ਯੂਹੰਨਾ ਦੀ ਪਹਿਲੀ ਪੱਤ੍ਰੀ
1
1 ਹੁਣ ਅਸੀਂ ਤੁਹਾਨੂੰ ਉਸ ਬਾਰੇ ਕੁਝ ਦੱਸਦੇ ਹਾਂ ਜੋ ਮੁੱਢ ਤੋਂ ਹੀ ਮੌਜੂਦ ਸੀ। ਇਹ ਅਸੀਂ ਸੁਣਿਆ ਹੈ ਅਤੇ ਅਸੀਂ ਆਪਣੀਆਂ ਅੱਖਾਂ ਨਾਲ ਦੇਖਿਆ ਹੈ। ਅਸੀਂ ਇਸ ਨੂੰ ਆਪਣੇ ਹੱਥਾਂ ਨਾਲ ਛੂਹਿਆ ਹੈ। ਅਸੀਂ ਤੁਹਾਨੂੰ ਉਸ ਵਚਨ ਬਾਰੇ ਦੱਸਦੇ ਹਾਂ ਜਿਹੜਾ ਜੀਵਨ ਪ੍ਰਦਾਨ ਕਰਦਾ ਹੈ।
2 ਜਿਹੜਾ ਜੀਵਨ ਸਾਨੂੰ ਦਰਸਾਇਆ ਗਿਆ। ਅਸੀਂ ਇਸ ਨੂੰ ਦੇਖਿਆ ਅਸੀਂ ਇਸ ਬਾਰੇ ਗਵਾਹ ਹਾਂ। ਹੁਣ ਅਸੀਂ ਤੁਹਾਨੂੰ ਇਸ ਜੀਵਨ ਬਾਰੇ ਦੱਸਦੇ ਹਾਂ। ਇਹ ਜੀਵਨ ਸਦੀਪਕ ਹੈ। ਇਹ ਜੀਵਨ ਪਰਮੇਸ਼ੁਰ ਪਿਤਾ ਦੇ ਨਾਲ ਸੀ। ਪਰਮੇਸ਼ੁਰ ਨੇ ਇਹ ਜੀਵਨ ਸਾਨੂੰ ਦਰਸ਼ਾਇਆ।
3 ਹੁਣ ਅਸੀਂ ਤੁਹਾਨੂੰ ਉਹ ਗੱਲਾਂ ਦੱਸਦੇ ਹਾਂ ਜਿਨ੍ਹਾਂ ਨੂੰ ਅਸੀਂ ਦੇਖਿਆ ਤੇ ਸੁਣਿਆ। ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਡੇ ਨਾਲ ਸੰਗਤ ਵਿੱਚ ਸ਼ਰੀਕ ਹੋਵੋ। ਜਿਹੜੀ ਸੰਗਤ ਵਿੱਚ ਅਸੀਂ ਸਾਂਝ ਰੱਖਦੇ ਹਾਂ ਉਹ ਪਰਮੇਸ਼ੁਰ ਪਿਤਾ ਅਤੇ ਉਸ ਦੇ ਪੁੱਤਰ ਯਿਸੂ ਮਸੀਹ ਦੇ ਨਾਲ ਹੈ।
4 ਅਸੀਂ ਤੁਹਾਨੂੰ ਇਹ ਗੱਲਾਂ ਤੁਹਾਡੇ ਆਨੰਦ ਨੂੰ ਸਾਡੇ ਨਾਲ ਪੂਰਾ ਕਰਨ ਲਈ ਲਿਖ ਰਹੇ ਹਾਂ।
ਪਰਮੇਸ਼ੁਰ ਸਾਡੇ ਪਾਪਾਂ ਨੂੰ ਮਾਫ਼ ਕਰਦਾ ਹੈ
5 ਅਸਾਂ ਸੱਚਾ ਉਪਦੇਸ਼ ਪਰਮੇਸ਼ੁਰ ਪਾਸੋਂ ਸੁਣਿਆ ਹੈ। ਹੁਣ ਅਸੀਂ ਇਹ ਤੁਹਾਨੂੰ ਦੱਸਦੇ ਹਾਂ; ਪਰਮੇਸ਼ੁਰ ਰੌਸ਼ਨੀ ਹੈ। ਪਰਮੇਸ਼ੁਰ ਵਿੱਚ ਕੋਈ ਅੰਧਕਾਰ ਨਹੀਂ ਹੈ।
6 ਇਸ ਲਈ ਜੇ ਅਸੀਂ ਆਖਦੇ ਹਾਂ ਕਿ ਅਸੀਂ ਪਰਮੇਸ਼ੁਰ ਨਾਲ ਸੰਗਤ ਰੱਖਦੇ ਹਾਂ, ਪਰ ਅਸੀਂ ਅੰਧਕਾਰ ਵਿੱਚ ਜਿਉਣਾ ਜਾਰੀ ਰੱਖਦੇ ਹਾਂ, ਤਾਂ ਅਸੀਂ ਝੂਠੇ ਹਾਂ ਅਸੀਂ ਸੱਚ ਨਹੀਂ ਬੋਲਦੇ।
7 ਪਰਮੇਸ਼ੁਰ ਰੌਸ਼ਨੀ ਹੈ। ਸਾਨੂੰ ਵੀ ਰੌਸ਼ਨੀ ਵਿੱਚ ਰਹਿਣਾ ਚਾਹੀਦਾ ਹੈ। ਜੇ ਅਸੀਂ ਰੌਸ਼ਨੀ ਵਿੱਚ ਰਹਾਂਗੇ, ਤਾਂ ਅਸੀਂ ਇੱਕ ਦੂਸਰੇ ਨਾਲ ਸੰਗਤ ਰੱਖਦੇ ਹਾਂ, ਜੇ ਅਸੀਂ ਰੌਸ਼ਨੀ ਵਿੱਚ ਰਹਿੰਦੇ ਹਾਂ। ਯਿਸੂ ਦਾ ਖੂਨ ਸਾਨੂੰ ਹਰ ਪਾਪ ਤੋਂ ਪਾਕ ਕਰਦਾ ਹੈ।
8 ਜੇ ਅਸੀਂ ਆਖਦੇ ਹਾਂ ਕਿ ਸਾਡੇ ਵਿੱਚ ਕੋਈ ਪਾਪ ਨਹੀਂ ਹੈ, ਤਾਂ ਅਸੀਂ ਆਪਣੇ ਆਪ ਨੂੰ ਗੁਮਰਾਹ ਕਰ ਲੈਂਦੇ ਹਾਂ, ਅਤੇ ਸੱਚ ਸਾਡੇ ਵਿੱਚ ਨਹੀਂ ਹੈ।
9 ਪਰ ਜੇ ਅਸੀਂ ਆਪਣੇ ਪਾਪਾਂ ਦਾ ਇਕਰਾਰ ਕਰ ਲਈਏ, ਤਾਂ ਪਰਮੇਸ਼ੁਰ ਸਾਡੇ ਪਾਪ ਮੁਆਫ਼ ਕਰ ਦੇਵੇਗਾ। ਅਸੀਂ ਪਰਮੇਸ਼ੁਰ ਤੇ ਭਰੋਸਾ ਕਰ ਸੱਕਦੇ ਹਾਂ। ਉਹ ਓਹੀ ਕਰਦਾ ਹੈ ਜੋ ਸਹੀ ਹੈ। ਉਹ ਸਾਰੀਆਂ ਗਲਤ ਗੱਲਾਂ ਮੁਆਫ਼ ਕਰ ਦੇਵੇਗਾ ਜੋ ਅਸੀਂ ਕੀਤੀਆਂ ਹਨ।
10 ਜੇ ਅਸੀਂ ਆਖਦੇ ਹਾਂ ਕਿ ਅਸੀਂ ਪਾਪ ਨਹੀਂ ਕੀਤਾ ਤਾਂ ਅਸੀਂ ਪਰਮੇਸ਼ੁਰ ਨੂੰ ਝੂਠਾ ਸਿੱਧ ਕਰ ਰਹੇ ਹੋਵਾਂਗੇ। ਅਸੀਂ ਪਰਮੇਸ਼ੁਰ ਦੇ ਉਪਦੇਸ਼ ਦਾ ਅਨੁਸਰਣ ਨਹੀਂ ਕਰ ਰਹੇ।