ਉੱਤਰੀ ਸ਼ਹਿਰਾਂ ਦੀ ਹਾਰ
11
ਹਾਸੋਰ ਦੇ ਰਾਜੇ ਯਬੀਨ ਨੇ ਇਨ੍ਹਾਂ ਗੱਲਾਂ ਦੇ ਵਾਪਰਨ ਬਾਰੇ ਸਾਰਾ ਕੁਝ ਸੁਣਿਆ। ਇਸ ਲਈ ਉਸ ਨੇ ਕਈ ਰਾਜਿਆਂ ਦੀਆਂ ਫ਼ੌਜਾਂ ਨੂੰ ਇੱਕਮੁੱਠ ਕਰਨ ਦਾ ਨਿਆਂ ਕੀਤਾ। ਯਬੀਨ ਨੇ ਮਾਦੋਨ ਦੇ ਰਾਜੇ ਯੋਬਾਬ, ਸ਼ਿਮਰੋਨ ਦੇ ਰਾਜੇ ਅਤੇ ਆਕਸ਼ਾਫ਼ ਦੇ ਰਾਜੇ ਨੂੰ ਅਤੇ ਪਹਾੜੀ ਇਲਾਕੇ ਅਤੇ ਮਾਰੂਥਲ ਦੇ ਉੱਤਰ ਦੇ ਰਾਜਿਆਂ ਨੂੰ ਸੰਦੇਸ਼ ਭੇਜਿਆ। ਯਬੀਨ ਨੇ ਕਿੰਨਰੋਥ, ਨੇਗੇਵ ਅਤੇ ਪੱਛਮੀ ਤਰਾਈ ਦੇ ਰਾਜਿਆਂ ਨੂੰ ਸੰਦੇਸ਼ ਭੇਜਿਆ। ਯਬੀਨ ਨੇ ਪੂਰਬ ਅਤੇ ਪੱਛਮ ਦੇ ਕਨਾਨੀ ਲੋਕਾਂ ਦੇ ਰਾਜਿਆਂ ਨੂੰ ਸੰਦੇਸ਼ ਭੇਜਿਆ। ਉਸ ਨੇ ਅਮੋਰੀ ਲੋਕਾਂ ਨੂੰ, ਹਿੱਤੀ ਲੋਕਾਂ, ਫ਼ਰਿੱਜ਼ੀ ਲੋਕਾਂ ਅਤੇ ਪਹਾੜੀ ਇਲਾਕੇ ਵਿੱਚ ਰਹਿਣ ਵਾਲੇ ਯਬੂਸੀ ਲੋਕਾਂ ਨੂੰ ਸੰਦੇਸ਼ ਭੇਜਿਆ। ਉਸ ਨੇ ਮਿਸਫ਼ਾਹ ਦੇ ਨੇੜੇ ਹਰਮੋਨ ਪਹਾੜੀ ਦੇ ਹੇਠਾਂ ਰਹਿਣ ਵਾਲੇ ਹਿੱਵੀ ਲੋਕਾਂ ਨੂੰ ਵੀ ਸੰਦੇਸ਼ ਭੇਜਿਆ। ਇਸ ਲਈ ਇਨ੍ਹਾਂ ਰਾਜਿਆਂ ਦੀਆਂ ਫ਼ੌਜਾਂ ਇਕੱਠੀਆਂ ਹੋ ਗਈਆਂ। ਉਨ੍ਹਾਂ ਕੋਲ ਬਹੁਤ ਸਾਰੇ ਲੜਾਕੂ ਯੋਧੇ ਅਤੇ ਬਹੁਤ ਸਾਰੇ ਘੋੜੇ ਅਤੇ ਰੱਥ ਸਨ। ਇਹ ਬਹੁਤ ਵੱਡੀ ਫ਼ੌਜ ਸੀ-ਇਸ ਤਰ੍ਹਾਂ ਲੱਗਦਾ ਸੀ ਜਿਵੇਂ ਇਸ ਵਿੱਚ ਇੰਨੇ ਬੰਦੇ ਹੋਣ ਜਿੰਨੇ ਸਮੁੰਦਰੀ ਕੰਢੇ ਉੱਤੇ ਰੇਤ ਦੇ ਕਿਣਕੇ ਹੁੰਦੇ ਹਨ।
ਇਹ ਸਾਰੇ ਰਾਜੇ ਮੇਰੋਮ ਦੀ ਛੋਟੀ ਨਦੀ ਕੰਢੇ ਇਕੱਠੇ ਹੋ ਗਏ। ਉਨ੍ਹਾਂ ਨੇ ਆਪਣੀਆਂ ਫ਼ੌਜਾਂ ਇੱਕ ਡੇਰੇ ਵਿੱਚ ਇਕੱਠੀਆਂ ਕਰ ਲਈਆਂ ਅਤੇ ਇਸਰਾਏਲ ਦੇ ਵਿਰੁੱਧ ਲੜਨ ਦੀਆਂ ਵਿਉਂਤਾਂ ਬਣਾਈਆਂ।
ਫ਼ੇਰ ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ, “ਉਸ ਫ਼ੌਜ ਕੋਲੋਂ ਭੈਭੀਤ ਨਹੀਂ ਹੋਣਾ। ਮੈਂ ਤੁਹਾਨੂੰ ਉਨ੍ਹਾਂ ਨੂੰ ਹਰਾਉਣ ਦੀ ਇਜਾਜ਼ਤ ਦਿਆਂਗਾ। ਕੱਲ੍ਹ ਇਸ ਵੇਲੇ ਹੀ ਤੁਸੀਂ ਉਨ੍ਹਾਂ ਸਾਰਿਆਂ ਨੂੰ ਮਾਰ ਚੁੱਕੇ ਹੋਵੋਂਗੇ। ਤੁਸੀਂ ਘੋੜਿਆਂ ਦੀਆਂ ਲੱਤਾਂ ਵੱਢ ਦਿਉਂਗੇ ਅਤੇ ਉਨ੍ਹਾਂ ਦੇ ਸਾਰੇ ਰੱਥਾਂ ਨੂੰ ਸਾੜ ਦਿਉਂਗੇ।”
ਯਹੋਸ਼ੁਆ ਅਤੇ ਉਸਦੀ ਪੂਰੀ ਫ਼ੌਜ ਨੇ ਦੁਸ਼ਮਣ ਉੱਤੇ ਅਚਾਨਕ ਹੱਲਾ ਬੋਲ ਦਿੱਤਾ। ਉਨ੍ਹਾਂ ਨੇ ਦੁਸ਼ਮਣ ਉੱਤੇ ਮੋਰੇਮ ਨਦੀ ਕੰਢੇ ਹਮਲਾ ਕਰ ਦਿੱਤਾ। ਯਹੋਵਾਹ ਨੇ ਇਸਰਾਏਲ ਨੂੰ ਇਜਾਜ਼ਤ ਦਿੱਤੀ ਕਿ ਉਹ ਉਨ੍ਹਾਂ ਨੂੰ ਹਰਾ ਦੇਵੇ। ਇਸਰਾਏਲ ਦੀ ਫ਼ੌਜ ਨੇ ਉਨ੍ਹਾਂ ਨੂੰ ਹਰਾ ਦਿੱਤਾ ਅਤੇ ਉਨ੍ਹਾਂ ਨੂੰ ਵਡੇਰੇ ਸੀਦੋਨ, ਮਿਸਰਫ਼ੋਥ ਮਇਮ ਅਤੇ ਪੂਰਬ ਵਿੱਚ ਮਿਸਫ਼ਾਹ ਦੀ ਵਾਦੀ ਅੰਦਰ ਭਜਾ ਦਿੱਤਾ। ਇਸਰਾਏਲ ਦੀ ਫ਼ੌਜ ਓਨਾ ਚਿਰ ਲੜਦੀ ਰਹੀ ਜਿੰਨਾ ਚਿਰ ਦੁਸ਼ਮਣ ਦਾ ਇੱਕ ਵੀ ਆਦਮੀ ਜਿਉਂਦਾ ਰਿਹਾ। ਯਹੋਸ਼ੁਆ ਨੇ ਉਹੀ ਕੁਝ ਕੀਤਾ ਜੋ ਯਹੋਵਾਹ ਨੇ ਉਸ ਨੂੰ ਕਰਨ ਵਾਸਤੇ ਆਖਿਆ ਸੀ-ਯਹੋਸ਼ੁਆ ਨੇ ਉਨ੍ਹਾਂ ਦੇ ਘੋੜਿਆਂ ਦੀਆਂ ਲੱਤਾਂ ਵੱਢ ਦਿੱਤੀਆਂ ਅਤੇ ਰੱਥ ਸਾੜ ਦਿੱਤੇ।
10 ਫ਼ੇਰ ਯਹੋਸ਼ੁਆ ਵਾਪਸ ਪਰਤਿਆ ਅਤੇ ਹਾਸੋਰ ਸ਼ਹਿਰ ਉੱਤੇ ਕਬਜ਼ਾ ਕਰ ਲਿਆ। (ਹਾਸੋਰ ਉਨ੍ਹਾਂ ਸਾਰੇ ਰਾਜਾਂ ਦਾ ਆਗੂ ਸੀ ਜਿਹੜੇ ਇਸਰਾਏਲ ਦੇ ਵਿਰੁੱਧ ਲੜੇ ਸਨ।) 11 ਇਸਰਾਏਲ ਦੀ ਫ਼ੌਜ ਨੇ ਉਸ ਸ਼ਹਿਰ ਦੇ ਹਰ ਬੰਦੇ ਨੂੰ ਕਤਲ ਕਰ ਦਿੱਤਾ। ਉਨ੍ਹਾਂ ਨੇ ਸਾਰੇ ਬੰਦਿਆਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ। ਉੱਥੇ ਕੋਈ ਵੀ ਜੀਵਿਤ ਨਹੀਂ ਬਚਿਆ। ਫ਼ੇਰ ਉਨ੍ਹਾਂ ਨੇ ਸ਼ਹਿਰ ਨੂੰ ਸਾੜ ਦਿੱਤਾ।
12 ਯਹੋਸ਼ੁਆ ਨੇ ਇਨ੍ਹਾਂ ਸਾਰੇ ਸ਼ਹਿਰਾਂ ਉੱਤੇ ਕਬਜ਼ਾ ਕਰ ਲਿਆ। ਉਸ ਨੇ ਉਨ੍ਹਾਂ ਦੇ ਸਾਰੇ ਰਾਜਿਆਂ ਨੂੰ ਮਾਰ ਦਿੱਤਾ। ਯਹੋਸ਼ੁਆ ਨੇ ਉਨ੍ਹਾਂ ਸ਼ਹਿਰਾਂ ਦੀ ਹਰ ਚੀਜ਼ ਪੂਰੀ ਤਰ੍ਹਾਂ ਤਬਾਹ ਕਰ ਦਿੱਤੀ। ਉਸ ਨੇ ਅਜਿਹਾ ਉਵੇਂ ਹੀ ਕੀਤਾ ਜਿਵੇਂ ਯਹੋਵਾਹ ਦੇ ਸੇਵਕ ਮੂਸਾ ਨੇ ਆਦੇਸ਼ ਦਿੱਤਾ ਸੀ। 13 ਪਰ ਇਸਰਾਏਲ ਦੀ ਫ਼ੌਜ ਨੇ ਪਹਾੜਾ ਉੱਤੇ ਵਸੇ ਸ਼ਹਿਰਾਂ ਵਿੱਚੋਂ ਕਿਸੇ ਨੂੰ ਨਹੀਂ ਸਾੜਿਆ। ਪਹਾੜੀ ਉੱਤੇ ਵਸੇ ਹੋਏ ਜਿਸ ਇੱਕੋ-ਇੱਕ ਸ਼ਹਿਰ ਨੂੰ ਸਾੜਿਆ ਗਿਆ ਸੀ ਉਹ ਹਾਸੋਰ ਸੀ। ਇਹੀ ਸ਼ਹਿਰ ਸੀ ਜਿਸ ਨੂੰ ਯਹੋਸ਼ੁਆ ਨੇ ਸਾੜਿਆ ਸੀ। 14 ਇਸਰਾਏਲ ਦੇ ਲੋਕਾਂ ਨੇ ਉਹ ਸਾਰੀਆਂ ਚੀਜ਼ਾਂ ਆਪਣੇ ਲਈ ਰੱਖ ਲਈਆਂ ਜਿਹੜੀਆਂ ਉਨ੍ਹਾਂ ਨੂੰ ਸ਼ਹਿਰ ਵਿੱਚੋਂ ਮਿਲੀਆਂ। ਪਰ ਉਨ੍ਹਾਂ ਨੇ ਉੱਥੋਂ ਦੇ ਸਾਰੇ ਲੋਕਾਂ ਨੂੰ ਮਾਰ ਦਿੱਤਾ। ਉਨ੍ਹਾਂ ਨੇ ਕਿਸੇ ਵੀ ਬੰਦੇ ਨੂੰ ਜਿਉਂਦੇ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ। 15 ਬਹੁਤ ਪਹਿਲਾਂ ਯਹੋਵਾਹ ਨੇ ਆਪਣੇ ਸੇਵਕ ਮੂਸਾ ਨੂੰ ਅਜਿਹਾ ਕਰਨ ਦਾ ਆਦੇਸ਼ ਦਿੱਤਾ ਸੀ। ਫ਼ੇਰ ਮੂਸਾ ਨੇ ਯਹੋਸ਼ੁਆ ਨੂੰ ਅਜਿਹਾ ਕਰਨ ਦਾ ਆਦੇਸ਼ ਦਿੱਤਾ। ਇਸ ਲਈ ਯਹੋਸ਼ੁਆ ਨੇ ਪਰਮੇਸ਼ੁਰ ਦਾ ਹੁਕਮ ਮੰਨਿਆ। ਯਹੋਸ਼ੁਆ ਨੇ ਉਹ ਹਰ ਗੱਲ ਕੀਤੀ ਜਿਸਦਾ ਯਹੋਵਾਹ ਨੇ ਮੂਸਾ ਨੂੰ ਆਦੇਸ਼ ਦਿੱਤਾ ਸੀ।
16 ਇਸ ਲਈ ਯਹੋਸ਼ੁਆ ਨੇ ਉਸ ਪੂਰੇ ਦੇਸ਼ ਦੇ ਸਾਰੇ ਲੋਕਾਂ ਨੂੰ ਹਰਾ ਦਿੱਤਾ। ਉਸਦਾ ਪਹਾੜੀ ਪ੍ਰਦੇਸ਼ ਨੇਗੇਵ, ਗੋਸ਼ਨ ਦੇ ਸਾਰੇ ਇਲਾਕੇ, ਪੱਛਮੀ ਤਰਾਈ ਦੇ ਇਲਾਕੇ, ਯਰਦਨ ਵਾਦੀ ਅਤੇ ਇਸਰਾਏਲ ਦੇ ਪਹਾੜਾਂ ਅਤੇ ਉਨ੍ਹਾਂ ਦੇ ਨੇੜੇ ਦੀਆਂ ਸਾਰੀਆਂ ਪਹਾੜੀਆਂ ਉੱਤੇ ਕਾਬੂ ਸੀ। 17 ਯਹੋਸ਼ੁਆ ਦਾ ਸੇਈਰ ਦੇ ਨਜ਼ਦੀਕ ਹਾਲਾਕ ਪਰਬਤ ਦੀ ਸਾਰੀ ਧਰਤੀ ਤੋਂ ਲੈ ਕੇ ਹਰਮੋਨ ਪਰਬਤ ਹੇਠਾਂ ਲਬਾਨੋਨ ਦੀ ਵਾਦੀ ਦੀ ਵਿੱਚਲੇ ਬਆਲ ਗਾਦ ਤੀਕ ਅਧਿਕਾਰੀ ਸੀ। ਯਹੋਸ਼ੁਆ ਨੇ ਉਸ ਧਰਤੀ ਦੇ ਸਾਰੇ ਰਾਜਿਆਂ ਨੂੰ ਫ਼ੜ ਲਿਆ ਅਤੇ ਮਾਰ ਦਿੱਤਾ। 18 ਯਹੋਸ਼ੁਆ ਬਹੁਤ ਵਰ੍ਹਿਆਂ ਤੱਕ ਉਨ੍ਹਾਂ ਰਾਜਿਆਂ ਨਾਲ ਲੜਿਆ। 19 ਇਸ ਸਾਰੀ ਧਰਤੀ ਉੱਤੇ ਸਿਰਫ਼ ਇੱਕ ਸ਼ਹਿਰ ਨੇ ਇਸਰਾਏਲ ਨਾਲ ਸ਼ਾਂਤੀ ਦਾ ਇਕਰਾਰਨਾਮਾ ਕੀਤਾ ਸੀ। ਇਹ ਸੀ ਹਿੱਵੀ ਸ਼ਹਿਰ ਗਿਬਓਨ। ਹੋਰ ਸਾਰੇ ਸ਼ਹਿਰ ਲੜਾਈ ਵਿੱਚ ਹਾਰ ਗਏ। 20 ਯਹੋਵਾਹ ਨੇ ਕਨਾਨੀਆਂ ਨੂੰ ਜ਼ਿੱਦੀ ਬਣਾਇਆ ਅਤੇ ਇਸਰਾਏਲ ਦੇ ਖਿਲਾਫ਼ ਲੜਨ ਦਾ ਨਿਸ਼ਚਾ ਕਰਵਾਇਆ। ਉਸ ਨੇ ਅਜਿਹਾ ਇਸ ਲਈ ਕੀਤਾ ਤਾਂ ਜੋ ਕਨਾਨੀ ਬਿਨਾ ਤਰਸ਼ ਪੂਰਨ ਤੌਰ ਤੇ ਤਬਾਹ ਹੋ ਜਾਣ ਜਿਵੇਂ ਕਿ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।
21 ਅਨਾਕੀ ਲੋਕ ਹਬਰੋਨ, ਦਬਿਰ, ਅਨਾਬ ਅਤੇ ਯਹੂਦਾਹ ਦੇ ਇਲਾਕੇ ਵਿੱਚ ਪਹਾੜੀ ਪ੍ਰਦੇਸ਼ ਵਿੱਚ ਰਹਿੰਦੇ ਸਨ। ਯਹੋਸ਼ੁਆ ਨੇ ਉਨ੍ਹਾਂ ਨਾਲ ਲੜਾਈ ਕੀਤੀ ਅਤੇ ਉਨ੍ਹਾਂ ਸਾਰੇ ਲੋਕਾਂ ਅਤੇ ਉਨ੍ਹਾਂ ਦੇ ਕਸਬਿਆਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ। 22 ਇਸਰਾਏਲ ਦੀ ਧਰਤੀ ਉੱਤੇ ਅਨਾਕੀ ਲੋਕ ਜਿਉਂਦੇ ਨਹੀਂ ਬਚੇ। ਸਿਰਫ਼ ਉਹੀ ਅਨਾਕੀ ਲੋਕ ਜਿਉਂਦੇ ਰਹੇ ਜਿਹੜੇ ਅੱਜ਼ਾਹ੍ਹ, ਗਥ ਅਤੇ ਅਸ਼ਦੋਦ ਵਿੱਚ ਰਹਿੰਦੇ ਸਨ। 23 ਯਹੋਸ਼ੁਆ ਨੇ ਇਸਰਾਏਲ ਦੀ ਸਾਰੀ ਧਰਤੀ ਉੱਤੇ ਉਸੇ ਤਰ੍ਹਾਂ ਕਬਜ਼ਾ ਕਰ ਲਿਆ ਜਿਵੇਂ ਕਿ ਯਹੋਵਾਹ ਨੇ ਬਹੁਤ ਪਹਿਲਾਂ ਮੂਸਾ ਨੂੰ ਆਖਿਆ ਸੀ। ਯਹੋਵਾਹ ਨੇ ਉਹ ਧਰਤੀ ਇਸਰਾਏਲ ਨੂੰ ਉਵੇਂ ਹੀ ਦੇ ਦਿੱਤੀ ਜਿਵੇਂ ਉਸ ਨੇ ਇਕਰਾਰ ਕੀਤਾ ਸੀ। ਅਤੇ ਯਹੋਸ਼ੁਆ ਨੇ ਧਰਤੀ ਨੂੰ ਇਸਰਾਏਲ ਦੇ ਪਰਿਵਾਰ-ਸਮੂਹਾਂ ਵਿੱਚਕਾਰ ਵੰਡ ਦਿੱਤਾ। ਆਖਰਕਾਰ ਲੜਾਈ ਖਤਮ ਹੋ ਗਈ ਅਤੇ ਧਰਤੀ ਉੱਤੇ ਸ਼ਾਂਤੀ ਸਥਾਪਿਤ ਹੋ ਗਈ।