ਪਰਮੇਸ਼ੁਰ ਦਾ ਅਬਰਾਮ ਨੂੰ ਸੱਦਾ
12
ਯਹੋਵਾਹ ਨੇ ਅਬਰਾਮ ਨੂੰ ਆਖਿਆ, “ਆਪਣਾ ਦੇਸ਼ ਅਤੇ ਆਪਣੇ ਲੋਕਾਂ ਨੂੰ ਛੱਡ ਦੇ। ਆਪਣੇ ਪਿਤਾ ਦਾ ਟੱਬਰ ਛੱਡ ਦੇ, ਅਤੇ ਉਸ ਧਰਤੀ ਤੇ ਜਾਹ ਜਿਹੜੀ ਮੈਂ ਤੈਨੂੰ ਦਿਖਾਵਾਂਗਾ।
ਮੈਂ ਤੇਰੇ ਵਿੱਚੋਂ ਇੱਕ ਮਹਾਨ ਕੌਮ ਉਸਾਰਾਂਗਾ।
ਮੈਂ ਤੈਨੂੰ ਅਸੀਸ ਦੇਵਾਂਗਾ
ਅਤੇ ਤੇਰਾ ਨਾਮ ਮਸ਼ਹੂਰ ਕਰ ਦਿਆਂਗਾ।
ਲੋਕੀਂ ਤੇਰਾ ਨਾਮ ਹੋਰਨਾਂ ਲੋਕਾਂ ਨੂੰ ਅਸੀਸ
ਦੇਣ ਲਈ ਵਰਤਣਗੇ।
ਮੈਂ ਉਨ੍ਹਾਂ ਲੋਕਾਂ ਨੂੰ ਅਸੀਸ ਦੇਵਾਂਗਾ ਜਿਹੜੇ ਤੈਨੂੰ ਅਸੀਸ ਦੇਣਗੇ,
ਅਤੇ ਮੈਂ ਉਨ੍ਹਾਂ ਲੋਕਾਂ ਨੂੰ ਸਰਾਪ ਦੇਵਾਂਗਾ ਜਿਹੜੇ ਤੈਨੂੰ ਸਰਾਪ ਦੇਣਗੇ।
ਮੈਂ ਧਰਤੀ ਦੇ ਸਮੂਹ ਲੋਕਾਂ ਨੂੰ ਅਸੀਸ ਦੇਣ
ਲਈ ਤੇਰੇ ਨਾਮ ਦੀ ਵਰਤੋਂ ਕਰਾਂਗਾ।”
ਅਬਰਾਮ ਕਨਾਨ ਜਾਂਦਾ ਹੈ
ਇਸ ਲਈ ਅਬਰਾਮ ਨੇ ਹਾਰਾਨ ਛੱਡ ਦਿੱਤਾ ਜਿਵੇਂ ਕਿ ਯਹੋਵਾਹ ਨੇ ਆਖਿਆ ਸੀ। ਅਤੇ ਲੂਤ ਉਸ ਦੇ ਨਾਲ ਚੱਲਾ ਗਿਆ। ਅਬਰਾਮ 75 ਵਰ੍ਹਿਆਂ ਦਾ ਸੀ, ਜਦੋਂ ਉਸ ਨੇ ਹਾਰਾਨ ਛੱਡਿਆ। ਅਬਰਾਮ ਨੇ ਆਪਣੇ ਨਾਲ ਆਪਣੀ ਪਤਨੀ ਸਾਰਈ, ਆਪਣੇ ਭਤੀਜੇ ਲੂਤ, ਸਾਰੇ ਗੁਲਾਮਾਂ ਅਤੇ ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਲੈ ਲਿਆ ਜਿਹੜੀਆਂ ਉਸ ਨੇ ਹਾਰਾਨ ਵਿੱਚ ਹਾਸਿਲ ਕੀਤੀਆਂ ਸਨ। ਫ਼ੇਰ ਅਬਰਾਮ ਅਤੇ ਉਸਦਾ ਸਮੂਹ ਕਨਾਨ ਦੀ ਧਰਤੀ ਵੱਲ ਤੁਰ ਪਿਆ। ਅਬਰਾਮ ਕਨਾਨ ਦੀ ਧਰਤੀ ਵਿੱਚੋਂ ਲੰਘਦਾ ਹੋਇਆ ਸ਼ਕਮ ਦੇ ਸ਼ਹਿਰ ਤੀਕ ਚੱਲਿਆ ਗਿਆ ਅਤੇ ਫ਼ੇਰ ਮੋਹਰ ਵਿਖੇ ਵੱਡੇ ਰੁੱਖ ਕੋਲ ਚੱਲਾ ਗਿਆ। ਉਸ ਸਮੇਂ ਉਸ ਸਥਾਨ ਉੱਤੇ ਕਨਾਨੀ ਲੋਕ ਰਹਿੰਦੇ ਸਨ।
ਯਹੋਵਾਹ ਨੇ ਅਬਰਾਮ ਨੂੰ ਦੀਦਾਰ ਦਿੱਤਾ। ਯਹੋਵਾਹ ਨੇ ਆਖਿਆ, “ਮੈਂ ਇਹ ਧਰਤੀ ਤੇਰੇ ਉੱਤਰਾਧਿਕਾਰੀ ਨੂੰ ਦੇਵਾਂਗਾ।”
ਯਹੋਵਾਹ ਨੇ ਉਸ ਥਾਂ ਉੱਤੇ ਅਬਰਾਮ ਨੂੰ ਦੀਦਾਰ ਦਿੱਤਾ। ਇਸ ਲਈ ਅਬਰਾਮ ਨੇ ਉੱਥੇ ਯਹੋਵਾਹ ਦੀ ਉਪਾਸਨਾ ਲਈ ਜਗਵੇਦੀ ਬਣਾਈ। ਫ਼ੇਰ ਅਬਰਾਮ ਉਹ ਥਾਂ ਛੱਡ ਕੇ ਬੈਤਏਲ ਦੇ ਪੂਰਬ ਵੱਲ ਪਹਾੜੀਆਂ ਨੂੰ ਚੱਲਾ ਗਿਆ। ਅਬਰਾਮ ਨੇ ਓਥੇ ਆਪਣਾ ਤੰਬੂ ਲਾ ਲਿਆ। ਬੈਤਏਲ ਪੱਛਮ ਵੱਲ ਅਤੇ ਆਈ ਪੂਰਬ ਵੱਲ ਸੀ। ਉਸ ਥਾਵੇਂ, ਅਬਰਾਮ ਨੇ ਯਹੋਵਾਹ ਲਈ ਇੱਕ ਹੋਰ ਜਗਵੇਦੀ ਬਣਾਈ ਅਤੇ ਅਬਰਾਮ ਨੇ ਉੱਥੇ ਯਹੋਵਾਹ ਦੀ ਉਪਾਸਨਾ ਕੀਤੀ। ਇਸਤੋਂ ਮਗਰੋਂ, ਅਬਰਾਮ ਇੱਕ ਵਾਰੀ ਫ਼ੇਰ ਆਪਣੇ ਸਫ਼ਰ ਤੇ ਨਿਕਲ ਪਿਆ। ਉਹ ਨੇਜੇਵ ਵੱਲ ਚੱਲਾ ਗਿਆ।
ਅਬਰਾਮ ਮਿਸਰ ਵਿੱਚ
10 ਇਸ ਸਮੇਂ ਦੌਰਾਨ ਧਰਤੀ ਬਹੁਤ ਖੁਸ਼ਕ ਸੀ। ਬਾਰਿਸ਼ ਨਹੀਂ ਸੀ ਹੋਈ ਅਤੇ ਭੋਜਨ ਉਗਾਇਆ ਨਹੀਂ ਸੀ ਜਾ ਸੱਕਦਾ। ਇਸ ਲਈ ਅਬਰਾਮ ਮਿਸਰ ਵਿੱਚ ਰਹਿਣ ਲਈ ਚੱਲਾ ਗਿਆ। 11 ਅਬਰਾਮ ਨੇ ਦੇਖਿਆ ਕਿ ਉਸਦੀ ਪਤਨੀ ਸਾਰਈ ਕਿੰਨੀ ਖੂਬਸੂਰਤ ਸੀ। ਇਸ ਲਈ ਮਿਸਰ ਪਹੁੰਚਣ ਤੋਂ ਰਤਾ ਕੁ ਪਹਿਲਾਂ ਅਬਰਾਮ ਨੇ ਸਾਰਈ ਨੂੰ ਆਖਿਆ, “ਮੈਂ ਜਾਣਦਾ ਹਾਂ ਕਿ ਤੂੰ ਬਹੁਤ ਖੂਬਸੂਰਤ ਔਰਤ ਹੈਂ। 12 ਮਿਸਰ ਦੇ ਆਦਮੀ ਤੈਨੂੰ ਦੇਖਣਗੇ। ਉਹ ਆਖਣਗੇ, ‘ਇਹ ਔਰਤ ਇਸਦੀ ਪਤਨੀ ਹੈ।’ ਫ਼ੇਰ ਉਹ ਮੈਨੂੰ ਮਾਰ ਦੇਣਗੇ ਅਤੇ ਤੈਨੂੰ ਜਿਉਂਦੀ ਰਹਿਣ ਦੇਣਗੇ। 13 ਇਸ ਲਈ ਲੋਕਾਂ ਨੂੰ ਇਹ ਆਖੀਂ ਕਿ ਤੂੰ ਮੇਰੀ ਭੈਣ ਹੈਂ। ਫ਼ੇਰ ਉਹ ਮੈਂਨੂੰ ਨਹੀਂ ਮਾਰਨਗੇ। ਉਹ ਇਹ ਸੋਚਣਗੇ ਕਿ ਮੈਂ ਤੇਰਾ ਭਰਾ ਹਾਂ, ਅਤੇ ਉਹ ਮੇਰੇ ਨਾਲ ਚੰਗਾ ਸਲੂਕ ਕਰਨਗੇ। ਇਸ ਤਰ੍ਹਾਂ ਕਰਨ ਨਾਲ ਤੂੰ ਮੇਰੀ ਜ਼ਿੰਦਗੀ ਬਚਾ ਸੱਕੇਂਗੀ।”
14 ਇਸ ਲਈ ਅਬਰਾਮ ਮਿਸਰ ਵਿੱਚ ਚੱਲਾ ਗਿਆ। ਮਿਸਰ ਦੇ ਲੋਕਾਂ ਨੇ ਦੇਖਿਆ ਕਿ ਸਾਰਈ ਬਹੁਤ ਖੂਬਸੂਰਤ ਔਰਤ ਸੀ। 15 ਕੁਝ ਮਿਸਰੀ ਆਗੂਆਂ ਨੇ ਵੀ ਉਸ ਨੂੰ ਦੇਖ ਲਿਆ। ਉਨ੍ਹਾਂ ਨੇ ਫਿਰਊਨ ਨੂੰ ਆਖਿਆ ਕਿ ਉਹ ਬਹੁਤ ਖੂਬਸੂਰਤ ਔਰਤ ਸੀ। ਉਹ ਆਗੂ ਸਾਰਈ ਨੂੰ ਫਿਰਊਨ ਦੇ ਘਰ ਲੈ ਗਏ। 16 ਫਿਰਊਨ ਅਬਰਾਮ ਤੇ ਦਯਾਲੂ ਸੀ ਕਿਉਂ ਕਿ ਉਸਦਾ ਖਿਆਲ ਸੀ ਕਿ ਅਬਰਾਮ ਸਾਰਈ ਦਾ ਭਰਾ ਸੀ। ਫਿਰਊਨ ਨੇ ਅਬਰਾਮ ਨੂੰ ਭੇਡਾਂ, ਡੰਗਰ ਅਤੇ ਖੋਤੇ ਦਿੱਤੇ। ਅਬਰਾਮ ਨੂੰ ਦਾਸ, ਦਾਸੀਆਂ ਅਤੇ ਊਠ ਵੀ ਮਿਲੇ।
17 ਫਿਰਊਨ ਨੇ ਅਬਰਾਮ ਦੀ ਪਤਨੀ ਨੂੰ ਹਾਸਿਲ ਕਰ ਲਿਆ। ਇਸ ਲਈ ਯਹੋਵਾਹ ਨੇ ਫਿਰਊਨ ਅਤੇ ਉਸ ਦੇ ਘਰ ਦੇ ਸਾਰੇ ਲੋਕਾਂ ਵੱਲ ਬਹੁਤ ਬੁਰੀਆਂ ਬਿਮਾਰੀਆਂ ਭੇਜੀਆਂ। 18 ਇਸ ਲਈ ਫਿਰਊਨ ਨੇ ਅਬਰਾਮ ਨੂੰ ਬੁਲਾਇਆ। ਫਿਰਊਨ ਨੇ ਆਖਿਆ, “ਤੂੰ ਮੇਰੇ ਨਾਲ ਬਹੁਤ ਬੁਰਾ ਸਲੂਕ ਕੀਤਾ ਹੈ!। ਤੂੰ ਮੈਨੂੰ ਇਹ ਨਹੀਂ ਦੱਸਿਆ ਕਿ ਸਾਰਈ ਤੇਰੀ ਪਤਨੀ ਸੀ! ਕਿਉਂ? 19 ਤੂੰ ਤਾਂ ਆਖਿਆ ਸੀ, ‘ਇਹ ਮੇਰੀ ਭੈਣ ਹੈ।’ ਤੂੰ ਇਹ ਗੱਲ ਕਿਉਂ ਆਖੀ? ਮੈਂ ਉਸ ਨੂੰ ਇਸ ਲਈ ਹਾਸਿਲ ਕੀਤਾ ਤਾਂ ਜੋ ਮੇਰੀ ਪਤਨੀ ਬਣ ਸੱਕੇ। ਪਰ ਹੁਣ ਮੈਂ ਤੈਨੂੰ ਤੇਰੀ ਪਤਨੀ ਵਾਪਸ ਦਿੰਦਾ ਹਾਂ। ਇਸ ਨੂੰ ਲੈ ਕੇ ਚੱਲਾ ਜਾਹ!” 20 ਫ਼ੇਰ ਫਿਰਊਨ ਨੇ ਆਪਣੇ ਆਦਮੀਆਂਂ ਨੂੰ ਹੁਕਮ ਦਿੱਤਾ ਕਿ ਅਬਰਾਮ ਨੂੰ ਮਿਸਰ ਵਿੱਚੋਂ ਬਾਹਰ ਕੱਢ ਦੇਣ ਇਸ ਲਈ ਅਬਰਾਮ ਅਤੇ ਉਸਦੀ ਪਤਨੀ ਉਸ ਥਾਂ ਤੋਂ ਚੱਲੇ ਗਏ। ਅਤੇ ਉਹ ਆਪਣੇ ਨਾਲ ਆਪਣੀਆਂ ਚੀਜ਼ਾਂ ਵੀ ਲੈ ਗਏ।