ਬਾਬਲ ਦੇ ਸੰਦੇਸ਼ਵਾਹਕ
39
1 ਉਸ ਸਮੇਂ, ਬਾਲਦਾਨ ਦਾ ਪੁੱਤਰ ਮੇਰੋਦਾਚ ਬਾਲਦਾਨ ਬਾਬਲ ਦਾ ਰਾਜਾ ਸੀ। ਮੇਰੋਦਾਚ ਨੇ ਹਿਜ਼ਕੀਯਾਹ ਨੂੰ ਚਿੱਠੀਆਂ ਅਤੇ ਸੁਗਾਤਾਂ ਭੇਜੀਆਂ। ਮਰਦੋਕ ਨੇ ਅਜਿਹਾ ਇਸ ਲਈ ਕੀਤਾ ਸੀ ਕਿਉਂ ਕਿ ਉਸ ਨੇ ਹਿਜ਼ਕੀਯਾਹ ਦੀ ਬਿਮਾਰੀ ਬਾਰੇ ਸੁਣਿਆ ਸੀ।
2 ਇਨ੍ਹਾਂ ਗੱਲਾਂ ਨੇ ਹਿਜ਼ਕੀਯਾਹ ਨੂੰ ਬਹੁਤ ਪ੍ਰਸੰਨ ਕੀਤਾ, ਇਸ ਲਈ ਉਸ ਨੇ ਲੋਕਾਂ ਨੂੰ ਆਪਣੇ ਖਜ਼ਾਨੇ ਦੀਆਂ ਸਾਰੀਆਂ ਕੀਮਤੀ ਚੀਜ਼ਾਂ ਦਿਖਾਈਆਂ। ਉਸ ਨੇ ਉਨ੍ਹਾਂ ਨੂੰ ਚਾਂਦੀ, ਸੋਨਾ, ਮਸਾਲੇ, ਮਹਿੰਗੇ ਅਤਰ, ਅਤੇ ਯੁੱਧ ਵਿੱਚ ਵਰਤੀਆਂ ਜਾਣ ਵਾਲੀਆਂ ਤਲਵਾਰਾਂ, ਬਰਛੇ ਅਤੇ ਉਹ ਸਾਰਾ ਕੁਝ ਦਿਖਾਇਆ ਜੋ ਉਸ ਨੇ ਆਪਣੇ ਘਰ ਅਤੇ ਰਾਜ ਵਿੱਚ ਬਚਾ ਕੇ ਰੱਖਿਆ ਹੋਇਆ ਸੀ।
3 ਤਾਂ ਨਬੀ ਯਸਾਯਾਹ ਰਾਜੇ ਹਿਜ਼ਕੀਯਾਹ ਕੋਲ ਗਿਆ ਤੇ ਉਸ ਨੂੰ ਪੁੱਛਿਆ, “ਇਨ੍ਹਾਂ ਲੋਕਾਂ ਨੇ ਕੀ ਆਖਿਆ? ਇਹ ਕਿੱਥੋਂ ਆਏ ਸਨ?”
ਹਿਜ਼ਕੀਯਾਹ ਨੇ ਆਖਿਆ, “ਇਹ ਲੋਕ ਦੂਰ ਦੇਸੋਂ ਮੈਨੂੰ ਮਿਲਣ ਆਏ ਸਨ! ਇਹ ਬਾਬਲ ਵਿੱਚੋਂ ਆਏ ਸਨ!”
4 ਇਸ ਲਈ ਯਸਾਯਾਹ ਨੇ ਉਸ ਨੂੰ ਪੁੱਛਿਆ, “ਉੱਨ੍ਹਾਂ ਨੇ ਤੁਹਾਡੇ ਘਰ ਵਿੱਚ ਕੀ ਦੇਖਿਆ?”
ਹਿਜ਼ਕੀਯਾਹ ਨੇ ਆਖਿਆ, “ਉਨ੍ਹਾਂ ਨੇ ਮੇਰੇ ਮਹਿਲਾਂ ਦੀ ਹਰ ਚੀਜ਼ ਦੇਖੀ। ਮੈਂ ਉਨ੍ਹਾਂ ਨੂੰ ਆਪਣੀ ਸਾਰੀ ਦੌਲਤ ਦਿਖਾਈ।”
5 ਫ਼ੇਰ ਯਸਾਯਾਹ ਨੇ ਹਿਜ਼ਕੀਯਾਹ ਨੂੰ ਇਹ ਆਖਿਆ, “ਸਰਬ ਸ਼ਕਤੀਮਾਨ ਯਹੋਵਾਹ ਦੇ ਸ਼ਬਦਾਂ ਨੂੰ ਧਿਆਨ ਨਾਲ ਸੁਣੋ।
6 ‘ਉਹ ਸਮਾਂ ਆ ਰਿਹਾ ਹੈ ਜਦੋਂ ਤੇਰੇ ਘਰ ਵਿੱਚਲੀਆਂ ਸਾਰੀਆਂ ਚੀਜ਼ਾਂ ਅਤੇ ਤੇਰੇ ਪੁਰਖਿਆਂ ਦੀਆਂ ਬਚਾਈਆਂ ਹੋਈਆਂ ਸਾਰੀਆਂ ਚੀਜ਼ਾਂ ਬਾਬਲ ਨੂੰ ਲੈ ਜਾਈਆਂ ਜਾਣਗੀਆਂ। ਕੁਝ ਵੀ ਬਾਕੀ ਨਹੀਂ ਬਚੇਗਾ!’ ਸਰਬ ਸ਼ਕਤੀਮਾਨ ਯਹੋਵਾਹ ਨੇ ਇਹ ਆਖਿਆ ਸੀ।
7 ਬਾਬਲ ਦੇ ਲੋਕ ਤੇਰੇ ਆਪਣੇ ਪੁੱਤਰਾਂ ਨੂੰ ਲੈ ਜਾਣਗੇ। ਅਤੇ ਤੇਰੇ ਪੁੱਤਰ ਬਾਬਲ ਦੇ ਰਾਜੇ ਦੇ ਮਹਿਲਾਂ ਦੇ ਅਧਿਕਾਰੀ ਬਣ ਜਾਣਗੇ।”
8 ਹਿਜ਼ਕੀਯਾਹ ਨੇ ਯਸਾਯਾਹ ਨੂੰ ਆਖਿਆ, “ਯਹੋਵਾਹ ਦਾ ਇਹ ਸੰਦੇਸ਼ ਚੰਗਾ ਹੈ।” (ਹਿਜ਼ਕੀਯਾਹ ਨੇ ਅਜਿਹਾ ਇਸ ਲਈ ਆਖਿਆ ਕਿਉਂ ਕਿ ਉਸ ਨੇ ਸੋਚਿਆ, “ਜਿੰਨਾ ਚਿਰ ਮੈਂ ਰਾਜਾ ਹਾਂ ਇੱਥੇ ਅਸਲੀ ਅਮਨ ਅਤੇ ਸੁਰੱਖਿਆ ਰ੍ਰਹੇਗੀ।”)