ਯਸਾਯਾਹ
1
1 ਇਹ ਦਰਸ਼ਨ ਆਮੋਸ ਦੇ ਪੁੱਤਰ ਯਸਾਯਾਹ ਦਾ ਹੈ। ਪਰਮੇਸ਼ੁਰ ਨੇ ਯਸਾਯਾਹ ਨੂੰ ਉਹ ਗੱਲਾਂ ਦਰਸਾਈਆਂ ਜਿਹੜੀਆਂ ਯਹੂਦਾਹ ਅਤੇ ਯਰੂਸ਼ਲਮ ਨਾਲ ਵਾਪਰਨਗੀਆਂ। ਯਸਾਯਾਹ ਨੇ ਇਹ ਚੀਜ਼ਾਂ ਉਦੋਂ ਦੇਖੀਆਂ ਜਦੋਂ ਉਜ਼ੀਯ੍ਯਾਹ, ਯੋਬਾਮ, ਆਹਾਜ਼ ਅਤੇ ਹਿਜ਼ਕੀਯਾਹ ਯਹੂਦਾਹ ਦੇ ਰਾਜੇ ਸਨ।
ਪਰਮੇਸ਼ੁਰ ਦਾ ਆਪਣੇ ਲੋਕਾਂ ਦੇ ਖਿਲਾਫ਼ ਰੋਸ
2 ਹੇ ਅਕਾਸ਼ ਤੇ ਧਰਤੀ, ਯਹੋਵਾਹ ਦੀ ਗੱਲ ਧਿਆਨ ਨਾਲ ਸੁਣੋ! ਯਹੋਵਾਹ ਆਖਦਾ ਹੈ,
“ਮੈਂ ਆਪਣੇ ਬੱਚਿਆਂ ਨੂੰ ਪਾਲਿਆ ਮੈਂ ਉਨ੍ਹਾਂ ਦੀ ਵੱਧਣ ਫ਼ੁੱਲਣ ਵਿੱਚ ਸਹਾਇਤਾ ਕੀਤੀ।
ਪਰ ਮੇਰੇ ਬੱਚੇ ਮੇਰੇ ਹੀ ਖਿਲਾਫ਼ ਹੋ ਗਏ।
3 ਗਾਂ ਆਪਣੇ ਮਾਲਕ ਨੂੰ ਜਾਣਦੀ ਹੈ।
ਅਤੇ ਇੱਕ ਗਧਾ ਓਸ ਥਾਂ ਨੂੰ ਜਾਣਦਾ ਹੈ ਜਿੱਥੇ ਉਸਦਾ ਮਾਲਕ ਉਸ ਨੂੰ ਚਾਰਾ ਪਾਉਂਦਾ ਹੈ।
ਪਰ ਇਸਰਾਏਲ ਦੇ ਲੋਕ ਮੈਨੂੰ ਨਹੀਂ ਜਾਣਦੇ। ਮੇਰੇ ਬੰਦੇ ਸਮਝਦੇ ਨਹੀਂ।”
4 ਇਸਰਾਏਲ ਦੀ ਕੌਮ ਪਾਪ ਨਾਲ ਭਰੀ ਹੋਈ ਹੈ। ਇਹ ਪਾਪ ਉਸ ਭਾਰੇ ਵਜ਼ਨ ਵਰਗਾ ਹੈ ਜਿਹੜਾ ਲੋਕਾਂ ਨੂੰ ਚੁੱਕਣਾ ਪੈ ਰਿਹਾ ਹੈ। ਉਹ ਲੋਕ ਬੁਰੇ ਪਰਿਵਾਰਾਂ ਦੇ ਮੰਦੇ ਬੱਚਿਆਂ ਵ੍ਵਰਗੇ ਹਨ। ਉਨ੍ਹਾਂ ਨੇ ਯਹੋਵਾਹ ਨੂੰ ਛੱਡ ਦਿੱਤਾ। ਉਨ੍ਹਾਂ ਨੇ ਇਸਰਾਏਲ ਦੇ ਪਵਿੱਤਰ ਪੁਰੱਖ (ਪਰਮੇਸ਼ੁਰ) ਦਾ ਅਪਮਾਨ ਕੀਤਾ। ਉਨ੍ਹਾਂ ਨੇ ਉਸ ਨੂੰ ਤਿਆਗ ਦਿੱਤਾ ਅਤੇ ਉਸ ਦੇ ਨਾਲ ਅਜਨਬੀ ਵਰਗਾ ਵਰਤਾਓ ਕੀਤਾ।
5 ਪਰਮੇਸ਼ੁਰ ਆਖਦਾ ਹੈ, “ਮੈਂ ਕਿਉਂ ਤੁਹਾਨੂੰ ਸਜ਼ਾ ਦਿੰਦਾ ਰਹਾਂ? ਮੈਂ ਤੁਹਾਨੂੰ ਸਜ਼ਾ ਦਿੱਤੀ, ਪਰ ਤੁਸੀਂ ਨਹੀਂ ਬਦਲੇ। ਤੁਸੀਂ ਮੇਰੇ ਖਿਲਾਫ਼ ਬਗਾਵਤ ਜਾਰੀ ਰੱਖੀ ਹੋਈ ਹੈ। ਹੁਣ ਹਰ ਸਿਰ ਅਤੇ ਹਰ ਦਿਲ ਬਿਮਾਰ ਹੈ।
6 ਸਿਰ ਤੋਂ ਪੈਰਾਂ ਤੀਕ ਤੁਹਾਡੇ ਸ਼ਰੀਰ ਉੱਤੇ ਜ਼ਖਮ ਅਤੇ ਫ਼ੋੜੇ ਹਨ। ਤੁਸੀਂ ਆਪਣੇ ਫ਼ੋੜਿਆਂ ਦਾ ਇਲਾਜ ਨਹੀਂ ਕੀਤਾ। ਤੁਹਾਡੇ ਜ਼ਖਮਾਂ ਦੀ ਸਫ਼ਾਈ ਅਤੇ ਮਰਹਮ ਪੱਟੀ ਨਹੀਂ ਹੋਈ।
7 “ਤੁਹਾਡੀ ਜ਼ਮੀਨ ਬਰਬਾਦ ਹੋ ਗਈ ਹੈ। ਤੁਹਾਡੇ ਸ਼ਹਿਰ ਅੱਗ ਨਾਲ ਸਾੜੇ ਗਏ ਹਨ। ਤੁਹਾਡੇ ਦੁਸ਼ਮਣਾਂ ਨੇ ਤੁਹਾਡੀ ਧਰਤੀ ਉੱਤੇ ਕਬਜ਼ਾ ਕਰ ਲਿਆ ਹੈ। ਤੁਹਾਡੀ ਧਰਤੀ ਉਸ ਤਰ੍ਹਾਂ ਤਬਾਹ ਹੋ ਗਈ ਹੈ ਜਿਵੇਂ ਕਿਸੇ ਦੇਸ਼ ਨੂੰ ਫ਼ੌਜਾਂ ਤਬਾਹ ਕਰ ਦਿੰਦੀਆਂ ਹਨ।”
ਯਰੂਸ਼ਲਮ ਨੂੰ ਚੇਤਾਵਨੀ
8 ਸੀਯੋਨ ਦੀ ਧੀ ਹੁਣ ਅੰਗੂਰਾਂ ਦੇ ਬਾਗ ਵਿੱਚ ਸੱਖਣੇ ਤੰਬੂ ਵਰਗੀ ਹੈ। ਹੁਣ ਇਹ ਕਕੜੀਆਂ ਦੇ ਖੇਤ ਵਿੱਚ ਛੱਡੀ ਹੋਈ ਪੁਰਾਣੀ ਝੁਗ੍ਗੀ ਜਾਂ ਘਿਰੇ ਹੋਏ ਸ਼ਹਿਰ ਵਰਗੀ ਹੈ।
9 ਇਹ ਠੀਕ ਹੈ, ਪਰ ਸਰਬ ਸ਼ਕਤੀਮਾਨ ਯਹੋਵਾਹ ਨੇ ਕੁਝ ਲੋਕਾਂ ਨੂੰ ਜਿਉਂਦੇ ਰਹਿਣ ਦੀ ਇਜਾਜ਼ਤ ਦੇ ਦਿੱਤੀ ਸੀ। ਸਾਨੂੰ ਸਦੂਮ ਅਤੇ ਅਮੂਰਾਹ ਦੇ ਸ਼ਹਿਰਾਂ ਵਾਂਗ ਪੂਰੀ ਤਰ੍ਹਾਂ ਤਬਾਹ ਨਹੀਂ ਕੀਤਾ ਗਿਆ।
10 ਸਦੂਮ ਦੇ ਆਗੂਓ ਸੁਣੋ ਤੁਸੀਂ, ਯਹੋਵਾਹ ਦੇ ਪੈਗਾਮ ਨੂੰ। ਤੁਸੀਂ, ਅਮੂਰਾਹ ਦੇ ਲੋਕੋ ਯਹੋਵਾਹ ਦੀ ਬਿਵਸਬਾ ਨੂੰ ਸੁਣੋ!
11 ਯਹੋਵਾਹ ਆਖਦਾ ਹੈ, “ਕਿਉਂ ਤੁਸੀਂ ਮੈਨੂੰ ਇਹ ਸਾਰੀਆਂ ਬਲੀਆਂ ਚੜ੍ਹਾਉਂਦੇ ਜਾ ਰਹੇ ਹੋ? ਮੈਂ ਤੁਹਾਡੇ ਭੇਡੂਆਂ ਅਤੇ ਮੋਟੇ-ਤਾਜ਼ੇ ਜਾਨਵਰਾਂ ਦੀਆਂ ਕਾਫੀ ਬਲੀਆਂ ਪ੍ਰਾਪਤ ਕਰ ਚੁੱਕਿਆ ਹ੍ਹਾਂ। ਮੈਨੂੰ ਤੁਹਾਡੀਆਂ ਬੱਕਰੀਆਂ, ਬਲਦਾਂ ਅਤੇ ਭੇਡਾਂ ਦੇ ਖੂਨ ਵਿੱਚ ਪ੍ਰਸੰਨਤਾ ਨਹੀਂ ਮਿਲਦੀ।
12 ਜਦੋਂ ਤੁਸੀਂ ਲੋਕ ਮੈਨੂੰ ਮਿਲਣ ਆਉਂਦੇ ਹੋ ਤਾਂ ਮੇਰੇ ਵਿਹੜੇ ਦੀ ਹਰ ਸ਼ੈਅ ਨੂੰ ਪੈਰਾਂ ਹੇਠਾਂ ਲਿਤਾੜ ਜਾਂਦੇ ਹੋ। ਕਿਸੇ ਨੇ ਤੁਹਾਨੂੰ ਅਜਿਹਾ ਕਰਨ ਲਈ ਆਖਿਆ ਸੀ?
13 “ਮੇਰੇ ਲਈ ਇਹ ਫ਼ਿਜ਼ੂਲ ਬਲੀਆਂ ਨਾ ਲਿਆਉਂਦੇ ਰਹੋ। ਮੈਨੂੰ ਨਫ਼ਰਤ ਹੈ ਉਸ ਧੂਫ਼ ਨਾਲ ਜਿਹੜੀ ਤੁਸੀਂ ਮੈਨੂੰ ਪੇਸ਼ ਕਰਦੇ ਹੋ। ਮੈਂ ਤੁਹਾਡੇ ਨਵੇਂ ਚੰਨ ਸਬਤ ਅਤੇ ਤੁਹਾਡੇ ਹੋਰ ਪਰਬਾਂ ਦੀਆਂ ਦਾਅਵਤਾਂ ਨੂੰ ਨਹੀਂ ਸਹਿਨ ਕਰ ਸੱਕਦਾ। ਮੈਂ ਉਸ ਬਦੀ ਨਾਲ ਨਫ਼ਰਤ ਕਰਦਾ ਹਾਂ ਜਿਹੜੀ ਤੁਸੀਂ ਆਪਣੀਆਂ ਪਵਿੱਤਰ ਮਿਲਣੀਆਂ ਵਿੱਚ ਕਮਾਉਂਦੇ ਹੋ।
14 ਮੈਂ ਪੂਰੇ ਦਿਲੋਂ ਤੁਹਾਡੀ ਮਹੀਨੇਵਾਰ ਮਜਲਿਸਾਂ ਅਤੇ ਸਲਾਹ ਮਸ਼ਵਰਿਆਂ ਨੂੰ ਨਫ਼ਰਤ ਕਰਦਾ ਹਾਂ। ਇਹ ਮਜਲਿਸਾਂ ਹੁਣ ਮੇਰੇ ਲਈ ਭਾਰੀ ਬੋਝ ਬਣ ਗਈਆਂ ਹਨ। ਅਤੇ ਮੈਂ ਇਨ੍ਹਾਂ ਦੇ ਬੋਝ ਨੂੰ ਚੁੱਕਦਾ ਹੋਇਆ ਬਕੱ ਗਿਆ ਹਾਂ।
15 “ਤੁਸੀਂ ਲੋਕ ਹੱਥ ਚੁੱਕ ਕੇ ਮੇਰੇ ਅੱਗੇ ਪ੍ਰਾਰਥਨਾ ਕਰਦੇ ਹੋ-ਪਰ ਮੈਂ ਤੁਹਾਡੇ ਵੱਲ ਦੇਖਣ ਤੋਂ ਇਨਕਾਰ ਕਰਦਾ ਹਾਂ। ਤੁਸੀਂ ਲੋਕ ਹੋਰ-ਹੋਰ ਪ੍ਰਾਰਬਨਾਵਾਂ ਕਰੋਗੇ-ਪਰ ਮੈਂ ਤੁਹਾਨੂੰ ਨਹੀਂ ਸੁਣਾਂਗਾ। ਕਿਉਂਕਿ ਤੁਹਾਡੇ ਹੱਥ ਖੂਨ ਨਾਲ ਭਰੇ ਹੋਏ ਹਨ।
16 “ਹੱਥ ਧੋ ਲਵੋ। ਆਪਣੇ-ਆਪ ਨੂੰ ਸਾਫ਼ ਕਰੋ! ਬੁਰੇ ਕੰਮ ਕਰਨੇ ਛੱਡ ਦਿਓ। ਮੈਂ ਉਨ੍ਹਾਂ ਬੁਰੀਆਂ ਚੀਜ਼ਾਂ ਨੂੰ ਹੋਰ ਨਹੀਂ ਦੇਖਣਾ ਚਾਹੁੰਦਾ। ਬਦੀ ਕਰਨੀ ਛੱਡ ਦਿਓ!
17 ਨੇਕੀ ਕਰਨੀ ਸਿਖੋ। ਹੋਰਾਂ ਲੋਕਾਂ ਨਾਲ ਇਨਸਾਫ਼ ਕਰੋ। ਜਿਹੜੇ ਦੂਸਰਿਆਂ ਨੂੰ ਦੁੱਖ ਦਿੰਦੇ ਹਨ ਉਨ੍ਹਾਂ ਨੂੰ ਸਜ਼ਾ ਦਿਓ। ਯਤੀਮ ਬੱਚਿਆਂ ਦੀ ਸਹਾਇਤਾ ਕਰੋ। ਵਿਧਵਾਵਾਂ ਦੀ ਸਹਾਇਤਾ ਕਰੋ।”
18 ਯਹੋਵਾਹ ਆਖਦਾ ਹੈ, “ਆਓ, ਅਸੀਂ ਇਨ੍ਹਾਂ ਗੱਲਾਂ ਉੱਤੇ ਵਿੱਚਾਰ ਕਰੀਏ। ਤੁਹਾਡੇ ਪਾਪ ਸੂਹੇ ਕੱਪੜੇ ਵਾਂਗ ਲਾਲ ਹਨ, ਪਰ ਉਹ ਧੋਤੇ ਜਾ ਸੱਕਦੇ ਹਨ। ਤੁਸੀਂ ਬਰਫ਼ ਵਾਂਗ ਸਫ਼ੇਦ ਹੋਵੋਗੇ। ਤੁਹਾਡੇ ਪਾਪ ਚਮਕੀਲੇ ਲਾਲ ਹਨ ਪਰ ਤੁਸੀਂ ਉਨ ਵਰਗੇ ਚਿੱਟੇ ਬਣ ਸੱਕਦੇ ਹੋ।
19 “ਜੇ ਤੁਸੀਂ ਉਨ੍ਹਾਂ ਗੱਲਾਂ ਨੂੰ ਸੁਣੋਗੇ ਜਿਹੜੀਆਂ ਮੈਂ ਤੁਹਾਨੂੰ ਆਖਦਾ ਹਾਂ ਤਾਂ ਤੁਹਾਨੂੰ ਇਸ ਧਰਤੀ ਦੀਆਂ ਚੰਗੀਆਂ ਚੀਜ਼ਾਂ ਪ੍ਰਾਪਤ ਹੋਣਗੀਆਂ।
20 ਪਰ ਜੇ ਤੁਸੀਂ ਸੁਣਨ ਤੋਂ ਇਨਕਾਰ ਕੀਤਾ ਤਾਂ ਤੁਸੀਂ ਮੇਰੇ ਖਿਲਾਫ਼ ਹੋ। ਅਤੇ ਤੁਹਾਡੇ ਦੁਸ਼ਮਣ ਤੁਹਾਨੂੰ ਤਬਾਹ ਕਰ ਦੇਣਗੇ।”
ਯਹੋਵਾਹ ਨੇ ਖੁਦ ਇਹ ਗੱਲਾਂ ਆਖੀਆਂ।
ਯਰੂਸ਼ਲਮ ਪਰਮੇਸ਼ੁਰ ਪ੍ਰਤਿ ਵਫ਼ਾਦਾਰ ਨਹੀਂ ਹੈ
21 ਪਰਮੇਸ਼ੁਰ ਆਖਦਾ ਹੈ, “ਯਰੂਸ਼ਲਮ ਵੱਲ ਦੇਖੋ। ਉਹ ਅਜਿਹੀ ਨਗਰੀ ਸੀ ਜਿਹੜੀ ਮੇਰੇ ਉੱਤੇ ਵਿਸ਼ਵਾਸ ਕਰਦੀ ਸੀ ਅਤੇ ਮੇਰੇ ਪਿੱਛੇ ਚਲਦੀ ਸੀ। ਕਿਸ ਚੀਜ਼ ਨੇ ਉਸ ਨੂੰ ਇੱਕ ਵੇਸਵਾ ਵਾਂਗ ਬਣਾ ਦਿੱਤਾ? ਉਹ ਹੁਣ ਮੇਰੀ ਅਗਵਾਈ ਵਿੱਚ ਨਹੀਂ ਚਲਦੀ। ਯਰੂਸ਼ਲਮ ਨੂੰ ਇਨਸਾਫ਼ ਨਾਲ ਭਰਿਆ ਹੋਣਾ ਚਾਹੀਦਾ ਹੈ। ਯਰੂਸ਼ਲਮ ਵਿੱਚ ਰਹਿਣ ਵਾਲੇ ਲੋਕਾਂ ਨੂੰ ਪਰਮੇਸ਼ੁਰ ਦੀ ਰਜ਼ਾ ਵਿੱਚ ਰਹਿਣਾ ਚਾਹੀਦਾ ਹੈ। ਪਰ ਹੁਣ ਉੱਥੇ ਕਾਤਲ ਰਹਿੰਦੇ ਹਨ।
22 “ਨੇਕੀ ਚਾਂਦੀ ਵਰਗੀ ਹੈ। ਪਰ ਤੁਹਾਡੀ ਚਾਂਦੀ ਨਿਰਾਰਬਕ ਬਣ ਚੁੱਕੀ ਹੈ। ਤੁਹਾਡੀ ਸ਼ਰਾਬ (ਨੇਕੀ) ਵਿੱਚ ਪਾਣੀ ਮਿਲਿਆ ਹੋਇਆ ਹੈ-ਇਹ ਹੁਣ ਬੇ ਅਸਰ ਹੋ ਚੁੱਕੀ ਹੈ।
23 ਤੁਹਾਡੇ ਹਾਕਮ ਬਾਗ਼ੀ ਹਨ ਅਤੇ ਚੋਰਾਂ ਦੇ ਯਾਰ ਹਨ। ਤੁਹਾਡੇ ਸਾਰੇ ਹਾਕਮ ਵਢ੍ਢੀ ਮੰਗਦੇ ਹਨ-ਉਹ ਗ਼ਲਤ ਕੰਮ ਕਰਨ ਲਈ ਪੈਸਾ ਲੈਂਦੇ ਹਨ। ਤੁਹਾਡੇ ਸਾਰੇ ਹਾਕਮ ਲੋਕਾਂ ਨੂੰ ਧੋਖਾ ਦੇਣ ਦੀ ਤਨਖਾਹ ਲੈਂਦੇ ਹਨ। ਤੁਹਾਡੇ ਹਾਕਮ ਯਤੀਮਾਂ ਦੀ ਸਹਾਇਤਾ ਕਰਨ ਦੀ ਕੋਸ਼ਿਸ਼ ਨਹੀਂ ਕਰਦੇ। ਤੁਹਾਡੇ ਹਾਕਮ ਵਿਧਵਾਵਾਂ ਦੀਆਂ ਲੋੜਾਂ ਬਾਰੇ ਧਿਆਨ ਨਹੀਂ ਦਿੰਦੇ।”
24 ਇਨ੍ਹਾਂ ਸਾਰੀਆਂ ਗੱਲਾਂ ਕਰਕੇ, ਪ੍ਰਭੂ, ਸਰਬ ਸ਼ਕਤੀਮਾਨ ਯਹੋਵਾਹ, ਇਸਰਾਏਲ ਦਾ ਪਵਿੱਤਰ ਪੁਰੱਖ ਆਖਦਾ ਹੈ, “ਮੈਂ ਤੁਹਾਨੂੰ ਸਜ਼ਾ ਦੇਵਾਂਗਾ, ਮੇਰੇ ਦੁਸਮਣੋ। ਤੁਸੀਂ ਮੈਨੂੰ ਹੋਰ ਕਸ਼ਟ ਨਹੀਂ ਦੇ ਸੱਕੇਂਗੇ।
25 ਲੋਕੀਂ ਚਾਂਦੀ ਨੂੰ ਸਾਫ਼ ਕਰਨ ਲਈ ਸੱਜੀ ਦੀ ਵਰਤੋਂ ਕਰਦੇ ਹਨ ਇਸੇ ਤਰ੍ਹਾਂ, ਮੈਂ ਤੁਹਾਡੇ ਬੁਰੇ ਕੰਮਾਂ ਨੂੰ ਸਾਫ਼ ਕਰ ਦਿਆਂਗਾ। ਮੈਂ ਤੁਹਾਡੀਆਂ ਸਾਰੀਆਂ ਫ਼ਿਜ਼ੂਲ ਚੀਜ਼ਾਂ ਤੁਹਾਡੇ ਕੋਲੋਂ ਖੋਹ ਲਵਾਂਗਾ।
26 ਮੈਂ ਉਸੇ ਤਰ੍ਹਾਂ ਦੇ ਨਿਆਂਕਾਰ ਵਾਪਸ ਲਿਆਵਾਂਗਾ ਜਿਹੋ ਜਿਹੇ ਸ਼ੁਰੂ ਵਿੱਚ ਤੁਹਾਡੇ ਕੋਲ ਸਨ। ਤੁਹਾਡੇ ਸਲਾਹਕਾਰ ਉਨ੍ਹਾਂ ਸਲਾਹਕਾਰਾਂ ਵਰਗੇ ਹੋਣਗੇ ਜਿਹੜੇ ਬਹੁਤ ਪਹਿਲੋਂ ਹੁੰਦੇ ਸਨ। ਫ਼ੇਰ ਤੁਸੀਂ ‘ਨੇਕ ਅਤੇ ਵਫ਼ਾਦਾਰ ਸ਼ਹਿਰ’ ਦੇ ਵਾਸੀ ਅਖਵਾਓਗੇ।”
27 ਸੀਯੋਨ ਨਿਆਂ ਦੁਆਰਾ ਮੁਕਤ ਕਰਵਾਇਆ ਜਾਵੇਗਾ, ਅਤੇ ਉਸ ਵਿੱਚ ਉਹ ਜਿਹੜੇ, ਪਰਮੇਸ਼ੁਰ ਵੱਲ ਪਰਤਦੇ ਹਨ ਚੰਗਿਆਈ ਦੁਆਰਾ ਮੁਕਤ ਕਰਵਾਏ ਜਾਣਗੇ।
28 ਪਰ ਸਾਰੇ ਮੁਜਰਿਮ ਅਤੇ ਪਾਪੀ ਤਬਾਹ ਹੋ ਜਾਣਗੇ। ਉਹ ਅਜਿਹੇ ਲੋਕ ਹਨ ਜਿਹੜੇ ਯਹੋਵਾਹ ਦੇ ਅਨੁਯਾਈ ਨਹੀਂ ਹਨ।
29 ਭਵਿੱਖ ਵਿੱਚ, ਤੁਸੀਂ ਉਨ੍ਹਾਂ ਬਗੀਚਿਆਂ ਅਤੇ ਓਕ ਦੇ ਰੁੱਖਾਂ ਤੇ ਸ਼ਰਮਸ਼ਾਰ ਹੋਵੋਂਗੇ ਜਿਨ੍ਹਾਂ ਨੂੰ ਤੁਸੀਂ ਆਪਣੇ ਬੁੱਤਾਂ ਦੀ ਉਪਾਸਨਾ ਲਈ ਚੁਣਿਆ ਸੀ।
30 ਇਹ ਇਸ ਲਈ ਵਾਪਰੇਗਾ ਕਿਉਂਕਿ ਤੁਸੀਂ ਲੋਕ ਓਕ ਦੇ ਉਸ ਰੁੱਖ ਵਾਂਗ ਹੋਵੋਂਗੇ ਜਿਸਦੇ ਪੱਤੇ ਸੁੱਕ ਗਏ ਹਨ। ਤੁਸੀਂ ਉਸ ਬਾਗ ਵਰਗੇ ਹੋਵੋਗੇ ਜਿਹੜਾ ਪਾਣੀ ਦੀ ਕਮੀ ਕਾਰਣ ਮਰ ਰਿਹਾ ਹੋਵੇ।
31 ਸ਼ਕਤੀਸ਼ਾਲੀ ਲੋਕ ਲਕੜੀ ਦੇ ਛੋਟੇ ਟੁਕੜਿਆਂ ਵਰਗੇ ਹੋਣਗੇ। ਅਤੇ ਉਹ ਗੱਲਾਂ ਜਿਹੜੀਆਂ ਉਹ ਲੋਕ ਕਰਦੇ ਹਨ ਉਹ ਚਂਗਿਆੜੀਆਂ ਵਰਗੀਆਂ ਹੋਣਗੀਆਂ ਜਿਹੜੀਆਂ ਅੱਗ ਲਾਉਂਦੀਆਂ ਹਨ ਸ਼ਕਤੀਸ਼ਾਲੀ ਲੋਕ ਅਤੇ ਉਨ੍ਹਾਂ ਦੇ ਅਮਲ ਸੜ ਜਾਵਣਗੇ। ਅਤੇ ਕੋਈ ਵੀ ਬੰਦਾ ਉਸ ਅੱਗ ਨੂੰ ਬੁਝਾ ਨਹੀਂ ਸੱਕੇਗਾ।