ਯਿਸੂ ਦਾ ਆਪਣੇ ਚੇਲਿਆਂ ਨੂੰ ਦਿਲਾਸਾ ਦੇਣਾ
14
ਯਿਸੂ ਨੇ ਆਖਿਆ, “ਤੁਹਾਡਾ ਦਿਲ ਨਾਂ ਘਬਰਾਏ, ਪਰਮੇਸ਼ੁਰ ਵਿੱਚ ਭਰੋਸਾ ਕਰੋ ਅਤੇ ਮੇਰੇ ਵਿੱਚ ਭਰੋਸਾ ਕਰੋ। ਮੇਰੇ ਪਿਤਾ ਦੇ ਘਰ ਵਿੱਚ ਬਹੁਤ ਕਮਰੇ ਹਨ। ਜੇਕਰ ਇਹ ਸੱਚ ਨਾ ਹੁੰਦਾ ਤਾਂ ਮੈਂ ਤੁਹਾਨੂੰ ਨਾ ਕਿਹਾ ਹੁੰਦਾ। ਮੈਂ ਉੱਥੇ ਤੁਹਾਡੇ ਲਈ ਜਗ੍ਹਾ ਤਿਆਰ ਕਰਨ ਲਈ ਜਾ ਰਿਹਾ ਹਾਂ। ਉੱਥੇ ਜਾਣ ਅਤੇ ਤੁਹਾਡੇ ਲਈ ਜਗ੍ਹਾ ਤਿਆਰ ਕਰਨ ਤੋਂ ਬਾਦ, ਮੈਂ ਵਾਪਿਸ ਆਵਾਂਗਾ ਅਤੇ ਤੁਹਾਨੂੰ ਆਪਣੇ ਨਾਲ ਰਹਿਣ ਲਈ ਲੈ ਜਾਵਾਂਗਾ। ਜਿੱਥੇ ਮੈਂ ਜਾ ਰਿਹਾ ਹਾਂ ਤੁਸੀਂ ਉੱਥੋਂ ਦਾ ਰਾਹ ਜਾਣਦੇ ਹੋ।”
ਥੋਮਾ ਨੇ ਉਸ ਨੂੰ ਕਿਹਾ, “ਪ੍ਰਭੂ ਜੀ ਜੇ ਸਾਨੂੰ ਇਹ ਪਤਾ ਨਹੀਂ ਕਿ ਤੂੰ ਕਿੱਥੇ ਜਾ ਰਿਹਾ ਹੈ, ਫਿਰ ਅਸੀਂ ਰਸਤਾ ਕਿੱਥੋਂ ਜਾਣ ਸੱਕਦੇ ਹਾਂ?”
ਯਿਸੂ ਨੇ ਆਖਿਆ, “ਮੈਂ ਹੀ ਰਸਤਾ, ਸੱਚ ਅਤੇ ਜੀਵਨ ਹਾਂ। ਮੇਰੇ ਰਾਹੀਂ ਆਉਣ ਤੋਂ ਬਿਨਾ ਕੋਈ ਪਿਤਾ ਕੋਲ ਨਹੀਂ ਆ ਸੱਕਦਾ। ਜੇਕਰ ਤੁਸੀਂ ਮੈਨੂੰ ਜਾਣਦੇ ਹੁੰਦੇ ਤਾਂ ਤੁਸੀਂ ਪਿਤਾ ਨੂੰ ਵੀ ਜਾਣਦੇ ਹੁੰਦੇ। ਪਰ ਹੁਣ ਤੋਂ ਤੁਸੀਂ ਪਿਤਾ ਨੂੰ ਜਾਣਦੇ ਹੋ, ਤੁਸੀਂ ਉਸ ਨੂੰ ਵੇਖਿਆ ਹੈ।”
ਫਿਲਿਪੁੱਸ ਨੇ ਯਿਸੂ ਨੂੰ ਆਖਿਆ, “ਹੇ ਪ੍ਰਭੂ! ਸਾਨੂੰ ਪਿਤਾ ਦੇ ਦਰਸ਼ਣ ਕਰਾ ਅਤੇ ਸਾਡੇ ਲਈ ਇਹੀ ਕਾਫ਼ੀ ਹੈ।”
ਯਿਸੂ ਨੇ ਆਖਿਆ, “ਫਿਲਿਪੁੱਸ ਮੈਂ ਲੰਬੇ ਸਮੇਂ ਲਈ ਤੇਰੇ ਨਾਲ ਸੀ। ਪਰ ਹਾਲੇ ਵੀ ਤੂੰ ਮੈਨੂੰ ਨਹੀਂ ਜਾਣਦਾ? ਜਿਸ ਮਨੁੱਖ ਨੇ ਮੈਨੂੰ ਵੇਖਿਆ ਹੈ ਪਿਤਾ ਨੂੰ ਵੀ ਵੇਖਿਆ ਹੈ। ਫਿਰ ਤੂੰ ਇਹ ਕਹਿੰਨਾ, ‘ਸਾਨੂੰ ਪਿਤਾ ਦੇ ਦਰਸ਼ਨ ਕਰਵਾ?’ 10 ਕੀ ਤੂੰ ਵਿਸ਼ਵਾਸ ਨਹੀਂ ਕਰਦਾ ਕਿ ਪਿਤਾ ਮੇਰੇ ਵਿੱਚ ਹੈ ਅਤੇ ਮੈਂ ਪਿਤਾ ਵਿੱਚ? ਜਿਹੜੀਆਂ ਗੱਲਾਂ ਮੈਂ ਤੈਨੂੰ ਦੱਸ ਰਿਹਾ ਹਾਂ ਮੇਰੇ ਵੱਲੋਂ ਨਹੀਂ ਆ ਰਹੀਆਂ। ਪਿਤਾ ਜੋ ਮੇਰੇ ਅੰਦਰ ਨਿਵਾਸ ਕਰਦਾ ਆਪਣੇ ਕੰਮ ਕਰ ਰਿਹਾ ਹੈ। 11 ਜਦੋਂ ਮੈਂ ਇਹ ਆਖਦਾ ਹਾਂ ਕਿ ਪਿਤਾ ਮੇਰੇ ਵਿੱਚ ਹੈ ਜਾਂ ਮੈਂ ਪਿਤਾ ਵਿੱਚ ਹਾਂ, ਨਹੀਂ ਤਾਂ ਮੇਰੀਆਂ ਕਰਾਮਾਤਾਂ ਕਾਰਣ ਮੇਰੇ ਵਿੱਚ ਵਿਸ਼ਵਾਸ ਕਰ।
12 “ਮੈਂ ਤੈਨੂੰ ਸੱਚ ਆਖਦਾ ਹਾਂ ਕਿ ਜਿਹੜਾ ਮੇਰੇ ਵਿੱਚ ਨਿਹਚਾ ਰੱਖੇਗਾ ਉਹ ਵੀ ਮੇਰੇ ਜਿਹੇ ਕੰਮ ਕਰੇਗਾ। ਸਿਰਫ ਇਹੀ ਨਹੀਂ, ਉਹ ਇਨ੍ਹਾਂ ਕੰਮਾਂ ਤੋਂ ਵੀ ਵੱਧ ਮਹਾਨ ਕੰਮ ਕਰੇਗਾ, ਕਿਉਂ ਕਿ ਮੈਂ ਵਾਪਸ ਪਿਤਾ ਕੋਲ ਜਾ ਰਿਹਾ ਹਾਂ। 13 ਜੇਕਰ ਤੁਸੀਂ ਮੇਰੇ ਨਾਂ ਤੇ ਕੁਝ ਮੰਗੋਗੇ, ਤਾਂ ਮੈਂ ਦੇਵਾਂਗਾ। ਫਿਰ ਪੁੱਤਰ ਰਾਹੀਂ ਪਿਤਾ ਦੀ ਮਹਿਮਾ ਹੋਵੇਗੀ। 14 ਜੇਕਰ ਤੁਸੀਂ ਮੇਰੇ ਨਾਂ ਉੱਤੇ ਕੁਝ ਮੰਗੋਗੇ ਮੈਂ ਉਹੀ ਦੇਵਾਂਗਾ।
ਪਵਿੱਤਰ ਆਤਮਾ ਦਾ ਵਚਨ
15 “ਜੇਕਰ ਤੁਸੀਂ ਮੈਨੂੰ ਪਿਆਰ ਕਰਦੇ ਹੋ ਤਾਂ ਤੁਸੀਂ ਮੇਰੇ ਹੁਕਮਾਂ ਦੀ ਪਾਲਨਾ ਕਰੋਗੇ। 16 ਅਤੇ ਮੈਂ ਪਿਤਾ ਕੋਲੋਂ ਮੰਗਾਂਗਾ ਅਤੇ ਉਹ ਹਮੇਸ਼ਾ ਤੁਹਾਡੇ ਨਾਲ ਹੋਣ ਵਾਸਤੇ ਦੂਸਰਾ ਸਹਾਇਕ ਦੇਵੇਗਾ। 17 ਸਹਾਇਕ ਸੱਚ ਦਾ ਆਤਮਾ ਹੈ। ਇਹ ਦੁਨੀਆਂ ਉਸ ਨੂੰ ਪ੍ਰਾਪਤ ਨਹੀਂ ਕਰ ਸੱਕਦੀ। ਕਿਉਂ ਕਿ ਜਗਤ ਨੇ ਨਾ ਉਸ ਨੂੰ ਵੇਖਿਆ ਹੈ ਤੇ ਨਾ ਹੀ ਉਸ ਨੂੰ ਜਾਣਦਾ ਹੈ। ਪਰ ਤੂੰ ਉਸ ਨੂੰ ਜਾਣਦਾ ਹੈ ਉਹ ਤੇਰੇ ਨਾਲ ਰਹਿੰਦਾ ਹੈ ਅਤੇ ਉਹ ਤੇਰੇ ਅੰਦਰ ਹੋਵੇਗਾ।
18 “ਮੈਂ ਤੂਹਾਨੂੰ ਅਨਾਥ ਬਾਲਕਾਂ ਵਾਂਗ ਇੱਕਲਾ ਛੱਡ ਕੇ ਨਹੀਂ ਜਾਵਾਂਗਾ। ਮੈਂ ਵਾਪਸ ਤੁਹਾਡੇ ਕੋਲ ਮੁੜਾਂਗਾ। 19 ਬਹੁਤ ਹੀ ਜਲਦੀ ਇਸ ਜਗਤ ਦੇ ਲੋਕ ਮੈਨੂੰ ਨਹੀਂ ਵੇਖਣਗੇ ਪਰ ਤੁਸੀਂ ਵੇਖੋਗੇ ਕਿਉਂ ਕਿ ਜੇ ਮੈਂ ਜਿਉਂਦਾ ਹਾਂ ਤੁਸੀਂ ਵੀ ਜਿਉਂਗੇ। 20 ਉਸ ਦਿਨ ਤੁਸੀਂ ਜਾਣੋਂਗੇ ਕਿ ਮੈਂ ਪਿਤਾ ਵਿੱਚ ਹਾਂ ਤੁਸੀਂ ਜਾਣ ਜਾਵੋਂਗੇ ਕਿ ਤੁਸੀਂ ਮੇਰੇ ਵਿੱਚ ਤੇ ਮੈਂ ਤੁਹਾਡੇ ਵਿੱਚ ਹਾਂ। 21 ਜੇਕਰ ਕੋਈ ਵੀ ਵਿਅਕਤੀ, ਮੇਰੇ ਹੁਕਮਾਂ ਨੂੰ ਜਾਣ ਕੇ ਉਨ੍ਹਾਂ ਦੀ ਪਾਲਨਾ ਕਰਦਾ ਹੈ, ਤਾਂ ਉਹ ਉਹੀ ਹੈ ਜੋ ਸੱਚੀਂ ਮੈਨੂੰ ਪਿਆਰ ਕਰਦਾ ਹੈ। ਮੇਰਾ ਪਿਤਾ ਵੀ ਉਸ ਵਿਅਕਤੀ ਨੂੰ ਪਿਆਰ ਕਰੇਗਾ। ਜਿਹੜਾ ਮਨੁੱਖ ਮੈਨੂੰ ਪਿਆਰ ਕਰਦਾ, ਮੈਂ ਵੀ ਉਸ ਮਨੁੱਖ ਨਾਲ ਪਿਆਰ ਕਰਦਾ ਹਾਂ ਅਤੇ ਆਪਣਾ-ਆਪ ਉਸ ਲਈ ਪ੍ਰਗਟ ਕਰਾਂਗਾ?”
22 ਤੱਦ ਯਹੂਦਾ (ਇਹ ਯਹੂਦਾ ਇਸੱਕਰਿਯੋਤੀ ਨਹੀਂ) ਨੇ ਆਖਿਆ, “ਪ੍ਰਭੂ ਤੂੰ ਆਪਣੇ-ਆਪ ਸਾਨੂੰ ਕਿਉਂ ਦਰਸ਼ਾਉਣ ਜਾ ਰਿਹਾ ਹੈਂ ਤੇ ਜਗਤ ਨੂੰ ਕਿਉਂ ਨਹੀਂ ਦਰਸ਼ਾਉਂਦਾ?”
23 ਯਿਸੂ ਨੇ ਆਖਿਆ, “ਜੇਕਰ ਕੋਈ ਵਿਅਕਤੀ ਮੈਨੂੰ ਪਿਆਰ ਕਰਦਾ ਹੈ ਤਾਂ ਉਹ ਮੇਰੇ ਉਪਦੇਸ਼ ਦਾ ਵੀ ਅਨੁਸਰਣ ਕਰੇਗਾ ਤੇ ਮੇਰਾ ਪਿਤਾ ਉਸ ਵਿਅਕਤੀ ਨੂੰ ਪਿਆਰ ਕਰੇਗਾ। ਮੈਂ ਅਤੇ ਮੇਰਾ ਪਿਤਾ ਉਸ ਕੋਲ ਆਵਾਂਗੇ ਅਤੇ ਉਸ ਦੇ ਨਾਲ ਰਹਾਂਗੇ। 24 ਪਰ ਜਿਹੜਾ ਵਿਅਕਤੀ ਮੈਨੂੰ ਪਿਆਰ ਨਹੀਂ ਕਰਦਾ ਉਹ ਮੇਰੇ ਉਪਦੇਸ਼ ਨੂੰ ਵੀ ਨਹੀਂ ਮੰਨਦਾ। ਜਿਹੜੇ ਉਪਦੇਸ਼ ਮੈਂ ਤੁਹਾਨੂੰ ਦਿੰਦਾ ਹਾਂ ਉਹ ਮੇਰੇ ਆਪਣੇ ਨਹੀਂ ਹਨ ਸਗੋਂ ਇਹ ਮੇਰੇ ਪਿਤਾ ਦੇ ਹਨ, ਜਿਸਨੇ ਮੈਨੂੰ ਭੇਜਿਆ ਹੈ।
25 “ਇਹ ਸੱਭ ਗੱਲਾਂ ਮੈਂ ਤੁਹਾਨੂੰ ਉਦੋਂ ਦੱਸ ਚੁੱਕਾਂ ਹਾਂ ਜਦੋਂ ਮੈਂ ਹਾਲੇ ਤੁਹਾਡੇ ਨਾਲ ਸੀ। 26 ਪਰ ਸਹਾਇਕ ਪਵਿੱਤਰ ਆਤਮਾ ਹੈ, ਜਿਸ ਨੂੰ ਪਿਤਾ, ਮੇਰੇ ਨਾਂ ਵਿੱਚ ਭੇਜੇਗਾ। ਉਹ ਤੁਹਾਨੂੰ ਸਭ ਕੁਝ ਸਿੱਖਾਵੇਗਾ ਅਤੇ ਉਹ ਤੁਹਾਨੂੰ ਉਹ ਸਭ ਚੇਤੇ ਕਰਾਵੇਗਾ, ਜੋ ਕੁਝ ਮੈਂ ਤੁਹਾਨੂੰ ਕਿਹਾ ਹੈ।
27 “ਮੈਂ ਤੂਹਾਨੂੰ ਸ਼ਾਂਤੀ ਦੇ ਜਾਂਦਾ ਹਾਂ। ਮੈਂ ਆਪਣੀ ਸ਼ਾਂਤੀ ਤੁਹਾਨੂੰ ਦਿੰਦਾ ਹਾਂ। ਮੈਂ ਤੁਹਾਨੂੰ ਸੰਸਾਰ ਤੋਂ ਵੱਖਰੀ ਕਿਸਮ ਦੀ ਸ਼ਾਂਤੀ ਦਿੰਦਾ ਹਾਂ, ਇਸ ਲਈ ਤੁਹਾਡੇ ਦਿਲ ਦੁੱਖੀ ਅਤੇ ਘਬਰਾਏ ਹੋਏ ਨਹੀਂ ਹੋਣੇ ਚਾਹੀਦੇ। 28 ਜੋ ਮੈਂ ਤੁਹਾਨੂੰ ਕਿਹਾ ਤੁਸੀਂ ਸੁਣਿਆ, ਮੈਂ ਤੁਹਾਨੂੰ ਕਿਹਾ, ‘ਮੈਂ ਜਾ ਰਿਹਾ ਹਾਂ, ਪਰ ਮੈਂ ਤੁਹਾਡੇ ਕੋਲ ਫਿਰ ਵਾਪਸ ਆਵਾਂਗਾ।’ ਜੇਕਰ ਤੁਸੀਂ ਮੇਰੇ ਨਾਲ ਪਿਆਰ ਕਰਦੇ ਤਾਂ ਫਿਰ ਤੁਹਾਨੂੰ ਅਨੰਦਿਤ ਹੋਣਾ ਚਾਹੀਦਾ ਸੀ ਕਿ ਮੈਂ ਪਿਤਾ ਕੋਲ ਜਾ ਰਿਹਾ ਹਾਂ ਕਿਉਂ ਕਿ ਮੇਰਾ ਪਿਤਾ ਮੇਰੇ ਤੋਂ ਮਹਾਨ ਹੈ। 29 ਇਹ ਵਾਪਰਨ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਿਆ ਹੈ, ਤਾਂ ਜੋ ਜਦੋਂ ਇਹ ਵਾਪਰੇ, ਤੁਸੀਂ ਵਿਸ਼ਵਾਸ ਕਰੋ।
30 “ਮੈਂ ਲੰਬੇ ਸਮੇਂ ਤੱਕ ਤੁਹਾਡੇ ਨਾਲ ਨਹੀਂ ਬੋਲਾਂਗਾ। ਇਸ ਦੁਨੀਆਂ ਦਾ ਹਾਕਮ ਆ ਰਿਹਾ ਹੈ। ਉਸਦਾ ਮੇਰੇ ਉੱਪਰ ਕੋਈ ਇਖਤਿਆਰ ਨਹੀਂ ਹੈ। 31 ਪਰ ਜਗਤ ਨੂੰ ਪਤਾ ਹੋਣਾ ਚਾਹੀਦਾ ਕਿ ਮੈਂ ਪਿਤਾ ਨੂੰ ਪਿਆਰ ਕਰਦਾ ਹਾਂ। ਇਸ ਲਈ ਮੈਂ ਉਵੇਂ ਹੀ ਕਰਾਂਗਾ ਜਿਵੇਂ ਪਿਤਾ ਨੇ ਮੈਨੂੰ ਹੁਕਮ ਦਿੱਤਾ ਹੈ।
“ਉੱਠੋ, ਅਸੀਂ ਹੁਣ ਇੱਥੋਂ ਚੱਲੀਏ।”