ਸੁਲੇਮਾਨ ਦਾ ਮੰਦਰ ਉਸਾਰਣਾ
6
1 ਇਉਂ ਸੁਲੇਮਾਨ ਨੇ ਮੰਦਰ ਉਸਾਰਨਾ ਸ਼ੁਰੂ ਕਰ ਦਿੱਤਾ। ਇਹ ਇਸਰਾਏਲੀਆਂ ਦੇ ਮਿਸਰ ਨੂੰ ਛੱਡਣ ਤੋਂ 480 ਵਰ੍ਹੇ ਬਾਦ ਹੋਇਆ। ਇਹ ਰਾਜੇ ਸੁਲੇਮਾਨ ਦੇ ਇਸਰਾਏਲ ਉੱਤੇ ਚੌਥੇ ਵਰ੍ਹੇ ਵਿੱਚ ਜ਼ਿਵ ਦੇ ਮਹੀਨੇ ਦੋਰਾਨ, ਵਰ੍ਹੇ ਦੇ ਦੂਸਰੇ ਮਹੀਨੇ ਦੌਰਾਨ ਵਿੱਚ ਸੀ।
2 ਇਹ ਮੰਦਰ ਸਾਢੇ 60 ਹੱਥ ਲੰਬਾ, ਸਾਢੇ 20 ਹੱਥ ਚੌੜਾ ਅਤੇ 30 ਹੱਥ ਉੱਚਾ ਸੀ।
3 ਇਸ ਮੰਦਰ ਦਾ ਦਾਲਾਨ ਸਾਢੇ 20 ਹੱਥ ਲੰਬਾ ਅਤੇ ਸਵਾ 10 ਹੱਥ ਚੌੜਾ ਸੀ। ਅਤੇ ਇਹ ਦਾਲਾਨ ਮੰਦਰ ਦੇ ਮੁੱਖ ਭਾਗ ਦੇ ਬਿਲਕੁਲ ਸਾਹਮਣੇ ਪਾਸੇ ਨਿਕਲਦਾ ਸੀ ਅਤੇ ਇਸਦੀ ਲੰਬਾਈ ਮੰਦਰ ਦੀ ਚੌੜਾਈ ਦੇ ਬਰਾਬਰ ਸੀ
4 ਇਸਦੀਆਂ ਖਿੜਕੀਆਂ ਬਾਹਰਲੇ ਪਾਸੇ ਨੂੰ ਤੰਗ ਅਤੇ ਅੰਦਰਲੇ ਪਾਸੇ ਵੱਲ ਨੂੰ ਵਡੀਆਂ ਸਨ, ਜਿਹੜੀਆਂ ਕਿ ਜਾਲੀਦਾਰ ਸਨ।
5 ਫ਼ਿਰ ਸੁਲੇਮਾਨ ਨੇ ਮੰਦਰ ਦੀ ਦੀਵਾਰ ਦੇ ਨਾਲ-ਨਾਲ ਚੁਫ਼ੇਰੇ ਕੋਠੜੀਆਂ ਬਣਾਈਆਂ ਮੰਦਰ ਦੇ ਮੁੱਖ ਹਿੱਸੇ ਦੇ ਨਾਲ ਇਹ ਕੋਠੜੀਆਂ ਇੱਕ ਦੂਜੇ ਦੇ ਉੱਪਰ ਤਿੰਨ ਮੰਜ਼ਿਲਾਂ ਬਣਵਾਈਆਂ।
6 ਕਮਰੇ ਮੰਦਰ ਦੀ ਕੰਧ ਨੂੰ ਛੂੰਹਦੇ ਸਨ, ਪਰ ਕੰਧ ਵਿੱਚ ਸ਼ਤੀਰੀਆਂ ਨਹੀਂ ਪਾਈਆਂ ਗਈਆਂ ਸਨ। ਮੰਦਰ ਦੀ ਕੰਧ ਟੀਸੀ ਤੋਂ ਪਤਲੀ ਹੋ ਗਈ, ਤਾਂ ਕਮਰੇ ਦੇ ਇੱਕ ਪਾਸੇ ਦੀ ਕੰਧ ਇਸਦੀ ਹੇਠਲੀ ਕੰਧ ਤੋਂ ਪਤਲੀ ਹੋ ਗਈ। ਹੇਠਲੀ ਮੰਜ਼ਿਲ ਦੇ ਕਮਰੇ 5 ਹੱਥ ਚੌੜੇ, ਪਹਿਲੀ ਮੰਜ਼ਿਲ ਦੇ ਕਮਰੇ 6 ਹੱਥ ਚੌੜੇ ਅਤੇ ਉਤ੍ਤਲੀ ਮੰਜ਼ਿਲ ਦੇ ਕਮਰੇ ਸਾਢੇ 7 ਹੱਥ ਚੌੜੇ ਸਨ।
7 ਕਾਮਿਆਂ ਨੇ ਕੰਧਾਂ ਬਨਾਉਣ ਲਈ ਵੱਡੇ ਪੱਥਰ ਦਾ ਇਸਤੇਮਾਲ ਕੀਤਾ, ਪੱਥਰ ਓਥੇ ਹੀ ਕੱਟੇ ਗਏ ਸਨ, ਜਿੱਥੇ ਉਹ ਮਿਲੇ ਸਨ। ਇਸ ਲਈ ਮੰਦਰ ਵਿੱਚ ਹਥੌੜੇ, ਕੁਹਾੜੀ ਜਾਂ ਕਿਸੇ ਹੋਰ ਲੋਹੇ ਦੇ ਔਜਾਰ ਦੀ ਆਵਾਜ਼ ਨਹੀਂ ਸੀ।
8 ਹੇਠਲੀ ਮੰਜ਼ਿਲ ਦੇ ਕਮਰਿਆਂ ਦਾ ਪ੍ਰਵੇਸ਼ ਮੰਦਰ ਦੇ ਦੱਖਣੀ ਹਿੱਸੇ ਵੱਲੋਂ ਸੀ ਅਤੇ ਉਸ ਦੇ ਅੰਦਰਲੇ ਪਾਸਿਓ ਪੌੜੀਆਂ ਦੂਜੀ ਮੰਜ਼ਿਲ ਨੂੰ ਅਤੇ ਫ਼ੇਰ ਤੀਜੀ ਮੰਜ਼ਿਲ ਨੂੰ ਜਾਂਦੀਆਂ ਸਨ।
9 ਸੋ ਸੁਲੇਮਾਨ ਨੇ ਮੰਦਰ ਨੂੰ ਇਉਂ ਮੁਕੰਮਲ ਕੀਤਾ ਅਤੇ ਮੰਦਰ ਦੇ ਹਰ ਹਿੱਸੇ ਨੂੰ ਦਿਆਰ ਦੇ ਫ਼ਟਾਂ ਅਤੇ ਸ਼ਤੀਰਾਂ ਨਾਲ ਕੱਜਿਆ।
10 ਸੁਲੇਮਾਨ ਨੇ ਮੰਦਰ ਦੇ ਆਲੇ-ਦੁਆਲੇ ਵੀ ਕਮਰੇ ਬਣਾਏ। ਹਰ ਮੰਜ਼ਿਲ 5 ਹੱਥ ਉੱਚੀ ਸੀ ਅਤੇ ਇਨ੍ਹਾਂ ਕਮਰਿਆਂ ਵਿੱਚਲੀਆਂ ਸ਼ਤੀਰੀਆਂ ਮੰਦਰ ਨੂੰ ਛੁੰਹਦੀਆਂ ਸਨ।
11 ਯਹੋਵਾਹ ਨੇ ਸੁਲੇਮਾਨ ਨੂੰ ਆਖਿਆ,
12 “ਜੇਕਰ ਤੂੰ ਮੇਰੇ ਸਾਰੇ ਨਿਆਵਾਂ ਅਤੇ ਬਿਧੀਆਂ ਨੂੰ ਮੰਨੇ, ਮੈਂ ਤੇਰੇ ਲਈ ਇਕਰਾਰ ਨੂੰ ਪੂਰਿਆਂ ਕਰਾਂਗਾ ਜੋ ਮੈਂ ਤੇਰੇ ਪਿਤਾ ਦਾਊਦ ਨਾਲ ਕੀਤਾ ਸੀ।
13 ਇਸ ਮੰਦਰ ਕਾਰਣ ਜੋ ਤੂੰ ਉਸਾਰ ਰਿਹਾ ਹੈਂ, ਇੱਥੇ ਮੈਂ ਇਸਰਾਏਲ ਦੇ ਲੋਕਾਂ ਦਰਮਿਆਨ ਰਹਾਂਗਾ ਅਤੇ ਮੈਂ ਉਨ੍ਹਾਂ ਨੂੰ ਕਦੇ ਨਹੀਂ ਛੱਡਾਂਗਾ।”
ਮੰਦਰ ਬਾਰੇ ਵੇਰਵਾ
14 ਸੋ ਸੁਲੇਮਾਨ ਨੇ ਮੰਦਰ ਬਣਵਾਇਆ ਅਤੇ ਉਸ ਨੂੰ ਸੰਪੂਰਨ ਕੀਤਾ।
15 ਉਸ ਨੇ ਮੰਦਰ ਦੀਆਂ ਅੰਦਰਲੀਆਂ ਕੰਧਾਂ, ਛੱਤ ਤੋਂ ਲੈ ਕੇ ਫ਼ਰਸ਼ ਤਾਈਂ ਦਿਆਰ ਦੀ ਲੱਕੜ ਨਾਲ ਢੱਕ ਦਿੱਤੀਆਂ ਅਤੇ ਉਸ ਨੇ ਫ਼ਰਸ਼ ਨੂੰ ਸਰੂ ਦੀ ਲੱਕੜ ਨਾਲ ਢੱਕ ਦਿੱਤਾ।
16 ਉਸ ਨੇ ਮੰਦਰ ਦੇ ਪਿੱਛਲੇ ਹਿੱਸੇ ਵਿੱਚ 20 ਹੱਥ ਦਾ ਇੱਕ ਕਮਰਾ ਬਣਵਾਇਆ ਅਤੇ ਇਸ ਕਮਰੇ ਦੀਆਂ ਕੰਧਾਂ, ਛੱਤ ਤੋਂ ਲੈ ਕੇ ਫ਼ਰਸ਼ ਤਾਈਂ ਦਿਆਰ ਦੀ ਲੱਕੜੇ ਨਾਲ ਢੱਕ ਦਿੱਤੀਆਂ। ਇਸ ਕਮਰੇ ਨੂੰ ਅੱਤ ਪਵਿੱਤਰ ਸਥਾਨ ਹੋਣ ਲਈ ਪਹਿਲਾਂ ਹੀ ਮਿਥਿਆ ਗਿਆ ਸੀ।
17 ਇਸ ਅੱਤ ਪਵਿੱਤਰ ਅਸਥਾਨ ਦੇ ਸਾਹਮਣੇ ਮੰਦਰ ਦਾ ਮੁੱਖ ਭਾਗ ਸੀ। ਇਹ ਕਮਰਾ 40 ਹੱਥ ਲੰਬਾ ਸੀ।
18 ਇਸ ਕਮਰੇ ਦੀਆਂ ਦੀਵਾਰਾਂ ਨੂੰ ਦਿਆਰ ਦੇ ਫ਼ਟਾਂ ਨਾਲ ਕੱਜਿਆ ਗਿਆ-ਇਸ ਨਾਲ ਦੀਵਾਰ ਤੇ ਲੱਗੇ ਪੱਥਰ ਨਜ਼ਰ ਨਹੀਂ ਸੀ ਆਉਂਦੇ ਅਤੇ ਇਨ੍ਹਾਂ ਦਿਆਰ ਦੇ ਫਟਾਂ ਉੱਪਰ ਉਨ੍ਹਾਂ ਨੇ ਫੁੱਲ ਵੇਲ-ਬੂਟਿਆਂ ਦੀ ਨਕਾਸ਼ੀ ਕੀਤੀ। ਇਹ ਫ਼ੁੱਲਾਂ ਦੀ ਨਕਾਸ਼ੀ ਤੇ ਵੇਲ ਤੇ ਲੱਗੇ ਫ਼ੁੱਲ ਜਾਰ ਦੀ ਸ਼ਕਲ ਦੇ ਬਣਕੇ ਸੁੱਕੇ ਹੋਏ ਸਖਤ ਫ਼ੁੱਲਾਂ ਦਾ ਪ੍ਰਭਾਵ ਪਾਉਂਦੇ ਸਨ।
19 ਮੰਦਰ ਵਿੱਚ ਅੰਦਰਲੇ ਪਾਸੇ ਵਿੱਚ ਇੱਕ ਕੋਠੜੀ ਸੀ ਤਾਂ ਜੋ ਉੱਥੇ ਯਹੋਵਾਹ ਦੇ ਨੇਮ ਦਾ ਸੰਦੂਕ ਰੱਖਿਆ ਜਾ ਸੱਕੇ।
20 ਇਹ ਕਮਰਾ ਸਾਢੇ 20 ਹੱਥ ਲੰਬਾ ਤੇ ਸਾਢੇ 20 ਹੱਥ ਹੀ ਚੌੜਾ ਅਤੇ 20 ਹੱਥ ਉੱਚਾ ਸੀ।
21 ਸੁਲੇਮਾਨ ਨੇ ਇਸ ਕਮਰੇ ਨੂੰ ਸ਼ੁਧ ਸੋਨੇ ਨਾਲ ਢੱਕਿਆ। ਉਸ ਨੇ ਕਮਰੇ ਦੇ ਸਾਹਮਣੇ ਇੱਕ ਜਗਵੇਦੀ ਬਣਵਾਈ ਅਤੇ ਇਸ ਨੂੰ ਸੋਨੇ ਨਾਲ ਢੱਕ ਦਿੱਤਾ ਅਤੇ ਇਸਦੇ ਦੁਆਲੇ ਸੋਨੇ ਦੇ ਸੰਗਲ ਪੁਆਏ। ਇਸ ਕਮਰੇ ਵਿੱਚ, ਕਰੂਬੀ ਫਰਿਸਤਿਆਂ ਦੀਆਂ ਦੋ ਮੂਰਤਾਂ ਰੱਖੀਆਂ ਗਈਆਂ ਸਨ ਅਤੇ ਇਨ੍ਹਾਂ ਨੂੰ ਵੀ ਸੋਨੇ ਨਾਲ ਢੱਕਿਆ ਗਿਆ ਸੀ।
22 ਇਉਂ ਸਾਰੇ ਦਾ ਸਾਰਾ ਮੰਦਰ ਹੀ ਸੋਨੇ ਨਾਲ ਕੱਜਿਆ ਗਿਆ ਇੱਥੋਂ ਤੱਕ ਕਿ ਅੱਤ ਪਵਿੱਤਰ ਅਸਥਾਨ ਦੇ ਸਾਹਮਣੇ ਜਗਵੇਦੀ ਨੂੰ ਵੀ ਸੋਨੇ ਨਾਲ ਕੱਜਿਆ ਗਿਆ।
23 ਕਾਮਿਆਂ ਨੇ ਵਿੱਚਲੇ ਕਮਰੇ ਵਿੱਚ ਖੰਭਾ ਵਾਲੇ ਦੋ ਕਰੂਬੀ ਫ਼ਰਿਸ਼ਤੇ ਜ਼ੈਤੂਨ ਦੀ ਲੱਕੜ ਤੋਂ ਬਣਾਏ ਜਿਨ੍ਹਾਂ ਨੂੰ ਖੰਭ ਵੀ ਲਾਏ, ਅਤੇ ਇਨ੍ਹਾਂ ਨੂੰ ਅੱਤ ਪਵਿੱਤਰ ਅਸਥਾਨ ਉੱਪਰ ਰੱਖਿਆ ਗਿਆ। ਹਰ ਦੂਤ ਸਵਾ 5 ਹੱਥ ਲੰਬਾ ਸੀ।
24-26 ਦੋਵੇਂ ਕਰੂਬੀ ਫਰਿਸ਼ਤੇ ਇੱਕੋ ਨਾਪ ਅਤੇ ਇੱਕੋ ਢੰਗ ਦੇ ਬਣੇ ਹੋਏ ਸਨ। ਹਰੇਕ ਦੇ 5 ਹੱਥ ਲੰਬੇ ਦੋ ਖੰਭ ਸਨ। ਇੱਕ ਖੰਭ ਦੇ ਕੋਨੇ ਤੋਂ ਦੂਜੇ ਤਾਈਂ ਦਾ ਫ਼ਾਸਲਾ 10 ਹੱਥ ਸੀ। ਦੋਵੇਂ ਕਰੂਬੀ ਫ਼ਰਿਸਤੇ 10 ਹੱਥ ਉੱਚੇ ਸਨ।
27 ਉਸ ਨੇ ਦੋਨਾਂ ਕਰੂਬੀ ਫਰਿਸ਼ਤਿਆਂ ਨੂੰ ਮੰਦਰ ਦੇ ਅੰਦਰਲੇ ਵੱਲ ਰੱਖਿਆ ਅਤੇ ਉਨ੍ਹਾਂ ਨੇ ਆਪਣੇ ਖੰਭ ਖਿਲਾਰੇ ਹੋਏ ਸਨ। ਇੱਕ ਕਰੂਬੀ ਫਰਿਸ਼ਤੇ ਦਾ ਖੰਭ ਇੱਕ ਕੰਧ ਨਾਲ ਅਤੇ ਦੂਜੇ ਕਰੂਬੀ ਫਰਿਸ਼ਤੇ ਦਾ ਖੰਭ ਦੂਜੀ ਕੰਧ ਨਾਲ ਲੱਗਿਆ ਹੋਇਆ ਸੀ ਅਤੇ ਉਨ੍ਹਾਂ ਦੇ ਖੰਭ ਮੰਦਰ ਵਿੱਚ ਇੱਕ ਦੂਜੇ ਨਾਲ ਲੱਗਦੇ ਸਨ।
28 ਅਤੇ ਉਸ ਨੇ ਇਨ੍ਹਾਂ ਦੋਨੋ ਕਰੂਬੀ ਫਰਿਸ਼ਤਿਆਂ ਉੱਤੇ ਵੀ ਸੋਨਾ ਚੜ੍ਹਾਇਆ ਹੋਇਆ ਸੀ।
29 ਮੰਦਰ ਦੀਆਂ ਸਾਰੀਆਂ ਦੀਵਾਰਾਂ ਉੱਪਰ ਕਰੂਬੀਆਂ, ਖਜ਼ੂਰਾਂ, ਖਿੜੇ ਹੋਏ ਫ਼ੁੱਲਾਂ ਦੀਆਂ ਮੂਰਤਾਂ ਸਨ ਜੋ ਉਸ ਨੇ ਉਕਰ ਕੇ ਅੰਦਰਲੇ ਵਾਰ ਅਤੇ ਬਾਹਰ ਵਾਰ ਬਣਵਾਈਆਂ ਹੋਈਆਂ ਸਨ।
30 ਅਤੇ ਦੋਨੋ ਕਮਰਿਆਂ ਦੇ ਫ਼ਰਸ਼ਾਂ ਉੱਪਰ ਵੀ ਸੋਨਾ ਚੜ੍ਹਾਇਆ ਹੋਇਆ ਸੀ।
31 ਮਜ਼ਦੂਰਾਂ ਨੇ ਦੋ ਦਰਵਾਜ਼ੇ ਜੈਤੂਨ ਦੀ ਲੱਕੜ ਤੋਂ ਬਣਾਏ ਅਤੇ ਇਨ੍ਹਾਂ ਨੂੰ ਅੱਤ ਪਵਿੱਤਰ ਸਥਾਨ ਦੇ ਪ੍ਰਵੇਸ਼ ਦੁਆਰ ਤੇ ਲਗਾਇਆ। ਦਰਵਾਜ਼ੇ ਦੇ ਦੁਆਲੇ ਫ਼ਰੇਮ ਦੇ ਪੰਜ ਪਾਸੇ ਸਨ।
32 ਉਨ੍ਹਾਂ ਨੇ ਇਹ ਦੋ ਦਰਵਾਜ਼ੇ ਜੈਤੂਨ ਦੀ ਲੱਕੜ ਦੇ ਬਣਾਕੇ ਉਸ ਉੱਪਰ ਕਰੂਬੀ ਫਰਿਸ਼ਤਿਆਂ ਦੀਆਂ, ਖਜ਼ੂਰ ਦੇ ਬਿਰਛ ਅਤੇ ਫ਼ੁੱਲਾਂ ਦੀਆਂ ਮੂਰਤਾਂ ਉੱਕਰੀਆਂ ਅਤੇ ਇਨ੍ਹਾਂ ਉੱਪਰ ਸੋਨਾ ਚੜ੍ਹਾਇਆ।
33 ਅਤੇ ਉਨ੍ਹਾਂ ਨੇ ਮੁਖ ਕਮਰੇ ਦੇ ਪ੍ਰਵੇਸ਼ ਦੁਆਰ ਲਈ ਵੀ ਦਰਵਾਜ਼ੇ ਬਣਾਏ ਅਤੇ ਉਸ ਲਈ ਵੀ ਉਨ੍ਹਾਂ ਨੇ ਜੈਤੂਨ ਦੀ ਲੱਕੜ ਦੀ ਚੁਗਾਠ ਬਣਾਈ।
34 ਉਸ ਦੇ ਦੋਨੋ ਬੂਹੇ ਚੀਲ ਦੀ ਲੱਕੜ ਦੇ ਸਨ।
35 ਉੱਥੇ ਦੋ ਦਰਵਾਜ਼ੇ ਬਣਾਏ ਗਏ ਅਤੇ ਹਰ ਦਰਵਾਜ਼ੇ ਦੇ ਦੋ ਹਿੱਸੇ ਸਨ ਜਿਹੜੇ ਕਿ ਆਪਸ ਵਿੱਚ ਭੀੜੇ (ਢੋਏ) ਜਾਂਦੇ ਸਨ ਅਤੇ ਉਨ੍ਹਾਂ ਉੱਪਰ ਵੀ ਉਨ੍ਹਾਂ ਕਰੂਬੀ ਫਰਿਸ਼ਤਿਆਂ, ਖਜੂਰਾਂ ਤੇ ਫ਼ੁੱਲਾਂ ਦੀਆਂ ਮੂਰਤਾਂ ਉੱਕਰੀਆਂ ਸਨ ਫ਼ਿਰ ਉਨ੍ਹਾਂ ਨੂੰ ਉਸ ਨੇ ਸੋਨੇ ਨਾਲ ਢੱਕਿਆ।
36 ਫ਼ਿਰ ਉਨ੍ਹਾਂ ਨੇ ਅੰਦਰਲਾ ਵਿਹੜਾ ਬਣਾਇਆ। ਉਨ੍ਹਾਂ ਨੇ ਇਸ ਵਿਹੜੇ ਦੇ ਆਸ-ਪਾਸ ਦੀਵਾਰ ਬਣਾਈ। ਹਰ ਦੀਵਾਰ ਤਿੰਨ ਰਦੇ ਘੜੇ ਹੋਏ ਪੱਥਰ ਦੇ ਅਤੇ ਇੱਕ ਰਦਾ ਦਿਆਰ ਦੀ ਲੱਕੜ ਦਾ ਬਣਾਇਆ।
37 ਚੌਥੇ ਸਾਲ ਵਿੱਚ, ਜ਼ਿਵ ਦੇ ਮਹੀਨੇ ਵਿੱਚ, ਮੰਦਰ ਦੀਆਂ ਨੀਂਹਾਂ ਰੱਖੀਆਂ ਗਈਆਂ ਸਨ।
38 ਮੰਦਰ ਸਾਲ ਦੇ ਅੱਠਵੇਂ ਮਹੀਨੇ, ਬੂਲ ਦੇ ਮਹੀਨੇ ਵਿੱਚ ਖਤਮ ਹੋਇਆ। ਇਹ ਸੁਲੇਮਾਨ ਦੇ ਸ਼ਾਸਨ ਦੇ ਗਿਆਰ੍ਹਵੇਂ ਵਰ੍ਹੇ ਵਿੱਚ ਸੀ। ਮੰਦਰ ਨਕਸ਼ੇ ਅਨੁਸਾਰ ਹੀ ਬਣਇਆ ਗਿਆ ਸੀ।