ਅਬਰਾਹਾਮ, ਆਪਣੇ ਪੁੱਤਰ ਨੂੰ ਮਾਰ ਦੇ
22
ਇਨ੍ਹਾਂ ਘਟਾਨਾਵਾਂ ਤੋਂ ਮਗਰੋਂ, ਪਰਮੇਸ਼ੁਰ ਨੇ ਅਬਰਾਹਾਮ ਨੂੰ ਪਰੱਖਣ ਦਾ ਨਿਆਂ ਕੀਤਾ। ਪਰਮੇਸ਼ੁਰ ਨੇ ਉਸ ਨੂੰ ਆਖਿਆ, “ਅਬਰਾਹਾਮ!”
ਅਤੇ ਅਬਰਾਹਾਮ ਨੇ ਆਖਿਆ, “ਹਾਂ ਯਹੋਵਾਹ!”
ਫ਼ੇਰ ਪਰਮੇਸ਼ੁਰ ਨੇ ਆਖਿਆ, “ਆਪਣੇ ਪੁੱਤਰ ਨੂੰ ਮੋਰੀਆਹ ਦੀ ਧਰਤੀ ਉੱਤੇ ਲੈ ਜਾ। ਮੋਰੀਆਹ ਉੱਤੇ ਜਾ ਕੇ ਆਪਣੇ ਪੁੱਤਰ ਦੀ ਮੇਰੇ ਲਈ ਬਲੀ ਚੜ੍ਹਾ। ਇਹ ਤੇਰਾ ਇੱਕ ਲੌਤਾ ਪੁੱਤਰ, ਇਸਹਾਕ ਹੀ ਹੋਣਾ ਚਾਹੀਦਾ ਹੈ-ਉਹ ਪੁੱਤਰ ਜਿਸ ਨੂੰ ਤੂੰ ਪਿਆਰ ਕਰਦਾ ਹੈਂ। ਉਸ ਨੂੰ ਇੱਥੋਂ ਦੇ ਪਹਾੜਾਂ ਵਿੱਚੋਂ ਕਿਸੇ ਇੱਕ ਉੱਤੇ ਹੋਮ ਦੀ ਭੇਟ ਵਜੋਂ ਵਰਤ। ਮੈਂ ਤੈਨੂੰ ਦੱਸਾਂਗਾ ਕਿਹੜੇ ਪਰਬਤ ਉੱਤੇ।”
ਸਵੇਰੇ ਅਬਰਾਹਾਮ ਉੱਠਿਆ ਅਤੇ ਆਪਣੇ ਖੋਤੇ ਨੂੰ ਕਾਠੀ ਪਾਈ। ਅਬਰਾਹਾਮ ਨੇ ਇਸਹਾਕ ਅਤੇ ਆਪਣੇ ਦੋ ਨੌਕਰਾਂ ਨੂੰ ਨਾਲ ਲੈ ਲਿਆ। ਅਬਰਾਹਾਮ ਨੇ ਬਲੀ ਲਈ ਲੱਕੜ ਕੱਟੀ। ਫ਼ੇਰ ਉਹ ਉਸ ਥਾਂ ਚੱਲੇ ਗਏ ਜਿੱਥੇ ਜਾਣ ਬਾਰੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਆਖਿਆ ਸੀ। ਤਿੰਨ ਦਿਨ ਸਫ਼ਰ ਕਰਨ ਤੋਂ ਮਗਰੋਂ, ਅਬਰਾਹਾਮ ਨੇ ਉੱਪਰ ਵੱਲ ਦੇਖਿਆ ਅਤੇ ਕੁਝ ਦੂਰੀ ਤੇ, ਉਸ ਨੇ ਉਹ ਥਾਂ ਦੇਖੀ ਜਿੱਥੇ ਉਹ ਜਾ ਰਿਹਾ ਸੀ। ਫ਼ੇਰ ਅਬਰਾਹਾਮ ਨੇ ਆਪਣੇ ਨੌਕਰਾਂ ਨੂੰ ਆਖਿਆ, “ਖੋਤੇ ਨਾਲ ਇੱਥੇ ਹੀ ਠਹਿਰੋ। ਮੈਂ ਆਪਣੇ ਪੁੱਤਰ ਨੂੰ ਨਾਲ ਲੈ ਕੇ ਉਸ ਉਪਾਸਨਾ ਵਾਲੀ ਥਾਂ ਉੱਤੇ ਜਾਵਾਂਗਾ। ਫ਼ੇਰ ਅਸੀਂ ਤੁਹਾਡੇ ਕੋਲ ਵਾਪਸ ਆ ਜਾਵਾਂਗੇ।”
ਅਬਰਾਹਾਮ ਨੇ ਬਲੀ ਲਈ ਲੱਕੜਾਂ ਲਈਆਂ ਅਤੇ ਇਹ ਆਪਣੇ ਪੁੱਤਰ ਇਸਹਾਕ ਉੱਤੇ ਰੱਖ ਦਿੱਤੀਆਂ। ਅਬਰਾਹਾਮ ਨੇ ਖੁਦ ਅੱਗ ਅਤੇ ਚਾਕੂ ਨੂੰ ਚੁੱਕਿਆ। ਅਤੇ ਉਹ ਦੋਵੇਂ ਇਕੱਠੇ ਤੁਰ ਪਏ।
ਇਸਹਾਕ ਨੇ ਆਪਣੇ ਪਿਤਾ ਅਬਰਾਹਾਮ ਨੂੰ ਆਖਿਆ, “ਪਿਤਾ ਜੀ!”
ਅਬਰਾਹਾਮ ਨੇ ਜਵਾਬ ਦਿੱਤਾ, “ਹਾਂ ਪੁੱਤਰ।”
ਇਸਹਾਕ ਨੇ ਆਖਿਆ, “ਮੈਨੂੰ ਲੱਕੜਾਂ ਅਤੇ ਅੱਗ ਤਾਂ ਨਜ਼ਰ ਆਉਂਦੀ ਹੈ। ਪਰ ਉਹ ਲੇਲਾ ਕਿੱਥੇ ਹੈ ਜਿਸ ਨੂੰ ਅਸੀਂ ਬਲੀ ਚੜ੍ਹਾਵਾਂਗੇ?”
ਅਬਰਾਹਾਮ ਨੇ ਜਵਾਬ ਦਿੱਤਾ, “ਪਰਮੇਸ਼ੁਰ ਖੁਦ ਹੀ ਬਲੀ ਲਈ ਲੇਲਾ ਭੇਜ ਰਿਹਾ ਹੈ, ਮੇਰੇ ਪੁੱਤਰ।”
ਇਸ ਤਰ੍ਹਾਂ ਅਬਰਾਹਾਮ ਅਤੇ ਉਸਦਾ ਪੁੱਤਰ ਦੋਵੇਂ ਉਸ ਥਾਂ ਚੱਲੇ ਗਏ। ਉਹ ਉਸ ਥਾਂ ਗਏ ਜਿੱਥੇ ਉਨ੍ਹਾਂ ਨੂੰ ਪਰਮੇਸ਼ੁਰ ਨੇ ਜਾਣ ਵਾਸਤੇ ਆਖਿਆ ਸੀ। ਉੱਥੇ ਅਬਰਾਹਾਮ ਨੇ ਜਗਵੇਦੀ ਉਸਾਰੀ ਅਤੇ ਜਗਵੇਦੀ ਉੱਤੇ ਲੱਕੜਾਂ ਰੱਖ ਦਿੱਤੀਆਂ। ਫ਼ੇਰ ਅਬਰਾਹਾਮ ਨੇ ਆਪਣੇ ਪੁੱਤਰ ਇਸਹਾਕ ਨੂੰ ਬੰਨ੍ਹ ਦਿੱਤਾ। ਅਬਰਾਹਾਮ ਨੇ ਇਸਹਾਕ ਨੂੰ ਜਗਵੇਦੀ ਉੱਤੇ ਲੱਕੜਾਂ ਉੱਪਰ ਰੱਖ ਦਿੱਤਾ। 10 ਫ਼ੇਰ ਅਬਰਾਹਾਮ ਨੇ ਆਪਣੀ ਛੁਰੀ ਕੱਢ ਲਈ ਅਤੇ ਆਪਣੇ ਪੁੱਤਰ ਨੂੰ ਮਾਰਨ ਲਈ ਤਿਆਰ ਹੋ ਗਿਆ।
11 ਪਰ ਫ਼ੇਰ ਯਹੋਵਾਹ ਦੇ ਦੂਤ ਨੇ ਅਬਰਾਹਾਮ ਨੂੰ ਰੋਕ ਲਿਆ। ਦੂਤ ਨੇ ਆਕਾਸ਼ ਵਿੱਚੋਂ ਆਵਾਜ਼ ਦਿੱਤੀ ਅਤੇ ਆਖਿਆ, “ਅਬਰਾਹਾਮ, ਅਬਰਾਹਾਮ!”
ਅਬਰਾਹਾਮ ਨੇ ਜਵਾਬ ਦਿੱਤਾ, “ਹਾਂ ਜੀ।”
12 ਦੂਤ ਨੇ ਆਖਿਆ, “ਆਪਣੇ ਪੁੱਤਰ ਨੂੰ ਨਾ ਮਾਰ ਅਤੇ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਪਹੁੰਚਾ। ਹੁਣ ਮੈਂ ਦੇਖ ਸੱਕਦਾ ਹਾਂ ਕਿ ਤੂੰ ਸੱਚਮੁੱਚ ਪਰਮੇਸ਼ੁਰ ਦਾ ਆਦਰ ਕਰਦਾ ਹੈਂ ਅਤੇ ਉਸਦਾ ਹੁਕਮ ਮੰਨਦਾ ਹੈਂ। ਮੈਂ ਦੇਖ ਰਿਹਾ ਹਾਂ ਕਿ ਤੂੰ ਮੇਰੇ ਲਈ ਆਪਣੇ ਪੁੱਤਰ, ਆਪਣੇ ਇੱਕੋ-ਇੱਕ ਪੁੱਤਰ ਦੀ ਬਲੀ ਦੇਣ ਲਈ ਤਿਆਰ ਹੈਂ।”
13 ਫ਼ੇਰ ਅਬਰਾਹਾਮ ਨੇ ਇੱਕ ਭੇਡੂ ਦੇਖਿਆ। ਭੇਡੂ ਦੇ ਸਿੰਗ ਝਾੜੀ ਵਿੱਚ ਫ਼ਸੇ ਹੋਏ ਸਨ। ਇਸ ਲਈ ਅਬਰਾਹਾਮ ਗਿਆ ਅਤੇ ਭੇਡੂ ਨੂੰ ਲੈ ਕੇ ਇਸ ਨੂੰ ਆਪਣੇ ਪੁੱਤਰ ਦੀ ਬਜਾਇ ਪਰਮੇਸ਼ੁਰ ਨੂੰ ਬਲੀ ਵਜੋਂ ਚੜ੍ਹਾ ਦਿੱਤਾ। 14 ਇਸ ਲਈ ਅਬਰਾਹਾਮ ਨੇ ਉਸ ਥਾਂ ਨੂੰ ਨਾਮ ਦਿੱਤਾ, “ਯਾਹਵੇਹ ਯਿਰਹ।”* ਅੱਜ ਵੀ ਲੋਕ ਆਖਦੇ ਹਨ, “ਇਸ ਪਰਬਤ ਉੱਤੇ ਯਹੋਵਾਹ ਦਾ ਦੀਦਾਰ ਕੀਤਾ ਜਾ ਸੱਕਦਾ ਹੈ।”
15 ਯਹੋਵਾਹ ਦੇ ਦੂਤ ਨੇ ਦੂਸਰੀ ਵਾਰ ਅਬਰਾਹਾਮ ਨੂੰ ਆਕਾਸ਼ੋਂ ਆਵਾਜ਼ ਦਿੱਤੀ। 16 ਦੂਤ ਨੇ ਆਖਿਆ, “ਤੂੰ ਮੇਰੀ ਖਾਤਿਰ ਆਪਣੇ ਪੁੱਤਰ ਦੀ ਬਲੀ ਦੇਣ ਲਈ ਤਿਆਰ ਹੋ ਗਿਆ ਸੀ। ਇਹ ਤੇਰਾ ਇੱਕਲੌਤਾ ਪੁੱਤਰ ਸੀ। ਕਿਉਂਕਿ ਤੂੰ ਮੇਰੀ ਖਾਤਿਰ ਅਜਿਹਾ ਕੀਤਾ, ਮੈਂ ਤੈਨੂੰ ਇਹ ਬਚਨ ਦਿੰਦਾ ਹਾਂ: ਮੈਂ, ਯਹੋਵਾਹ, ਇਕਰਾਰ ਕਰਦਾ ਹਾਂ ਕਿ 17 ਮੈਂ ਤੈਨੂੰ ਸੱਚਮੁੱਚ ਅਸੀਸ ਦੇਵਾਂਗਾ। ਮੈਂ ਤੈਨੂੰ ਬਹੁਤ ਸਾਰੇ ਉੱਤਰਾਧਿਕਾਰੀ ਦਿਆਂਗਾ, ਜਿੰਨੇ ਕਿ ਆਕਾਸ਼ ਵਿੱਚ ਤਾਰੇ ਹਨ। ਇੱਥੇ ਇੰਨੇ ਲੋਕ ਹੋਣਗੇ ਜਿੰਨੇ ਸਮੁੰਦਰੀ ਕੰਢੇ ਉੱਤੇ ਰੇਤ ਦੇ ਕਣ ਹਨ। ਅਤੇ ਤੇਰੇ ਲੋਕ ਉਨ੍ਹਾਂ ਸ਼ਹਿਰਾਂ ਵਿੱਚ ਰਹਿਣਗੇ ਜਿਹੜੇ ਉਹ ਆਪਣੇ ਦੁਸ਼ਮਣਾ ਤੋਂ ਜਿੱਤਣਗੇ। 18 ਧਰਤੀ ਦੀਆਂ ਸਾਰੀਆਂ ਕੌਮਾਂ ਤੇਰੇ ਉੱਤਰਾਧਿਕਾਰੀਆਂ ਕਾਰਣ ਅਸੀਸਮਈ ਹੋਣਗੀਆਂ, ਕਿਉਂਕਿ ਤੂੰ ਮੇਰੇ ਆਦੇਸ਼ਾਂ ਨੂੰ ਮੰਨਿਆ।”
19 ਫ਼ੇਰ ਅਬਰਾਹਾਮ ਆਪਣੇ ਨੌਕਰਾਂ ਕੋਲ ਵਾਪਸ ਚੱਲਾ ਗਿਆ। ਉਹ ਸਾਰੇ ਬਏਰਸਬਾ ਵਾਪਸ ਪਰਤ ਗਏ ਅਤੇ ਅਬਰਾਹਾਮ ਉੱਥੇ ਠਹਿਰ ਗਿਆ।
20 ਇਹ ਸਭ ਗੱਲਾਂ ਵਾਪਰਨ ਤੋਂ ਬਾਦ, ਅਬਰਾਹਾਮ ਨੂੰ ਇੱਕ ਸੰਦੇਸ਼ ਭੇਜਿਆ ਗਿਆ। ਸੰਦੇਸ਼ ਵਿੱਚ ਆਖਿਆ ਗਿਆ ਸੀ, “ਤੇਰੇ ਭਰਾ ਨਾਹੋਰ ਅਤੇ ਉਸਦੀ ਪਤਨੀ ਮਿਲਕਾਹ ਦੇ ਹੁਣ ਬੱਚੇ ਹਨ। 21 ਪਹਿਲੇ ਪੁੱਤਰ ਦਾ ਨਾਮ ਊਸ ਹੈ। ਦੂਸਰੇ ਪੁੱਤਰ ਦਾ ਨਾਮ ਬੂਜ਼ ਹੈ। ਤੀਸਰਾ ਪੁੱਤਰ ਅਰਾਮ ਦਾ ਪਿਤਾ, ਕਮੂਏਲ ਹੈ। 22 ਫ਼ੇਰ ਕਸਦ, ਹਜ਼ੋ, ਪਿਲਦਾਸ਼ ਅਤੇ ਯਿਦਲਾਫ਼ ਬਥੂਏਲ ਹਨ।” 23 ਬਥੂਏਲ ਰਿਬਕਾਹ ਦਾ ਪਿਤਾ ਸੀ। ਮਿਲਕਾਹ ਇਨ੍ਹਾਂ ਅੱਠਾਂ ਪੁੱਤਰਾਂ ਦੀ ਮਾਂ ਸੀ ਅਤੇ ਨਾਹੋਰ ਉਨ੍ਹਾਂ ਦਾ ਪਿਤਾ ਸੀ। ਨਾਹੋਰ ਅਬਰਾਹਾਮ ਦਾ ਭਰਾ ਸੀ। 24 ਨਾਹੋਰ ਦੇ ਆਪਣੀ ਦਾਸੀ ਰੂਮਾਹ ਤੋਂ ਵੀ ਚਾਰ ਪੁੱਤਰ ਸਨ। ਇਹ ਪੁੱਤਰ ਸਨ, ਤਬਹ, ਗਹਮ, ਤਹਸ਼ ਅਤੇ ਮਾਕਾਹ।
* 22:14 ਯਾਹਵੇਹ ਯਿਰਹ ਜਾਂ, “ਯਹੋਵਾਹ ਯਿਰਹ।” ਇਸਦਾ ਅਰਥ ਹੈ, “ਯਹੋਵਾਹ ਵੇਖਦਾ ਹੈ” ਜਾਂ “ਯਹੋਵਾਹ ਦਿੰਦਾ ਹੈ।”