ਬਿਪਤਾ ਦਾ ਦਿਨ
16
1 ਮੇਰੇ ਵੱਲ ਯਹੋਵਾਹ ਦਾ ਸੰਦੇਸ਼ ਆਇਆ:
2 “ਯਿਰਮਿਯਾਹ ਤੈਨੂੰ ਵਿਆਹ ਨਹੀਂ ਕਰਾਉਣਾ ਚਾਹੀਦਾ। ਇਸ ਥਾਂ ਤੇਰੇ ਧੀਆਂ ਪੁੱਤਰ ਨਹੀਂ ਹੋਣੇ ਚਾਹੀਦੇ।”
3 ਯਹੋਵਾਹ ਇਹ ਗੱਲਾਂ ਉਨ੍ਹਾਂ ਧੀਆਂ ਪੁੱਤਰਾਂ ਬਾਰੇ ਆਖਦਾ ਹੈ ਜਿਹੜੇ ਯਹੂਦਾਹ ਦੀ ਧਰਤੀ ਉੱਤੇ ਜੰਮਦੇ ਹਨ। ਅਤੇ ਯਹੋਵਾਹ ਉਨ੍ਹਾਂ ਬੱਚਿਆਂ ਦੇ ਮਾਤਾ-ਪਿਤਾ ਬਾਰੇ ਇਹ ਆਖਦਾ ਹੈ:
4 “ਉਹ ਲੋਕ ਭਿਆਨਕ ਮੌਤ ਮਰਨਗੇ। ਕੋਈ ਬੰਦਾ ਉਨ੍ਹਾਂ ਲਈ ਰੋਣ ਵਾਲਾ ਨਹੀਂ ਹੋਵੇਗਾ। ਕੋਈ ਵੀ ਉਨ੍ਹਾਂ ਨੂੰ ਦਫ਼ਨ ਨਹੀਂ ਕਰੇਗਾ। ਉਨ੍ਹਾਂ ਦੇ ਮੁਰਦਾ ਸਰੀਰ ਧਰਤੀ ਉੱਤੇ ਗੋਹੇ ਵਾਂਗ ਪਏ ਹੋਣਗੇ। ਉਹ ਲੋਕ ਦੁਸਮਣ ਦੀ ਤਲਵਾਰ ਨਾਲ ਮਾਰੇ ਜਾਣਗੇ, ਜਾਂ ਉਹ ਭੁੱਖ ਨਾਲ ਮਰ ਜਾਣਗੇ। ਉਨ੍ਹਾਂ ਦੇ ਮੁਰਦਾ ਸਰੀਰ ਆਕਾਸ਼ ਦੇ ਪੰਛੀਆਂ ਅਤੇ ਧਰਤੀ ਦੇ ਜੰਗਲੀ ਜਾਨਵਰਾਂ ਦਾ ਭੋਜਨ ਬਣਨਗੇ।”
5 ਇਸ ਲਈ ਯਹੋਵਾਹ ਆਖਦਾ ਹੈ: “ਯਿਰਮਿਯਾਹ, ਉਸ ਘਰ ਵਿੱਚ ਨਾ ਜਾਵੀਂ ਜਿੱਥੇ ਲੋਕ ਅੰਤਿਮ ਸੰਸਾਰ ਦਾ ਭੋਜਨ ਖਾ ਰਹੇ ਹੋਣ। ਓਥੇ ਮਰੇ ਹੋਏ ਲਈ ਰੋਣ ਨਾ ਜਾਵੀਂ ਅਤੇ ਨਾ ਸੋਗ ਕਰਨ ਜਾਵੀਂ। ਇਹ ਗੱਲਾਂ ਨਾ ਕਰੀਂ। ਕਿਉਂ? ਕਿਉਂ ਕਿ ਮੈਂ ਆਪਣੀਆਂ ਅਸੀਸਾਂ ਵਾਪਸ ਲੈ ਲਈਆਂ ਹਨ। ਮੈਂ ਯਹੂਦਾਹ ਦੇ ਇਨ੍ਹਾਂ ਲੋਕਾਂ ਉੱਪਰ ਮਿਹਰ ਨਹੀਂ ਕਰਾਂਗਾ। ਮੈਂ ਉਨ੍ਹਾਂ ਲਈ ਅਫ਼ਸੋਸ ਨਹੀਂ ਕਰਾਂਗਾ।” ਇਹ ਸੰਦੇਸ਼ ਯਹੋਵਾਹ ਵੱਲੋਂ ਸੀ।
6 “ਉੱਘੇ ਬੰਦੇ ਅਤੇ ਸਾਧਾਰਣ ਬੰਦੇ ਯਹੂਦਾਹ ਦੀ ਧਰਤੀ ਵਿੱਚ ਮਰ ਜਾਣਗੇ। ਕੋਈ ਵੀ ਬੰਦਾ ਇਨ੍ਹਾਂ ਲੋਕਾਂ ਨੂੰ ਦਫ਼ਨ ਨਹੀਂ ਕਰੇਗਾ ਅਤੇ ਨਾ ਹੀ ਉਨ੍ਹਾਂ ਲਈ ਰੋਵੇਗਾ। ਕੋਈ ਵੀ ਬੰਦਾ ਆਪਣੇ ਆਪ ਨੂੰ ਉਨ੍ਹਾਂ ਲੋਕਾਂ ਲਈ ਸੋਗ ਮਨਾਉਣ ਲਈ ਨਾ ਤਾਂ ਆਪਣੇ ਆਪ ਨੂੰ ਜ਼ਖਮੀ ਕਰੇਗਾ ਅਤੇ ਨਾ ਸਿਰ ਮੁਨਾਵੇਗਾ।
7 ਕੋਈ ਵੀ ਬੰਦਾ ਮੁਰਦਿਆਂ ਲਈ ਰੋਣ ਵਾਲੇ ਬੰਦਿਆਂ ਲਈ ਭੋਜਨ ਨਹੀਂ ਲਿਆਵੇਗਾ। ਕੋਈ ਵੀ ਬੰਦਾ ਉਨ੍ਹਾਂ ਲੋਕਾਂ ਨੂੰ ਧੀਰਜ ਨਹੀਂ ਧਰਾਏਗਾ ਜਿਸਦੇ ਮਾਤਾ ਜਾਂ ਪਿਤਾ ਦੀ ਮੌਤ ਹੋ ਚੁੱਕੀ ਹੈ। ਕੋਈ ਵੀ ਬੰਦਾ ਮੋਇਆਂ ਲਈ ਰੋਣ ਵਾਲਿਆਂ ਵਾਸਤੇ ਪਾਣੀ ਨਹੀਂ ਲਿਆਵੇਗਾ।
8 “ਯਿਰਮਿਯਾਹ, ਉਸ ਘਰ ਵਿੱਚ ਨਾ ਜਾਵੀਂ ਜਿੱਥੇ ਲੋਕ ਦਾਵਤ ਕਰ ਰਹੇ ਹੋਣ। ਉਸ ਘਰ ਵਿੱਚ ਜਾਕੇ ਖਾਣ ਪੀਣ ਲਈ ਨਾ ਬੈਠ ਜਾਵੀਂ।
9 ਯਹੋਵਾਹ ਸਰਬ ਸ਼ਕਤੀਮਾਨ, ਇਸਰਾਏਲ ਦਾ ਪਰਮੇਸ਼ੁਰ ਇਹ ਗੱਲਾਂ ਆਖਦਾ ਹੈ: ‘ਮੈਂ ਜਸ਼ਨ ਮਨਾਉਣ ਵਾਲੇ ਬੰਦਿਆਂ ਦਾ ਸ਼ੋਰ ਬੰਦ ਕਰ ਦਿਆਂਗਾ। ਮੈਂ ਵਿਆਹ ਦੀ ਦਾਵਤ ਵਿੱਚ ਇਕੱਠੇ ਹੋਏ ਲੋਕਾਂ ਦੀਆਂ ਖੁਸ਼ੀ ਭਰੀਆਂ ਆਵਾਜ਼ਾਂ ਬੰਦ ਕਰ ਦਿਆਂਗਾ। ਇਹ ਗੱਲ ਤੇਰੇ ਜੀਵਨ ਕਾਲ ਵਿੱਚ ਹੀ ਵਾਪਰੇਗੀ। ਮੈਂ ਇਹ ਗੱਲਾਂ ਛੇਤੀ ਕਰਾਂਗਾ।’
10 “ਯਿਰਮਿਯਾਹ, ਤੂੰ ਇਹ ਗੱਲਾਂ ਯਹੂਦਾਹ ਦੇ ਲੋਕਾਂ ਨੂੰ ਦੱਸੇਁਗਾ। ਅਤੇ ਲੋਕ ਤੈਨੂੰ ਪੁੱਛਣਗੇ, ‘ਯਹੋਵਾਹ ਨੇ ਸਾਡੇ ਬਾਰੇ ਇਹ ਭਿਆਨਕ ਗੱਲਾਂ ਕਿਉਂ ਆਖੀਆਂ ਹਨ? ਅਸੀਂ ਕੀ ਕਸੂਰ ਕੀਤਾ ਹੈ? ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਖਿਲਾਫ਼ ਕਿਹੜਾ ਪਾਪ ਕੀਤਾ ਹੈ?’
11 ਤੂੰ ਉਨ੍ਹਾਂ ਲੋਕਾਂ ਨੂੰ ਇਹ ਗੱਲਾਂ ਜ਼ਰੂਰ ਆਖੀ, ‘ਤੁਹਾਡੇ ਨਾਲ ਭਿਆਨਕ ਗੱਲਾਂ ਇਸ ਲਈ ਵਾਪਰਨਗੀਆਂ ਕਿਉਂ ਕਿ ਤੁਹਾਡੇ ਪੁਰਖਿਆਂ ਨੇ ਮੇਰੇ ਮਾਰਗ ਉੱਤੇ ਚਲਣਾ ਛੱਡ ਦਿੱਤਾ ਸੀ।’ ਇਹ ਸੰਦੇਸ਼ ਯਹੋਵਾਹ ਵੱਲੋਂ ਹੈ। ‘ਉਨ੍ਹਾਂ ਨੇ ਮੇਰੇ ਅਨੁਸਾਰ ਚੱਲਣਾ ਛੱਡ ਦਿੱਤਾ ਅਤੇ ਹੋਰਨਾਂ ਦੇਵਤਿਆਂ ਦੇ ਪਿੱਛੇ ਲੱਗ ਗਏ ਸਨ ਅਤੇ ਉਨ੍ਹਾਂ ਦੀ ਸੇਵਾ ਕਰਨ ਲੱਗੇ ਸਨ। ਉਹ ਉਨ੍ਹਾਂ ਹੋਰ ਦੇਵਤਿਆਂ ਦੀ ਉਪਾਸਨਾ ਕਰਦੇ ਸਨ। ਤੁਹਾਡੇ ਪੁਰਖਿਆਂ ਨੇ ਮੈਨੂੰ ਛੱਡ ਦਿੱਤਾ ਅਤੇ ਮੇਰੇ ਨੇਮ ਦੀ ਪਾਲਨਾ ਛੱਡ ਦਿੱਤੀ।
12 ਪਰ ਤੁਸੀਂ ਲੋਕਾਂ ਨੇ ਤਾਂ ਆਪਣੇ ਪੁਰਖਿਆਂ ਨਾਲੋਂ ਵੀ ਵੱਧੇਰੇ ਪਾਪ ਕੀਤਾ ਹੈ। ਤੁਸੀਂ ਬਹੁਤ ਜ਼ਿੱਦੀ ਹੋ। ਅਤੇ ਤੁਸੀਂ ਸਿਰਫ਼ ਓਹੀ ਗੱਲਾਂ ਕਰ ਰਹੇ ਹੋ ਜੋ ਤੁਹਾਡੇ ਮਨ ਨੂੰ ਭਾਉਂਦੀਆਂ ਹਨ। ਤੁਸੀਂ ਮੇਰਾ ਹੁਕਮ ਨਹੀਂ ਮੰਨ ਰਹੇ। ਤੁਸੀਂ ਸਿਰਫ਼ ਓਹੀ ਕਰਦੇ ਹੋ ਜੋ ਕਰਨਾ ਚਾਹੁੰਦੇ ਹੋ।
13 ਇਸ ਲਈ ਮੈਂ ਤੁਹਾਨੂੰ ਇਸ ਦੇਸ ਵਿੱਚੋਂ ਬਾਹਰ ਸੁੱਟ ਦਿਆਂਗਾ! ਮੈਂ ਤੁਹਾਨੂੰ ਕਿਸੇ ਬਗਾਨੇ ਦੇਸ ਵਿੱਚ ਜਾਣ ਲਈ ਮਜ਼ਬੂਰ ਕਰ ਦਿਆਂਗਾ। ਤੁਸੀਂ ਉਸ ਦੇਸ਼ ਵਿੱਚ ਜਾਵੋਂਗੇ ਜਿਸ ਨੂੰ ਤੁਸੀਂ ਅਤੇ ਤੁਹਾਡੇ ਪਰੁੱਖਿਆਂ ਨੂੰ ਕਦੇ ਵੀ ਨਹੀਂ ਜਾਣਦੇ ਸੀ। ਉਸ ਦੇਸ ਵਿੱਚ ਤੁਸੀਂ ਉਨ੍ਹਾਂ ਸਾਰੇ ਝੂਠੇ ਦੇਵਤਿਆਂ ਦੀ ਸੇਵਾ ਕਰ ਸੱਕਦੇ ਹੋ ਜੋ ਤੁਸੀਂ ਚਾਹੁੰਦੇ ਹੋ। ਮੈਂ ਤੁਹਾਡੀ ਕੋਈ ਸਹਾਇਤਾ ਨਹੀਂ ਕਰਾਂਗਾ ਅਤੇ ਨਾ ਕੋਈ ਰਿਆਇਤ ਕਰਾਂਗਾ।’
14 “ਲੋਕੀ ਇਕਰਾਰ ਕਰਦੇ ਹਨ ਅਤੇ ਆਖਦੇ ਹਨ, ‘ਜਿਵੇਂ ਕਿ ਯਹੋਵਾਹ ਸਾਖੀ ਹੈ। ਯਹੋਵਾਹ ਓਹੀ ਹੈ ਜਿਸ ਨੇ ਇਸਰਾਏਲ ਦੇ ਲੋਕਾਂ ਨੂੰ ਮਿਸਰ ਤੋਂ ਬਾਹਰ ਲਿਆਂਦਾ ਸੀ।’ ਪਰ ਸਮਾਂ ਆ ਰਿਹਾ ਹੈ,” ਇਹ ਸੰਦੇਸ਼ ਯਹੋਵਾਹ ਵੱਲੋਂ ਹੈ, “ਜਦੋਂ ਲੋਕ ਇਹ ਗੱਲਾਂ ਨਹੀਂ ਆਖਣਗੇ।
15 ਲੋਕ ਕੁਝ ਨਵਾਂ ਆਖਣਗੇ। ਉਹ ਆਖਣਗੇ, ‘ਜਿਵੇਂ ਕਿ ਯਹੋਵਾਹ ਸਾਖੀ ਹੈ। ਯਹੋਵਾਹ ਓਹੀ ਹੈ ਜਿਸਨੇ ਇਸਰਾਏਲ ਦੇ ਲੋਕਾਂ ਨੂੰ ਉੱਤਰੀ ਦੇਸ਼ ਵਿੱਚੋਂ ਬਾਹਰ ਲਿਆਂਦਾ। ਉਸ ਨੇ ਉਨ੍ਹਾਂ ਨੂੰ ਉਨ੍ਹਾਂ ਸਾਰੇ ਮੁਲਕਾਂ ਵਿੱਚੋਂ ਬਾਹਰ ਲਿਆਂਦਾ ਜਿੱਥੇ-ਜਿੱਥੇ ਉਸ ਨੇ ਉਨ੍ਹਾਂ ਨੂੰ ਭੇਜਿਆ ਸੀ।’ ਲੋਕ ਇਹ ਗੱਲਾਂ ਕਿਉਂ ਆਖਣਗੇ? ਕਿਉਂ ਕਿ ਮੈਂ ਇਸਰਾਏਲ ਦੇ ਲੋਕਾਂ ਨੂੰ ਉਸ ਧਰਤੀ ਉੱਤੇ ਵਾਪਸ ਲਿਆਵਾਂਗਾ ਜਿਹੜੀ ਮੈਂ ਉਨ੍ਹਾਂ ਦੇ ਪੁਰਖਿਆਂ ਨੂੰ ਦਿੱਤੀ ਸੀ।
16 “ਮੈਂ ਛੇਤੀ ਹੀ ਬਹੁਤ ਸਾਰੇ ਮਛੇਰਿਆਂ ਨੂੰ ਇਸ ਧਰਤੀ ਤੇ ਬੁਲਾਵਾਂਗਾ।” ਇਹ ਸੰਦੇਸ਼ ਯਹੋਵਾਹ ਵੱਲੋਂ ਹੈ, “ਉਹ ਮਛੇਰੇ ਯਹੂਦਾਹ ਦੇ ਲੋਕਾਂ ਨੂੰ ਫ਼ੜ ਲੈਣਗੇ। ਇਸ ਗੱਲ ਦੇ ਵਾਪਰਨ ਤੋਂ ਮਗਰੋਂ ਮੈਂ ਬਹੁਤ ਸਾਰੇ ਸ਼ਿਕਾਰੀਆਂ ਨੂੰ ਇਸ ਦੇਸ਼ ਵਿੱਚ ਦੱਸਾਂਗਾ। ਉਹ ਸ਼ਿਕਾਰੀ ਯਹੂਦਾਹ ਦੇ ਲੋਕਾਂ ਦਾ ਹਰ ਪਰਬਤ ਅਤੇ ਪਹਾੜੀ ਉੱਤੇ ਅਤੇ ਚੱਟਾਨਾਂ ਦੀਆਂ ਝੀਬਾਂ ਵਿੱਚ ਸ਼ਿਕਾਰ ਕਰਨਗੇ।
17 ਮੈਂ ਹਰ ਉਹ ਗੱਲ ਦੇਖਦਾ ਹਾਂ ਜੋ ਉਹ ਕਰਦੇ ਹਨ। ਯਹੂਦਾਹ ਦੇ ਲੋਕ ਮੇਰੇ ਕੋਲੋਂ ਛੁਪ ਨਹੀਂ ਸੱਕਦੇ ਅਤੇ ਉਨ੍ਹਾਂ ਦੇ ਕੰਮ ਵੀ ਮੇਰੇ ਕੋਲੋਂ ਨਹੀਂ ਛੁਪ ਸੱਕਦੇ। ਉਨ੍ਹਾਂ ਦਾ ਪਾਪ ਮੇਰੇ ਕੋਲੋਂ ਲੁਕਿਆ ਹੋਇਆ ਨਹੀਂ ਹੈ।
18 ਮੈਂ ਯਹੂਦਾਹ ਦੇ ਲੋਕਾਂ ਨੂੰ ਉਨ੍ਹਾਂ ਦੇ ਮੰਦੇ ਕਾਰਿਆਂ ਦਾ ਸਿਲਾ ਦਿਆਂਗਾ-ਮੈਂ ਉਨ੍ਹਾਂ ਦੇ ਹਰ ਪਾਪ ਦੀ ਦੋ ਵਾਰ ਸਜ਼ਾ ਦਿਆਂਗਾ। ਅਜਿਹਾ ਮੈਂ ਇਸ ਲਈ ਕਰਾਂਗਾ ਕਿਉਂ ਕਿ ਉਨ੍ਹਾਂ ਨੇ ਮੇਰੇ ਦੇਸ਼ ਨੂੰ ‘ਨਾਪਾਕ’ ਕਰ ਦਿੱਤਾ ਹੈ। ਉਨ੍ਹਾਂ ਨੇ ਆਪਣੇ ਭਿਆਨਕ ਬੁੱਤਾਂ ਨਾਲ ਮੇਰੇ ਦੇਸ਼ ਨੂੰ ਨਾਪਾਕ ਬਣਾਇਆ ਹੈ। ਮੈਂ ਉਨ੍ਹਾਂ ਬੁੱਤਾਂ ਨੂੰ ਨਫ਼ਰਤ ਕਰਦਾ ਹਾਂ। ਪਰ ਉਨ੍ਹਾਂ ਨੇ ਮੇਰੇ ਦੇਸ਼ ਨੂੰ ਆਪਣੇ ਬੁੱਤਾਂ ਨਾਲ ਭਰ ਦਿੱਤਾ ਹੈ।”
19 ਯਹੋਵਾਹ ਜੀ, ਤੁਸੀਂ ਹੀ ਮੇਰੀ ਸ਼ਕਤੀ ਅਤੇ ਮੇਰੀ ਸੁਰੱਖਿਆ ਵੀ ਹੋ।
ਮੁਸੀਬਤ ਦੇ ਸਮੇਂ ਤੁਸੀਂ ਸੁਰੱਖਿਅਤ ਸਬਾਨ ਹੋ।
ਦੁਨੀਆਂ ਦੇ ਕੋਨੇ-ਕੋਨੇ ਤੋਂ ਕੌਮਾਂ ਤੁਹਾਡੇ ਕੋਲ ਆਉਣਗੀਆਂ।
ਉਹ ਆਖਣਗੀਆਂ, “ਸਾਡੇ ਪੁਰਖਿਆਂ ਦੇ ਦੇਵਤੇ ਝੂਠੇ ਸਨ।
ਉਹ ਉਨ੍ਹਾਂ ਨਿਕੰਮੇ ਬੁੱਤਾਂ ਦੀ ਉਪਾਸਨਾ ਕਰਦੇ ਸਨ,
ਪਰ ਬੁੱਤ ਉਨ੍ਹਾਂ ਦੀ ਕੋਈ ਸਹਾਇਤਾ ਨਹੀਂ ਕਰਦੇ ਸਨ।”
20 ਕੀ ਲੋਕ ਆਪਣੇ ਲਈ ਸੱਚਮੁੱਚ ਦੇ ਦੇਵਤੇ ਬਣਾ ਸੱਕਦੇ ਹਨ?
ਨਹੀਂ! ਉਹ ਸਿਰਫ਼ ਬੁੱਤ ਹੀ ਬਣਾ ਸੱਕਦੇ ਹਨ, ਪਰ ਬੁੱਤ ਸੱਚਮੁੱਚ ਦੇ ਦੇਵਤੇ ਨਹੀਂ ਹਨ।
21 ਯਹੋਵਾਹ ਆਖਦਾ ਹੈ, “ਇਸ ਲਈ ਮੈਂ ਉਨ੍ਹਾਂ ਲੋਕਾਂ ਨੂੰ ਸਿੱਖਿਆ ਦੇਵਾਂਗਾ ਜਿਹੜੇ ਬੁੱਤ ਬਣਾਉਂਦੇ ਹਨ।
ਹਾਲੇ ਤਾਂ ਮੈਂ ਉਨ੍ਹਾਂ ਨੂੰ ਆਪਣੀ ਸ਼ਕਤੀ ਅਤੇ ਤਾਕਤ ਬਾਰੇ ਸਿੱਖਿਆ ਦੇਵਾਂਗਾ।
ਫ਼ੇਰ ਉਹ ਜਾਣ ਲੈਣਗੇ ਕਿ ਮੈਂ ਪਰਮੇਸ਼ੁਰ ਹਾਂ।
ਉਹ ਜਾਣ ਲੈਣਗੇ ਕਿ ਮੈਂ ਯਹੋਵਾਹ ਹਾਂ।”