱਚ ਪਾਤਸ਼ਾਹ ਦੇ ਆਪਣੇ ਮਹਿਲ ਵਿੱਚ ਉਸ ਨੇ ਉਸ ਨੂੰ ਅਰਗੋਬ ਅਤੇ ਅਰਯੇਹ ਦੇ ਨਾਲ ਮਾਰ ਦਿੱਤਾ।ਗਿਲਆਦ ਦੇ 50 ਲੋਕ ਉਸ ਦੇ ਨਾਲ ਸਨ, ਜਦੋਂ ਉਸ ਨੇ ਰਾਜੇ ਨੂੰ ਮਾਰਿਆ ਸੀ ਅਤੇ ਰਾਜੇ ਦੀ ਥਾਵੇਂ ਖੁਦ ਰਾਜ ਕਰਨ ਲੱਗ ਪਿਆ।
26 ਪਕਹਯਾਹ ਦੇ ਬਾਕੀ ਮਹਾਨ ਕਾਰਜ ਇਸਰਾਏਲ ਦੇ ਇਤਹਾਸ ਦੀ ਪੋਥੀ ਵਿੱਚ ਲਿਖੇ ਹੋਏ ਹਨ।
ਪਕਹ ਦਾ ਇਸਰਾਏਲ ਉੱਪਰ ਰਾਜ
27 ਯਹੂਦਾਹ ਦੇ ਪਾਤਸ਼ਾਹ ਅਜ਼ਰਯਾਹ ਦੇ 52 ਸਾਲ ਰਮਲਯਾਹ ਦਾ ਪੁੱਤਰ ਪਕਹ ਸਾਮਰਿਯਾ ਵਿੱਚ ਇਸਰਾਏਲ ਉੱਪਰ ਰਾਜ ਕਰਨ ਲੱਗਾ ਅਤੇ ਉਸ ਨੇ 20 ਸਾਲ ਰਾਜ ਕੀਤਾ। 28 ਪਕਹ ਨੇ ਯਹੋਵਾਹ ਦੀ ਨਿਗਾਹ ਵਿੱਚ ਜੋ ਕੰਮ ਬੁਰਾ ਸੀ ਉਹੀ ਕੀਤਾ। ਉਸ ਨੇ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਉਨ੍ਹਾਂ ਪਾਪਾਂ ਤੋਂ ਮੂੰਹ ਨਾ ਮੋੜਿਆ ਜੋ ਉਸ ਨੇ ਇਸਰਾਏਲ ਤੋਂ ਕਰਵਾਏ ਸਨ।
29 ਇਸਰਾਏਲ ਦੇ ਪਾਤਸ਼ਾਹ ਪਕਹ ਦੇ ਸਮੇਂ ਵਿੱਚ ਅੱਸ਼ੂਰ ਦੇ ਪਾਤਸ਼ਾਹ ਤਿਗਲਥ ਪਿਲਸਰ ਨੇ ਆਕੇ ਈਯੋਨ ਅਤੇ ਆਬੇਲ-ਬੈਤ-ਮਆਕਾਹ ਅਤੇ ਯਾਨੋਆਹ, ਕਦਸ਼, ਹਾਸੋਰ, ਗਿਲਆਦ, ਗਾਲੀਲ ਅਤੇ ਨਫ਼ਤਾਲੀ ਦੇ ਸਾਰੇ ਖੇਤਰਾਂ ਨੂੰ ਲੈ ਲਿਆ। ਪਾਤਸ਼ਾਹ ਤਿਗਲਥ ਪਿਲਸਰ ਇਨ੍ਹਾਂ ਸਾਰੇ ਆਦਮੀਆਂ ਨੂੰ ਕੈਦੀ ਬਣਾਕੇ ਅੱਸ਼ੂਰ ਨੂੰ ਲੈ ਗਿਆ।
30 ਏਲਾਹ ਦੇ ਪੁੱਤਰ ਹੋਸ਼ੇਆ ਨੇ ਰਮਲਯਾਹ ਦੇ ਪੁੱਤਰ ਪਕਹ ਦੇ ਵਿਰੁੱਧ ਮਤਾ ਪਕਾਇਆ ਅਤੇ ਉਸ ਨੂੰ ਮਾਰਿਆ ਅਤੇ ਉਸਦੀ ਥਾਵੇਂ ਆਪ ਨਵਾਂ ਪਾਤਸ਼ਾਹ ਬਣਿਆ। ਇਹ ਉਜ਼ੀਯਾਹ ਯਹੂਦਾਹ ਦੇ ਪਾਤਸ਼ਾਹ ਦੇ ਪੁੱਤਰ ਯੋਥਾਮ ਦੇ 20 ਵਰ੍ਹੇ ਦੇ ਰਾਜ ਵਿੱਚ ਵਾਪਰਿਆ।
31 ਪਕਹ ਨੇ ਜੋ ਮਹਾਨ ਕਾਰਜ ਕੀਤੇ ਉਹ ਇਸਰਾਏਲ ਦੇ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ ਵਿੱਚ ਲਿਖੇ ਹੋਏ ਹਨ।
ਯੋਥਾਮ ਦਾ ਯਹੂਦਾਹ ਵਿੱਚ ਰਾਜ
32 ਰਮਲਯਾਹ ਦਾ ਪੁੱਤਰ ਪਕਹ ਜੋ ਇਸਰਾਏਲ ਦਾ ਪਾਤਸ਼ਾਹ ਸੀ, ਉਸ ਦੇ ਦੂਜੇ ਵਰ੍ਹੇ ਯਹੂਦਾਹ ਦੇ ਪਾਤਸ਼ਾਹ ਉਜ਼ੀਯਾਹ ਦਾ ਪੁੱਤਰ ਯੋਥਾਮ ਰਾਜ ਕਰਨ ਲੱਗ ਪਿਆ। 33 ਯੋਥਾਮ 25 ਵਰ੍ਹਿਆਂ ਦਾ ਸੀ ਜਦੋਂ ਉਹ ਪਾਤਸ਼ਾਹ ਬਣਿਆ ਅਤੇ ਉਸ ਨੇ ਯਰੂਸ਼ਲਮ ਵਿੱਚ 16ਸਾਲ ਰਾਜ ਕੀਤਾ। ਉਸ ਦੀ ਮਾਂ ਸਾਦੋਕ ਦੀ ਧੀ ਯਰੂਸ਼ਾ ਸੀ। 34 ਯੋਥਾਮ ਨੇ ਸਭ ਕੁਝ ਉਹੀ ਕੀਤਾ ਜਿਵੇਂ ਉਸ ਦੇ ਪਿਤਾ ਉਜ਼ੀਯਾਹ ਨੇ ਕੀਤਾ ਸੀ ਅਤੇ ਜੋ ਯਹੋਵਾਹ ਦੀ ਨਿਗਾਹ ਵਿੱਚ ਚੰਗਾ ਸੀ। 35 ਪਰ ਉਸ ਨੇ ਵੀ ਉੱਚੀਆਂ ਥਾਵਾਂ ਨੂੰ ਨਾ ਢਾਹਿਆ। ਲੋਕ ਅਜੇ ਵੀ ਉਨ੍ਹਾਂ ਉੱਚੀਆਂ ਥਾਵਾਂ ਤੇ ਬਲੀਆਂ ਚੜ੍ਹਾਉਂਦੇ ਅਤੇ ਧੂਪ ਧੁਖਾਉਂਦੇ ਸਨ। ਯੋਥਾਮ ਨੇ ਯਹੋਵਾਹ ਦੇ ਮੰਦਰ ਦਾ ਉੱਪਰਲਾ ਫ਼ਾਟਕ ਬਣਵਾਇਆ। 36 ਯੋਥਾਮ ਨੇ ਜੋ ਵੀ ਵੱਡੇ ਕਾਰਨਾਮੇ ਕੀਤੇ ਉਹ ਯਹੂਦਾਹ ਦੇ ਰਾਜਿਆਂ ਦੇ ਇਤਹਾਸ ਦੀ ਪੋਥੀ ਵਿੱਚ ਲਿਖੇ ਗਏ।
37 ਉਸ ਵਕਤ ਯਹੋਵਾਹ ਨੇ ਅਰਾਮ ਦੇ ਰਾਜਾ ਰਸੀਨ ਅਤੇ ਹਮਲਯਾਹ ਦੇ ਪੁੱਤਰ ਪਕਹ ਨੂੰ ਯਹੂਦਾਹ ਦੇ ਵਿਰੁੱਧ ਭੇਜਿਆ।
38 ਇਉਂ ਯੋਥਾਮ ਮਰਨ ਉਪਰੰਤ ਆਪਣੇ ਪਿਉ-ਦਾਦਿਆਂ ਕੋਲ ਦਾਊਦ ਦੇ ਸ਼ਹਿਰ ਆਪਣੇ ਪੁਰਖਿਆਂ ਦੇ ਕੋਲ ਦਫ਼ਨਾਇਆ ਗਿਆ ਅਤੇ ਉਸ ਦੇ ਮਰਨ ਬਾਅਦ ਉਸਦਾ ਪੁੱਤਰ ਆਹਾਜ਼ ਉਸਦੀ ਥਾਵੇਂ ਰਾਜ ਕਰਨ ਲੱਗਾ।