ਪਰਮੇਸ਼ੁਰ ਇਸਰਾਏਲ ਨੂੰ ਤਸੱਲੀ ਦਿੰਦਾ ਹੈ
46
1 ਇਸ ਲਈ ਇਸਰਾਏਲ ਨੇ ਮਿਸਰ ਵੱਲ ਆਪਣਾ ਸਫ਼ਰ ਸ਼ੁਰੂ ਕੀਤਾ। ਪਹਿਲਾਂ ਇਸਰਾਏਲ ਅਤੇ ਉਸ ਦੇ ਨਾਲ ਹਰ ਕੋਈ ਬਏਰਸਬਾ ਪਹੁੰਚਿਆ। ਉੱਥੇ ਇਸਰਾਏਲ ਨੇ ਪਰਮੇਸ਼ੁਰ, ਆਪਣੇ ਪਿਤਾ ਇਸਹਾਕ ਦੇ ਪਰਮੇਸ਼ੁਰ, ਦੀ ਉਪਾਸਨਾ ਕੀਤੀ। ਉਸ ਨੇ ਬਲੀਆਂ ਚੜ੍ਹਾਈਆਂ।
2 ਰਾਤ ਵੇਲੇ, ਪਰਮੇਸ਼ੁਰ ਨੇ ਇਸਰਾਏਲ ਨਾਲ ਸੁਪਨੇ ਵਿੱਚ ਗੱਲ ਕੀਤੀ। ਪਰਮੇਸ਼ੁਰ ਨੇ ਆਖਿਆ, “ਯਾਕੂਬ, ਯਾਕੂਬ।”
ਅਤੇ ਇਸਰਾਏਲ ਨੇ ਜਵਾਬ ਦਿੱਤਾ, “ਮੈਂ ਇੱਥੇ ਹਾਂ।”
3 ਫ਼ੇਰ ਪਰਮੇਸ਼ੁਰ ਨੇ ਆਖਿਆ, “ਮੈਂ ਪਰਮੇਸ਼ੁਰ ਹਾਂ, ਤੇਰੇ ਪਿਤਾ ਦਾ ਪਰਮੇਸ਼ੁਰ। ਮਿਸਰ ਜਾਣ ਤੋਂ ਨਾ ਡਰ। ਮਿਸਰ ਵਿੱਚ ਮੈਂ ਤੈਨੂੰ ਇੱਕ ਮਹਾਨ ਕੌਮ ਬਣਾ ਦਿਆਂਗਾ।
4 ਮੈਂ ਤੇਰੇ ਨਾਲ ਮਿਸਰ ਜਾਵਾਂਗਾ। ਅਤੇ ਮੈਂ ਤੈਨੂੰ ਮਿਸਰ ਵਿੱਚੋਂ ਇੱਕ ਵਾਰ ਫ਼ੇਰ ਬਾਹਰ ਕੱਢ ਲਿਆਵਾਂਗਾ। ਤੇਰੀ ਮੌਤ ਮਿਸਰ ਵਿੱਚ ਹੋਵੇਗੀ, ਪਰ ਯੂਸੁਫ਼ ਤੇਰੇ ਨਾਲ ਹੋਵੇਗਾ ਜਦੋਂ ਤੂੰ ਮਰੇਂਗਾ ਉਹ ਆਪਣੇ ਹੱਥਾਂ ਨਾਲ ਤੇਰੀਆਂ ਅੱਖਾਂ ਬੰਦ ਕਰੇਗਾ।”
ਇਸਰਾਏਲ ਮਿਸਰ ਨੂੰ ਜਾਂਦਾ ਹੈ
5 ਫ਼ੇਰ ਯਾਕੂਬ ਬਏਰਸਬਾ ਤੋਂ ਚੱਲ ਪਿਆ ਅਤੇ ਮਿਸਰ ਵੱਲ ਨੂੰ ਸਫ਼ਰ ਕੀਤਾ। ਇਸਰਾਏਲ ਦੇ ਪੁੱਤਰ, ਆਪਣੇ ਪਿਤਾ, ਆਪਣੀਆਂ ਪਤਨੀਆਂ ਅਤੇ ਆਪਣੇ ਸਾਰੇ ਬੱਚਿਆਂ ਨੂੰ ਮਿਸਰ ਲੈ ਆਏ। ਉਨ੍ਹਾਂ ਨੇ ਉਨ੍ਹਾਂ ਗੱਡੀਆਂ ਵਿੱਚ ਸਫ਼ਰ ਕੀਤਾ ਜਿਹੜੀਆਂ ਫ਼ਿਰਊਨ ਨੇ ਭੇਜੀਆਂ ਸਨ।
6 ਉਨ੍ਹਾਂ ਨਾਲ ਉਨ੍ਹਾਂ ਦੇ ਸਾਰੇ ਪਸ਼ੂ ਅਤੇ ਹੋਰ ਸਾਰੀਆਂ ਚੀਜ਼ਾਂ ਵੀ ਸਨ ਜਿਹੜੀਆਂ ਕਨਾਨ ਦੀ ਧਰਤੀ ਉੱਤੇ ਉਨ੍ਹਾਂ ਦੀਆਂ ਸਨ। ਇਸ ਲਈ ਇਸਰਾਏਲ ਆਪਣੇ ਸਾਰੇ ਬੱਚਿਆਂ ਅਤੇ ਆਪਣੇ ਪਰਿਵਾਰ ਨਾਲ ਮਿਸਰ ਚੱਲਾ ਗਿਆ।
7 ਉਸ ਦੇ ਨਾਲ ਉਸ ਦੇ ਪੁੱਤਰ ਅਤੇ ਪੋਤਰੇ, ਉਸ ਦੀਆਂ ਧੀਆਂ ਅਤੇ ਪੋਤਰੀਆਂ ਸਨ। ਉਸਦਾ ਸਾਰਾ ਪਰਿਵਾਰ ਉਸ ਦੇ ਨਾਲ ਮਿਸਰ ਚੱਲਾ ਗਿਆ।
ਯਾਕੂਬ ਦਾ ਪਰਿਵਾਰ
8 ਇਸਰਾਏਲ ਦੇ ਪੁੱਤਰਾਂ ਅਤੇ ਉਸ ਦੇ ਪਰਿਵਾਰ ਵਾਲੇ ਜਿਹੜੇ ਉਸ ਦੇ ਨਾਲ ਮਿਸਰ ਵਿੱਚ ਗਏ, ਉਨ੍ਹਾਂ ਦੇ ਨਾਮ ਇਹ ਹਨ:
ਰਊਬੇਨ ਯਾਕੂਬ ਦਾ ਪਹਿਲਾ ਪੁੱਤਰ ਸੀ।
9 ਰਊਬੇਨ ਦੇ ਪੁੱਤਰ ਸਨ ਹਨੋਕ, ਫ਼ੱਲੂ, ਹੇਸਰੋਨ ਅਤੇ ਕਰਮੀ।
10 ਸਿਮਓਨ ਦੇ ਪੁੱਤਰ ਸਨ ਯਮੂਏਲ, ਯਾਮੀਨ, ਓਹਦ, ਯਾਕੀਨ ਅਤੇ ਸੋਹਰ। ਉਨ੍ਹਾਂ ਵਿੱਚ ਸ਼ਾਊਲ ਵੀ ਸੀ (ਸ਼ਾਊਲ ਕਨਾਨੀ ਔਰਤ ਤੋਂ ਜੰਮਿਆ ਸੀ।)
11 ਲੇਵੀ ਦੇ ਪੁੱਤਰ ਸਨ ਗੇਰਸ਼ੋਨ, ਕਹਾਥ ਅਤੇ ਮਰਾਰੀ।
12 ਯਹੂਦਾਹ ਦੇ ਪੁੱਤਰ ਸਨ ਏਰ, ਓਨਾਨ, ਸ਼ੇਲਾਹ, ਫ਼ਰਸ ਅਤੇ ਜ਼ਾਰਹ। (ਏਰ ਅਤੇ ਓਨਾਨ ਉਦੋਂ ਹੀ ਮਰ ਗਏ ਸਨ ਜਦੋਂ ਅਜੇ ਉਹ ਕਨਾਨ ਵਿੱਚ ਹੀ ਸਨ।) ਫ਼ਰਸ ਦੇ ਪੁੱਤਰ ਸਨ ਹਸਰੋਨ ਅਤੇ ਹਾਮੂਲ।
13 ਯਿੱਸਾਕਾਰ ਦੇ ਪੁੱਤਰ ਸਨ ਤੋਂਲਾ, ਪੁੱਵਾਹ ਯੋਬ ਅਤੇ ਸਿਮਰੋਨ।
14 ਜ਼ਬੁਲੂਨ ਦੇ ਪੁੱਤਰ ਸਨ ਸਰਦ, ਏਲੋਨ ਅਤੇ ਯਹਲਏਲ।
15 ਰਊਬੇਨ, ਸਿਮਓਨ, ਲੇਵੀ, ਯਹੂਦਾਹ, ਯਿੱਸਾਕਾਰ ਅਤੇ ਜ਼ਬੁਲੂਨ ਯਾਕੂਬ ਦੇ ਉਸਦੀ ਪਤਨੀ ਲੇਆਹ ਤੋਂ, ਪੁੱਤਰ ਸਨ। ਲੇਆਹ ਨੇ ਉਨ੍ਹਾਂ ਪੁੱਤਰਾਂ ਨੂੰ ਪਦਨ ਅਰਾਮ ਵਿੱਚ ਜਨਮ ਦਿੱਤਾ ਸੀ। ਉਸਦੀ ਇੱਕ ਧੀ ਸੀ ਜਿਸਦਾ ਨਾਮ ਦੀਨਾਹ ਸੀ। ਉਸ ਦੇ ਪਰਿਵਾਰ ਵਿੱਚ 33 ਸਦੱਸ ਸਨ।
16 ਗਾਦ ਦੇ ਪੁੱਤਰ ਸਨ ਸਿਫ਼ਯੋਨ, ਹੱਗੀ, ਸ਼ੂਨੀ, ਅਸਬੋਨ, ਏਰੀ, ਅਰੋਦੀ ਅਤੇ ਅਰਏਲੀ।
17 ਆਸ਼ੇਰ ਦੇ ਪੁੱਤਰ ਯਿਮਨਾਹ, ਯਿਸ਼ਵਾਹ, ਯਿਸ਼ਵੀ, ਬਰੀਆਹ ਅਤੇ ਉਨ੍ਹਾਂ ਦੀ ਭੈਣ ਸਰਹ ਸੀ। ਬਰੀਆਹ ਦੇ ਪੁੱਤਰ ਸਨ ਹਬਰ ਅਤੇ ਮਲਕੀਏਲ।
18 ਇਹ ਸਾਰੇ ਉੱਤਰਾਧਿਕਾਰੀ ਯਾਕੂਬ ਦੇ ਉਸਦੀ ਪਤਨੀ ਦੀ ਦਾਸੀ, ਜ਼ਿਲਫ਼ਾਹ ਤੋਂ ਸਨ। (ਜ਼ਿਲਫ਼ਾਹ ਉਹ ਦਾਸੀ ਸੀ ਜੋ ਲਾਬਾਨ ਨੇ ਆਪਣੀ ਧੀ ਲੇਆਹ ਨੂੰ ਦਿੱਤੀ ਸੀ। ਇਸ ਪਰਿਵਾਰ ਵਿੱਚ 16 ਸਦੱਸ ਸਨ।)
19 ਬਿਨਯਾਮੀਨ ਵੀ ਯਾਕੂਬ ਦੇ ਨਾਲ ਸੀ। ਬਿਨਯਾਮੀਨ ਯਾਕੂਬ ਦਾ ਰਾਖੇਲ ਤੋਂ, ਪੁੱਤਰ ਸੀ (ਯੂਸੁਫ਼ ਵੀ ਰਾਖੇਲ ਦਾ ਪੁੱਤਰ ਸੀ, ਪਰ ਯੂਸੁਫ਼ ਪਹਿਲਾਂ ਹੀ ਮਿਸਰ ਵਿੱਚ ਸੀ।)
20 ਮਿਸਰ ਵਿੱਚ, ਯੂਸੁਫ਼ ਦੇ ਦੋ ਪੁੱਤਰ ਸਨ, ਮਨੱਸ਼ਹ ਅਤੇ ਇਫ਼ਰਾਈਮ। (ਯੂਸੁਫ਼ ਦੀ ਪਤਨੀ ਓਨ ਸ਼ਹਿਰ ਦੇ ਜਾਜਕ ਪੋਟੀਫ਼ਰਾ ਦੀ ਧੀ, ਆਸਨਥ ਸੀ।)
21 ਬਿਨਯਾਮੀਨ ਦੇ ਪੁੱਤਰ ਸਨ ਬਲਾ, ਬਕਰ, ਅਸ਼ਬੇਲ, ਗੇਰਾ, ਨਾਮਾ, ਏਹੀ, ਰੋਸ਼, ਮੁੱਫ਼ੀਮ, ਹੁੱਫ਼ੀਮ ਅਤੇ ਆਰਦ।
22 ਉਹ ਯਾਕੂਬ ਦੇ ਪੁੱਤਰ, ਉਸਦੀ ਪਤਨੀ ਰੱਖੇਲ ਦੀ ਕੁੱਖੋਂ, ਇਸ ਪਰਿਵਾਰ ਵਿੱਚ 14 ਸਦੱਸ ਸਨ।
23 ਦਾਨ ਦਾ ਪੁੱਤਰ ਹੁਸ਼ੀਮ ਸੀ।
24 ਨਫ਼ਤਾਲੀ ਦੇ ਪੁੱਤਰ ਸਨ ਯਹਸਏਲ, ਗੂਨੀ, ਯੇਸਰ ਅਤੇ ਸ਼ਿੱਲੇਮ।
25 ਇਹ ਯਾਕੂਬ ਅਤੇ ਬਿਲਹਾਹ ਦੇ ਪੁੱਤਰ ਸਨ। (ਬਿਲਹਾਹ ਉਹ ਦਾਸੀ ਸੀ ਜਿਸ ਨੂੰ ਲਾਬਾਨ ਨੇ ਆਪਣੀ ਧੀ ਰਾਖੇਲ ਨੂੰ ਦਿੱਤਾ ਸੀ।) ਇਸ ਪਰਿਵਾਰ ਵਿੱਚ 7 ਸਦੱਸ ਸਨ।
26 ਯਾਕੂਬ ਦੇ ਸਿੱਧੇ ਉੱਤਰਾਧਿਕਾਰੀਆਂ ਦੀ ਗਿਣਤੀ, ਜਿਹੜੇ ਉਸ ਦੇ ਨਾਮ ਮਿਸਰ ਵਿੱਚ ਗਏ ਸਨ, 66 ਸੀ। (ਯਾਕੂਬ ਦੇ ਪੁੱਤਰਾਂ ਦੀਆਂ ਪਤਨੀਆਂ ਨੂੰ ਇਸ ਗਿਣਤੀ ਵਿੱਚ ਸ਼ਾਮਿਲ ਨਹੀਂ ਸੀ ਕੀਤਾ ਗਿਆ।)
27 ਇਨ੍ਹਾਂ ਤੋਂ ਇਲਾਵਾ, ਯੂਸੁਫ਼ ਦੇ ਦੋ ਪੁੱਤਰ ਸਨ। ਉਹ ਮਿਸਰ ਵਿੱਚ ਜਨਮੇ ਸਨ। ਇਸ ਤਰ੍ਹਾਂ ਮਿਸਰ ਵਿੱਚ ਯਾਕੂਬ ਦੇ ਪਰਿਵਾਰ ਵਾਲੇ ਲੋਕਾਂ ਦੀ ਕੁਲ ਗਿਣਤੀ 70 ਸੀ।
ਇਸਰਾਏਲ ਮਿਸਰ ਵਿੱਚ ਪਹੁੰਚਦਾ ਹੈ
28 ਯਾਕੂਬ ਨੇ ਯੂਸੁਫ਼ ਨਾਲ ਮੁਲਾਕਾਤ ਕਰਨ ਲਈ ਪਹਿਲਾਂ ਯਹੂਦਾਹ ਨੂੰ ਭੇਜਿਆ। ਯਹੂਦਾਹ ਗੋਸ਼ਨ ਦੀ ਧਰਤੀ ਉੱਤੇ ਯੂਸੁਫ਼ ਕੋਲ ਗਿਆ। ਫ਼ੇਰ ਯਾਕੂਬ ਅਤੇ ਉਸ ਦੇ ਆਦਮੀ ਉਸ ਧਰਤੀ ਉੱਤੇ ਗਏ।
29 ਯੂਸੁਫ਼ ਨੂੰ ਪਤਾ ਲੱਗਿਆ ਕਿ ਉਸਦਾ ਪਿਤਾ ਆ ਰਿਹਾ ਹੈ। ਇਸ ਲਈ ਯੂਸੁਫ਼ ਨੇ ਆਪਣਾ ਰੱਥ ਤਿਆਰ ਕੀਤਾ ਅਤੇ ਆਪਣੇ ਪਿਤਾ ਇਸਰਾਏਲ ਨੂੰ ਮਿਲਣ ਲਈ ਗੋਸ਼ਨ ਚੱਲਾ ਗਿਆ। ਜਦੋਂ ਯੂਸੁਫ਼ ਨੇ ਆਪਣੇ ਪਿਤਾ ਨੂੰ ਦੇਖਿਆ ਉਹ ਉਸ ਦੇ ਗਲ ਨਾਲ ਚਿਂਬੜ ਗਿਆ ਅਤੇ ਕਾਫ਼ੀ ਚਿਰ ਰੋਂਦਾ ਰਿਹਾ।
30 ਫ਼ੇਰ ਇਸਰਾਏਲ ਨੇ ਯੂਸੁਫ਼ ਨੂੰ ਆਖਿਆ, “ਹੁਣ ਮੈਂ ਸ਼ਾਂਤੀ ਨਾਲ ਮਰ ਸੱਕਾਂਗਾ। ਮੈਂ ਤੇਰਾ ਚਿਹਰਾ ਦੇਖ ਲਿਆ ਹੈ ਅਤੇ ਮੈਂ ਜਾਣਦਾ ਹਾਂ ਕਿ ਤੂੰ ਹਾਲੇ ਜਿਉਂਦਾ ਹੈ।”
31 ਯੂਸੁਫ਼ ਨੇ ਆਪਣੇ ਭਰਾਵਾਂ ਅਤੇ ਆਪਣੇ ਪਿਤਾ ਦੇ ਹੋਰ ਸਾਰੇ ਪਰਿਵਾਰਾਂ ਨੂੰ ਆਖਿਆ, “ਮੈਂ ਫ਼ਿਰਊਨ ਨੂੰ ਜਾਕੇ ਖ਼ਬਰ ਦਿੰਦਾ ਹਾਂ ਕਿ ਤੁਸੀਂ ਇੱਥੇ ਆ ਗਏ ਹੋ। ਮੈਂ ਫ਼ਿਰਊਨ ਨੂੰ ਆਖਾਂਗਾ, ‘ਮੇਰੇ ਭਰਾਵਾਂ ਨੇ ਅਤੇ ਮੇਰੇ ਪਿਤਾ ਦੇ ਬਾਕੀ ਦੇ ਪਰਿਵਾਰਾਂ ਨੇ ਕਨਾਨ ਦੀ ਧਰਤੀ ਛੱਡ ਦਿੱਤੀ ਹੈ ਅਤੇ ਇੱਥੇ ਮੇਰੇ ਕੋਲ ਆ ਗਏ ਹਨ।
32 ਉਹ ਆਜੜੀਆਂ ਦਾ ਪਰਿਵਾਰ ਹਨ। ਉਨ੍ਹਾਂ ਨੇ ਹਮੇਸ਼ਾ ਭੇਡਾਂ ਅਤੇ ਪਸ਼ੂ ਰੱਖੇ ਹਨ। ਅਤੇ ਉਨ੍ਹਾਂ ਨੇ ਆਪਣੇ ਸਾਰੇ ਪਸ਼ੂ ਅਤੇ ਹੋਰ ਚੀਜ਼ਾਂ ਆਪਣੇ ਨਾਲ ਲੈ ਆਂਦੀਆਂ ਹਨ।’
33 ਜਦੋਂ ਫ਼ਿਰਊਨ ਤੁਹਾਨੂੰ ਸੱਦੇਗਾ, ਉਹ ਤੁਹਾਨੂੰ ਪੁੱਛੇਗਾ, ‘ਤੁਸੀਂ ਕੀ ਕੰਮ ਕਰਦੇ ਹੋ?’
34 ਤੁਸੀਂ ਉਸ ਨੂੰ ਦੱਸਣਾ, ‘ਅਸੀਂ ਆਜੜੀ ਹਾਂ। ਅਸੀਂ ਆਪਣੀ ਸਾਰੀ ਉਮਰ ਆਜੜੀ ਹੀ ਰਹੇ ਹਾਂ ਬਿਲਕੁਲ ਸਾਡੇ ਪੁਰਖਿਆਂ ਵਾਂਗ।’ ਫ਼ੇਰ ਫ਼ਿਰਊਨ ਤੁਹਾਨੂੰ ਗੋਸ਼ਨ ਦੀ ਧਰਤੀ ਉੱਤੇ ਰਹਿਣ ਦੀ ਆਗਿਆ ਦੇ ਦੇਵੇਗਾ। ਮਿਸਰੀ ਲੋਕ ਆਜੜੀਆਂ ਨੂੰ ਪਸੰਦ ਨਹੀਂ ਕਰਦੇ, ਇਸ ਲਈ ਬਿਹਤਰ ਹੈ ਕਿ ਤੁਸੀਂ ਗੋਸ਼ਨ ਵਿਖੇ ਰਹੋ।”