ਯਿਸੂ ਬੈਤਆਨਿਯਾ ਵਿੱਚ ਆਪਣੇ ਦੋਸਤਾਂ ਨਾਲ
(ਮੱਤੀ 26:6-13; ਮਰਕੁਸ 14:3-9)
12
1 ਪਸਾਹ ਦੇ ਤਿਉਹਾਰ ਤੋਂ ਛੇ ਦਿਨ ਪਹਿਲਾਂ ਯਿਸੂ ਬੈਤਆਨਿਯਾ ਨੂੰ ਆਇਆ ਇਹ ਉਹ ਸ਼ਹਿਰ ਸੀ ਜਿੱਥੇ ਲਾਜ਼ਰ ਰਹਿੰਦਾ ਸੀ। ਲਾਜ਼ਰ ਉਹ ਆਦਮੀ ਸੀ, ਜਿਸ ਨੂੰ ਯਿਸੂ ਨੇ ਮੌਤ ਤੋਂ ਜਿਵਾਲਿਆ ਸੀ।
2 ਉੱਥੇ ਉਨ੍ਹਾਂ ਨੇ ਯਿਸੂ ਵਾਸਤੇ ਰਾਤ ਦਾ ਭੋਜਨ ਤਿਆਰ ਕੀਤਾ ਸੀ ਅਤੇ ਮਾਰਥਾ ਨੇ ਭੋਜਨ ਵਰਤਾਇਆ। ਲਾਜ਼ਰ ਉਨ੍ਹਾਂ ਵਿੱਚੋਂ ਇੱਕ ਸੀ ਜੋ ਯਿਸੂ ਨਾਲ ਭੋਜਨ ਕਰ ਰਿਹਾ ਸੀ।
3 ਮਰਿਯਮ ਨੇ ਨਰਦ ਦੀ ਜੜ੍ਹ ਤੋਂ ਬਣੇ ਮਹਿੰਗੇ ਅਤਰ ਦਾ ਅੱਧਾ ਸੇਰ ਲਿਆ। ਉਸ ਨੇ ਇਸ ਨੂੰ ਯਿਸੂ ਦੇ ਚਰਣਾਂ ਉੱਤੇ ਡੋਲ੍ਹਿਆ ਅਤੇ ਆਪਣੇ ਵਾਲਾਂ ਨਾਲ ਉਸ ਦੇ ਪੈਰ ਪੂੰਝੇ। ਸਾਰਾ ਘਰ ਅਤਰ ਦੀ ਸੁਗੰਧ ਨਾਲ ਭਰ ਗਿਆ।
4 ਯਹੂਦਾ ਇਸੱਕਰਿਯੋਤੀ ਯਿਸੂ ਦੇ ਚੇਲਿਆਂ ਵਿੱਚੋਂ ਇੱਕ ਸੀ। ਇਹ ਉਹ ਸੀ ਜਿਸਨੇ ਯਿਸੂ ਦੇ ਖਿਲਾਫ਼ ਹੋ ਜਾਣਾ ਸੀ ਯਹੂਦਾ ਨੇ ਆਖਿਆ
5 “ਉਹ ਅਤਰ ਚਾਂਦੀ ਦੇ ਤਿੰਨ ਸੌ ਸਿੱਕਿਆਂ ਦੇ ਮੁੱਲ ਦਾ ਸੀ। ਯਿਸੂ ਉੱਪਰ ਮਲਨ ਦੀ ਬਜਾਇ ਇਸ ਅਤਰ ਨੂੰ ਬਾਜ਼ਾਰ ਵਿੱਚ ਵੇਚਕੇ ਗਰੀਬਾਂ ਦੀ ਮਦਦ ਕੀਤੀ ਜਾ ਸੱਕਦੀ ਸੀ।”
6 ਯਹੂਦਾ ਨੇ ਇਹ ਗੱਲ ਇਸ ਲਈ ਨਹੀਂ ਆਖੀ ਸੀ ਕਿ ਉਹ ਗਰੀਬਾਂ ਬਾਰੇ ਚਿੰਤਿਤ ਸੀ ਪਰ ਕਿਉਂ ਜੋ ਉਹ ਚੋਰ ਸੀ। ਚੇਲਿਆਂ ਦੀ ਟੋਲੀ ਲਈ ਧਨ ਵਾਲਾ ਸੰਦੂਕ ਉਸ ਕੋਲ ਹੁੰਦਾ ਸੀ, ਜਿਸ ਵਿੱਚੋਂ ਜਦੋਂ ਉਹ ਚਾਹਵੇ ਚੋਰੀ ਕਰ ਲੈਂਦਾ ਸੀ।
7 ਯਿਸੂ ਨੇ ਆਖਿਆ, “ਉਸ ਨੂੰ ਨਾ ਰੋਕੋ, ਉਸ ਨੂੰ ਇਹ ਮੇਰੇ ਜਨਾਜ਼ੇ ਦੇ ਦਿਨ ਦੀ ਤਿਆਰੀ ਲਈ ਕਰਨ ਦਿਉ।
8 ਗਰੀਬ ਲੋਕ ਹਮੇਸ਼ਾ ਤੁਹਾਡੇ ਨਾਲ ਹੋਣਗੇ, ਪਰ ਮੈਂ ਹਮੇਸ਼ਾ ਤੁਹਾਡੇ ਨਾਲ ਨਹੀਂ ਹੋਵਾਂਗਾ।”
ਲਾਜ਼ਰ ਨੂੰ ਮਾਰਨ ਦੀ ਇੱਕ ਵਿਉਂਤ
9 ਬਹੁਤ ਸਾਰੇ ਯਹੂਦੀ ਜਾਣ ਗਏ ਕਿ ਯਿਸੂ ਬੈਤਆਨਿਯਾ ਵਿੱਚ ਸੀ ਅਤੇ ਉਹ ਯਿਸੂ ਨੂੰ ਹੀ ਨਹੀਂ ਸਗੋਂ ਲਾਜ਼ਰ ਨੂੰ ਵੀ ਵੇਖਣ ਆਏ। ਲਾਜ਼ਰ ਨੂੰ ਯਿਸੂ ਨੇ ਮੁਰਦੇ ਤੋਂ ਜਿਵਾਲਿਆ ਸੀ।
10 ਤਾਂ ਪਰਧਾਨ ਜਾਜਕਾਂ ਨੇ ਲਾਜ਼ਰ ਨੂੰ ਵੀ ਮਾਰਨ ਦੀ ਵਿਉਂਤ ਬਣਾਈ।
11 ਲਾਜ਼ਰ ਦੇ ਕਾਰਣ ਬਹੁਤ ਸਾਰੇ ਯਹੂਦੀ ਆਪਣੇ ਆਗੂਆਂ ਨੂੰ ਛੱਡ ਕੇ ਯਿਸੂ ਵਿੱਚ ਪਰਤੀਤ ਕਰਨ ਲੱਗ ਪਏ ਸਨ ਇਸੇ ਲਈ ਯਹੂਦੀਆਂ ਦੇ ਆਗੂ ਲਾਜ਼ਰ ਨੂੰ ਵੀ ਮਾਰ ਮੁਕਾਉਣਾ ਚਾਹੁੰਦੇ ਸਨ।
ਯਿਸੂ ਦਾ ਯਰੂਸ਼ਲਮ ਵਿੱਚ ਪਰਵੇਸ਼
(ਮੱਤੀ 21:1-11; ਮਰਕੁਸ 11:1-11; ਲੂਕਾ 19:28-40)
12 ਅਗਲੇ ਦਿਨ ਲੋਕਾਂ ਨੂੰ ਇਹ ਪਤਾ ਲੱਗਾ ਕਿ ਯਿਸੂ ਯਰੂਸ਼ਲਮ ਨੂੰ ਆ ਰਿਹਾ ਸੀ। ਉੱਥੇ ਬਹੁਤ ਸਾਰੇ ਲੋਕ ਸਨ ਜਿਹੜੇ ਪਸਾਹ ਦੇ ਤਿਉਹਾਰ ਤੇ ਆਏ ਸਨ।
13 ਉਹ ਖਜ਼ੂਰ ਦੀਆਂ ਟਹਿਣੀਆਂ ਲੈ ਕੇ ਯਿਸੂ ਨੂੰ ਮਿਲਣ ਲਈ ਆਏ ਅਤੇ ਉੱਚੀ-ਉੱਚੀ ਆਖਣ ਲੱਗੇ;
“‘ਉਸਦੀ ਉਸਤਤਿ ਕਰੋ!’
‘ਪਰਮੇਸ਼ੁਰ ਉਸ ਨੂੰ ਅਸੀਸ ਦੇਵੇ ਜੋ ਕੋਈ ਪ੍ਰਭੂ ਦੇ ਨਾਮ ਤੇ ਆਉਂਦਾ ਹੈ।’ ਜ਼ਬੂਰ 118:25-26
ਇਸਰਾਏਲ ਦੇ ਪਾਤਸ਼ਾਹ ਉੱਪਰ ਪਰਮੇਸ਼ੁਰ ਦੀ ਕਿਰਪਾ ਹੋਵੇ!”
14 ਯਿਸੂ ਨੇ ਇੱਕ ਗੱਧੀ ਦਾ ਬੱਚਾ ਲੱਭਿਆ ਅਤੇ ਉਸ ਉਪਰ ਬੈਠ ਗਿਆ। ਇਸ ਨੇ ਜੋ ਪੋਥੀ ਵਿੱਚ ਲਿਖਿਆ ਪੂਰਾ ਕਰ ਦਿਤਾ,
15 “ਸੀਯੋਨ ਦੀ ਬੇਟੀ ਨਾ ਡਰ!
ਵੇਖ, ਤੇਰਾ ਬਾਦਸ਼ਾਹ ਇੱਕ ਗੱਧੀ
ਦੇ ਬੱਚੇ ਤੇ ਸਵਾਰ ਹੋਕੇ ਆਉਂਦਾ ਹੈ।” ਜ਼ਕਰਯਾਹ 9:9
16 ਯਿਸੂ ਦੇ ਚੇਲੇ ਉਸ ਵਕਤ ਇਹ ਨਾ ਸਮਝ ਸੱਕੇ ਕਿ ਉਹ ਇਹ ਸਭ ਕੀ ਕਰ ਰਿਹਾ ਹੈ। ਪਰ ਜਦੋਂ ਯਿਸੂ ਮਹਿਮਾ ਨੂੰ ਉਭਰਿਆ ਉਨ੍ਹਾਂ ਨੂੰ ਯਾਦ ਆਇਆ ਕਿ ਇਹ ਗੱਲਾਂ ਉਸ ਦੇ ਬਾਰੇ ਲਿਖੀਆਂ ਹੋਈਆਂ ਸਨ ਅਤੇ ਉਨ੍ਹਾਂ ਨੇ ਇਹ ਗੱਲਾਂ ਉਸ ਲਈ ਕੀਤੀਆਂ ਸਨ।
17 ਜਦੋਂ ਯਿਸੂ ਨੇ ਲਾਜ਼ਰ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ ਉਸ ਵਕਤ ਉਸ ਨਾਲ ਬਹੁਤ ਵੱਡੀ ਭੀੜ ਸੀ ਅਤੇ ਉਸ ਨੇ ਲਾਜ਼ਰ ਨੂੰ ਸੱਦਿਆ ਕਿ ਕਬਰ ਚੋਂ ਬਾਹਰ ਨਿਕਲ ਆ। ਹੁਣ ਉਹ ਲੋਕ ਉਸ ਬਾਰੇ, ਜੋ ਉਨ੍ਹਾਂ ਨੇ ਵੇਖਿਆ ਅਤੇ ਸੁਣਿਆ ਸੀ, ਦੂਜਿਆ ਨੂੰ ਦੱਸ ਰਹੇ ਸਨ।
18 ਬਹੁਤ ਸਾਰੇ ਲੋਕ ਯਿਸੂ ਨੂੰ ਮਿਲਣ ਲਈ ਆਏ ਕਿਉਂ ਕਿ ਉਨ੍ਹਾਂ ਨੇ ਉਸ ਦੇ ਕੀਤੇ ਇਸ ਕਰਿਸ਼ਮੇ ਬਾਰੇ ਸੁਣਿਆ ਸੀ।
19 ਫ਼ਿਰ ਫ਼ਰੀਸੀਆਂ ਨੇ ਆਪਸ ਵਿੱਚ ਕਹਿਣਾ ਸ਼ੁਰੂ ਕਰ ਦਿੱਤਾ, “ਦੇਖੋ! ਸਾਡੀ ਯੋਜਨਾ ਵਿਅਰਥ ਹੋ ਗਈ ਹੈ, ਕਿਉਂਕਿ ਸਭ ਲੋਕ ਉਸਦਾ ਅਨੁਸਰਣ ਕਰ ਰਹੇ ਹਨ।”
ਯਿਸੂ ਦਾ ਜ਼ਿੰਦਗੀ ਅਤੇ ਮੌਤ ਬਾਰੇ ਉਪਦੇਸ਼
20 ਉੱਥੇ ਉਨ੍ਹਾਂ ਵਿੱਚ ਕੁਝ ਯੂਨਾਨੀ ਲੋਕ ਵੀ ਸਨ, ਜੋ ਪਸਾਹ ਦੇ ਤਿਉਹਾਰ ਤੇ ਉਪਾਸਨਾ ਕਰਨ ਲਈ ਆਏ ਸਨ।
21 ਇਹ ਯੂਨਾਨੀ ਲੋਕ ਫ਼ਿਲਿਪੁੱਸ ਕੋਲ ਆਏ ਜੋ ਗਲੀਲ ਅਤੇ ਬੈਤਸੈਦਾ ਤੋਂ ਸੀ। ਉਨ੍ਹਾਂ ਨੇ ਉਸ ਨੂੰ ਅਰਜੋਈ ਕੀਤੀ, “ਜਨਾਬ! ਅਸੀਂ ਯਿਸੂ ਨੂੰ ਮਿਲਣਾ ਚਾਹੁੰਦੇ ਹਾਂ।”
22 ਫ਼ਿਲਿਪੁੱਸ ਨੇ ਆਕੇ ਅੰਦ੍ਰਿਯਾਸ ਨੂੰ ਕਿਹਾ ਅਤੇ ਅੰਦ੍ਰਿਯਾਸ ਅਤੇ ਫ਼ਿਲਿਪੁੱਸ ਨੇ ਆਕੇ ਯਿਸੂ ਨੂੰ ਕਿਹਾ।
23 ਯਿਸੂ ਨੇ ਜਵਾਬ ਦਿੱਤਾ, “ਮਨੁੱਖ ਦੇ ਪੁੱਤਰ ਲਈ ਮਹਿਮਾਮਈ ਹੋਣ ਦਾ ਵੇਲਾ ਆ ਗਿਆ ਹੈ।
24 ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ ਜਦ ਤੱਕ ਕਣਕ ਦਾ ਇੱਕ ਦਾਣਾ ਭੂਮੀ ਵਿੱਚ ਪੈਕੇ ਨਾ ਮਰੇ ਇੱਕ ਦਾਣਾ ਹੀ ਰਹਿੰਦਾ ਹੈ। ਪਰ ਜੇਕਰ ਇਹ ਮਰਦਾ ਹੈ ਤਾਂ ਇਹ ਬਹੁਤ ਸਾਰਾ ਫ਼ਲ ਦਿੰਦਾ ਹੈ।
25 ਜਿਹੜਾ ਮਨੁੱਖ ਆਪਣੀ ਜਾਣ ਨੂੰ ਪਿਆਰ ਕਰਦਾ ਹੈ ਉਹ ਇਸ ਨੂੰ ਗੁਆ ਲਵੇਗਾ। ਪਰ ਇਸ ਦੁਨੀਆਂ ਵਿੱਚ ਜਿਹੜਾ ਮਨੁੱਖ ਆਪਣਾ ਜਾਨ ਨੂੰ ਪਿਆਰ ਨਹੀਂ ਕਰਦਾ ਇਸ ਨੂੰ ਸਦੀਪਕ ਜੀਵਨ ਲਈ ਬਚਾ ਲਵੇਗਾ।
26 ਜਿਹੜਾ ਮਨੁੱਖ ਮੇਰੀ ਸੇਵਾ ਕਰਦਾ ਹੈ, ਉਸ ਨੂੰ ਮੇਰੇ ਮਗਰ ਚੱਲਣਾ ਚਾਹੀਦਾ ਹੈ ਤੱਦ ਮੇਰਾ ਉਹ ਸੇਵਕ, ਜਿੱਥੇ ਵੀ ਮੈਂ ਹਾਂ, ਮੇਰੇ ਨਾਲ ਹੋਵੇਗਾ। ਜਿਹੜਾ ਮੇਰੀ ਟਹਿਲ ਕਰਦਾ ਹੈ, ਪਿਤਾ ਉਸ ਨੂੰ ਸਤਿਕਾਰਦਾ ਹੈ।
ਯਿਸੂ ਦਾ ਆਪਣੀ ਮੌਤ ਬਾਰੇ ਜ਼ਾਹਰ ਕਰਨਾ
27 “ਹੁਣ ਮੇਰਾ ਦਿਲ ਬਿਪਤਾ ਮਈ ਹੈ। ਮੈਨੂੰ ਕੀ ਕਹਿਣਾ ਚਾਹੀਦਾ ਹੈ? ਕੀ ਮੈਂ ਇਹ ਕਹਾਂ, ‘ਹੇ ਪਿਤਾ, ਮੈਨੂੰ ਇਸ ਮੁਸੀਬਤ ਦੀ ਘੜੀ ਤੋਂ ਬਚਾ?’ ਨਹੀਂ! ਇਸ ਲਈ ਮੈਂ ਇਸ ਸਮੇਂ ਤੱਕ ਆਇਆ ਹਾਂ।
28 ਓ ਪਿਤਾ, ਆਪਣੇ ਨਾਮ ਨੂੰ ਮਹਿਮਾਮਈ ਬਣਾ!”
ਫ਼ਿਰ ਸਵਰਗਾਂ ਤੋਂ ਇੱਕ ਆਵਾਜ਼ ਆਈ, “ਮੈਂ ਮੇਰੇ ਨਾਮ ਨੂੰ ਮਹਿਮਾਮਈ ਬਣਾਇਆ ਅਤੇ ਮੈਂ ਫ਼ਿਰ ਇਸ ਨੂੰ ਮਹਿਮਾਮਈ ਬਣਾਵਾਂਗਾ।”
29 ਜਿਹੜੇ ਲੋਕ ਉੱਥੇ ਖੜ੍ਹੇ ਸਨ ਉਨ੍ਹਾਂ ਨੇ ਇਹ ਅਵਾਜ਼ ਸੁਣੀ। ਉਨ੍ਹਾਂ ਨੇ ਆਖਿਆ, “ਜੋ ਬੱਦਲ ਗਜਿਆ ਹੈ।”
ਪਰ ਕੁਝ ਲੋਕਾਂ ਨੇ ਆਖਿਆ, “ਇੱਕ ਦੂਤ ਨੇ ਉਸ ਨਾਲ ਗੱਲ ਕੀਤੀ ਹੈ।”
30 ਯਿਸੂ ਨੇ ਲੋਕਾਂ ਨੂੰ ਕਿਹਾ, “ਇਹ ਅਵਾਜ਼ ਮੇਰੀ ਖਾਤਰ ਨਹੀਂ ਆਈ, ਸਗੋਂ ਤੁਹਾਡੀ ਖਾਤਰ ਆਈ ਹੈ।
31 ਹੁਣ ਦੁਨੀਆਂ ਦੇ ਨਿਆਂ ਦਾ ਸਮਾਂ ਆ ਗਿਆ ਹੈ। ਹੁਣ ਇਸ ਦੁਨੀਆਂ ਦਾ ਹਾਕਮ ਬਾਹਰ ਸੁੱਟਿਆ ਜਾਵੇਗਾ।
32 ਮੈਂ ਵੀ ਇਸ ਜਗਤ ਤੋਂ ਸਵਰਗ ਨੂੰ ਚੁੱਕਿਆ ਜਾਵਾਂਗਾ ਅਤੇ ਜਦੋਂ ਇਉਂ ਵਾਪਰੇਗਾ ਤਾਂ ਸਾਰੇ ਲੋਕਾਂ ਨੂੰ ਉੱਪਰ ਆਪਣੇ ਵੱਲ ਖਿੱਚਾਂਗਾ।”
33 ਇਹ ਆਖਕੇ, ਯਿਸੂ ਸੂਚਿਤ ਕਰ ਰਿਹਾ ਸੀ ਕਿ ਉਹ ਕਿਸ ਤਰ੍ਹਾਂ ਦੀ ਮੌਤ ਮਰੇਗਾ।
34 ਲੋਕਾਂ ਨੇ ਕਿਹਾ, “ਸਾਡੀ ਸ਼ਰ੍ਹਾ ਤਾਂ ਆਖਦੀ ਹੈ ਕਿ ਮਸੀਹ ਹਮੇਸ਼ਾ ਜੀਵੇਗਾ ਤਾਂ ਫ਼ਿਰ ਤੂੰ ਇਹ ਕਿਉਂ ਆਖਦਾ ਹੈ, ਕਿ ‘ਮਨੁੱਖ ਦਾ ਪੁੱਤਰ ਜ਼ਰੂਰ ਉੱਪਰ ਉੱਠਾਇਆ ਜਾਵੇਗਾ? ਇਹ ‘ਮਨੁੱਖ ਦਾ ਪੁੱਤਰ’ ਕੌਣ ਹੈ?”
35 ਤੱਦ ਯਿਸੂ ਨੇ ਕਿਹਾ, “ਚਾਨਣ ਸਿਰਫ਼ ਕੁਝ ਹੀ ਪਲਾ ਲਈ ਤੁਹਾਡੇ ਨਾਲ ਹੋਵੇਗਾ, ਇਸ ਲਈ ਰੌਸ਼ਨੀ ਵਿੱਚ ਤੁਰੋ, ਤੱਦ ਹੇਨਰਾ ਤੁਹਾਨੂੰ ਨਹੀਂ ਘੇਰੇਗਾ। ਜਿਹੜਾ ਮਨੁਖ ਹਨੇਰੇ ਵਿੱਚ ਚੱਲਦਾ ਉਸ ਨੂੰ ਨਹੀਂ ਪਤਾ ਹੁੰਦਾ ਕਿ ਉਹ ਕਿੱਥੇ ਚੱਲ ਰਿਹਾ ਹੈ।
36 ਇਸ ਲਈ ਜਦੋਂ ਚਾਨਣ ਤੁਹਾਡੇ ਕੋਲ ਹੈ ਚਾਨਣ ਵਿੱਚ ਵਿਸ਼ਵਾਸ ਕਰੋ। ਤਾਂ ਜੋ ਤੁਸੀਂ ਚਾਨਣ ਦੇ ਪੁੱਤਰ ਹੋਵੋਂ।” ਇਹ ਸਭ ਕਹਿਣ ਤੋਂ ਬਾਦ ਯਿਸੂ ਅਜਿਹੀ ਜਗ਼੍ਹਾ ਉੱਤੇ ਚੱਲਾ ਗਿਆ ਜਿੱਥੇ ਲੋਕ ਉਸ ਨੂੰ ਨਾ ਲੱਭ ਸੱਕਣ।
ਯਹੂਦੀਆਂ ਨੇ ਯਿਸੂ ਨੂੰ ਮੰਨਣ ਤੋਂ ਇਨਕਾਰ ਕੀਤਾ
37 ਯਿਸੂ ਨੇ ਲੋਕਾਂ ਸਾਹਮਣੇ ਬਹੁਤ ਸਾਰੇ ਕਰਿਸ਼ਮੇ ਕੀਤੇ। ਲੋਕਾਂ ਨੇ ਇਹ ਸਭ ਆਪਣੀ ਅੱਖੀਂ ਵੇਖਿਆ ਪਰ ਫ਼ਿਰ ਵੀ ਉਨ੍ਹਾਂ ਨੇ ਉਸ ਉੱਪਰ ਨਿਹਚਾ ਨਹੀਂ ਕੀਤੀ।
38 ਇਹ ਤਾਂ ਹੋਇਆ ਜੋ ਨਬੀ ਯਸਾਯਾਹ ਦੀ ਭਵਿੱਖਬਾਣੀ ਸੱਚੀ ਹੋ ਸੱਕੇ:
“ਹੇ ਪ੍ਰਭੂ ਸਾਡੇ ਸੰਦੇਸ਼ ਦਾ ਕਿਸਨੇ ਵਿਸ਼ਵਾਸ ਕੀਤਾ?
ਪ੍ਰਭੂ ਦੀ ਸ਼ਕਤੀ ਕਿਸਨੇ ਵੇਖੀ?” ਯਸਾਯਾਹ 53:1
39 ਕਿਸੇ ਕਾਰਣ ਲੋਕ ਵਿਸ਼ਵਾਸ ਨਾ ਕਰ ਸੱਕੇ। ਜਿਵੇਂ ਕਿ ਯਸਾਯਾਹ ਇੱਕ ਹੋਰ ਮਿਸਾਲ ਵਿੱਚ ਆਖਦਾ ਹੈ,
40 “ਪਰਮੇਸ਼ੁਰ ਨੇ ਉਨ੍ਹਾਂ ਦੀਆਂ ਅੱਖਾਂ ਅੰਨ੍ਹੀਆਂ
ਕਰ ਦਿੱਤੀਆਂ ਅਤੇ ਉਨ੍ਹਾਂ ਦੇ ਦਿਲ ਕਠੋਰ ਕਰ ਦਿੱਤੇ।
ਤਾਂ ਜੋ ਨਾ ਉਹ ਆਪਣੀਆਂ ਅੱਖਾਂ ਨਾਲ ਵੇਖ ਸੱਕਣ,
ਨਾ ਦਿਮਾਗ ਨਾਲ ਸਮਝ ਸੱਕਣ
ਅਤੇ ਮੇਰੇ ਕੋਲ ਫ਼ਿਰ ਆਉਣ ਤਾਂ ਜੋ ਮੈਂ ਉਨ੍ਹਾਂ ਨੂੰ ਠੀਕ ਕਰ ਸੱਕਾਂ।” ਯਸਾਯਾਹ 6:10
41 ਯਸਾਯਾਹ ਨੇ ਇਹ ਇਸ ਲਈ ਆਖਿਆ ਕਿਉਂਕਿ ਉਸ ਨੇ ਉਸ ਦੀ ਮਹਿਮਾ ਵੇਖੀ ਸੀ। ਇਸ ਲਈ ਉਸ ਨੇ ਉਸ ਬਾਰੇ ਇਹ ਕਿਹਾ।
42 ਪਰ ਬਹੁਤ ਸਾਰੇ ਲੋਕਾਂ ਨੇ ਯਿਸੂ ਵਿੱਚ ਵਿਸ਼ਵਾਸ ਕੀਤਾ, ਅਤੇ ਉਨ੍ਹਾਂ ਵਿੱਚੋਂ ਕਈ ਆਗੂ ਸਨ। ਪਰ ਕਿਉਂ ਜੋ ਉਹ ਫ਼ਰੀਸੀਆਂ ਕੋਲੋਂ ਡਰਦੇ ਸਨ ਉਨ੍ਹਾਂ ਨੇ ਖੁਲ੍ਹ ਕੇ ਨਾ ਆਖਿਆ ਕਿ ਉਹ ਯਿਸੂ ਵਿੱਚ ਨਿਹਚਾ ਰੱਖਦੇ ਹਨ। ਉਨ੍ਹਾਂ ਨੂੰ ਇਹ ਡਰ ਸੀ ਕਿ ਉਹ ਪ੍ਰਾਰਥਨਾ ਸਥਾਨਾਂ ਤੋਂ ਕੱਢ ਦਿੱਤੇ ਜਾਣਗੇ।
43 ਇਨ੍ਹਾਂ ਲੋਕਾਂ ਨੇ ਪਰਮੇਸ਼ੁਰ ਦੀ ਉਸਤਤਿ ਨਾਲੋਂ ਵੱਧ ਲੋਕਾਂ ਦੀ ਉਸਤਤਿ ਨੂੰ ਪਿਆਰ ਕੀਤਾ।
ਯਿਸੂ ਦੇ ਉਪਦੇਸ਼ਾਂ ਦੇ ਆਧਾਰ ਤੇ ਨਿਆਂ
44 ਤੱਦ ਯਿਸੂ ਨੇ ਉੱਚੀ ਆਵਾਜ਼ ਵਿੱਚ ਕਿਹਾ, “ਜੋ ਵਿਅਕਤੀ ਮੇਰੇ ਵਿੱਚ ਨਿਹਚਾ ਰੱਖਦਾ ਹੈ ਅਸਲ ਵਿੱਚ ਉਹ ਮੇਰੇ ਵਿੱਚ ਨਹੀਂ ਸਗੋਂ ਉਸ ਇੱਕ ਵਿੱਚ ਨਿਹਚਾ ਰੱਖਦਾ ਹੈ ਜਿਸਨੇ ਮੈਨੂੰ ਭੇਜਿਆ ਹੈ।
45 ਜੋ ਵਿਅਕਤੀ ਮੈਨੂੰ ਵਾਸਤਵਿਕ ਤੌਰ ਤੇ ਵੇਖਦਾ ਉਹ ਉਸ ਨੂੰ ਵੇਖਦਾ ਹੈ ਜਿਸਨੇ ਮੈਨੂੰ ਭੇਜਿਆ ਹੈ।
46 ਮੈਂ ਚਾਨਣ ਹਾਂ ਅਤੇ ਮੈਂ ਇਸ ਦੁਨੀਆਂ ਉੱਤੇ ਆਇਆ ਤਾਂ ਜੋ ਉਹ ਵਿਅਕਤੀ ਜਿਹੜਾ ਮੇਰੇ ਵਿੱਚ ਨਿਹਚਾ ਰੱਖਦਾ, ਹਨੇਰੇ ਵਿੱਚ ਨਾ ਰਹੇ।
47 “ਮੈਂ ਇਸ ਦੁਨੀਆਂ ਵਿੱਚ ਲੋਕਾਂ ਦਾ ਨਿਆਂ ਕਰਨ ਨਹੀਂ ਆਇਆ, ਸਗੋਂ ਲੋਕਾਂ ਨੂੰ ਬਚਾਉਣ ਲਈ ਆਇਆ ਹਾਂ। ਇਸ ਲਈ ਮੈਂ ਉਹ ਨਹੀਂ ਹਾਂ ਜੋ ਲੋਕਾਂ ਦਾ ਨਿਆਂ ਕਰਦਾ ਹੈ ਜੋ ਮੇਰੀਆਂ ਸਿੱਖਿਆਵਾਂ ਸੁਣਦੇ ਹਨ ਅਤੇ ਇਸ ਨੂੰ ਨਹੀਂ ਮੰਨਦੇ।
48 ਉਸ ਵਾਸਤੇ ਵੀ ਇੱਕ ਮੁਨਸਫ਼ ਹੈ ਜੋ ਮੇਰੇ ਵਿੱਚ ਵਿਸ਼ਵਾਸ ਕਰਨ ਤੋਂ ਇਨਕਾਰ ਕਰਦਾ ਹੈ ਅਤੇ ਜੋ ਗੱਲਾਂ ਮੈਂ ਆਖਦਾ ਹਾਂ ਉਨ੍ਹਾਂ ਨੂੰ ਨਹੀਂ ਕਬੂਲਦਾ। ਜਿਹੜਾ ਸੰਦੇਸ਼ ਮੈਂ ਦਿੱਤਾ ਅੰਤਲੇ ਦਿਨ ਉੱਤੇ ਉਸਦਾ ਨਿਆਂ ਕਰੇਗਾ।
49 ਕਿਉਂ ਕਿ ਮੈਂ ਆਪਣੇ ਮਨੋਂ ਉਪਦੇਸ਼ ਨਹੀਂ ਦਿੱਤਾ ਸਗੋਂ ਜਿਸ ਪਿਤਾ ਨੇ ਮੈਨੂੰ ਭੇਜਿਆ, ਉਸ ਨੇ ਮੈਨੂੰ ਹੁਕਮ ਦਿੱਤਾ ਕਿ ਮੈਨੂੰ ਕੀ ਕਹਿਣਾ ਚਾਹੀਦਾ ਅਤੇ ਕੀ ਸਿੱਖਾਉਣਾ ਚਾਹੀਦਾ।
50 ਅਤੇ ਮੈਂ ਜਾਣਦਾ ਹਾਂ ਕਿ ਪਰਮੇਸ਼ੁਰ ਦਾ ਹੁਕਮ ਸਦੀਪਕ ਜੀਵਨ ਲਿਆਉਂਦਾ ਹੈ। ਇਸੇ ਲਈ ਜੋ ਸਬਦ ਮੈਂ ਬੋਲਦਾ ਹਾਂ ਅਤੇ ਉਪਦੇਸ਼ ਦਿੰਦਾ ਹਾਂ ਉਹ ਉਹੀ ਹਨ ਜੋ ਪਿਤਾ ਨੇ ਮੈਨੂੰ ਬੋਲਣ ਲਈ ਕਿਹਾ ਹੈ।”