ਬਨ-ਹਦਦ ਅਤੇ ਅਹਾਬ ਦਾ ਜੰਗ ਤੇ ਜਾਣਾ
20
ਬਨ-ਹਦਦ ਅਰਾਮ ਦਾ ਪਾਤਸ਼ਾਹ ਸੀ। ਉਸ ਨੇ ਆਪਣੀ ਸਾਰੀ ਸੈਨਾ ਇਕੱਠੀ ਕੀਤੀ। ਉਸ ਨਾਲ 32 ਰਾਜੇ ਉਸ ਸੰਗ ਸਨ, ਜਿਨ੍ਹਾਂ ਕੋਲ ਘੋੜੇ ਅਤੇ ਰੱਥ ਵੀ ਸਨ। ਉਨ੍ਹਾਂ ਸਾਮਰਿਯਾ ਤੇ ਹਮਲਾ ਕੀਤਾ ਅਤੇ ਉਸ ਦੇ ਵਿਰੁੱਧ ਲੜੇ। ਰਾਜੇ ਨੇ ਇਸਰਾਏਲ ਦੇ ਪਾਤਸ਼ਾਹ ਅਹਾਬ ਕੋਲ ਸ਼ਹਿਰ ਅੰਦਰ ਸੰਦੇਸ਼ਵਾਹਕ ਭੇਜੇ। ਸੰਦੇਸ਼ ਇਹ ਸੀ ਕਿ, “ਬਨ-ਹਦਦ ਆਖਦਾ ਹੈ, ‘ਤੂੰ ਆਪਣਾ ਚਾਂਦੀ-ਸੋਨਾ ਮੈਨੂੰ ਦੇ ਦੇ ਅਤੇ ਤੂੰ ਆਪਣੀਆਂ ਇਸਤ੍ਰੀਆਂ ਅਤੇ ਬੱਚੇ ਵੀ ਮੈਨੂੰ ਦੇ।’”
ਇਸਰਾਏਲ ਦੇ ਪਾਤਸ਼ਾਹ ਨੇ ਆਖਿਆ, “ਹੇ ਮੇਰੇ ਪਾਤਸ਼ਾਹ! ਮੇਰੇ ਸੁਆਮੀ। ਮੈਂ ਮੰਨਦਾ ਹਾਂ ਕਿ ਜੋ ਕੁਝ ਹੁਣ ਮੇਰਾ ਹੈ ਉਹ ਤੁਹਾਡਾ ਹੀ ਹੈ।”
ਤੱਦ ਸੰਦੇਸ਼ਵਾਹਕ ਅਹਾਬ ਕੋਲ ਵਾਪਸ ਆ ਅਤੇ ਆਖਿਆ, “ਬਨ-ਹਦਦ ਆਖਦਾ ਹੈ, ‘ਮੈਂ ਪਹਿਲਾਂ ਹੀ ਤੈਨੂੰ ਤੇਰੀ ਸਾਰੀ ਚਾਂਦੀ, ਸੋਨਾ, ਪਤਨੀਆਂ ਅਤੇ ਬੱਚੇ ਮੈਨੂੰ ਦੇਣ ਲਈ ਕਿਹਾ ਸੀ। ਪਰ ਹੁਣ ਮੈਂ ਕੱਲ ਇਸ ਵੇਲੇ ਆਪਣਿਆਂ ਅਫ਼ਸਰਾਂ ਨੂੰ ਤੇਰੇ ਕੋਲ ਭੇਜਾਂਗਾ ਤੇ ਉਹ ਤੇਰੇ ਮਹਿਲ ਅਤੇ ਤੇਰੇ ਸੇਵਕਾਂ ਤੇ ਅਫ਼ਸਰਾਂ ਦੇ ਘਰਾਂ ਦੀ ਤਲਾਸ਼ੀ ਲੈਣਗੇ ਅਤੇ ਜੋ ਕੁਝ ਵੀ ਤੇਰੀ ਨਜ਼ਰ ਵਿੱਚ ਵੱਧੀਆਂ ਹੈ ਉਹ ਆਪਣੇ ਹੱਥਾਂ ਵਿੱਚ ਚੁੱਕ ਕੇ ਮੇਰੇ ਕੋਲ ਲੈ ਆਉਣਗੇ।’”
ਤਾਂ ਅਹਾਬ ਪਾਤਸ਼ਾਹ ਨੇ ਦੇਸ ਦੇ ਸਾਰੇ ਬਜ਼ੁਰਗਾਂ ਦੀ ਇੱਕ ਸਭਾ ਬੁਲਾਈ ਅਤੇ ਆਖਿਆ, “ਵੇਖੋ, ਬਨ-ਹਦਦ ਸਾਨੂੰ ਨੁਕਸਾਨ ਪਹੁੰਚਾਉਣਾ ਚਾਹ ਰਿਹਾ ਹੈ! ਉਸ ਨੇ ਮੈਥੋਂ ਮੇਰੀਆਂ ਪਤਨੀਆਂ, ਮੇਰੇ ਬੱਚੇ ਤੇ ਮੇਰਾ ਸੋਨਾ-ਚਾਂਦੀ ਮੰਗਿਆ ਹੈ, ਅਤੇ ਮੈਂ ਉਸ ਨੂੰ ਮਨ੍ਹਾ ਨਹੀਂ ਕੀਤਾ। ਹੁਣ ਉਹ ਮੇਰੀ ਹਰ ਵਸਤੂ ਹਥਿਆਉਣਾ ਚਾਹੁੰਦਾ ਹੈ।”
ਪਰ ਅੱਗੋਂ ਸਾਰੇ ਬਜ਼ੁਰਗਾਂ ਨੇ ਤੇ ਸਾਰੇ ਲੋਕਾਂ ਨੇ ਆਖਿਆ, “ਉਸ ਦੀ ਨਾ ਸੁਣੋ! ਉਸਦਾ ਕਹਿਣਾ ਨਾ ਮੰਨੋ।”
ਤਾਂ ਅਹਾਬ ਨੇ ਬਨ-ਹਦਦ ਨੂੰ ਇਹ ਕਹਿੰਦਿਆਂ ਸੁਨੇਹਾ ਭੇਜਿਆ, “ਤੂੰ ਜੋ ਪਹਿਲਾਂ ਕਿਹਾ ਸੀ ਮੈਂ ਉਹੀ ਕਰਾਂਗਾ, ਪਰ ਮੈਂ ਤੇਰਾ ਦੂਸਰਾ ਆਦੇਸ਼ ਨਹੀਂ ਮੰਨ ਸੱਕਦਾ।”
ਬਨ-ਹਦਦ ਦੇ ਆਦਮੀਆਂ ਨੇ ਇਹ ਸੁਨੇਹਾ ਪਾਤਸ਼ਾਹ ਨੂੰ ਦਿੱਤਾ। 10 ਤਾਂ ਫ਼ਿਰ ਉਹ ਬਨ-ਹਦਦ ਤੋਂ ਇਹ ਕਹਿੰਦਿਆਂ ਇੱਕ ਹੋਰ ਸੁਨੇਹਾ ਲੈਕੈ ਆਏ, “ਮੈਂ ਸਾਮਰਿਯਾ ਨੂੰ ਬਿਲਕੁਲ ਤਬਾਹ ਕਰ ਦੇਵਾਂਗਾ। ਮੈਂ ਇਕਰਾਰ ਕਰਦਾ ਹਾਂ ਕਿ ਇਸ ਜਗ੍ਹਾ ਤੇ ਕੁਝ ਵੀ ਨਹੀਂ ਬਚੇਗਾ! ਇੱਥੇ ਮੇਰੇ ਆਦਮੀਆਂ ਦੇ ਉਨ੍ਹਾਂ ਦੇ ਘਰਾਂ ਨੂੰ ਇੱਕ ਨਿਸ਼ਾਨੀ ਵਜੋਂ ਲਿਜਾਣ ਲਈ ਵੀ ਕਾਫ਼ੀ ਨਹੀਂ ਬਚੇਗਾ।”
11 ਜਵਾਬ ’ਚ ਰਾਜੇ ਆਹਾਬ ਨੇ ਆਖਿਆ, “ਬਨ-ਹਦਦ ਨੂੰ ਆਖੋ ਕਿ ਸਿਪਾਹੀ ਜੰਗ ਤੋਂ ਬਾਅਦ ਸ਼ੇਖੀ ਮਾਰਦੇ ਹਨ ਪਹਿਲਾਂ ਨਹੀਂ।”
12 ਜਦੋਂ ਬਨ-ਹਦਦ ਪਾਤਸ਼ਾਹ ਦੂਜੇ ਰਾਜਿਆਂ ਨਾਲ ਆਪਣੇ ਤੰਬੂ ਵਿੱਚ ਮੈਅ ਪੀ ਰਿਹਾ ਸੀ, ਤਾਂ ਸੰਦੇਸ਼ਵਾਹਕ ਨੇ ਆਕੇ ਉਸ ਨੂੰ ਪਾਤਸ਼ਾਹ ਆਹਾਬ ਦਾ ਸੰਦੇਸ਼ ਦਿੱਤਾ। ਬਨ-ਹਦਦ ਪਾਤਸ਼ਾਹ ਨੇ ਸ਼ਹਿਰ ਉੱਤੇ ਹਮਲਾ ਕਰਨ ਲਈ ਆਪਣੇ ਆਦਮੀਆਂ ਨੂੰ ਤਿਆਰੀ ਕਰਨ ਲਈ ਆਖਿਆ। ਇਹ ਸੁਣ ਕੇ, ਉਸ ਦੇ ਆਦਮੀ ਸ਼ਹਿਰ ਵੱਲ ਅੱਗੇ ਵੱਧਣ ਲੱਗੇ।
13 ਉਸੀ ਵਕਤ ਇੱਕ ਨਬੀ ਅਹਾਬ ਪਾਤਸ਼ਾਹ ਕੋਲ ਗਿਆ ਅਤੇ ਕਿਹਾ, “ਹੇ ਅਹਾਬ ਪਾਤਸ਼ਾਹ! ਯਹੋਵਾਹ ਇਉਂ ਫ਼ਰਮਾਉਂਦਾ ਹੈ ਕਿ, ਕੀ ਤੂੰ ਇਹ ਵੱਡਾ ਸਾਰਾ ਦਲ ਵੇਖਿਆ ਹੈ? ਵੇਖ! ਇਸ ਨੂੰ ਮੈਂ ਅੱਜ ਤੇਰੇ ਹੱਥ ਕਰ ਦੇਵਾਂਗਾ। ਤੂੰ ਅੱਜ ਇਨ੍ਹਾਂ ਨੂੰ ਹਾਰ ਦੇਵੇਂਗਾ ਤਾਂ ਤੂੰ ਜਾਣ ਜਾਵੇਂਗਾ ਕਿ ਮੈਂ ਯਹੋਵਾਹ ਹਾਂ।”
14 ਅਹਾਬ ਨੇ ਆਖਿਆ, “ਕਿਸ ਦੇ ਰਾਹੀਂ ਤੂੰ ਉਨ੍ਹਾਂ ਨੂੰ ਹਰਾਵੇਂਗਾ?”
ਨਬੀ ਨੇ ਜਵਾਬ ਦਿੱਤਾ, “ਯਹੋਵਾਹ ਇਉਂ ਫ਼ਰਮਾਉਂਦਾ ਹੈ, ਸਰਕਾਰੀ ਅਫ਼ਸਰਾਂ ਦੇ ਜਵਾਨ ਸਹਾਇਕਾਂ ਰਾਹੀਂ।”
ਤਾਂ ਫ਼ਿਰ ਉਸ ਨੇ ਪੁੱਛਿਆ, “ਕੌਣ ਮੁੱਖ ਸੈਨਾ ਨੂੰ ਹੁਕਮ ਦੇਵੇਗਾ ਅਤੇ ਯੁੱਧ ਕਰੇਗਾ?”
ਨਬੀ ਨੇ ਕਿਹਾ, “ਤੂੰ ਜੰਗ ਸ਼ੁਰੂ ਕਰੇਂਗਾ!”
15 ਤਾਂ ਅਹਾਬ ਨੇ ਜਵਾਨ ਮਦਦਗਾਰ ਜਿਹੜੇ ਸਰਕਾਰੀ ਅਫ਼ਸਰ ਸਨ ਉਨ੍ਹਾਂ ਨੂੰ ਇਕੱਠਿਆਂ ਕੀਤਾ। ਇਹ 232 ਨੌਜੁਆਨ ਸਨ। ਫ਼ਿਰ ਪਾਤਸ਼ਾਹ ਨੇ ਇਸਰਾਏਲ ਦੀ ਸਾਰੀ ਸੈਨਾ ਨੂੰ ਇੱਕਤਰ ਕੀਤਾ ਜੋ ਕਿ ਕੁਲ ਸੰਖਿਆ ਵਿੱਚ 7,000 ਸੀ।
16 ਦੁਪਿਹਰ ਵੇਲੇ ਜਦੋਂ ਬਨ-ਹਦਦ ਅਤੇ 32 ਹੋਰ ਰਾਜੇ ਜਿਹੜੇ ਉਸ ਦੇ ਨਾਲ ਜੁੜੇ ਹੋਏ ਸਨ ਆਪਣੇ ਤੰਬੂਆਂ ਵਿੱਚ ਸ਼ਰਾਬੀ ਹੋਏ ਪਏ ਸਨ, ਅਹਾਬ ਪਾਤਸ਼ਾਹ ਨੇ ਆਪਣਾ ਹਮਲਾ ਸ਼ੁਰੂ ਕੀਤਾ। 17 ਨੌਜੁਆਨਾਂ ਨੇ ਪਹਿਲਾਂ ਹਮਲਾ ਸ਼ੁਰੂ ਕੀਤਾ ਤਾਂ ਬਨ-ਹਦਦ ਪਾਤਸ਼ਾਹ ਨੇ ਆਦਮੀਆਂ ਨੂੰ ਭੇਜਿਆ ਅਤੇ ਉਨ੍ਹਾਂ ਨੇ ਉਸ ਨੂੰ ਦੱਸਿਆ ਕਿ ਮਨੁੱਖ ਸਾਮਰਿਯਾ ਤੋਂ ਨਿਕਲੇ ਹਨ। 18 ਤਾਂ ਬਨ-ਹਦਦ ਨੇ ਕਿਹਾ, “ਭਾਵੇਂ ਉਹ ਸੁਲਾਹ ਲਈ ਨਿਕਲੇ ਹੋਣ ਭਾਵੇਂ ਲੜਾਈ ਲਈ, ਉਨ੍ਹਾਂ ਨੂੰ ਜਿਉਂਦੇ ਫ਼ੜ ਲਵੋ।”
19 ਅਹਾਬ ਪਾਤਸ਼ਾਹ ਦੇ ਨੌਜੁਆਨ ਸਰਦਾਰ ਇਸ ਜੰਗ ਦੇ ਆਗੂ ਸਨ ਜਿਨ੍ਹਾਂ ਦੇ ਇਸਰਾਏਲੀ ਲੋਕ ਮਗਰ ਸਨ। 20 ਹਰ ਇਸਰਾਏਲੀ ਬੰਦੇ ਨੇ ਆਪਣੇ ਵੈਰੀ ਨੂੰ ਵੱਢ ਸੁੱਟਿਆ ਜਿਸ ਨਾਲ ਅਰਾਮੀ ਲੋਕ ਭੱਜ ਨਿਕਲੇ। ਇਸਰਾਏਲੀ ਸੈਨਾ ਨੇ ਉਨ੍ਹਾਂ ਦਾ ਪਿੱਛਾ ਕੀਤਾ। ਅਰਾਮ ਦਾ ਰਾਜਾ ਬਨ-ਹਦਦ ਇੱਕ ਘੋੜੇ ਅਤੇ ਆਪਣੇ ਕੁਝ ਘੋੜ-ਸਵਾਰ ਸਿਪਾਹੀਆਂ ਨਾਲ ਬਚ ਨਿਕਲਿਆ। 21 ਇਸਰਾਏਲ ਦਾ ਰਾਜਾ ਬਾਹਰ ਆਇਆ ਅਤੇ ਘੋੜਿਆਂ ਅਤੇ ਰੱਥਾਂ ਉੱਤੇ ਹਮਲਾ ਕਰ ਦਿੱਤਾ। ਇਸ ਤਰ੍ਹਾਂ ਰਾਜੇ ਆਹਾਬ ਨੇ ਅਰਾਮੀ ਸੈਨਾ ਨੂੰ ਵੱਡੀ ਹਾਰ ਦਿੱਤੀ।
22 ਤਾਂ ਫੇਰ ਨਬੀ ਅਹਾਬ ਪਾਤਸ਼ਾਹ ਕੋਲ ਗਿਆ ਅਤੇ ਕਿਹਾ, “ਅਰਾਮ ਦਾ ਪਾਤਸ਼ਾਹ ਬਨ-ਹਦਦ ਅਹਾਲੀ ਬਹਾਰ ਫ਼ਿਰ ਤੇਰੇ ਉੱਪਰ ਹਮਲਾ ਕਰਨ ਲਈ ਆਵੇਗਾ ਇਸ ਲਈ ਤੈਨੂੰ ਹੁਣ ਵਾਪਸ ਪਰਤ ਕੇ ਆਪਣੀ ਸੈਨਾ ਹੋਰ ਤਕੜੀ ਕਰਨੀ ਚਾਹੀਦੀ ਹੈ ਅਤੇ ਉਸਤੋਂ ਬਚਣ ਦੀਆਂ ਸਤਰਕ ਵਿਉਂਤਾ ਬਨਾਉਣੀਆਂ ਚਾਹੀਦੀਆਂ ਹਨ।”
ਬਨ-ਹਦਦ ਦਾ ਮੁੜ ਹਮਲਾ
23 ਅਰਾਮ ਦੇ ਰਾਜੇ ਦੇ ਸੇਵਕਾਂ ਨੇ ਉਸ ਨੂੰ ਆਖਿਆ, “ਉਨ੍ਹਾਂ ਦਾ ਦੇਵਤਾ, ਪਰਬਤਾਂ ਦਾ ਦੇਵਤਾ ਹੈ, ਇਸੇ ਲਈ ਉਹ ਸਾਡੇ ਨਾਲੋਂ ਵੱਧ ਤਕੜੇ ਹਨ ਕਿਉਂ ਜੋ ਅਸੀਂ ਪਹਾੜੀ ਖੇਤਰ ਵਿੱਚ ਉਨ੍ਹਾਂ ਨਾਲ ਲੜੇ ਹਾਂ, ਇਸ ਲਈ ਉਹ ਸਾਡੇ ਖਿਲਾਫ਼ ਜਿੱਤ ਗਏ। ਸਾਨੂੰ ਉਨ੍ਹਾਂ ਨਾਲ ਪੱਧਰੇ ਮੈਦਾਨ ਵਿੱਚ ਲੜਨਾ ਚਾਹੀਦਾ ਹੈ, ਫ਼ਿਰ ਜਿੱਤ ਅਵੱਸ਼ ਸਾਡੀ ਹੋਵੇਗੀ। 24 ਪਰ ਇੱਕ ਕੰਮ ਇਹ ਕਰੋ ਕਿ 32 ਰਾਜਿਆਂ ਦੀ ਬਜਾਇ ਉਨ੍ਹਾਂ ਦੀ ਥਾਵੇਂ ਸੂਬੇਦਾਰਾਂ ਨੂੰ ਸੈਨਾ ਦਾ ਨੇਤਰਿਤਵ ਕਰਨ ਦੇਵੋ। 25 ਤਬਾਹ ਹੋਈ ਸੈਨਾ ਵਰਗੀ ਇੱਕ ਹੋਰ ਸੈਨਾ ਇਕੱਠੀ ਕਰੋ। ਉਸੇ ਤਰ੍ਹਾਂ, ਘੋੜੇ ਤੇ ਰੱਥ ਇੱਕਤਰ ਕਰੋ ਤੇ ਫ਼ਿਰ ਪੱਧਰੇ ਮੈਦਾਨ ਵਿੱਚ ਇਸਰਾਏਲੀਆਂ ਦੇ ਖਿਲਾਫ ਜੰਗ ਸ਼ੁਰੂ ਕਰੋ, ਫ਼ਿਰ ਅਸੀਂ ਜ਼ਰੂਰ ਜੇਤੂ ਹੋਵਾਂਗੇ।” ਬਨ-ਹਦਦ ਨੇ ਉਨ੍ਹਾਂ ਦੇ ਸੁਝਾਅ ਨੂੰ ਮੰਨਿਆ ਅਤੇ ਉਨ੍ਹਾਂ ਦੇ ਕਹੇ ਅਨੁਸਾਰ ਹੀ ਕੀਤਾ।
26 ਫੇਰ, ਅਗਲੀ ਬਸੰਤ ਵਿੱਚ ਬਨ-ਹਦਦ ਨੇ ਅਰਾਮ ਦੇ ਸਾਰੇ ਲੋਕਾਂ ਨੂੰ ਇਕੱਠਿਆਂ ਇੱਕਤਰ ਕੀਤਾ ਅਤੇ ਇਸਰਾਏਲ ਨਾਲ ਲੜਨ ਲਈ ਸਫ਼ੋਕ ਨੂੰ ਵਾਪਸ ਚੱਲੇ ਗਏ।
27 ਇਸਰਾਏਲੀ ਵੀ ਜੰਗ ਲਈ ਤਿਆਰ ਹੋਏ। ਜਦੋਂ ਉਹ ਅਰਾਮੀਆਂ ਦਾ ਸਾਹਮਣਾ ਕਰਨ ਨਿਕਲੇ ਤਾਂ ਇਸਰਾਏਲੀਆਂ ਨੇ ਉਨ੍ਹਾਂ ਦੇ ਸਾਹਮਣੇ ਡੇਰੇ ਲਾ ਲਏ। ਵੈਰੀਆਂ ਦੇ ਸਾਹਮਣੇ ਇਸਰਾਏਲੀ ਇਉਂ ਜਾਪਦੇ ਸਨ ਜਿਵੇਂ ਪਠੋਰਿਆਂ ਦੇ ਦੋ ਛੋਟੇ ਜਿਹੇ ਇੱਜੜ ਹੋਣ ਜਦ ਕਿ ਅਰਾਮੀਆਂ ਨਾਲ ਦੇਸ ਭਰ ਗਿਆ ਸੀ।
28 ਤਾਂ ਪਰਮੇਸ਼ੁਰ ਦਾ ਇੱਕ ਮਨੁੱਖ ਆਇਆ ਅਤੇ ਇਸਰਾਏਲ ਦੇ ਰਾਜੇ ਨੂੰ ਆਖਿਆ, “ਯਹੋਵਾਹ ਆਖਦਾ ਹੈ, ‘ਅਰਾਮੀਆਂ ਨੇ ਆਖਿਆ ਹੈ ਕਿ ਮੈਂ ਯਹੋਵਾਹ, ਪਰਬਤਾਂ ਦਾ ਪਰਮੇਸ਼ੁਰ ਹਾਂ ਪਰ ਵਾਦੀਆਂ ਦਾ ਪਰਮੇਸ਼ੁਰ ਨਹੀਂ ਹਾਂ। ਇਸ ਲਈ ਮੈਂ ਇਸ ਵੱਡੀ ਸੈਨਾ ਨੂੰ ਤੇਰੇ ਹੱਥੋਂ ਹਰਾਵਾਂਗਾ ਤਾਂ ਜੋ ਤੈਨੂੰ ਪਤਾ ਲੱਗ ਜਾਵੇਗਾ ਕਿ ਮੈਂ ਯਹੋਵਾਹ ਹਾਂ।’”
29 ਸੋ ਉਨ੍ਹਾਂ ਨੇ ਸੱਤਾਂ ਦਿਨਾਂ ਲਈ ਇੱਕ ਦੂਜੇ ਦੇ ਸਾਹਮਣੇ ਡੇਰੇ ਲਾਏ। ਸੱਤਵੇਂ ਦਿਨ ਜੰਗ ਸ਼ੁਰੂ ਹੋ ਗਈ ਅਤੇ ਇਸਰਾਏਲੀਆਂ ਨੇ ਉਸੇ ਦਿਨ ਅਰਾਮ ਦੇ 10,000 ਪੈਦਲ ਸਿਪਾਹੀਆਂ ਨੂੰ ਮਾਰ ਦਿੱਤਾ। 30 ਬਾਕੀ ਬਚੇ ਖੁਚੇ ਆਦਮੀ ਅਫ਼ੋਕ ਦੇ ਸ਼ਹਿਰ ਨੂੰ ਭੱਜ ਗਏ ਅਤੇ 27,000 ਸਿਪਾਹੀਆਂ ਉੱਪਰ ਸ਼ਹਿਰ ਦੀ ਕੰਧ ਡਿੱਗ ਪਈ। ਬਨ-ਹਦਦ ਵੀ ਸ਼ਹਿਰ ਨੂੰ ਭੱਜ ਗਿਆ ਅਤੇ ਇੱਕ ਅੰਦਰਲੇ ਕਮਰੇ ਵਿੱਚ ਲੁਕ ਗਿਆ। 31 ਤਾਂ ਉਸ ਦੇ ਸੇਵਕਾਂ ਨੇ ਉਸ ਨੂੰ ਕਿਹਾ, “ਵੇਖੋ! ਅਸੀਂ ਸੁਣਿਆ ਹੈ ਕਿ ਇਸਰਾਏਲ ਦੇ ਰਾਜੇ ਕਿਰਪਾਲੂ ਹੁੰਦੇ ਹਨ। ਜੇਕਰ ਅਸੀਂ ਆਪਣੇ ਉੱਪਰ ਤੱਪੜ ਪਾਕੇ ਅਤੇ ਆਪਣੇ ਸਿਰਾਂ ਉੱਪਰ ਰਸੀਆਂ ਲਪੇਟ ਕੇ- ਇਸਰਾਏਲ ਦੇ ਪਾਤਸ਼ਾਹ ਕੋਲ ਜਾਈਏ, ਤਾਂ ਹੋ ਸੱਕਦਾ ਉਹ ਸਾਨੂੰ ਖਿਮਾ ਕਰ ਦੇਵੇ ਅਤੇ ਸਾਨੂੰ ਜਿਉਣ ਦੇਵੇ।”
32 ਤਾਂ ਉਨ੍ਹਾਂ ਨੇ ਆਪਣੇ ਲੋਕਾਂ ਦੇ ਸਿਰਾਂ ਉੱਪਰ ਰਸੀਆਂ ਲਪੇਟ ਲਈਆਂ ਅਤੇ ਤੱਪੜ ਪਾ ਲਏ ਅਤੇ ਇਸਰਾਏਲ ਦੇ ਪਾਤਸ਼ਾਹ ਕੋਲ ਆਏ ਅਤੇ ਕਿਹਾ, “ਤੇਰਾ ਸੇਵਕ, ਬਨ-ਹਦਦ ਅਰਜ ਕਰਦਾ ਹੈ ਕਿ ਕਿਰਪਾ ਕਰਕੇ ਸਾਡੀ ਜਾਨ ਬਖਸ਼।”
ਅਹਾਬ ਨੇ ਆਖਿਆ, “ਕੀ ਉਹ ਅਜੇ ਜਿਉਂਦਾ ਹੈ? ਉਹ ਤਾਂ ਮੇਰਾ ਭਾਈ ਹੈ!”
33 ਬਨ-ਹਦਦ ਦੇ ਆਦਮੀਆਂ ਨੇ ਅਹਾਬ ਦੇ ਸ਼ਬਦਾਂ ਵਿੱਚ ਕੁਝ ਸੁਰਾਗ ਸੁਣਕੇ ਇਹ ਪ੍ਰਪੱਕ ਕਰਨ ਦੀ ਆਸ ਕੀਤੀ ਕਿ ਉਹ ਬਨ-ਹਦਦ ਨੂੰ ਨਹੀਂ ਮਾਰੇਗਾ। ਇਸ ਲਈ ਜਦੋਂ ਆਹਾਬ ਨੇ ਬਨ-ਹਦਦ ਨੂੰ ਆਪਣਾ ਭਰਾ ਆਖਿਆ, ਉਨ੍ਹਾਂ ਨੇ ਝਟ ਕਿਹਾ, “ਹਾਂ! ਬਨ-ਹਦਦ ਤੇਰਾ ਭਰਾ ਹੈ।”
ਅਹਾਬ ਨੇ ਆਖਿਆ, “ਉਸ ਨੂੰ ਮੇਰੇ ਕੋਲ ਲੈ ਆਓ।” ਤਾਂ ਬਨ-ਹਦਦ ਉਸ ਕੋਲ ਆਇਆ ਤਾਂ ਅਹਾਬ ਪਾਤਸ਼ਾਹ ਨੇ ਉਸ ਨੂੰ ਆਪਣੇ ਨਾਲ ਰੱਥ ਉੱਤੇ ਬਿਠਾ ਲਿਆ।
34 ਬਨ-ਹਦਦ ਨੇ ਉਸ ਨੂੰ ਕਿਹਾ, “ਅਹਾਬ, ਜਿਹੜੇ ਸ਼ਹਿਰ ਮੇਰੇ ਪਿਤਾ ਨੇ ਤੇਰੇ ਪਿਤਾ ਤੋਂ ਖੋਹੇ ਸਨ, ਮੈਂ ਤੈਨੂੰ ਵਾਪਸ ਕਰ ਦੇਵਾਂਗਾ। ਤੂੰ ਆਪਣੇ ਲਈ ਦੰਮਿਸਕ ਵਿੱਚ ਬਜ਼ਾਰ ਬਣਾ ਸੱਕਦਾ ਹੈਂ ਜਿਵੇਂ ਕਿ ਮੇਰੇ ਪਿਤਾ ਨੇ ਸਾਮਰਿਯਾ ਵਿੱਚ ਕੀਤਾ ਸੀ।”
ਤੱਦ ਅਹਾਬ ਨੇ ਆਖਿਆ, “ਮੈਂ ਤੈਨੂੰ ਤੇਰੇ ਇਕਰਾਰ ਤੇ ਆਜ਼ਾਦ ਕਰ ਦੇਵਾਂਗਾ ਜੇਕਰ ਜੋ ਕੁਝ ਵੀ ਤੂੰ ਆਖਿਆ ਕੀਤਾ ਜਾਵੇਗਾ।” ਸੋ ਦੋਨਾਂ ਪਾਤਸ਼ਾਹਾਂ ਵਿੱਚ ਸ਼ਾਂਤੀ ਦਾ ਇਕਰਾਰਨਾਮਾ ਹੋਇਆ ਅਤੇ ਅਹਾਬ ਪਾਤਸ਼ਾਹ ਨੇ ਬਨ-ਹਦਦ ਨੂੰ ਆਜ਼ਾਦ ਕਰ ਦਿੱਤਾ।
ਇੱਕ ਨਬੀ ਦਾ ਅਹਾਬ ਦੇ ਵਿਰੁੱਧ ਬੋਲਣਾ
35 ਨਬੀਆਂ ਵਿੱਚੋਂ ਇੱਕ ਨਬੀ ਨੇ ਦੂਜੇ ਨੂੰ ਕਿਹਾ, “ਮੈਨੂੰ ਧੱਕਾ ਦੇ!” ਉਸ ਨੇ ਇਹ ਇਸ ਲਈ ਕਿਹਾ ਕਿਉਂ ਕਿ ਉਸ ਨੇ ਇਹ ਯਹੋਵਾਹ ਨੇ ਹੁਕਮ ਕੀਤਾ ਸੀ ਪਰ ਦੂਜੇ ਨਬੀ ਨੇ ਉਸ ਨੂੰ ਧੱਕਾ ਦੇਣ ਤੋਂ ਇਨਕਾਰ ਕੀਤਾ। 36 ਤਾਂ ਪਹਿਲੇ ਨਬੀ ਨੇ ਕਿਹਾ, “ਤੂੰ ਯਹੋਵਾਹ ਦਾ ਆਦੇਸ਼ ਨਹੀਂ ਮੰਨਿਆ, ਇਸ ਲਈ ਜਦੋਂ ਤੂੰ ਇੱਥੋਂ ਜਾਵੇਂਗਾ, ਇੱਕ ਸ਼ੇਰ ਤੈਨੂੰ ਮਾਰ ਦੇਵੇਗਾ। ਅਤੇ ਦੂਸਰਾ ਨਬੀ ਉਸ ਥਾਂ ਤੋਂ ਤੁਰ ਪਿਆ ਅਤੇ ਇੱਕ ਸ਼ੇਰ ਨੇ ਉਸ ਨੂੰ ਮਾਰ ਦਿੱਤਾ।”
37 ਪਹਿਲਾ ਨਬੀ ਦੂਜੇ ਆਦਮੀ ਕੋਲ ਗਿਆ ਅਤੇ ਜਾਕੇ ਕਹਿਣ ਲੱਗਾ, “ਮੈਨੂੰ ਧੱਕਾ ਦੇ।”
ਇਸ ਮਨੁੱਖ ਨੇ ਨਬੀ ਨੂੰ ਧੱਕਾ ਦੇ ਕੇ ਉਸ ਨੂੰ ਘਾਇਲ ਕੀਤਾ। 38 ਤਾਂ ਨਬੀ ਨੇ ਆਪਣਾ ਮੂੰਹ ਕੱਪੜੇ ਨਾਲ ਲਪੇਟਿਆ। ਇਉਂ ਕੋਈ ਵੀ ਉਸ ਨੂੰ ਪਛਾਣ ਨਾ ਸੱਕਿਆ ਕਿ ਉਹ ਕੌਣ ਹੈ? ਤਾਂ ਉਹ ਨਬੀ ਇਉਂ ਉੱਥੋਂ ਚੱਲਾ ਗਿਆ ਅਤੇ ਸੜਕ ਕੰਢੇ ਪਾਤਸ਼ਾਹ ਦਾ ਇੰਤਜ਼ਾਰ ਕਰਨ ਲੱਗਾ। 39 ਜਦੋਂ ਪਾਤਸ਼ਾਹ ਉੱਥੇ ਆਇਆ, ਨਬੀ ਨੇ ਉਸ ਨੂੰ ਕਿਹਾ, “ਮੈਂ ਯੁੱਧ ਵਿੱਚ ਲੜਨ ਲਈ ਗਿਆ ਸੀ ਤੇ ਸਾਡੇ ਆਦਮੀਆਂ ਵਿੱਚੋਂ ਇੱਕ ਜਣਾ ਦੁਸਮਣਾਂ ਦੇ ਸਿਪਾਹੀ ਨੂੰ ਮੇਰੇ ਕੋਲ ਲਿਆਇਆ ਅਤੇ ਆਖਿਆ, ‘ਇਸਦੀ ਰੱਖਿਆ ਕਰ। ਜੇਕਰ ਇਹ ਭੱਜ ਗਿਆ, ਉਸਦੀ ਜਾਨ ਬਦਲੇ ਤੇਰੀ ਜਾਨ ਜਾਵੇਗੀ ਜਾਂ ਇਸ ਬਦਲੇ ਹਰਜਾਨੇ ਵਜੋਂ ਤੈਨੂੰ 34 ਕਿਲੋ ਚਾਂਦੀ ਦੇਣੀ ਪਵੇਗੀ।’ 40 ਪਰ ਮੈਂ ਹੋਰ ਕੰਮਾਂ ਵਿੱਚ ਜਦੋਂ ਰੁੱਝ ਗਿਆ ਤਾਂ ਉਹ ਆਦਮੀ ਭੱਜ ਗਿਆ।”
ਇਸਰਾਏਲ ਦੇ ਪਾਤਸ਼ਾਹ ਨੇ ਆਖਿਆ, “ਤੂੰ ਆਖ ਰਿਹਾ ਹੈਂ ਕਿ ਉਸ ਆਦਮੀ ਦੇ ਭੱਜਣ ਕਾਰਣ ਤੂੰ ਆਪਣੇ-ਆਪਨੂੰ ਦੋਸ਼ੀ ਠਹਿਰਾਉਂਦਾ ਹੈਂ? ਤਾਂ ਇਸਰਾਏਲ ਦੇ ਪਾਤਸ਼ਾਹ ਨੇ ਜਵਾਬ ਦਿੱਤਾ: ਤੇਰੇ ਆਪਣੇ ਹੀ ਸ਼ਬਦ ਤੇਰੀ ਰਾਇ ਪ੍ਰਗਟ ਕਰਦੇ ਹਨ।”
41 ਤਾਂ ਨਬੀ ਨੇ ਆਪਣੇ ਮੂੰਹ ਤੋਂ ਕੱਪੜੇ ਨੂੰ ਉਤਾਰਿਆ ਅਤੇ ਇਸਰਾਏਲ ਦੇ ਪਾਤਸ਼ਾਹ ਨੇ ਉਸ ਨੂੰ ਵੇਖਿਆ। ਤੱਦ ਉਹ ਜਾਣ ਗਿਆ ਕਿ ਉਹ ਨਬੀਆਂ ਵਿੱਚੋਂ ਇੱਕ ਸੀ। 42 ਤਾਂ ਨਬੀ ਨੇ ਪਾਤਸ਼ਾਹ ਨੂੰ ਆਖਿਆ, “ਯਹੋਵਾਹ ਫ਼ਰਮਾਉਂਦਾ ਹੈ, ਜਿਸ ਆਦਮੀ ਨੂੰ ਮੈਂ ਆਖਿਆ ਸੀ ਕਿ ਮਾਰਿਆ ਜਾਣਾ ਚਾਹੀਦਾ ਤੂੰ ਉਸ ਨੂੰ ਆਜ਼ਾਦ ਕਰ ਦਿੱਤਾ, ਇਸ ਕਾਰਣ ਉਸਦੀ ਜਾਨ ਬਦਲੇ ਤੇਰੀ ਜਾਨ ਜਾਵੇਗੀ ਅਤੇ ਉਸ ਦੇ ਆਦਮੀਆਂ ਦੇ ਬਦਲੇ ਤੇਰੇ ਆਦਮੀਆਂ ਨੂੰ ਮਰਨਾ ਪਵੇਗਾ।”
43 ਤੱਦ ਪਾਤਸ਼ਾਹ ਬੜਾ ਪਰੇਸ਼ਾਨ ਅਤੇ ਦੁੱਖੀ ਸਾਮਰਿਯਾ ਵਿੱਚ ਆਪਣੇ ਮਹਿਲ ਨੂੰ ਪਰਤ ਗਿਆ।