ਯੂਸੁਫ਼ ਇੱਕ ਜਾਲ ਸੁੱਟਦਾ ਹੈ
44
ਫ਼ੇਰ ਯੂਸੁਫ਼ ਨੇ ਆਪਣੇ ਨੌਕਰ ਨੂੰ ਇੱਕ ਆਦੇਸ਼ ਦਿੱਤਾ। ਯੂਸੁਫ਼ ਨੇ ਆਖਿਆ, “ਆਦਮੀਆਂ ਦੇ ਬੋਰੇ ਓਨੇ ਅਨਾਜ ਨਾਲ ਭਰ ਦਿਉ ਜਿੰਨਾ ਇਹ ਚੁੱਕ ਸੱਕਣ। ਅਤੇ ਹਰੇਕ ਆਦਮੀ ਦੇ ਪੈਸੇ ਅਨਾਜ ਦੇ ਨਾਲ ਹੀ ਉਸ ਦੇ ਬੋਰੇ ਵਿੱਚ ਰੱਖ ਦਿਉ। ਸਭ ਤੋਂ ਛੋਟੇ ਭਰਾ ਦੇ ਪੈਸੇ ਵੀ ਉਸ ਦੇ ਬੋਰੇ ਵਿੱਚ ਰੱਖ ਦਿਉ। ਪਰ ਉਸ ਦੇ ਬੋਰੇ ਵਿੱਚ ਮੇਰਾ ਖਾਸ ਚਾਂਦੀ ਦਾ ਪਿਆਲਾ ਵੀ ਰੱਖ ਦਿਉ।” ਇਸ ਲਈ ਨੌਕਰ ਨੇ ਯੂਸੁਫ਼ ਦਾ ਹੁਕਮ ਮੰਨਿਆ।
ਅਗਲੀ ਸਵੇਰ ਸੁਵਖਤੇ ਹੀ, ਭਰਾਵਾਂ ਨੂੰ ਅਤੇ ਉਨ੍ਹਾਂ ਦੇ ਖੋਤਿਆਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਘੱਲ ਦਿੱਤਾ ਗਿਆ। ਉਨ੍ਹਾਂ ਦੇ ਦੂਰ ਜਾਣ ਤੋਂ ਪਹਿਲਾਂ, ਯੂਸੁਫ਼ ਨੇ ਆਪਣੇ ਨੌਕਰ ਨੂੰ ਆਖਿਆ, “ਜਾ ਅਤੇ ਉਨ੍ਹਾਂ ਦਾ ਪਿੱਛਾ ਕਰ। ਉਨ੍ਹਾਂ ਨੂੰ ਰੋਕ ਅਤੇ ਆਖ, ‘ਅਸੀਂ ਤੁਹਾਡਾ ਭਲਾ ਕੀਤਾ! ਪਰ ਤੁਸੀਂ ਸਾਡਾ ਬੁਰਾ ਕਿਉਂ ਕੀਤਾ ਹੈ? ਤੁਸੀਂ ਮੇਰੇ ਸੁਆਮੀ ਦਾ ਚਾਂਦੀ ਦਾ ਪਿਆਲਾ ਕਿਉਂ ਚੋਰੀ ਕੀਤਾ ਹੈ? ਮੇਰਾ ਸੁਆਮੀ ਉਸ ਪਿਆਲੇ ਵਿੱਚ ਮੈਅ ਪੀਂਦਾ ਹੈ ਅਤੇ ਇਸਦੀ ਵਰਤੋਂ ਗੁਪਤ ਗੱਲਾਂ ਜਾਨਣ ਲਈ ਕਰਦਾ ਹੈ। ਜੋ ਕੁਝ ਤੁਸੀਂ ਕੀਤਾ ਹੈ ਉਹ ਗਲਤ ਹੈ।’”
ਇਸ ਲਈ ਨੌਕਰ ਨੇ ਹੁਕਮ ਮੰਨਿਆ ਉਹ ਜਾਕੇ ਉਨ੍ਹਾਂ ਦੇ ਨਾਲ ਰਲ ਗਿਆ ਅਤੇ ਉਨ੍ਹਾਂ ਨੂੰ ਉਹ ਸਭ ਕੁਝ ਕਿਹਾ ਜੋ ਕੁਝ ਯੂਸੁਫ਼ ਨੇ ਉਸ ਨੂੰ ਆਖਣ ਲਈ ਕਿਹਾ ਸੀ।
ਪਰ ਭਰਾਵਾਂ ਨੇ ਨੌਕਰ ਨੂੰ ਆਖਿਆ, “ਰਾਜਪਾਲ ਇਹ ਗੱਲਾਂ ਕਿਉਂ ਆਖਦਾ ਹੈ? ਅਸੀਂ ਅਜਿਹੀ ਕੋਈ ਗੱਲ ਨਹੀਂ ਕੀਤੀ! ਅਸੀਂ ਉਹ ਪੈਸੇ ਵਾਪਸ ਲੈ ਕੇ ਆਏ ਸੀ ਜਿਹੜੇ ਸਾਨੂੰ ਪਹਿਲਾਂ ਆਪਣੇ ਬੋਰਿਆਂ ਵਿੱਚੋਂ ਮਿਲੇ ਸਨ। ਇਸ ਲਈ ਅਸੀਂ ਅਵੱਸ਼ ਹੀ ਤੁਹਾਡੇ ਸੁਆਮੀ ਦੇ ਘਰ ਤੋਂ ਚਾਂਦੀ ਜਾਂ ਸੋਨਾ ਚੋਰੀ ਨਹੀਂ ਕੀਤਾ। ਜੇ ਤੁਹਾਨੂੰ ਸਾਡੇ ਕਿਸੇ ਵੀ ਬੋਰੇ ਵਿੱਚੋਂ ਉਹ ਚਾਂਦੀ ਦਾ ਪਿਆਲਾ ਮਿਲ ਜਾਵੇ ਤਾਂ ਉਹ ਬੰਦਾ ਮਾਰ ਦਿੱਤਾ ਜਾਵੇ। ਤੁਸੀਂ ਉਸ ਨੂੰ ਮਾਰ ਸੱਕਦੇ ਹੋਂ, ਅਤੇ ਅਸੀਂ ਤੁਹਾਡੇ ਗੁਲਾਮ ਬਣ ਜਾਵਾਂਗੇ।”
10 ਨੌਕਰ ਨੇ ਆਖਿਆ, “ਅਸੀਂ ਉਵੇਂ ਹੀ ਕਰਾਂਗੇ ਜਿਵੇਂ ਤੁਸੀਂ ਆਖਦੇ ਹੋ। ਪਰ ਮੈਂ ਉਸ ਬੰਦੇ ਨੂੰ ਮਾਰਾਂਗਾ ਨਹੀਂ। ਜੇ ਮੈਨੂੰ ਚਾਂਦੀ ਦਾ ਪਿਆਲਾ ਮਿਲ ਗਿਆ ਤਾਂ ਉਹ ਆਦਮੀ ਮੇਰਾ ਗੁਲਾਮ ਹੋਵੇਗਾ। ਦੂਸਰੇ ਆਜ਼ਾਦ ਹੋਣਗੇ।”
ਜਾਲ ਸੁੱਟਿਆ ਜਾਂਦਾ ਹੈ; ਬਿਨਯਾਮੀਨ ਫ਼ੜਿਆ ਜਾਂਦਾ ਹੈ
11 ਫ਼ੇਰ ਹਰੇਕ ਭਰਾ ਨੇ ਛੇਤੀ ਨਾਲ ਆਪਣੀ ਬੋਰੀ ਧਰਤੀ ਉੱਤੇ ਢੇਰੀ ਕਰ ਦਿੱਤੀ। 12 ਨੌਕਰ ਨੇ ਬੋਰੀਆਂ ਦੇਖਣੀਆਂ ਸ਼ੁਰੂ ਕਰ ਦਿੱਤੀਆਂ ਉਸ ਨੇ ਸਭ ਤੋਂ ਵੱਡੇ ਭਰਾ ਤੋਂ ਤਲਾਸ਼ੀ ਸ਼ੁਰੂ ਕੀਤੀ ਅਤੇ ਸਭ ਤੋਂ ਛੋਟੇ ਅਤੇ ਖਤਮ ਕੀਤੀ। ਉਸ ਨੇ ਬਿਨਯਾਮੀਨ ਦੀ ਬੋਰੀ ਵਿੱਚ ਪਿਆਲਾ ਲੱਭ ਲਿਆ। 13 ਭਰਾ ਬਹੁਤ ਉਦਾਸ ਹੋ ਗਏ। ਉਨ੍ਹਾਂ ਨੇ ਦੁੱਖ ਨਾਲ ਆਪਣੇ ਕੱਪੜੇ ਲੀਰੋ-ਲੀਰ ਕਰ ਦਿੱਤੇ। ਉਨ੍ਹਾਂ ਨੇ ਬੋਰੀਆਂ ਵਾਪਸ ਖੋਤਿਆਂ ਉੱਤੇ ਲੱਦ ਲਈਆਂ ਅਤੇ ਸ਼ਹਿਰ ਵਾਪਸ ਚੱਲੇ ਗਏ।
14 ਯਹੂਦਾਹ ਅਤੇ ਉਸ ਦੇ ਭਰਾ ਯੂਸੁਫ਼ ਦੇ ਘਰ ਵੱਲ ਵਾਪਸ ਚੱਲੇ ਗਏ। ਯੂਸੁਫ਼ ਹਾਲੇ ਵੀ ਉੱਥੇ ਹੀ ਸੀ। ਭਰਾ ਉਸ ਦੇ ਸਾਹਮਣੇ ਧਰਤੀ ਉੱਤੇ ਡਿੱਗ ਪਏ। 15 ਯੂਸੁਫ਼ ਨੇ ਉਨ੍ਹਾਂ ਨੂੰ ਆਖਿਆ, “ਤੁਸੀਂ ਇਹ ਗੱਲ ਕਿਉਂ ਕੀਤੀ? ਕੀ ਤੁਹਾਨੂੰ ਇਸ ਗੱਲ ਦਾ ਪਤਾ ਨਹੀਂ ਕਿ ਮੇਰੇ ਕੋਲ ਗੁਪਤ ਗੱਲਾਂ ਜਾਨਣ ਦਾ ਖਾਸ ਤਰੀਕਾ ਹੈ। ਕੋਈ ਵੀ ਬੰਦਾ ਇਹ ਗੱਲ ਮੇਰੇ ਨਾਲੋਂ ਬਿਹਤਰ ਨਹੀਂ ਕਰ ਸੱਕਦਾ।”
16 ਯਹੂਦਾਹ ਨੇ ਆਖਿਆ, “ਜਨਾਬ, ਸਾਡੇ ਕਹਿਣ ਲਈ ਕੁਝ ਨਹੀਂ ਬੱਚਿਆਂ! ਇਸ ਨੂੰ ਸਮਝਾਉਣ ਦਾ ਕੋਈ ਰਸਤਾ ਨਹੀਂ। ਅਜਿਹਾ ਕੋਈ ਤਰੀਕਾ ਨਹੀਂ ਜਿਸ ਨਾਲ ਅਸੀਂ ਇਹ ਸਾਬਤ ਕਰ ਸੱਕੀਏ ਕਿ ਅਸੀਂ ਦੋਸ਼ੀ ਨਹੀਂ ਹਾਂ। ਪਰਮੇਸ਼ੁਰ ਨੇ ਸਾਡੀ ਕਿਸੇ ਹੋਰ ਕਰਨੀ ਲਈ ਸਾਡਾ ਨਿਆਂ ਕੀਤਾ ਹੈ। ਇਸ ਲਈ ਅਸੀਂ ਉਸ ਦੇ ਸਮੇਤ, ਤੁਹਾਡੇ ਗੁਲਾਮ ਹੋਵਾਂਗੇ ਜਿਸਦੇ ਬੋਰੇ ਵਿੱਚ ਤੁਹਾਡਾ ਪਿਆਲਾ ਮਿਲਿਆ ਸੀ।”
17 ਪਰ ਯੂਸੁਫ਼ ਨੇ ਆਖਿਆ, “ਮੈਂ ਤੁਹਾਨੂੰ ਬਾਕੀ ਸਾਰਿਆਂ ਨੂੰ ਗੁਲਾਮ ਨਹੀਂ ਬਣਾਵਾਂਗਾ! ਸਿਰਫ਼ ਉਹੀ ਬੰਦਾ ਜਿਸਨੇ ਮੇਰਾ ਪਿਆਲਾ ਚੁਰਾਇਆ ਸੀ, ਮੇਰਾ ਗੁਲਾਮ ਹੋਵੇਗਾ। ਤੁਸੀਂ ਬਾਕੀ ਸਾਰੇ ਜਣੇ ਸ਼ਾਂਤੀ ਨਾਲ ਆਪਣੇ ਪਿਤਾ ਕੋਲ ਜਾ ਸੱਕਦੇ ਹੋ।”
ਯਹੂਦਾਹ ਬਿਨਯਾਮੀਨ ਦੀ ਵਕਾਲਤ ਕਰਦਾ ਹੈ
18 ਫ਼ੇਰ ਯਹੂਦਾਹ ਯੂਸੁਫ਼ ਕੋਲ ਗਿਆ ਅਤੇ ਆਖਿਆ, “ਸ਼੍ਰੀਮਾਨ ਜੀ, ਕਿਰਪਾ ਕਰਕੇ ਮੈਨੂੰ ਆਪਣੇ ਨਾਲ ਸਾਫ਼-ਸਾਫ਼ ਗੱਲ ਕਰਨ ਦਿਉ। ਮੇਰੇ ਨਾਲ ਨਾਰਾਜ਼ ਨਾ ਹੋਣਾ। ਮੈਂ ਜਾਣਦਾ ਹਾਂ ਕਿ ਤੁਸੀਂ ਖੁਦ ਫ਼ਿਰਊਨ ਵਾਂਗ ਹੋ। 19 ਜਦੋਂ ਅਸੀਂ ਇੱਥੇ ਤੁਹਾਡੇ ਸਾਹਮਣੇ ਸੀ, ਤੁਸੀਂ ਸਾਨੂੰ ਪੁੱਛਿਆ ਸੀ, ‘ਕਿ ਤੁਹਾਡਾ ਪਿਤਾ ਜਾਂ ਭਰਾ ਹੈ?’ 20 ਅਤੇ ਅਸੀਂ ਤੁਹਾਨੂੰ ਜਵਾਬ ਦਿੱਤਾ ਸੀ, ‘ਸਾਡਾ ਪਿਤਾ ਹੈ-ਉਹ ਬਜ਼ੁਰਗ ਹੈ। ਅਤੇ ਸਾਡਾ ਇੱਕ ਛੋਟਾ ਭਰਾ ਵੀ ਹੈ। ਸਾਡਾ ਪਿਤਾ ਉਸ ਪੁੱਤਰ ਨੂੰ ਪਿਆਰ ਕਰਦਾ ਹੈ ਕਿਉਂਕਿ ਉਹ ਉਦੋਂ ਪੈਦਾ ਹੋਇਆ ਸੀ ਜਦੋਂ ਸਾਡਾ ਪਿਤਾ ਬੁੱਢਾ ਹੋ ਚੁੱਕਾ ਸੀ। ਅਤੇ ਉਸ ਛੋਟੇ ਪੁੱਤਰ ਦਾ ਭਰਾ ਮਰ ਚੁੱਕਿਆ ਹੈ। ਇਸ ਲਈ ਇਹ ਉਸ ਮਾਂ ਤੋਂ ਜੰਮਿਆ ਇੱਕੋ-ਇੱਕ ਪੁੱਤਰ ਹੈ ਜਿਹੜਾ ਬੱਚਿਆਂ ਹੈ। ਸਾਡਾ ਪਿਤਾ ਇਸ ਨੂੰ ਬਹੁਤ ਪਿਆਰ ਕਰਦਾ ਹੈ।’ 21 ਫ਼ੇਰ ਤੁਸੀਂ ਸਾਨੂੰ ਆਖਿਆ, ‘ਉਸ ਭਰਾ ਨੂੰ ਮੇਰੇ ਕੋਲ ਲਿਆਉ। ਮੈਂ ਉਸ ਨੂੰ ਦੇਖਣਾ ਚਾਹੁੰਦਾ ਹਾਂ।’ 22 ਅਤੇ ਅਸੀਂ ਤੁਹਾਨੂੰ ਆਖਿਆ ਸੀ, ‘ਉਹ ਛੋਟਾ ਮੁੰਡਾ ਨਹੀਂ ਆ ਸੱਕਦਾ। ਉਹ ਆਪਣੇ ਪਿਤਾ ਕੋਲੋਂ ਵੱਖ ਨਹੀਂ ਹੋ ਸੱਕਦਾ। ਜੇ ਉਸ ਦੇ ਪਿਤਾ ਨੇ ਉਸ ਨੂੰ ਗਵਾ ਲਿਆ, ਤਾਂ ਉਸਦਾ ਪਿਤਾ ਇੰਨਾ ਉਦਾਸ ਹੋ ਜਾਵੇਗਾ ਕਿ ਉਹ ਮਰ ਜਾਵੇਗਾ।’ 23 ਪਰ ਤੁਸੀਂ ਸਾਨੂੰ ਆਖਿਆ ਸੀ, ‘ਤੁਹਾਨੂੰ ਆਪਣੇ ਸਭ ਤੋਂ ਛੋਟੇ ਭਰਾ ਨੂੰ ਲਿਆਉਣਾ ਪਵੇਗਾ ਨਹੀਂ ਤਾਂ ਮੈਂ ਤੁਹਾਨੂੰ ਦੋਬਾਰਾ ਨਹੀਂ ਮਿਲਾਂਗਾ।’ 24 ਇਸ ਲਈ ਅਸੀਂ ਵਾਪਸ ਆਪਣੇ ਪਿਤਾ ਕੋਲ ਗਏ ਅਤੇ ਜੋ ਕੁਝ ਤੁਸੀਂ ਆਖਿਆ ਸੀ ਉਸ ਨੂੰ ਦੱਸਿਆ।
25 “ਬਾਦ ਵਿੱਚ ਸਾਡੇ ਪਿਤਾ ਨੇ ਆਖਿਆ, ‘ਵਾਪਸ ਜਾਓ ਅਤੇ ਸਾਡੇ ਲਈ ਹੋਰ ਅਨਾਜ ਖਰੀਦ ਕੇ ਲਿਆਉ।’ 26 ਅਸੀਂ ਆਪਣੇ ਪਿਤਾ ਨੂੰ ਆਖਿਆ, ‘ਅਸੀਂ ਆਪਣੇ ਸਭ ਤੋਂ ਛੋਟੇ ਭਰਾ ਤੋਂ ਬਗੈਰ ਨਹੀਂ ਜਾ ਸੱਕਦੇ। ਰਾਜਪਾਲ ਨੇ ਆਖਿਆ ਸੀ ਕਿ ਉਹ ਸਾਨੂੰ ਓਨਾ ਚਿਰ ਨਹੀਂ ਮਿਲੇਗਾ ਜਦੋਂ ਤੱਕ ਉਹ ਸਾਡੇ ਸਭ ਤੋਂ ਛੋਟੇ ਭਰਾ ਨੂੰ ਦੇਖ ਨਹੀਂ ਲੈਂਦਾ।’ 27 ਫ਼ੇਰ ਮੇਰੇ ਪਿਤਾ ਨੇ ਮੈਨੂੰ ਆਖਿਆ, ‘ਤੂੰ ਜਾਣਦਾ ਹੈਂ ਕਿ ਮੇਰੀ ਪਤਨੀ ਰਾਖੇਲ ਤੋਂ ਮੇਰੇ ਦੋ ਪੁੱਤਰ ਸਨ। 28 ਮੈਂ ਇੱਕ ਪੁੱਤਰ ਨੂੰ ਜਾਣ ਦਿੱਤਾ ਅਤੇ ਉਹ ਕਿਸੇ ਜੰਗਲੀ ਜਾਨਵਰ ਹੱਥੋਂ ਮਾਰਿਆ ਗਿਆ। ਅਤੇ ਮੈਂ ਉਸ ਨੂੰ ਉਸਤੋਂ ਮਗਰੋਂ ਨਹੀਂ ਦੇਖਿਆ। 29 ਜੇ ਤੁਸੀਂ ਮੇਰੇ ਦੂਸਰੇ ਪੁੱਤਰ ਨੂੰ ਵੀ ਮੇਰੇ ਕੋਲੋਂ ਲੈ ਜਾਵੋਂਗੇ, ਅਤੇ ਜੇ ਉਸ ਨੂੰ ਕੁਝ ਹੋ ਗਿਆ ਤਾਂ ਮੈਂ ਬੁੱਢਾ ਅਤੇ ਉਦਾਸ ਹੀ ਮਰ ਜਾਵਾਂਗਾ।’ 30 ਹੁਣ, ਜ਼ਰਾ ਸੋਚੋ ਕਿ ਜੇ ਅਸੀਂ ਆਪਣੇ ਸਭ ਤੋਂ ਛੋਟੇ ਭਰਾ ਤੋਂ ਬਗੈਰ ਘਰ ਜਾਂਦੇ ਹਾਂ ਤਾਂ ਕੀ ਹੋਵੇਗਾ ਇਹ ਮੁੰਡਾ ਸਾਡੇ ਪਿਤਾ ਦੀ ਜ਼ਿੰਦਗੀ ਲਈ ਸਭ ਤੋਂ ਮਹੱਤਵਪੂਰਣ ਹੈ। 31 ਸਾਡਾ ਪਿਤਾ ਇਸ ਮੁੰਡੇ ਨੂੰ ਸਾਡੇ ਨਾਲ ਨਾ ਦੇਖਕੇ ਮਰ ਜਾਵੇਗਾ, ਅਤੇ ਇਹ ਦੋਸ਼ ਸਾਡਾ ਹੋਵੇਗਾ। ਅਸੀਂ ਆਪਣੇ ਪਿਤਾ ਨੂੰ ਬਹੁਤ ਸੋਗੀ ਮਨੁੱਖ ਵਾਂਗ ਕਬਰ ਵਿੱਚ ਪਹੁੰਚਾ ਦਿਆਂਗੇ।
32 “ਮੈਂ ਇਸ ਮੁੰਡੇ ਦੀ ਜੁਂਮੇਵਾਰੀ ਚੁੱਕੀ ਸੀ। ਮੈਂ ਆਪਣੇ ਪਿਤਾ ਨੂੰ ਆਖਿਆ ਸੀ, ‘ਜੇ ਮੈਂ ਇਸ ਨੂੰ ਤੁਹਾਡੇ ਕੋਲ ਵਾਪਸ ਨਾ ਲੈ ਕੇ ਆਇਆ ਤਾਂ ਤੁਸੀਂ ਮੈਨੂੰ ਉਮਰ ਭਰ ਲਈ ਦੋਸ਼ੀ ਠਹਿਰਾ ਸੱਕਦੇ ਹੋ।’ 33 ਇਸ ਲਈ ਹੁਣ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ, ਕਿਰਪਾ ਕਰਕੇ ਇਸ ਮੁੰਡੇ ਨੂੰ ਆਪਣੇ ਭਰਾਵਾਂ ਨਾਲ ਵਾਪਸ ਜਾਣ ਦਿਉ। ਅਤੇ ਮੈਂ ਇੱਥੇ ਠਹਿਰਾਂਗਾ ਅਤੇ ਤੁਹਾਡਾ ਗੁਲਾਮ ਬਣਾਂਗਾ। 34 ਜੇ ਇਹ ਮੁੰਡਾ ਮੇਰੇ ਨਾਲ ਨਹੀਂ ਹੋਵੇਗਾ ਤਾਂ ਮੈਂ ਆਪਣੇ ਪਿਤਾ ਦਾ ਸਾਹਮਣਾ ਨਹੀਂ ਕਰ ਸੱਕਦਾ। ਮੈਂ ਇਸ ਗੱਲੋਂ ਬਹੁਤ ਭੈਭੀਤ ਹਾਂ ਕਿ ਮੇਰੇ ਪਿਤਾ ਦਾ ਕੀ ਹੋਵੇਗਾ।”