ਨਿਹਚਾ
11
ਨਿਹਚਾ ਦਾ ਅਰਥ ਉਨ੍ਹਾਂ ਚੀਜ਼ਾਂ ਬਾਰੇ ਨਿਸ਼ਚਿਤ ਹੋਣਾ ਹੈ ਜਿਨ੍ਹਾਂ ਦੀ ਅਸੀਂ ਉਮੀਦ ਰੱਖਦੇ ਹਾਂ ਅਤੇ ਉਨ੍ਹਾਂ ਗੱਲਾਂ ਤੇ ਨਿਹਚਾ ਕਰਨੀ ਹੈ ਜਿਹੜੀਆਂ ਅਸੀਂ ਨਹੀਂ ਵੇਖ ਸੱਕਦੇ ਕਿ ਉਹ ਸੱਚ ਹਨ। ਪਰਮੇਸ਼ੁਰ ਉਨ੍ਹਾਂ ਲੋਕਾਂ ਨਾਲ ਖੁਸ਼ ਸੀ ਜਿਹੜੇ ਅਤੀਤ ਵਿੱਚ ਰਹੇ ਕਿਉਂਕਿ ਉਨ੍ਹਾਂ ਨੇ ਇਸ ਰਾਹ ਤੇ ਨਿਹਚਾ ਕੀਤੀ।
ਨਿਹਚਾ ਇਹ ਸਮਝਣ ਵਿੱਚ ਸਾਡੀ ਸਹਾਇਤਾ ਕਰਦੀ ਹੈ ਕਿ ਪਰਮੇਸ਼ੁਰ ਨੇ ਆਪਣੇ ਆਦੇਸ਼ ਨਾਲ ਸਾਰੀ ਦੁਨੀਆਂ ਨੂੰ ਸਾਜਿਆ ਸੀ। ਇਸਦਾ ਇਹ ਅਰਥ ਹੈ ਕਿ ਜਿਹੜੀਆਂ ਚੀਜ਼ਾਂ ਅਸੀਂ ਦੇਖਦੇ ਹਾਂ ਉਨ੍ਹਾਂ ਚੀਜ਼ਾਂ ਤੋਂ ਬਾਹਰ ਬਣਾਈਆਂ ਗਈਆਂ ਸਨ ਜਿਸ ਨੂੰ ਦੇਖਿਆ ਨਹੀਂ ਜਾ ਸੱਕਦਾ।
ਕਇਨ ਅਤੇ ਹਾਬਲ ਦੋਹਾਂ ਨੇ ਪਰਮੇਸ਼ੁਰ ਨੂੰ ਬਲੀਆਂ ਚੜ੍ਹਾਈਆਂ ਸਨ। ਪਰ ਹਾਬਲ ਨੇ ਪਰਮੇਸ਼ੁਰ ਨੂੰ ਬਿਹਤਰ ਬਲੀ ਚੜ੍ਹਾਈ ਸੀ ਕਿਉਂਕਿ ਉਸ ਨੂੰ ਨਿਹਚਾ ਸੀ। ਪਰਮੇਸ਼ੁਰ ਨੇ ਆਖਿਆ ਕਿ ਉਹ ਹਾਬਲ ਦੀਆਂ ਚੜ੍ਹਾਈਆਂ ਚੀਜ਼ਾਂ ਤੋਂ ਪ੍ਰਸੰਨ ਸੀ। ਅਤੇ ਇਸ ਲਈ ਪਰਮੇਸ਼ੁਰ ਨੇ ਹਾਬਲ ਨੂੰ ਚੰਗਾ ਮਨੁੱਖ ਆਖਿਆ ਕਿਉਂਕਿ ਉਸ ਨੂੰ ਨਿਹਚਾ ਸੀ। ਹਾਬਲ ਮਰ ਗਿਆ, ਪਰ ਆਪਣੀ ਨਿਹਚਾ ਰਾਹੀਂ ਉਹ ਹਾਲੇ ਵੀ ਬੋਲ ਰਿਹਾ ਹੈ।
ਹਨੋਕ ਨੂੰ ਇਸ ਧਰਤੀ ਤੋਂ ਉੱਠਾ ਲਿਆ ਗਿਆ। ਉਹ ਕਦੇ ਨਹੀਂ ਮਰਿਆ ਪੋਥੀ ਆਖਦੀ ਹੈ ਕਿ ਹਨੋਕ ਨੂੰ ਉੱਠਾਏ ਜਾਣ ਤੋਂ ਪਹਿਲਾਂ, ਉਹ ਸੱਚੀ ਤਰ੍ਹਾਂ ਪਰਮੇਸ਼ੁਰ ਨੂੰ ਪ੍ਰਸੰਨ ਕਰਕੇ ਜਿਉਂਇਆ। ਬਾਦ ਵਿੱਚ, ਲੋਕ ਹਨੋਕ ਨੂੰ ਨਹੀਂ ਲੱਭ ਸੱਕੇ, ਕਿਉਂਕਿ ਪਰਮੇਸ਼ੁਰ ਨੇ ਹਨੋਕ ਨੂੰ ਸਵਰਗ ਵਿੱਚ ਹੋਣ ਲਈ ਉੱਠਾਇਆ। ਹਨੋਕ ਨਾਲ ਅਜਿਹਾ ਵਾਪਰਿਆ ਕਿਉਂਕਿ ਉਹ ਨਿਹਚਾਵਾਨ ਸੀ। ਨਿਹਚਾ ਤੋਂ ਬਗੈਰ ਕੋਈ ਵਿਅਕਤੀ ਪਰਮੇਸ਼ੁਰ ਨੂੰ ਪ੍ਰਸੰਨ ਨਹੀਂ ਕਰ ਸੱਕਦਾ। ਜਿਹੜਾ ਵਿਅਕਤੀ ਪਰਮੇਸ਼ੁਰ ਵੱਲ ਆਉਂਦਾ ਹੈ ਉਸ ਨੂੰ ਨਿਹਚਾ ਕਰਨੀ ਹੋਵੇਗੀ ਕਿ ਪਰਮੇਸ਼ੁਰ ਵਾਸਤਵਿਕ ਹੈ। ਅਤੇ ਜਿਹੜਾ ਵਿਅਕਤੀ ਪਰਮੇਸ਼ੁਰ ਕੋਲ ਆਉਂਦਾ ਹੈ ਉਸ ਨੂੰ ਨਿਹਚਾ ਕਰਨੀ ਪਵੇਗੀ ਕਿ ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਫ਼ਲ ਦਿੰਦਾ ਹੈ ਜਿਹੜੇ ਉਸ ਨੂੰ ਸੱਚਮੁੱਚ ਲੱਭਣਾ ਚਾਹੁੰਦੇ ਹਨ।
ਨੂਹ ਨੂੰ ਪਰਮੇਸ਼ੁਰ ਵੱਲੋਂ ਉਨ੍ਹਾਂ ਚੀਜ਼ਾਂ ਬਾਰੇ ਚਿਤਾਵਨੀ ਦਿੱਤੀ ਗਈ ਸੀ ਜਿਨ੍ਹਾਂ ਨੂੰ ਉਹ ਹਾਲੇ ਨਹੀਂ ਦੇਖ ਸੱਕਿਆ ਸੀ। ਪਰ ਨੂਹ ਦੇ ਦਿਲ ਵਿੱਚ ਪਰਮੇਸ਼ੁਰ ਲਈ ਨਿਹਚਾ ਅਤੇ ਆਦਰ ਸੀ। ਇਸ ਲਈ ਨੂਹ ਨੇ ਆਪਣੇ ਪਰਿਵਾਰ ਨੂੰ ਬਚਾਉਣ ਲਈ ਇੱਕ ਵੱਡੀ ਕਿਸ਼ਤੀ ਬਣਾਈ। ਆਪਣੀ ਨਿਹਚਾ ਰਾਹੀਂ ਨੂਹ ਨੇ ਦਰਸਾਇਆ ਕਿ ਦੁਨੀਆਂ ਗਲਤ ਸੀ। ਅਤੇ ਨੂਹ ਉਨ੍ਹਾਂ ਲੋਕਾਂ ਵਿੱਚ ਸ਼ਾਮਿਲ ਹੋ ਗਿਆ ਜਿਨ੍ਹਾਂ ਨੂੰ ਨਿਹਚਾ ਰਾਹੀਂ ਪਰਮੇਸ਼ੁਰ ਨਾਲ ਧਰਮੀ ਬਣਾਇਆ ਗਿਆ ਸੀ।
ਪਰਮੇਸ਼ੁਰ ਨੇ ਅਬਰਾਹਾਮ ਨੂੰ ਬੁਲਾਇਆ ਕਿ ਉਹ ਦੂਸਰੇ ਸਥਾਨ ਦੀ ਯਾਤਰਾ ਕਰੇ ਜਿਸ ਬਾਰੇ ਪਰਮੇਸ਼ੁਰ ਨੇ ਅਬਰਾਹਾਮ ਨੂੰ ਦੇਣ ਲਈ ਵਾਇਦਾ ਕੀਤਾ ਸੀ। ਅਬਰਾਹਾਮ ਨੂੰ ਕੋਈ ਪਤਾ ਨਹੀਂ ਸੀ ਕਿ ਉਹ ਸਥਾਨ ਕਿੱਥੇ ਹੈ। ਪਰ ਅਬਰਾਹਾਮ ਨੇ ਪਰਮੇਸ਼ੁਰ ਦਾ ਹੁਕਮ ਮੰਨਿਆ ਅਤੇ ਸਫ਼ਰ ਸ਼ੁਰੂ ਕਰ ਦਿੱਤਾ ਕਿਉਂਕਿ ਅਬਰਾਹਾਮ ਨੂੰ ਨਿਹਚਾ ਸੀ। ਅਬਰਾਹਾਮ ਉਸ ਦੇਸ਼ ਵਿੱਚ ਰਹਿਣ ਲੱਗਾ ਜਿਸਦਾ ਪਰਮੇਸ਼ੁਰ ਨੇ ਉਸ ਨੂੰ ਦੇਣ ਲਈ ਵਾਇਦਾ ਕੀਤਾ ਸੀ। ਅਬਰਾਹਾਮ ਉਸ ਜਗ਼੍ਹਾ ਇੱਕ ਯਾਤਰੀ ਵਾਂਗ ਰਿਹਾ ਜਿੱਥੇ ਦਾ ਉਹ ਨਹੀਂ ਸੀ। ਉਸ ਨੇ ਅਜਿਹਾ ਆਪਣੀ ਨਿਹਚਾ ਕਾਰਣ ਕੀਤਾ। ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਤੰਬੂਆਂ ਵਿੱਚ ਰਿਹਾ ਜਿਨ੍ਹਾਂ ਨੇ ਵੀ ਪਰਮੇਸ਼ੁਰ ਕੋਲੋਂ ਉਹੀ ਵਾਇਦਾ ਪ੍ਰਾਪਤ ਕੀਤਾ ਸੀ। 10 ਅਬਰਾਹਾਮ ਉਸ ਸ਼ਹਿਰ ਦਾ ਇੰਤਜ਼ਾਰ ਕਰ ਰਿਹਾ ਸੀ ਜਿਸਦੀ ਬੁਨਿਆਦ ਵਾਸਤਵਿਕ ਹੈ। ਉਹ ਉਸ ਸ਼ਹਿਰ ਲਈ ਇੰਤਜ਼ਾਰ ਕਰ ਰਿਹਾ ਸੀ ਜਿਸਦਾ ਪਰਮੇਸ਼ੁਰ ਨੇ ਨਮੂਨਾ ਤਿਆਰ ਕੀਤਾ ਸੀ ਅਤੇ ਉਸਾਰਿਆ ਸੀ।
11 ਅਬਰਾਹਾਮ ਬੱਚਾ ਪ੍ਰਾਪਤ ਕਰਨ ਲਈ ਬਹੁਤ ਬਿਰਧ ਹੋ ਚੁੱਕਿਆ ਸੀ। ਸਾਰਾਹ ਵੀ ਬੱਚੇ ਦੇ ਕਾਬਿਲ ਨਹੀਂ ਸੀ। ਪਰ ਅਬਰਾਹਾਮ ਨੂੰ ਪਰਮੇਸ਼ੁਰ ਵਿੱਚ ਨਿਹਚਾ ਸੀ। ਇਸ ਲਈ ਪਰਮੇਸ਼ੁਰ ਨੇ ਉਨ੍ਹਾਂ ਨੂੰ ਔਲਾਦ ਪੈਦਾ ਕਰਨ ਦੇ ਯੋਗ ਬਣਾਇਆ। ਇਹ ਇਸ ਲਈ ਹੋਇਆ ਕਿਉਂਕਿ ਅਬਰਾਹਾਮ ਨੂੰ ਭਰੋਸਾ ਸੀ ਕਿ ਪਰਮੇਸ਼ੁਰ ਉਹ ਕਰ ਸੱਕਦਾ ਹੈ ਜਿਸਦਾ ਉਸ ਨੇ ਵਾਇਦਾ ਕੀਤਾ ਸੀ। 12 ਇਹ ਆਦਮੀ ਇੰਨਾ ਬਿਰਧ ਸੀ ਕਿ ਉਹ ਮਰਨ ਕੰਢੇ ਸੀ। ਪਰ ਉਸ ਇੱਕ ਆਦਮੀ ਤੋਂ ਇੰਨੇ ਲੋਕ ਆਏ, ਜਿੰਨੇ ਕਿ ਅਕਾਸ਼ ਵਿੱਚ ਅਣਗਿਣਤ ਤਾਰੇ ਹਨ ਅਤੇ ਸਮੁੰਦਰ ਦੇ ਕੰਢੇ ਰੇਤ ਦੇ ਕਣ ਹਨ।
13 ਉਹ ਸਾਰੇ ਮਹਾਨ ਲੋਕ ਮੌਤ ਤੱਕ ਨਿਹਚਾ ਨਾਲ ਜਿਉਂਦੇ ਰਹੇ। ਉਨ੍ਹਾਂ ਲੋਕਾਂ ਨੇ ਉਹ ਚੀਜ਼ਾਂ ਪਾਈਆਂ ਜਿਨ੍ਹਾਂ ਦਾ ਪਰਮੇਸ਼ੁਰ ਨੇ ਉਨ੍ਹਾਂ ਲਈ ਵਾਇਦਾ ਕੀਤਾ ਸੀ। ਉਨ੍ਹਾਂ ਲੋਕਾਂ ਨੇ ਉਨ੍ਹਾਂ ਚੀਜ਼ਾਂ ਨੂੰ ਦੂਰ ਭਵਿੱਖ ਵਿੱਚ ਦੇਖਿਆ ਅਤੇ ਉਹ ਖੁਸ਼ ਸਨ। ਉਨ੍ਹਾਂ ਲੋਕਾਂ ਨੇ ਕਬੂਲਿਆ ਕਿ ਉਹ ਧਰਤੀ ਉੱਤੇ ਅਜਨਬੀ ਅਤੇ ਯਾਤਰੀ ਸਨ। 14 ਜਦੋਂ ਲੋਕ ਕੁਝ ਅਜਿਹਾ ਪ੍ਰਵਾਨ ਕਰ ਲੈਂਦੇ ਹਨ ਤਾਂ ਉਹ ਲੋਕ ਦਰਸ਼ਾਉਂਦੇ ਹਨ ਕੋ ਉਹ ਇੱਕ ਅਜਿਹੇ ਦੇਸ਼ ਦਾ ਇੰਤਜ਼ਾਰ ਕਰ ਰਹੇ ਹਨ ਜਿਹੜਾ ਉਨ੍ਹਾਂ ਦਾ ਆਪਣਾ ਹੋਵੇਗਾ। 15 ਜੇ ਉਹ ਲੋਕ ਉਸ ਦੇਸ਼ ਬਾਰੇ ਹੀ ਸੋਚ ਰਹੇ ਹੁੰਦੇ ਜਿਹੜਾ ਉਨ੍ਹਾਂ ਨੇ ਛੱਡ ਦਿੱਤਾ ਸੀ, ਤਾਂ ਫ਼ੇਰ ਉਨ੍ਹਾਂ ਕੋਲ ਉੱਥੇ ਵਾਪਸ ਜਾਣ ਦਾ ਵੇਲਾ ਸੀ। 16 ਪਰ ਉਹ ਲੋਕ ਇੱਕ ਬਿਹਤਰ ਦੇਸ਼ ਦਾ ਇੰਤਜ਼ਾਰ ਕਰ ਰਹੇ ਸਨ – ਕਿਸੇ ਸਵਰਗੀ ਦੇਸ਼ ਦਾ। ਇਸ ਲਈ ਪਰਮੇਸ਼ੁਰ ਉਨ੍ਹਾਂ ਦਾ ਪਰਮੇਸ਼ੁਰ ਅਖਵਾਉਣ ਵਿੱਚ ਸ਼ਰਮ ਮਹਿਸੂਸ ਨਹੀਂ ਕਰਦਾ। ਅਤੇ ਪਰਮੇਸ਼ੁਰ ਨੇ ਉਨ੍ਹਾਂ ਲੋਕਾਂ ਲਈ ਇੱਕ ਸ਼ਹਿਰ ਤਿਆਰ ਕੀਤਾ ਹੈ।
17-18 ਪਰਮੇਸ਼ੁਰ ਨੇ ਅਬਰਾਹਾਮ ਦੀ ਨਿਹਚਾ ਨੂੰ ਪਰੱਖਿਆ। ਪਰਮੇਸ਼ੁਰ ਨੇ ਅਬਰਾਹਾਮ ਨੂੰ ਆਖਿਆ ਕਿ ਉਸ ਨੂੰ ਇਸਹਾਕ ਦੀ ਬਲੀ ਚੜ੍ਹਾਉਣੀ ਚਾਹੀਦੀ ਹੈ। ਅਬਰਾਹਾਮ ਨੇ ਹੁਕਮ ਮੰਨਿਆ ਕਿਉਂਕਿ ਉਸ ਨੂੰ ਉਸ ਵਿੱਚ ਨਿਹਚਾ ਸੀ। ਅਬਰਾਹਾਮ ਕੋਲ ਪਹਿਲਾਂ ਹੀ ਪਰਮੇਸ਼ੁਰ ਦੇ ਵਾਇਦੇ ਸਨ। ਅਤੇ ਪਰਮੇਸ਼ੁਰ ਨੇ ਅਬਰਾਹਾਮ ਨੂੰ ਪਹਿਲਾਂ ਹੀ ਆਖ ਦਿੱਤਾ ਸੀ, “ਇਹ ਇਸਹਾਕ ਹੀ ਹੈ ਜਿਸਦੇ ਰਾਹੀਂ ਤੇਰੀ ਔਲਾਦ ਪੈਦਾ ਹੋਵੇਗੀ।” ਪਰ ਅਬਰਾਹਾਮ ਆਪਣੇ ਇੱਕਲੌਤੇ ਪੁੱਤਰ ਇਸਹਾਕ ਦੀ ਬਲੀ ਦੇਣ ਲਈ ਤਿਆਰ ਸੀ। ਅਬਰਾਹਾਮ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਹ ਨਿਹਚਾਵਾਨ ਸੀ। 19 ਅਬਰਾਹਾਮ ਨੇ ਵਿਸ਼ਵਾਸ ਕੀਤਾ ਕਿ ਪਰਮੇਸ਼ੁਰ ਲੋਕਾਂ ਨੂੰ ਮੌਤ ਤੋਂ ਜੀਵਨ ਵੱਲ ਵਾਪਸ ਲਿਆ ਸੱਕਦਾ ਹੈ। ਅਤੇ ਸੱਚਮੁੱਚ ਅਸੀਂ ਆਖ਼ ਸੱਕਦੇ ਹਾਂ ਕਿ ਇੱਕ ਤਰੀਕੇ ਨਾਲ, ਜਦੋਂ ਪਰਮੇਸ਼ੁਰ ਨੇ ਅਬਰਾਹਾਮ ਨੂੰ ਉਸ ਨੂੰ ਮਾਰਨ ਤੋਂ ਰੋਕਿਆ, ਤਾਂ ਇਹ ਬਿਲਕੁਲ ਇੰਝ ਸੀ ਜਿਵੇਂ ਉਸ ਨੇ ਇਸਹਾਕ ਨੂੰ ਮੌਤ ਤੋਂ ਵਾਪਸ ਪ੍ਰਾਪਤ ਕਰ ਲਿਆ ਹੋਵੇ।
20 ਇਸਹਾਕ ਨੇ ਯਾਕੂਬ ਅਤੇ ਏਸਾਉ ਦੇ ਭਵਿੱਖ ਨੂੰ ਅਸੀਸ ਦਿੱਤੀ। ਇਸਹਾਕ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਸ ਨੂੰ ਨਿਹਚਾ ਸੀ। 21 ਅਤੇ ਯਾਕੂਬ ਨੇ ਯੂਸੁਫ਼ ਦੇ ਹਰ ਪੁੱਤਰ ਨੂੰ ਅਸੀਸ ਦਿੱਤੀ। ਯਾਕੂਬ ਨੇ ਅਜਿਹਾ ਉਦੋਂ ਕੀਤਾ ਜਦੋਂ ਉਹ ਮਰਨ ਹੀ ਵਾਲਾ ਸੀ। ਉਹ ਪਰਮੇਸ਼ੁਰ ਦੀ ਉਪਾਸਨਾ ਕਰਨ ਲਈ ਆਪਣੀ ਸੋਟੀ ਉੱਤੇ ਝੁਕਿਆ ਹੋਇਆ ਸੀ। ਯਾਕੂਬ ਨੇ ਇਹ ਗੱਲਾਂ ਇਸ ਲਈ ਕੀਤੀਆਂ ਕਿਉਂਕਿ ਉਸ ਨੂੰ ਨਿਹਚਾ ਸੀ।
22 ਅਤੇ ਜਦੋਂ ਯੂਸੁਫ਼ ਮਰਨ ਕੰਢੇ ਸੀ ਉਸ ਨੇ ਇਜ਼ਰਾਏਲੀਆਂ ਦੇ ਮਿਸਰ ਛੱਡਣ ਬਾਰੇ ਗੱਲ ਕੀਤੀ। ਅਤੇ ਯੂਸੁਫ਼ ਨੇ ਲੋਕਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਉਸ ਦੇ ਬਚੇ ਹੋਏ ਸਰੀਰ ਨਾਲ ਕੀ ਕਰਨਾ ਚਾਹੀਦਾ ਹੈ। ਯੂਸੁਫ਼ ਨੇ ਇਹ ਗੱਲਾਂ ਇਸ ਲਈ ਆਖੀਆਂ ਕਿਉਂਕਿ ਉਸ ਨੂੰ ਨਿਹਚਾ ਸੀ।
23 ਅਤੇ ਮੂਸਾ ਦੇ ਮਾਪਿਆਂ ਨੇ ਮੂਸਾ ਦੇ ਜਨਮ ਤੋਂ ਬਾਦ ਉਸ ਨੂੰ ਤਿੰਨ ਮਹੀਨੇ ਤੱਕ ਛੁਪਾਈ ਰੱਖਿਆ। ਉਨ੍ਹਾਂ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਹ ਨਿਹਚਾਵਾਨ ਸਨ। ਕਿਉਂ ਜੋ ਉਨ੍ਹਾਂ ਨੇ ਦੇਖਿਆ ਕਿ ਮੂਸਾ ਇੱਕ ਖੂਬਸੂਰਤ ਬੱਚਾ ਸੀ, ਅਤੇ ਉਹ ਫ਼ਿਰਊਨ ਨੇ ਆਦੇਸ਼ ਦੀ ਅਵੱਗਿਆ ਕਰਨ ਤੋਂ ਵੀ ਨਾ ਡਰੇ।
24 ਜਦੋਂ ਮੂਸਾ ਵੱਡਾ ਹੋਇਆ, ਉਸ ਨੇ ਫ਼ਿਰਊਨ ਦੀ ਧੀ ਦਾ ਪੁੱਤਰ ਅਖਵਾਉਂਣਾ ਪਸੰਦ ਨਾ ਕੀਤਾ। ਕਿਉਂਕਿ ਉਸ ਨੂੰ ਵਿਸ਼ਵਾਸ ਸੀ, ਉਸ ਨੇ ਅਜਿਹਾ ਕੀਤਾ। 25 ਮੂਸਾ ਨੇ ਪਾਪ ਦੇ ਭੋਗ ਬਿਲਾਸ ਨਾ ਮਾਨਣ ਦੀ ਚੋਣ ਕੀਤੀ। ਇਹ ਭੋਗ ਬਿਲਾਸ ਛੇਤੀ ਮੁੱਕ ਜਾਣ ਵਾਲੇ ਸਨ। ਇਸਦੀ ਬਜਾਏ ਮੂਸਾ ਨੇ ਪਰਮੇਸ਼ੁਰ ਦੇ ਲੋਕਾਂ ਸੰਗ ਕਸ਼ਟ ਝੱਲਣ ਦੀ ਚੋਣ ਕੀਤੀ। ਮੂਸਾ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਸ ਨੂੰ ਨਿਹਚਾ ਸੀ। 26 ਮੂਸਾ ਨੇ ਸੋਚਿਆ ਕਿ ਮਿਸਰ ਦੇ ਸਾਰੇ ਖਜਾਨਿਆਂ ਦਾ ਮਾਲਕ ਹੋਣ ਨਾਲੋਂ ਮਸੀਹਾ ਲਈ ਦੁੱਖ ਝੱਲਣਾ ਬਿਹਤਰ ਸੀ। ਮੂਸਾ ਉਸ ਇਨਾਮ ਦੀ ਉਡੀਕ ਕਰ ਰਿਹਾ ਸੀ ਜੋ ਪਰਮੇਸ਼ੁਰ ਉਸ ਨੂੰ ਦੇਣ ਵਾਲਾ ਸੀ।
27 ਮੂਸਾ ਨੇ ਮਿਸਰ ਛੱਡ ਦਿੱਤਾ। ਉਸ ਨੇ ਮਿਸਰ ਇਸ ਲਈ ਛੱਡਿਆ ਕਿਉਂਕਿ ਉਸ ਨੂੰ ਨਿਹਚਾ ਸੀ। ਮੂਸਾ ਰਾਜੇ ਦੇ ਕਹਿਰ ਤੋਂ ਨਹੀਂ ਡਰਦਾ ਸੀ। ਮੂਸਾ ਨੇ ਇਉਂ ਦ੍ਰਿੜ੍ਹ ਰਹਿਣਾ ਜਾਰੀ ਰੱਖਿਆ ਜਿਵੇਂ ਕਿ ਉਹ ਪਰਮੇਸ਼ੁਰ ਨੇ ਵੇਖ ਸੱਕੇ ਜਿਸ ਨੂੰ ਕੋਈ ਵੀ ਨਾ ਵੇਖ ਸੱਕਿਆ। 28 ਮੂਸਾ ਨੇ ਪਸਾਹ ਦਾ ਤਿਉਹਾਰ ਮਨਾਇਆ ਅਤੇ ਲਹੂ ਨੂੰ ਦਰਵਾਜ਼ਿਆ ਉੱਤੇ ਛਿੜਕਿਆ। ਇਹ ਲਹੂ ਦਰਵਾਜ਼ਿਆਂ ਤੇ ਇਸ ਲਈ ਛਿੜਕਿਆ ਗਿਆ ਸੀ ਤਾਂ ਜੋ ਮੌਤ ਦਾ ਦੂਤ ਯਹੂਦੀ ਲੋਕਾਂ ਦੇ ਪਹਿਲੇ ਜਨਮੇ ਪੁੱਤਰਾਂ ਨੂੰ ਮਾਰ ਨਾ ਸੱਕੇ। ਮੂਸਾ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਸ ਨੂੰ ਨਿਹਚਾ ਸੀ।
29 ਅਤੇ ਉਹ ਲੋਕ ਜਿਨ੍ਹਾਂ ਦੀ ਮੂਸਾ ਨੇ ਅਗਵਾਈ ਕੀਤੀ ਸੀ ਸਾਰੇ ਲਾਲ ਸਮੁੰਦਰ ਵਿੱਚੋਂ ਸੁੱਕੀ ਧਰਤੀ ਉਤੋਂ ਲੰਘ ਗਏ। ਉਹ ਅਜਿਹਾ ਕਰਨ ਦੇ ਯੋਗ ਇਸ ਲਈ ਹੋ ਸੱਕੇ ਕਿਉਂਕਿ ਉਨ੍ਹਾਂ ਨੂੰ ਨਿਹਚਾ ਸੀ। ਮਿਸਰੀਆਂ ਨੇ ਵੀ ਸਮੁੰਦਰ ਵਿੱਚੋਂ ਗੁਜ਼ਰਨਾ ਚਾਹਿਆ ਪਰ ਉਹ ਸਾਰੇ ਡੁੱਬ ਮਰੇ।
30 ਅਤੇ ਯਰੀਹੋ ਦੀਆਂ ਕੰਧਾਂ ਪਰਮੇਸ਼ੁਰ ਦੇ ਲੋਕਾਂ ਦੇ ਵਿਸ਼ਵਾਸ ਕਾਰਣ ਢੱਠ ਗਈਆਂ। ਲੋਕਾਂ ਨੇ ਯਰੀਹੋ ਦੀਆਂ ਕੰਧਾਂ ਦੁਆਲੇ ਸੱਤ ਦਿਨ ਤੱਕ ਮਾਰਚ ਕੀਤੀ ਅਤੇ ਕੰਧਾਂ ਢੱਠ ਗਈਆਂ।
31 ਅਤੇ ਵੇਸਵਾ ਰਹਾਬ ਨੇ ਇਜ਼ਰਾਏਲੀ ਜਾਸੂਸਾਂ ਦਾ ਸੁਆਗਤ ਕੀਤਾ ਅਤੇ ਮਿੱਤਰਾਂ ਵਾਂਗ ਉਨ੍ਹਾਂ ਦੀ ਸਹਾਇਤਾ ਕੀਤੀ। ਅਤੇ ਆਪਣੀ ਨਿਹਚਾ ਕਾਰਣ ਉਹ ਉਨ੍ਹਾਂ ਹੋਰ ਲੋਕਾਂ ਨਾਲ ਮਾਰੀ ਨਹੀਂ ਗਈ ਜਿਨ੍ਹਾਂ ਨੇ ਆਗਿਆ ਨਹੀਂ ਮੰਨੀ।
32 ਕੀ ਮੇਰੇ ਵੱਲੋਂ ਤੁਹਾਨੂੰ ਹੋਰ ਉਦਾਹਰਣਾਂ ਦੇਣ ਦੀ ਲੋੜ ਹੈ? ਤੁਹਾਨੂੰ ਗਿਦਾਊਨ, ਬਾਰਕ, ਸਮਸੂਨ, ਯਿਫ਼ਤਾ, ਦਾਊਦ, ਸਮੂਏਲ ਅਤੇ ਨਬੀਆਂ ਬਾਰੇ ਦੱਸਣ ਲਈ ਮੇਰੇ ਕੋਲ ਘੱਟ ਸਮਾਂ ਹੈ। 33 ਇਨ੍ਹਾਂ ਸਾਰੇ ਲੋਕਾਂ ਨੂੰ ਵਿਸ਼ਵਾਸ ਸੀ। ਉਨ੍ਹਾਂ ਨੇ ਆਪਣੇ ਵਿਸ਼ਵਾਸ ਨਾਲ ਹਕੂਮਤਾਂ ਨੂੰ ਹਰਾ ਦਿੱਤਾ। ਉਨ੍ਹਾਂ ਨੇ ਉਹੀ ਕੀਤਾ ਜੋ ਸਹੀ ਸੀ ਅਤੇ ਉਹ ਚੀਜ਼ਾਂ ਪ੍ਰਾਪਤ ਕੀਤੀਆਂ ਜਿਨ੍ਹਾਂ ਦਾ ਪਰਮੇਸ਼ੁਰ ਨੇ ਵਾਦਾ ਕੀਤਾ ਸੀ। ਉਨ੍ਹਾਂ ਵਿੱਚੋਂ ਕਈਆਂ ਨੇ ਆਪਣੀ ਨਿਹਚਾ ਦੁਆਰਾ ਸ਼ੇਰਾਂ ਨੂੰ ਮੂੰਹ ਬੰਦ ਕਰ ਦਿੱਤੇ। 34 ਕੁਝ ਲੋਕਾਂ ਨੇ ਭਿਆਨਕ ਅੱਗਾਂ ਬੁਝਾ ਦਿੱਤੀਆਂ ਅਤੇ ਦੂਸਰੇ ਤਲਵਾਰਾਂ ਨਾਲ ਮਾਰੇ ਜਾਣ ਤੋਂ ਬਚ ਗਏ। ਉਨ੍ਹਾਂ ਨੇ ਇਹ ਸਭ ਆਪਣੀ ਨਿਹਚਾ ਦੇ ਕਾਰਣ ਕੀਤਾ। ਜਿਹੜੇ ਲੋਕ ਕਮਜ਼ੋਰ ਸਨ ਉਹ ਨਿਹਚਾ ਦੁਆਰਾ ਬਲਵਾਨ ਬਣਾਏ ਗਏ ਸਨ। ਉਹ ਜੰਗ ਵਿੱਚ ਸ਼ਕਤੀਸ਼ਾਲੀ ਬਣ ਗਏ ਅਤੇ ਦੁਸ਼ਮਣ ਦੀਆਂ ਫ਼ੌਜਾਂ ਨੂੰ ਬਾਹਰ ਭਜਾ ਦਿੱਤਾ। 35 ਜਿਹੜੇ ਲੋਕ ਮਾਰੇ ਗਏ ਉਹ ਉਨ੍ਹਾਂ ਦੀ ਮੌਤ ਤੋਂ ਜਿਵਾਲੇ ਗਏ, ਅਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਔਰਤਾਂ ਦੇ ਹਵਾਲੇ ਕਰ ਦਿੱਤੇ ਗਏ। ਹੋਰਨਾਂ ਲੋਕਾਂ ਨੂੰ ਤਸੀਹੇ ਦਿੱਤੇ ਗਏ ਅਤੇ ਉਨ੍ਹਾਂ ਨੇ ਆਪਣੀ ਰਿਹਾਈ ਪ੍ਰਾਪਤ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਅਜਿਹਾ ਇਸ ਲਈ ਕੀਤਾ ਤਾਂ ਜੋ ਉਨ੍ਹਾਂ ਨੂੰ ਮੌਤ ਤੋਂ ਜੀਵਨ ਵੱਲ ਜਿਵਾਲ ਕੇ ਬਿਹਤਰ ਜੀਵਨ ਪ੍ਰਾਪਤ ਹੋ ਸੱਕੇ। 36 ਕੁਝ ਲੋਕਾਂ ਦਾ ਮਜ਼ਾਕ ਉਡਾਇਆ ਗਿਆ ਅਤੇ ਕੋੜਿਆਂ ਨਾਲ ਮਾਰੇ ਗਏ। ਹੋਰਨਾਂ ਲੋਕਾਂ ਨੂੰ ਬੰਨ੍ਹ ਕੇ ਕੈਦ ਵਿੱਚ ਸੁੱਟ ਦਿੱਤਾ ਗਿਆ। 37 ਉਨ੍ਹਾਂ ਨੂੰ ਪੱਥਰਾਂ ਨਾਲ ਮਾਰ ਦਿੱਤਾ ਗਿਆ ਅਤੇ ਦੋ ਟੋਟਿਆਂ ਵਿੱਚ ਵੰਡ ਦਿੱਤਾ ਗਿਆ। ਉਨ੍ਹਾਂ ਨੂੰ ਤਲਵਾਰ ਰਾਹੀਂ ਕਤਲ ਕਰ ਦਿੱਤਾ ਗਿਆ। ਕੁਝ ਲੋਕਾਂ ਨੇ ਭੇਡਾਂ ਅਤੇ ਬੱਕਰੀਆਂ ਦੀਆਂ ਖਲਾਂ ਪਾ ਲਈਆਂ ਅਤੇ ਭਟਕਣ ਲੱਗੇ। ਉਹ ਗਰੀਬ, ਸਤਾਏ ਹੋਏ, ਅਤੇ ਹੋਰਾਂ ਦੁਆਰਾ ਬਦਸਲੂਕੀ ਕੀਤੀ ਹੋਏ ਸਨ। 38 ਇਨ੍ਹਾਂ ਮਹਾਨ ਲੋਕਾਂ ਲਈ ਦੁਨੀਆਂ ਕਾਫ਼ੀ ਨਹੀਂ ਸੀ। ਇਹ ਲੋਕ ਮਾਰੂਥਲਾਂ ਅਤੇ ਪਰਬਤਾਂ ਵਿੱਚ ਭਟਕਦੇ ਰਹੇ ਅਤੇ ਗੁਫ਼ਾਵਾਂ ਅਤੇ ਧਰਤੀ ਦੇ ਘੁਰਨਿਆਂ ਵਿੱਚ ਰਹਿੰਦੇ ਰਹੇ।
39 ਇਹ ਸਾਰੇ ਲੋਕ ਆਪਣੀ ਨਿਹਚਾ ਲਈ ਮਸ਼ਹੂਰ ਹੋ ਗਏ। ਪਰ ਉਨ੍ਹਾਂ ਵਿੱਚੋਂ ਕਿਸੇ ਨੇ ਵੀ ਉਹ ਪ੍ਰਾਪਤ ਨਹੀਂ ਕੀਤਾ ਜਿਸਦਾ ਪਰਮੇਸ਼ੁਰ ਨੇ ਵਾਇਦਾ ਕੀਤਾ ਸੀ। 40 ਪਰਮੇਸ਼ੁਰ ਨੇ ਸਾਨੂੰ ਕੁਝ ਬਿਹਤਰ ਦੇਣ ਦੀ ਵਿਉਂਤ ਬਣਾਈ। ਉਹ ਇਨ੍ਹਾਂ ਲੋਕਾਂ ਨੂੰ ਸਾਡੇ ਸਮੇਤ ਸੰਪੂਰਣ ਬਨਾਉਣਾ ਸੀ।
11:17-18 ਹਵਾਲਾ: ਉਤਪਤ 21:12