ਸਮਸੂਨ ਫ਼ਲਿਸਤੀਆਂ ਲਈ ਮੁਸ਼ਕਿਲਾਂ ਖੜੀਆਂ ਕਰਦਾ ਹੈ
15
1 ਕਣਕ ਦੀ ਵਾਢੀ ਵੇਲੇ ਸਮਸੂਨ ਆਪਣੀ ਪਤਨੀ ਨੂੰ ਮਿਲਣ ਲਈ ਗਿਆ। ਉਸ ਨੇ ਇੱਕ ਜਵਾਨ ਬੱਕਰਾ ਸੁਗਾਤ ਵਜੋਂ ਨਾਲ ਲੈ ਲਿਆ। ਉਸ ਨੇ ਆਖਿਆ, “ਮੈਂ ਆਪਣੀ ਪਤਨੀ ਦੇ ਕਮਰੇ ਵਿੱਚ ਜਾ ਰਿਹਾ ਹਾਂ।”
ਪਰ ਉਸਦਾ ਪਿਤਾ ਸਮਸੂਨ ਨੂੰ ਅੰਦਰ ਨਾ ਆਉਣ ਦੇਵੇ।
2 ਉਸ ਦੇ ਪਿਤਾ ਨੇ ਸਮਸੂਨ ਨੂੰ ਆਖਿਆ, “ਮੈਂ ਤਾਂ ਸੋਚਿਆ ਸੀ ਕਿ ਤੂੰ ਉਸ ਨੂੰ ਨਫ਼ਰਤ ਕਰਦਾ ਹੈਂ। ਇਸ ਲਈ ਮੈਂ ਉਸਦੀ ਸ਼ਾਦੀ ਤੇਰੇ ਸਭ ਤੋਂ ਚੰਗੇ ਆਦਮੀ ਨਾਲ ਹੀ ਕਰਨ ਦਿੱਤੀ ਹੈ। ਉਸਦੀ ਛੋਟੀ ਭੈਣ ਉਸ ਨਾਲੋਂ ਵੀ ਵੱਧੇਰੇ ਸੋਹਣੀ ਹੈ, ਤੂੰ ਉਸ ਨਾਲ ਵਿਆਹ ਕਰ ਸੱਕਦਾ ਹੈਂ।”
3 ਪਰ ਸਮਸੂਨ ਨੇ ਉਸ ਨੂੰ ਆਖਿਆ, “ਹੂਣ ਮੇਰੇ ਕੋਲ ਤੁਹਾਨੂੰ ਫ਼ਲਿਸਤੀ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਦਾ ਚੰਗਾ ਕਾਰਣ ਹੈ। ਹੁਣ ਕੋਈ ਵੀ ਮੈਨੂੰ ਕਸੂਰਵਾਰ ਨਹੀਂ ਠਹਿਰਾਵੇਗਾ।”
4 ਇਸ ਲਈ ਸਮਸੂਨ ਬਾਹਰ ਗਿਆ ਅਤੇ 300 ਲੂੰਮੜੀਆਂ ਫ਼ੜ ਲਿਆਇਆ? ਉਸ ਨੇ ਦੋ-ਦੋ ਲੂੰਮੜੀਆਂ ਲਈਆਂ ਅਤੇ ਉਨ੍ਹਾਂ ਦੀਆਂ ਪੂਛਾਂ ਬੰਨ੍ਹਕੇ ਜੋੜੇ ਬਣਾ ਦਿੱਤੇ। ਫ਼ੇਰ ਉਸ ਨੇ ਲੂੰਮੜੀਆਂ ਦੇ ਹਰ ਜੋੜੇ ਦੀਆਂ ਪੂਛਾਂ ਦੇ ਵਿਚਕਾਰ ਇੱਕ-ਇੱਕ ਮਸ਼ਾਲ ਬੰਨ੍ਹ ਦਿੱਤੀ।
5 ਸਮਸੂਨ ਨੇ ਉਹ ਮਸ਼ਾਲਾਂ ਬਾਲ ਦਿੱਤੀਆਂ ਜਿਹੜੀਆਂ ਉਸ ਨੇ ਲੂੰਮੜੀਆਂ ਦੀਆਂ ਪੂਛਾਂ ਵਿੱਚਕਾਰ ਬੰਨ੍ਹੀਆਂ ਸਨ। ਫ਼ੇਰ ਉਸ ਨੇ ਲੂੰਮੜੀਆਂ ਨੂੰ ਫ਼ਲਿਸਤੀਆਂ ਦੇ ਕਣਕ ਦੇ ਖੇਤਾਂ ਵਿੱਚ ਭੱਜਣ ਲਈ ਛੱਡ ਦਿੱਤਾ। ਇੰਝ ਉਸ ਨੇ ਉਨ੍ਹਾਂ ਦੇ ਖੇਤਾਂ ਵਿੱਚ ਉੱਗੇ ਬੂਟਿਆਂ, ਅਤੇ ਕੱਟੇ ਹੋਏ ਅਨਾਜ ਦੀਆਂ ਢੇਰੀਆਂ, ਉਨ੍ਹਾਂ ਦੇ ਅੰਗੂਰਾਂ ਦੇ ਬਾਗਾਂ ਅਤੇ ਜ਼ੈਤੂਨ ਦੇ ਬਗੀਚਿਆਂ ਨੂੰ ਨਾਸ਼ ਕਰ ਦਿੱਤਾ।
6 ਫ਼ਲਿਸਤੀ ਲੋਕਾਂ ਨੇ ਪੁੱਛਿਆ, “ਇਹ ਕਿਸਨੇ ਕੀਤਾ ਹੈ?”
ਕਿਸਨੇ ਉਨ੍ਹਾਂ ਨੂੰ ਦੱਸਿਆ, “ਤਿਮਨਾਥ ਦੇ ਬੰਦੇ ਜਵਾਈ ਸਮਸੂਨ ਨੇ ਅਜਿਹਾ ਕੀਤਾ ਹੈ। ਉਸ ਨੇ ਅਜਿਹਾ ਇਸ ਲਈ ਕੀਤਾ ਹੈ ਕਿਉਂਕਿ ਉਸ ਦੇ ਸਹੁਰੇ ਨੇ ਸਮਸੂਨ ਦੀ ਪਤਨੀ ਵਿਆਹ ਵੇਲੇ ਦੇ ਸਰਬਾਲ੍ਹੇ ਨੂੰ ਦੇ ਦਿੱਤੀ।” ਇਸ ਲਈ ਫ਼ਲਿਸਤੀ ਲੋਕਾਂ ਨੇ ਸਮਸੂਨ ਦੀ ਪਤਨੀ ਅਤੇ ਉਸ ਦੇ ਪਿਤਾ ਨੂੰ ਅੱਗ ਲਾਕੇ ਸਾੜ ਦਿੱਤਾ।
7 ਫ਼ੇਰ ਸਮਸੂਨ ਨੇ ਫ਼ਲਿਸਤੀ ਲੋਕਾਂ ਨੂੰ ਆਖਿਆ, “ਤੁਸੀਂ ਮੇਰੇ ਨਾਲ ਇਹ ਬੁਰਾ ਸਲੂਕ ਕੀਤਾ ਹੈ। ਇਸ ਲਈ ਹੁਣ ਮੈਂ ਵੀ ਤੁਹਾਡੇ ਨਾਲ ਬੁਰਾ ਸਲੂਕ ਕਰਾਂਗਾ। ਤਾਂ ਮੇਰਾ ਤੁਹਾਡੇ ਨਾਲ ਹਿਸਾਬ ਬਰਾਬਰ ਹੋਵੇਗਾ।”
8 ਤਾਂ ਸਮਸੂਨ ਨੇ ਫ਼ਲਿਸਤੀ ਲੋਕਾਂ ਉੱਤੇ ਹਮਲਾ ਕਰ ਦਿੱਤਾ। ਉਸ ਨੇ ਉਨ੍ਹਾਂ ਵਿੱਚੋਂ ਬਹੁਤ ਸਾਰੇ ਬੰਦੇ ਮਾਰ ਦਿੱਤੇ। ਫ਼ੇਰ ਉਹ ਚੱਲਿਆ ਗਿਆ ਅਤੇ ਇੱਕ ਗੁਫ਼ਾ ਵਿੱਚ ਰਹਿਣ ਲੱਗਾ। ਉਹ ਗੁਫ਼ਾ ਏਟਾਮ ਦੀ ਚੱਟਾਨ ਨਾਮ ਦੇ ਸਥਾਨ ਉੱਤੇ ਸੀ।
9 ਫ਼ੇਰ ਫ਼ਲਿਸਤੀ ਲੋਕ ਯਹੂਦਾਹ ਦੀ ਧਰਤੀ ਉੱਤੇ ਗਏ। ਉਹ ਲੇਹੀ ਨਾਮ ਦੇ ਇੱਕ ਸਥਾਨ ਉੱਤੇ ਰੁਕ ਗਏ। ਉਨ੍ਹਾਂ ਦੀ ਫ਼ੌਜ ਨੇ ਉੱਥੇ ਡੇਰਾ ਲਾ ਲਿਆ (ਅਤੇ ਜੰਗ ਦੀ ਤਿਆਰੀ ਕਰਨ ਲੱਗੀ।)
10 ਯਹੂਦਾਹ ਦੇ ਪਰਿਵਾਰ-ਸਮੂਹ ਦੇ ਆਦਮੀਆਂ ਨੇ ਉਨ੍ਹਾਂ ਨੂੰ ਪੁੱਛਿਆ, “ਤੁਸੀਂ ਫ਼ਲਿਸਤੀ ਲੋਕ ਇੱਥੇ ਸਾਡੇ ਨਾਲ ਲੜਨ ਲਈ ਕਿਉਂ ਆਏ ਹੋ?”
ਉਸ ਨੇ ਜਵਾਬ ਦਿੱਤਾ, “ਅਸੀਂ ਸਮਸੂਨ ਨੂੰ ਫ਼ੜਨ ਆਏ ਹਾਂ। ਅਸੀਂ ਉਸ ਨੂੰ ਆਪਣਾ ਕੈਦੀ ਬਨਾਉਣਾ ਚਾਹੁੰਦੇ ਹਾਂ। ਅਸੀਂ ਉਸ ਨੂੰ ਉਨ੍ਹਾਂ ਗੱਲਾਂ ਦੀ ਸਜ਼ਾ ਦੇਣੀ ਚਾਹੁੰਦੇ ਹਾਂ ਜਿਹੜੀਆਂ ਉਸ ਨੇ ਸਾਡੇ ਲੋਕਾਂ ਨਾਲ ਕੀਤੀਆਂ ਹਨ।”
11 ਫ਼ੇਰ ਯਹੂਦਾਹ ਦੇ ਪਰਿਵਾਰ-ਸਮੂਹ ਦੇ 3,000 ਆਦਮੀ ਸਮਸੂਨ ਕੋਲ ਗਏ। ਉਹ ਏਟਾਮ ਦੀ ਚੱਟਾਨ ਨੇੜੇ ਦੀ ਗੁਫ਼ਾ ਕੋਲ ਗਏ। ਉਨ੍ਹਾਂ ਨੇ ਉਸ ਨੂੰ ਆਖਿਆ, “ਤੂੰ ਸਾਡੇ ਨਾਲ ਕੀ ਕੀਤਾ ਹੈ? ਕੀ ਤੈਨੂੰ ਨਹੀਂ ਪਤਾ ਕਿ ਫ਼ਲਿਸਤੀ ਲੋਕ ਸਾਡੇ ਉੱਤੇ ਹਕੂਮਤ ਕਰਦੇ ਹਨ?”
ਸਮਸੂਨ ਨੇ ਜਵਾਬ ਦਿੱਤਾ, “ਮੈਂ ਸਿਰਫ਼ ਉਨ੍ਹਾਂ ਨੂੰ ਉਨ੍ਹਾਂ ਦੇ ਕੰਮਾਂ ਲਈ ਸਜ਼ਾ ਦਿੱਤੀ ਹੈ ਜਿਹੜੇ ਉਨ੍ਹਾਂ ਨੇ ਮੇਰੇ ਨਾਲ ਕੀਤੇ ਹਨ।”
12 ਫ਼ੇਰ ਉਨ੍ਹਾਂ ਨੇ ਸਮਸੂਨ ਨੂੰ ਆਖਿਆ, “ਅਸੀਂ ਤੈਨੂੰ ਬੰਨ੍ਹਣ ਲਈ ਆਏ ਹਾਂ। ਅਸੀਂ ਤੈਨੂੰ ਫ਼ਲਿਸਤੀ ਲੋਕਾਂ ਦੇ ਹਵਾਲੇ ਕਰ ਦਿਆਂਗੇ।”
ਸਮਸੂਨ ਨੇ ਯਹੂਦਾਹ ਦੇ ਬੰਦਿਆਂ ਨੂੰ ਆਖਿਆ, “ਇਕਰਾਰ ਕਰੋ ਕਿ ਤੁਸੀਂ ਖੁਦ ਮੈਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਗੇ।”
13 ਫ਼ੇਰ ਯਹੂਦਾਹ ਦੇ ਬੰਦਿਆਂ ਨੇ ਆਖਿਆ, “ਸਾਨੂੰ ਮਨਜ਼ੂਰ ਹੈ। ਅਸੀਂ ਬਸ ਤੈਨੂੰ ਬੰਨ੍ਹਾਂਗੇ ਅਤੇ ਤੈਨੂੰ ਫ਼ਲਿਸਤੀ ਲੋਕਾਂ ਦੇ ਹਵਾਲੇ ਕਰ ਦਿਆਂਗੇ। ਅਸੀਂ ਇਕਰਾਰ ਕਰਦੇ ਹਾਂ ਕਿ ਅਸੀਂ ਤੈਨੂੰ ਨਹੀਂ ਮਾਰਾਂਗੇ।” ਇਸ ਲਈ ਉਨ੍ਹਾਂ ਨੇ ਸਮਸੂਨ ਨੂੰ ਦੋ ਨਵੇਂ ਰੱਸਿਆਂ ਨਾਲ ਬੰਨ੍ਹ ਦਿੱਤਾ। ਉਹ ਉਸ ਨੂੰ ਗੁਫ਼ਾ ਵਿੱਚੋਂ ਬਾਹਰ ਲੈ ਆਏ।
14 ਜਦੋਂ ਸਮਸੂਨ ਲਹੀ ਨਾਮ ਦੇ ਸਥਾਨ ਉੱਤੇ ਅੱਪੜਿਆ, ਫ਼ਲਿਸਤੀ ਲੋਕ ਉਸ ਨੂੰ ਮਿਲਣ ਲਈ ਆਏ। ਉਹ ਖੁਸ਼ੀ ਨਾਲ ਚੀਕਾਂ ਮਾਰ ਰਹੇ ਸਨ। ਫ਼ੇਰ ਯਹੋਵਾਹ ਆਤਮਾ ਵੱਡੀ ਤਾਕਤ ਨਾਲ ਸਮਸੂਨ ਵਿੱਚ ਆ ਗਿਆ। ਸਮਸੂਨ ਨੇ ਰੱਸੇ ਤੋੜ ਦਿੱਤੇ। ਰੱਸੇ ਸੜੀਆਂ ਹੋਈਆਂ ਕਮਜ਼ੋਰ ਰਸੀਆਂ ਵਰਗੇ ਜਾਪਦੇ ਸਨ। ਰੱਸੇ ਉਸ ਦੇ ਬਾਜੂਆਂ ਤੋਂ ਇਸ ਤਰ੍ਹਾਂ ਡਿੱਗ ਪਏ ਜਿਵੇਂ ਉਹ ਪਿਘਲ ਗਏ ਹੋਣ।
15 ਸਮਸੂਨ ਨੂੰ ਇੱਕ ਮਰੇ ਹੋਏ ਖੋਤੇ ਦਾ ਜਬੜਾ ਮਿਲ ਗਿਆ। ਉਸ ਨੇ ਜਬੜੇ ਦੀ ਹੱਡੀ ਫ਼ੜੀ ਅਤੇ 1,000 ਫ਼ਲਿਸਤੀ ਲੋਕਾਂ ਨੂੰ ਇਸਦੇ ਨਾਲ ਮਾਰ ਦਿੱਤਾ।
16 ਫ਼ੇਰ ਸਮਸੂਨ ਨੇ ਆਖਿਆ,
“ਇੱਕ ਖੋਤੇ ਦੇ ਜਬੜੇ ਦੀ ਹੱਡੀ ਨਾਲ
ਮੈਂ 1,000 ਬੰਦਿਆਂ ਨੂੰ ਮਾਰ ਦਿੱਤਾ,
ਇੱਕ ਖੋਤੇ ਦੇ ਜਬੜੇ ਦੀ ਹੱਡੀ ਨਾਲ
ਮੈਂ ਉਨ੍ਹਾਂ ਦੀ ਇੱਕ ਵੱਡੀ ਢੇਰੀ ਲਾ ਦਿੱਤੀ ਹੈ।”
17 ਜਦੋਂ ਸਮਸੂਨ ਬੋਲ ਹਟਿਆ, ਉਸ ਨੇ ਜਬੜੇ ਦੀ ਹੱਡੀ ਹੇਠਾਂ ਸੁੱਟ ਦਿੱਤੀ। ਇਸ ਲਈ ਉਸਦਾ ਨਾਮ ਰਾਮਥ ਲਹੀ ਰੱਖਿਆ ਗਿਆ।
18 ਸਮਸੂਨ ਬਹੁਤ ਪਿਆਸਾ ਸੀ। ਇਸ ਲਈ ਉਸ ਨੇ ਯਹੋਵਾਹ ਅੱਗੇ ਪ੍ਰਾਰਥਨਾ ਕਿਤੀ। ਉਸ ਨੇ ਆਖਿਆ, “ਮੈਂ ਤੁਹਾਡਾ ਸੇਵਕ ਹਾਂ। ਤੁਸੀਂ ਮੈਨੂੰ ਇਹ ਮਹਾਨ ਜਿੱਤ ਬਖਸ਼ੀ ਹੈ। ਮਿਹਰ ਕਰਕੇ ਹੁਣ ਮੈਨੂੰ ਪਿਆਸਾ ਨਾ ਮਰਨ ਦਿਉ। ਮਿਹਰ ਕਰਕੇ ਮੈਨੂੰ ਉਨ੍ਹਾਂ ਲੋਕਾਂ ਦੇ ਹੱਥ ਨਾ ਪੈਣ ਦਿਉ ਜਿਨ੍ਹਾਂ ਦੀ ਸੁੰਨਤ ਵੀ ਨਹੀਂ ਹੋਈ!”
19 ਲਹੀ ਵਿਖੇ ਧਰਤੀ ਵਿੱਚ ਇੱਕ ਸੁਰਾਖ ਹੈ। ਪਰਮੇਸ਼ੁਰ ਨੇ ਉਸ ਸੁਰਾਖ ਨੂੰ ਪਾੜਕੇ ਖੋਲ੍ਹ ਦਿੱਤਾ, ਅਤੇ ਪਾਣੀ ਬਾਹਰ ਨਿਕਲ ਆਇਆ। ਸਮਸੂਨ ਨੇ ਪਾਣੀ ਪੀਤਾ ਅਤੇ ਬਿਹਤਰ ਮਹਿਸੂਸ ਕੀਤਾ। ਉਸ ਨੇ ਆਪਣੇ-ਆਪ ਨੂੰ ਫ਼ੇਰ ਸ਼ਕਤੀਸ਼ਾਲੀ ਮਹਿਸੂਸ ਕੀਤਾ। ਇਸ ਲਈ ਉਸ ਨੇ ਪਾਣੀ ਦੇ ਉਸ ਚਸ਼ਮੇ ਨੂੰ ਏਨ ਹੱਕੋਰੇ ਨਾਮ ਦਿੱਤਾ। ਉਹ ਹਾਲੇ ਵੀ ਲਹੀ ਦੇ ਸ਼ਹਿਰ ਵਿੱਚ ਹੈ।
20 ਇਸ ਲਈ ਸਮਸੂਨ ਇਸਰਾਏਲ ਦੇ ਲੋਕਾਂ ਦਾ 20 ਸਾਲ ਤੱਕ ਨਿਆਂਕਾਰ ਰਿਹਾ। ਇਹ ਗੱਲ ਫ਼ਲਿਸਤੀਨ ਲੋਕਾਂ ਦੇ ਵੇਲੇ ਦੀ ਹੈ।