4
1 ਸਾਡੇ ਕੋਲ ਹਾਲੇ ਵੀ ਉਹ ਵਾਅਦਾ ਹੈ ਜਿਹੜਾ ਪਰਮੇਸ਼ੁਰ ਨੇ ਉਨ੍ਹਾਂ ਲੋਕਾਂ ਨਾਲ ਕੀਤਾ ਸੀ ਉਹ ਵਾਅਦਾ ਕੀਤਾ ਸੀ ਕਿ ਅਸੀਂ ਪਰਮੇਸ਼ੁਰ ਦੇ ਵਿਸ਼ਰਾਮ ਵਿੱਚ ਪ੍ਰਵੇਸ਼ ਕਰ ਸੱਕੀਏ। ਇਸ ਲਈ ਸਾਨੂੰ ਬਹੁਤ ਸੁਚੇਤ ਰਹਿਣਾ ਚਾਹੀਦਾ ਹੈ, ਤਾਂ ਜੋ ਤੁਹਾਡੇ ਵਿੱਚੋਂ ਕੋਈ ਵੀ ਉਸ ਵਾਅਦੇ ਤੋਂ ਵਾਂਝਾ ਨਾ ਰਹੇ।
2 ਮੁਕਤੀ ਦਾ ਮਾਰਗ ਸਾਨੂੰ ਦੱਸਿਆ ਗਿਆ ਸੀ ਜਿਵੇਂ ਉਨ੍ਹਾਂ ਲੋਕਾਂ ਨੂੰ ਦੱਸਿਆ ਗਿਆ ਸੀ। ਪਰ ਜਿਹੜੇ ਉਪਦੇਸ਼ ਉਨ੍ਹਾਂ ਲੋਕਾਂ ਨੇ ਸੁਣੇ ਉਸਦੀ ਉਨ੍ਹਾਂ ਨੂੰ ਕੋਈ ਸਹਾਇਤਾ ਨਹੀਂ ਹੋਈ। ਲੋਕਾਂ ਨੇ ਉਹ ਉਪਦੇਸ਼ਾਂ ਨੂੰ ਸੁਣਿਆਂ ਪਰ ਉਸ ਨੂੰ ਵਿਸ਼ਵਾਸ ਨਾਲ ਪ੍ਰਾਪਤ ਨਹੀਂ ਕੀਤਾ।
3 ਅਸੀਂ ਲੋਕ, ਜਿਹੜੇ ਨਿਹਚਾ ਰੱਖਦੇ ਹਾਂ, ਪ੍ਰਵੇਸ਼ ਕਰਨ ਅਤੇ ਰੱਬੀ ਵਿਸ਼ਰਾਮ ਕਰਨ ਦੇ ਯੋਗ ਹਾਂ। ਉਵੇਂ ਹੀ ਜਿਵੇਂ ਪਰਮੇਸ਼ੁਰ ਨੇ ਆਖਿਆ,
“ਕ੍ਰੋਧ ਵਿੱਚ ਮੈਂ ਸੌਂਹ ਖਾਧੀ:
‘ਉਹ ਕਦੇ ਵੀ ਮੇਰੇ ਵਿਸ਼ਰਾਮ ਵਿੱਚ ਪ੍ਰਵੇਸ਼ ਨਹੀਂ ਕਰਨਗੇ।’” ਜ਼ਬੂਰ 95:11
ਹਾਲਾਂ ਕਿ ਪਰਮੇਸ਼ੁਰ ਦਾ ਕਾਰਜ ਉਦੋਂ ਹੀ ਸੰਪੂਰਣ ਹੋ ਚੁੱਕਿਆ ਸੀ, ਜਿਸ ਸਮੇਂ ਤੋਂ ਉਸ ਨੇ ਇਹ ਦੁਨੀਆਂ ਸਾਜੀ ਸੀ, ਉਸ ਨੇ ਇੰਝ ਆਖਿਆ।
4 ਪੋਥੀਆਂ ਵਿੱਚ ਇੱਕ ਜਗ਼੍ਹਾ, ਪਰਮੇਸ਼ੁਰ ਨੇ ਹਫ਼ਤੇ ਦੇ ਸੱਤਵੇਂ ਦਿਨ ਬਾਰੇ ਇਹ ਬੋਲਿਆ ਸੀ; “ਪਰਮੇਸ਼ੁਰ ਨੇ ਆਪਣੇ ਸਾਰੇ ਕਾਰਜ ਪੂਰਨ ਕਰ ਦਿੱਤੇ ਅਤੇ ਸੱਤਵੇਂ ਦਿਨ ਉਸ ਨੇ ਅਰਾਮ ਕੀਤਾ।”
5 ਅਤੇ ਪੋਥੀਆਂ ਵਿੱਚ ਇੱਕ ਹੋਰ ਜਗ਼੍ਹਾ, ਪਰਮੇਸ਼ੁਰ ਨੇ ਇਹ ਵੀ ਆਖਿਆ, “ਉਹ ਲੋਕ ਕਦੇ ਵੀ ਮੇਰੇ ਵਿਸ਼ਰਾਮ ਵਿੱਚ ਨਹੀਂ ਵੜਨਗੇ।”
6 ਇਹ ਸੱਚ ਹੈ ਕਿ ਕੁਝ ਲੋਕ ਪਰਮੇਸ਼ੁਰ ਦੇ ਵਿਸ਼ਰਾਮ ਵਿੱਚ ਪ੍ਰਵੇਸ਼ ਕਰਨਗੇ। ਪਰ ਉਹ ਲੋਕ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਮੁਕਤੀ ਦੇ ਮਾਰਗ ਬਾਰੇ ਸੁਣਿਆ ਪ੍ਰਵੇਸ਼ ਨਹੀਂ ਕੀਤਾ। ਉਨ੍ਹਾਂ ਨੇ ਇਸ ਲਈ ਪ੍ਰਵੇਸ਼ ਨਹੀਂ ਕੀਤਾ ਕਿਉਂ ਕਿ ਉਹ ਆਗਿਆਕਾਰੀ ਨਹੀਂ ਸਨ।
7 ਇਸ ਲਈ ਪਰਮੇਸ਼ੁਰ ਨੇ ਇੱਕ ਹੋਰ ਖਾਸ ਦਿਨ ਦੀ ਵਿਉਂਤ ਬਣਾਈ। ਇਸ ਨੂੰ “ਅੱਜ ਦਾ ਦਿਨ” ਆਖਿਆ ਜਾਂਦਾ ਹੈ। ਪਰਮੇਸ਼ੁਰ ਨੇ ਇਸ ਦਿਨ ਬਾਰੇ ਲੰਬੇ ਸਮੇਂ ਬਾਅਦ, ਦਾਊਦ ਰਾਹੀਂ ਗੱਲ ਕੀਤੀ। ਪੋਥੀ ਦੇ ਇਸੇ ਹਿੱਸੇ ਵਿੱਚ ਜਿਸ ਨੂੰ ਅਸੀਂ ਪਹਿਲਾਂ ਵੀ ਵਰਤਿਆ ਹੈ:
“ਅੱਜ ਜੇਕਰ ਤੁਸੀਂ ਪਰਮੇਸ਼ੁਰ ਦੀ ਅਵਾਜ਼ ਨੂੰ ਸੁਣੋ,
ਤਾਂ ਅਤੀਤ ਦੀ ਤਰ੍ਹਾਂ ਜ਼ਿੱਦੀ ਨਾ ਬਣੋ।” ਜ਼ਬੂਰ 95:7-8
8 ਅਸੀਂ ਜਾਣਦੇ ਹਾਂ ਕੀ ਯਹੋਸ਼ੂਆ ਨੇ ਪਰਮੇਸ਼ੁਰ ਦੇ ਵਾਇਦੇ ਅਨੁਸਾਰ ਲੋਕਾਂ ਦੀ ਵਿਸ਼ਰਾਮ ਵਿੱਚ ਅਗਵਾਈ ਨਹੀਂ ਸੀ ਕੀਤੀ। ਅਸੀਂ ਇਸ ਬਾਰੇ ਜਾਣਦੇ ਹਾਂ ਕਿਉਂਕਿ ਬਾਦ ਵਿੱਚ ਪਰਮੇਸ਼ੁਰ ਨੇ ਵਿਸ਼ਰਾਮ ਦੇ ਇੱਕ ਹੋਰ ਦਿਨ “ਅੱਜ ਦੇ ਦਿਨ” ਬਾਰੇ ਗੱਲ ਕੀਤੀ ਹੈ।
9 ਇਸਤੋਂ ਪਤਾ ਚਲਦਾ ਕਿ ਪਰਮੇਸ਼ੁਰ ਦੇ ਲੋਕਾਂ ਲਈ ਵਿਸ਼ਰਾਮ ਦਾ ਸੱਤਵਾਂ ਦਿਨ ਹਾਲੇ ਵੀ ਆ ਰਿਹਾ ਹੈ।
10 ਪਰਮੇਸ਼ੁਰ ਨੇ ਆਪਣੇ ਕਾਰਜ ਮੁਕਾ ਲੈਣ ਤੋਂ ਬਾਦ ਵਿਸ਼ਰਾਮ ਕੀਤਾ। ਇਸ ਲਈ ਉਹ ਵਿਅਕਤੀ ਜਿਹੜਾ ਪ੍ਰਵੇਸ਼ ਕਰਦਾ ਅਤੇ ਰੱਬੀ ਵਿਸ਼ਰਾਮ ਪਾਉਂਦਾ ਹੈ, ਉਹ ਵਿਅਕਤੀ ਹੈ ਜਿਸਨੇ ਪਰਮੇਸ਼ੁਰ ਦੀ ਤਰ੍ਹਾਂ ਆਪਣਾ ਕਾਰਜ ਮੁਕਾ ਲਿਆ ਹੈ।
11 ਇਸ ਲਈ ਅਸੀਂ ਉਸ ਵਿਸ਼ਰਾਮ ਵਿੱਚ ਵੜਨ ਲਈ ਸਖਤ ਕੋਸ਼ਿਸ਼ ਕਰੀਏ। ਸਾਨੂੰ ਅਜਿਹੇ ਢੰਗ ਵਿੱਚ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਾਡੇ ਵਿੱਚੋਂ ਕੋਈ ਵੀ ਉਨ੍ਹਾਂ ਦੇ ਉਦਾਹਰਣ ਦਾ ਅਨੁਸਰਣ ਕਰਕੇ ਉਨ੍ਹਾਂ ਵਾਂਗ ਵਿਸ਼ਰਾਮ ਨਾ ਗੁਆ ਲਵੇ, ਜੋ ਆਗਿਆਕਾਰੀ ਨਹੀਂ ਸਨ।
12 ਪਰਮੇਸ਼ੁਰ ਦਾ ਵਚਨ ਸਜੀਵ ਹੈ ਅਤੇ ਕਾਰਜ ਕਰ ਰਿਹਾ ਹੈ। ਉਸ ਦਾ ਵਚਨ ਤੇਜ਼ ਤੋਂ ਤੇਜ਼ ਧਾਰ ਵਾਲੀ ਤਲਵਾਰ ਨਾਲੋਂ ਤਿੱਖਾ ਹੈ। ਪਰਮੇਸ਼ੁਰ ਦਾ ਵਚਨ ਸਾਡੇ ਅੰਦਰ ਡੂੰਘਿਆਂ ਕੱਟਦਾ ਹੈ, ਉਸ ਜਗ਼੍ਹਾ ਵੀ ਜਿੱਥੇ ਰੂਹ ਅਤੇ ਆਤਮਾ ਜੁੜਦੇ ਹਨ। ਪਰਮੇਸ਼ੁਰ ਦਾ ਵਚਨ ਸਾਡੇ ਜੋੜਾਂ ਅਤੇ ਹੱਡੀਆਂ ਅੰਦਰ ਵੀ ਮਾਰ ਕਰਦਾ ਹੈ। ਇਹ ਸਾਡੇ ਦਿਲ ਦੀਆਂ ਸੋਚਾਂ ਅਤੇ ਇਰਾਦਿਆਂ ਨੂੰ ਪਰੱਖਦਾ ਹੈ।
13 ਦੁਨੀਆਂ ਵਿੱਚ ਕੁਝ ਵੀ ਪਰਮੇਸ਼ੁਰ ਤੋਂ ਛੁਪਿਆ ਨਹੀਂ ਰਹਿ ਸੱਕਦਾ। ਉਹ ਸਭ ਚੀਜ਼ਾਂ ਨੂੰ ਸਾਫ਼ ਦੇਖ ਸੱਕਦਾ ਹੈ। ਹਰ ਚੀਜ਼ ਉਸ ਦੇ ਸਾਹਮਣੇ ਖੁੱਲ੍ਹੀ ਹੈ। ਅਤੇ ਉਸੇ ਨੂੰ ਸਾਨੂੰ ਆਪਣੇ ਜੀਵਨ ਢੰਗ ਦਾ ਲੇਖਾ ਦੇਣਾ ਪਵੇਗਾ।
ਯਿਸੂ ਸਾਡੀ ਪਰਮੇਸ਼ੁਰ ਦੇ ਸਨਮੁੱਖ ਆਉਣ ਵਿੱਚ ਸਹਾਇਤਾ ਕਰਦਾ ਹੈ
14 ਸਾਡੇ ਕੋਲ ਇੱਕ ਮਹਾਨ ਸਰਦਾਰ ਜਾਜਕ ਹੈ ਜਿਹੜਾ ਪਰਮੇਸ਼ੁਰ ਨਾਲ ਸਵਰਗ ਵਿੱਚ ਰਹਿਣ ਲਈ ਗਿਆ ਹੈ। ਉਹ ਪਰਮੇਸ਼ੁਰ ਦਾ ਪੁੱਤਰ ਯਿਸੂ ਹੈ। ਇਸ ਲਈ ਅਸੀਂ ਵਿਸ਼ਵਾਸ ਵਿੱਚ, ਜਿਹੜਾ ਸਾਡੇ ਕੋਲ ਹੈ, ਦ੍ਰਿੜ ਰਹਿਣਾ ਜਾਰੀ ਰੱਖੀਏ।
15 ਯਿਸੂ, ਜਿਹੜਾ ਸਰਦਾਰ ਜਾਜਕ ਸਾਡੇ ਕੋਲ ਹੈ, ਸਾਡੀਆਂ ਕਮਜ਼ੋਰੀਆਂ ਨੂੰ ਸਮਝਣ ਦੇ ਸਮਰੱਥ ਹੈ। ਜਦੋਂ ਯਿਸੂ ਧਰਤੀ ਤੇ ਜਿਉਂਇਆ ਉਹ ਸਾਡੀ ਤਰ੍ਹਾਂ ਹਰੇਕ ਢੰਗ ਨਾਲ ਪਰਤਾਇਆ ਗਿਆ ਸੀ। ਪਰ ਉਸ ਨੇ ਕਦੇ ਪਾਪ ਨਹੀਂ ਕੀਤਾ ਸੀ।
16 ਯਿਸੂ ਦੇ ਸਾਡੇ ਸਰਦਾਰ ਜਾਜਕ ਹੁੰਦਿਆਂ ਅਸੀਂ ਕਿਰਪਾ ਦੇ ਸਿੰਘਾਸਣ ਦੇ ਸਾਹਮਣੇ ਆਉਣ ਲਈ ਸੁਤੰਤਰ ਹਾਂ। ਉੱਥੇ ਸਾਡੇ ਕੋਲ ਜਦੋਂ ਵੀ ਸਾਨੂੰ ਲੋੜ ਹੋਵੇਗੀ ਮਦਦ ਕਰਨ ਲਈ ਮਿਹਰ ਅਤੇ ਦਯਾ ਹੋਵੇਗੀ।