ਸੱਤਵਾਂ ਦਿਨ-ਅਰਾਮ
2
ਇਸ ਤਰ੍ਹਾਂ ਧਰਤੀ ਅਕਾਸ਼ ਅਤੇ ਉਨ੍ਹਾਂ ਵਿੱਚਲੀ ਹਰ ਸ਼ੈਅ ਦੀ ਸਾਜਨਾ ਸੰਪੂਰਨ ਹੋ ਗਈ। ਪਰਮੇਸ਼ੁਰ ਨੇ ਆਪਣਾ ਕੰਮ, ਜੋ ਉਹ ਕਰ ਰਿਹਾ ਸੀ ਖ਼ਤਮ ਕਰ ਲਿਆ। ਇਸ ਲਈ ਪਰਮੇਸ਼ੁਰ ਨੇ ਸੱਤਵੇਂ ਦਿਨ ਅਰਾਮ ਕੀਤਾ। ਪਰਮੇਸ਼ੁਰ ਨੇ ਸੱਤਵੇਂ ਦਿਨ ਨੂੰ ਅਸੀਸ ਦਿੱਤੀ ਅਤੇ ਇਸ ਨੂੰ ਪਵਿੱਤਰ ਦਿਨ ਬਣਾਇਆ, ਕਿਉਂਕਿ ਉਸ ਨੇ ਉਨ੍ਹਾਂ ਸਾਰੇ ਕੰਮਾਂ ਤੋਂ ਅਰਾਮ ਲਿਆ ਜੋ ਉਹ ਸੰਸਾਰ ਦੀ ਸਾਜਨਾ ਕਰਨ ਵੇਲੇ ਕਰ ਰਿਹਾ ਸੀ।
ਮਨੁੱਖ਼ਤਾ ਦੀ ਸ਼ੁਰੂਆਤ
ਇਹ ਅਕਾਸ਼ ਅਤੇ ਧਰਤੀ ਦਾ ਇਤਿਹਾਸ ਹੈ। ਇਹ ਉਨ੍ਹਾਂ ਗੱਲਾਂ ਦੀ ਕਹਾਣੀ ਹੈ ਜਿਹੜ੍ਹ੍ਹੀਆਂ ਪਰਮੇਸ਼ੁਰ ਦੇ ਧਰਤੀ ਅਤੇ ਅਕਾਸ਼ ਬਨਾਉਣ ਵੇਲੇ ਵਾਪਰੀਆਂ। ਇਹ ਜ਼ਮੀਨ ਉੱਤੇ ਪੌਦੇ ਉੱਗਣ ਤੋਂ ਪਹਿਲਾਂ ਦੀ ਗੱਲ ਹੈ। ਖੇਤਾਂ ਵਿੱਚ ਕੁਝ ਵੀ ਨਹੀਂ ਉੱਗ ਰਿਹਾ ਸੀ। ਇਹ ਇਸ ਲਈ ਸੀ ਕਿਉਕਿ ਯਹੋਵਾਹ ਪਰਮੇਸ਼ੁਰ ਨੇ ਹਾਲੇ ਮੀਂਹ ਨਹੀਂ ਭੇਜਿਆ ਸੀ ਅਤੇ ਉੱਥੇ ਪੌਦਿਆਂ ਦੀ ਦੇਖ-ਭਾਲ ਕਰਨ ਲਈ ਕੋਈ ਵੀ ਮਨੁੱਖ ਨਹੀਂ ਸੀ।
ਇਸਦੀ ਜਗ਼੍ਹਾ, ਧਰਤੀ ਵਿੱਚੋਂ ਇੱਕ ਧੁੰਦ* ਆਈ ਅਤੇ ਜ਼ਮੀਨ ਨੂੰ ਗਿੱਲਾ ਕੀਤਾ। ਫ਼ੇਰ ਯਹੋਵਾਹ ਪਰਮੇਸ਼ੁਰ ਨੇ ਧਰਤੀ ਤੋਂ ਮਿੱਟੀ ਲਈ ਅਤੇ ਆਦਮ ਨੂੰ ਸਾਜਿਆ। ਯਹੋਵਾਹ ਨੇ ਆਦਮ ਦੇ ਨੱਕ ਵਿੱਚ ਜੀਵਨ ਦਾ ਸਾਹ ਫ਼ੂਕਿਆ, ਅਤੇ ਆਦਮ ਜਿਉਂਦਾ ਜੀਵ ਬਣ ਗਿਆ। ਫ਼ੇਰ ਯਹੋਵਾਹ ਪਰਮੇਸ਼ੁਰ ਨੇ ਪੂਰਬ ਵਿੱਚ ਅਦਨ ਨਾਮ ਦੇ ਇੱਕ ਸਥਾਨ ਉੱਤੇ ਇੱਕ ਬਾਗ਼ ਲਾਇਆ। ਯਹੋਵਾਹ ਪਰਮੇਸ਼ੁਰ ਨੇ ਆਪਣੇ ਦੁਆਰਾ ਸਾਜੇ ਹੋਏ ਆਦਮ ਨੂੰ ਉਸ ਬਾਗ਼ ਵਿੱਚ ਰੱਖ ਦਿੱਤਾ। ਯਹੋਵਾਹ ਪਰਮੇਸ਼ੁਰ ਨੇ ਜ਼ਮੀਨ ਵਿੱਚੋਂ ਰੁੱਖ ਉਗਾਏ: ਹਰ ਖੂਬਸੂਰਤ ਰੁੱਖ ਅਤੇ ਹਰ ਉਹ ਰੁੱਖ ਜੋ ਭੋਜਨ ਲਈ ਚੰਗਾ ਸੀ। ਬਾਗ ਦੇ ਮੱਧ ਵਿੱਚ, ਯਹੋਵਾਹ ਪਰਮੇਸ਼ੁਰ ਨੇ ਜੀਵਨ ਦਾ ਰੁੱਖ ਲਾਇਆ ਅਤੇ ਉਹ ਰੁੱਖ ਵੀ ਲਾਇਆ ਜੋ ਗਿਆਨ ਦਿੰਦਾ ਸੀ ਕਿ, ਕੀ ਚੰਗਾ ਸੀ ਤੇ ਕੀ ਮਾੜਾ।
10 ਅਦਨ ਵਿੱਚ ਇੱਕ ਨਦੀ ਵਗਦੀ ਸੀ ਜਿਹੜੀ ਬਾਗ਼ ਨੂੰ ਸਿਂਜਦੀ ਸੀ। ਉਹ ਨਦੀ ਫ਼ੇਰ ਚਾਰ ਸ਼ਾਖਾਵਾਂ ਵਿੱਚ ਪਾਟ ਗਈ। 11 ਪਹਿਲੀ ਨਦੀ ਦਾ ਨਾਮ ਪੀਸੋਨ ਸੀ। ਇਹ ਨਦੀ ਹਵੀਲਾਹ, ਦੇ ਸਮੁੱਚੇ ਦੇਸ਼ ਦੇ ਦੁਆਲੇ ਵਗਦੀ ਸੀ ਜਿੱਥੇ ਸੋਨਾ ਹੈ। 12 (ਹਵੀਲਾਹ ਵਿੱਚਲਾ ਸੋਨਾ ਚੰਗਾ ਹੈ। ਉਸ ਦੇਸ਼ ਵਿੱਚ ਮੋਤੀ ਅਤੇ ਸੁਲੇਮਾਨੀ ਵੀ ਹਨ।) 13 ਦੂਸਰੀ ਨਦੀ ਦਾ ਨਾਮ ਗੀਹੋਨ ਸੀ। ਇਹ ਨਦੀ ਸਮੁੱਚੇ ਕੂਸ਼ ਦੇਸ਼ ਦੁਆਲੇ ਵਗਦੀ ਸੀ। 14 ਤੀਸਰੀ ਨਦੀ ਦਾ ਨਾਮ ਹਿੱਦਕਾਲ ਸੀ। ਇਹ ਨਦੀ ਅੱਸ਼ੂਰ ਦੇ ਪੂਰਬ ਵਿੱਚ ਵਗਦੀ ਸੀ। ਚੌਥੀ ਨਦੀ ਫ਼ਰਾਤ ਸੀ।
15 ਯਹੋਵਾਹ ਪਰਮੇਸ਼ੁਰ ਨੇ ਆਦਮ ਨੂੰ ਅਦਨ ਦੇ ਬਾਗ ਵਿੱਚ ਜ਼ਮੀਨ ਉੱਤੇ ਕੰਮ ਕਰਨ ਅਤੇ ਬਾਗ਼ ਦੀ ਦੇਖ-ਭਾਲ ਲਈ ਰੱਖਿਆ। 16 ਯਹੋਵਾਹ ਪਰਮੇਸ਼ੁਰ ਨੇ ਆਦਮ ਨੂੰ ਇਹ ਆਦੇਸ਼ ਦਿੱਤਾ। ਯਹੋਵਾਹ ਪਰਮੇਸ਼ੁਰ ਨੇ ਆਖਿਆ, “ਤੂੰ ਬਾਗ ਵਿੱਚਲੇ ਹਰ ਰੁੱਖ ਦਾ ਫ਼ਲ ਖਾ ਸੱਕਦਾ ਹੈਂ। 17 ਪਰ ਤੈਨੂੰ ਉਸ ਰੁੱਖ ਦਾ ਫ਼ਲ ਨਹੀਂ ਖਾਣਾ ਚਾਹੀਦਾ ਜਿਹੜਾ ਗਿਆਨ ਦਿੰਦਾ, ਕਿ ਕੀ ਚੰਗਾ ਤੇ ਕੀ ਬੁਰਾ। ਜੇ ਤੂੰ ਉਸ ਰੁੱਖ ਦਾ ਫ਼ਲ ਖਾਵੇਂਗਾ ਤਾਂ ਤੂੰ ਮਰ ਜਾਵੇਂਗਾ।”
ਪਹਿਲੀ ਔਰਤ
18 ਫ਼ੇਰ ਯਹੋਵਾਹ ਪਰਮੇਸ਼ੁਰ ਨੇ ਆਖਿਆ, “ਆਦਮ ਲਈ ਇੱਕਲਿਆਂ ਹੋਣਾ ਚੰਗੀ ਗੱਲ ਨਹੀਂ। ਮੈਂ ਉਸ ਲਈ ਇੱਕ ਸਹਾਇਕ ਸਾਜਾਂਗਾ ਜੋ ਉਸ ਵਰਗਾ ਹੋਵੇਗਾ।”
19 ਯਹੋਵਾਹ ਪਰਮੇਸ਼ੁਰ ਨੇ ਧਰਤੀ ਦੀ ਮਿੱਟੀ ਲਈ ਅਤੇ ਖੇਤਾਂ ਦੇ ਹਰ ਜਾਨਵਰ ਅਤੇ ਅਕਾਸ਼ ਦੇ ਹਰ ਪੰਛੀ ਦੀ ਸਾਜਨਾ ਕੀਤੀ। ਯਹੋਵਾਹ ਪਰਮੇਸ਼ੁਰ ਨੇ ਇਹ ਸਾਰੇ ਜਾਨਵਰ ਆਦਮੀ ਕੋਲ ਇਹ ਦੇਖਣ ਲਈ ਲਿਆਂਦੇ ਕਿ ਉਹ ਉਨ੍ਹਾਂ ਨੂੰ ਕੀ ਬੁਲਾਉਂਦਾ ਹੈ। ਆਦਮੀ ਨੇ ਹਰ ਇੱਕ ਜਾਨਵਰ ਨੂੰ ਨਾਮ ਦਿੱਤਾ। 20 ਆਦਮੀ ਨੇ ਪਾਲਤੂ ਜਾਨਵਰਾਂ, ਅਕਾਸ਼ ਦੇ ਸਾਰੇ ਪੰਛੀਆਂ ਅਤੇ ਸਾਰੇ ਜੰਗਲੀ ਜਾਨਵਰਾਂ ਦੇ ਨਾਮ ਵੀ ਧਰੇ। ਆਦਮੀ ਨੇ ਅਨੇਕਾਂ ਜਾਨਵਰ ਅਤੇ ਪੰਛੀ ਵੇਖੇ, ਪਰ ਉਸ ਨੂੰ ਕੋਈ ਵੀ ਅਜਿਹਾ ਸਹਾਇਕ ਨਹੀਂ ਲੱਭਿਆ ਜੋ ਉਸ ਲਈ ਜੱਚਦਾ ਹੋਵੇ। 21 ਇਸ ਲਈ ਯਹੋਵਾਹ ਪਰਮੇਸ਼ੁਰ ਨੇ ਆਦਮੀ ਨੂੰ ਗਹਿਰੀ ਨੀਂਦ ਵਿੱਚ ਸੁਲਾ ਦਿੱਤਾ। ਜਦੋਂ ਆਦਮੀ ਸੁੱਤਾ ਹੋਇਆ ਸੀ, ਯਹੋਵਾਹ ਪਰਮੇਸ਼ੁਰ ਨੇ ਆਦਮੀ ਦੇ ਸ਼ਰੀਰ ਦੀ ਇੱਕ ਪੱਸਲੀ ਲਈ। ਫ਼ੇਰ ਯਹੋਵਾਹ ਪਰਮੇਸ਼ੁਰ ਨੇ ਆਦਮੀ ਦੀ ਚਮੜੀ ਦੀ ਉਹ ਥਾਂ ਬੰਦ ਕਰ ਦਿੱਤੀ ਜਿੱਥੇ ਉਸ ਨੇ ਪੱਸਲੀ ਕੱਢੀ ਸੀ। 22 ਯਹੋਵਾਹ ਪਰਮੇਸ਼ੁਰ ਨੇ ਉਸ ਪੱਸਲੀ ਤੋਂ ਜੋ ਉਸ ਨੇ ਆਦਮੀ ਚੋਂ ਕੱਢੀ ਸੀ ਇੱਕ ਔਰਤ ਸਾਜੀ। ਫ਼ੇਰ ਯਹੋਵਾਹ ਪਰਮੇਸ਼ੁਰ ਔਰਤ ਨੂੰ ਆਦਮ ਕੋਲ ਲੈ ਆਇਆ। 23 ਆਦਮੀ ਨੇ ਆਖਿਆ,
“ਆਖਿਰਕਾਰ! ਮੇਰੇ ਵਰਗਾ ਇੱਕ ਇਨਸਾਨ!
ਉਸ ਦੀਆਂ ਹੱਡੀਆਂ ਮੇਰੀਂ ਹੱਡੀਆਂ ਤੋਂ ਹਨ।
ਉਸਦਾ ਸ਼ਰੀਰ ਮੇਰੇ ਸ਼ਰੀਰ ਤੋਂ ਹੈ।
ਉਸ ਨੂੰ ਆਦਮੀ ਤੋਂ ਲਿਆ ਗਿਆ ਸੀ,
ਇਸ ਲਈ ਉਹ ‘ਔਰਤ’ ਸਦਾਈ ਜਾਵੇਗੀ।”
24 ਇਹੀ ਕਾਰਣ ਹੈ ਕਿ ਆਦਮੀ ਆਪਣੇ ਪਿਤਾ ਅਤੇ ਮਾਤਾ ਨੂੰ ਛੱਡ ਕੇ ਆਪਣੀ ਪਤਨੀ ਨਾਲ ਜੁੜ ਜਾਂਦਾ ਹੈ। ਇਸ ਤਰ੍ਹਾਂ, ਦੋ ਜਣੇ ਇੱਕ ਬਣ ਜਾਂਦੇ ਹਨ।
25 ਆਦਮੀ ਅਤੇ ਉਸਦੀ ਪਤਨੀ ਨੰਗੇ ਸਨ। ਪਰ ਉਹ ਸ਼ਰਮਿੰਦਾ ਨਹੀਂ ਸਨ।
* 2:6 ਧੁੰਦ ਜਾਂ, “ਪਾਣੀ।”