ਪਰਮੇਸ਼ੁਰ ਦੀਆਂ ਅਸੀਸਾਂ ਵਿਸ਼ਵਾਸ ਰਾਹੀਂ ਮਿਲ ਸੱਕਦੀਆਂ
3
1 ਹੇ ਗਲਾਤੀਓ। ਅਸੀਂ ਤੁਹਾਡੀਆਂ ਅੱਖਾਂ ਸਾਹਮਣੇ ਵਿਆਖਿਆ ਕੀਤੀ ਕਿ ਕਿਵੇਂ ਯਿਸੂ ਮਸੀਹ ਨੂੰ ਸਲੀਬ ਦਿੱਤੀ ਗਈ ਸੀ। ਪਰ ਤੁਸੀਂ ਬਹੁਤ ਮੂਰਖ ਸੀ। ਤੁਸੀਂ ਕੁਝ ਲੋਕਾਂ ਦੀ ਚਲਾਕੀ ਦੇ ਸ਼ਿਕਾਰ ਬਣ ਗਏ।
2 ਮੈਨੂੰ ਇੱਕ ਗੱਲ ਦੱਸੋਂ ਕਿ ਤੁਸੀਂ ਪਵਿੱਤਰ ਆਤਮਾ ਨੂੰ ਕਿਵੇਂ ਪ੍ਰਾਪਤ ਕੀਤਾ? ਕੀ ਤੁਸੀਂ ਨੇਮ ਦਾ ਅਨੁਸਰਣ ਕਰਕੇ ਪਵਿੱਤਰ ਆਤਮਾ ਨੂੰ ਪ੍ਰਾਪਤ ਕੀਤਾ? ਨਹੀਂ! ਤੁਸੀਂ ਆਤਮਾ ਇਸ ਲਈ ਪ੍ਰਾਪਤ ਕੀਤਾ ਸੀ ਕਿਉਂਕਿ ਤੁਸਾਂ ਖੁਸ਼ਖਬਰੀ ਸੁਣੀ ਉਸ ਵਿੱਚ ਵਿਸ਼ਵਾਸ ਵੀ ਕੀਤਾ।
3 ਤੁਸੀਂ ਮਸੀਹ ਵਿੱਚ ਆਪਣਾ ਜੀਵਨ ਆਤਮਾ ਨਾਲ ਸ਼ੁਰੂ ਕੀਤਾ। ਕੀ ਹੁਣ ਤੁਸੀਂ ਇਸ ਨੂੰ ਆਪਣੀ ਤਾਕਤ ਨਾਲ ਜਾਰੀ ਰੱਖਣ ਦੀ ਕੋਸ਼ਿਸ਼ ਕਰ ਰਹੇ ਹੋ? ਇਹ ਮੂਰੱਖਤਾ ਹੈ।
4 ਤੁਸੀਂ ਬਹੁਤ ਗੱਲਾਂ ਅਨੁਭਵ ਕੀਤੀਆਂ ਹਨ। ਕੀ ਇਹ ਸਾਰੇ ਅਨੁਭਵ ਜਾਇਆ ਹੋ ਗਏ? ਮੈਨੂੰ ਉਮੀਦ ਹੈ ਕਿ ਉਹ ਅਨੁਭਵ ਬੇਕਾਰ ਨਹੀਂ ਹੋਏ।
5 ਕੀ ਪਰਮੇਸ਼ੁਰ ਤੁਹਾਨੂੰ ਇਸ ਲਈ ਪਵਿੱਤਰ ਆਤਮਾ ਪ੍ਰਦਾਨ ਕਰਦਾ ਹੈ ਕਿ ਤੁਸੀਂ ਨੇਮ ਉੱਤੇ ਚੱਲਦੇ ਹੋ? ਨਹੀਂ! ਕੀ ਪਰਮੇਸ਼ੁਰ ਤੁਹਾਨੂੰ ਕਰਿਸ਼ਮੇ ਇਸ ਲਈ ਦਿਖਾਉਂਦਾ ਹੈ ਕਿ ਤੁਸੀਂ ਨੇਮ ਉੱਤੇ ਚੱਲਦੇ ਹੋ? ਨਹੀਂ! ਪਰਮੇਸ਼ੁਰ ਤੁਹਾਨੂੰ ਆਪਣਾ ਆਤਮਾ ਇਸ ਲਈ ਪ੍ਰਦਾਨ ਕਰਦਾ ਹੈ ਅਤੇ ਕਰਿਸ਼ਮੇ ਕਰਦਾ ਹੈ ਕਿਉਂਕਿ ਤੁਸੀਂ ਖੁਸ਼ਖਬਰੀ ਨੂੰ ਸੁਣਿਆ ਹੈ ਅਤੇ ਉਸ ਉੱਤੇ ਯਕੀਨ ਕੀਤਾ ਹੈ।
6 ਪੋਥੀਆਂ ਅਬਰਾਹਾਮ ਬਾਰੇ ਵੀ ਇਹੀ ਆਖਦੀਆਂ ਹਨ। “ਅਬਰਾਹਾਮ ਨੇ ਪਰਮੇਸ਼ੁਰ ਵਿੱਚ ਵਿਸ਼ਵਾਸ ਕੀਤਾ। ਅਤੇ ਪਰਮੇਸ਼ੁਰ ਨੇ ਅਬਰਾਹਾਮ ਦੇ ਵਿਸ਼ਵਾਸ ਨੂੰ ਪ੍ਰਵਾਨ ਕੀਤਾ। ਉਸ ਨੇ ਅਬਰਾਹਾਮ ਨੂੰ ਧਰਮੀ ਬਣਾਇਆ।”
7 ਇਸ ਲਈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਨ੍ਹਾਂ ਨੂੰ ਨਿਹਚਾ ਹੈ ਉਹ ਅਬਰਾਹਾਮ ਦੀ ਸੱਚੀ ਔਲਾਦ ਹਨ।
8 ਪੋਥੀਆਂ ਨੇ ਆਖਿਆ ਕਿ ਭਵਿੱਖ ਵਿੱਚ ਕੀ ਵਾਪਰੇਗਾ। ਇਨ੍ਹਾਂ ਲਿਖਤਾਂ ਨੇ ਆਖਿਆ ਕਿ ਪਰਮੇਸ਼ੁਰ ਗੈਰ ਯਹੂਦੀਆਂ ਨੂੰ ਉਨ੍ਹਾਂ ਦੇ ਵਿਸ਼ਵਾਸ ਦੁਆਰਾ ਧਰਮੀ ਬਣਾਵੇਗਾ। ਅਬਰਾਹਾਮ ਨੂੰ ਇਹ ਖੁਸ਼ਖਬਰੀ ਇਸਦੇ ਵਾਪਰਨ ਤੋਂ ਪਹਿਲਾਂ ਹੀ ਦੱਸ ਦਿੱਤੀ ਗਈ ਸੀ: ਪਰਮੇਸ਼ੁਰ ਨੇ ਅਬਰਾਹਾਮ ਨੂੰ ਕਿਹਾ, “ਮੈਂ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਤੇਰੇ ਰਾਹੀਂ ਅਸੀਸਾਂ ਦੇਵਾਂਗਾ।”
9 ਅਬਰਾਹਾਮ ਨੇ ਇਸ ਉੱਪਰ ਵਿਸ਼ਵਾਸ ਕੀਤਾ। ਕਿਉਂਕਿ ਅਬਰਾਹਾਮ ਨੇ ਵਿਸ਼ਵਾਸ ਕੀਤਾ ਕਿ ਉਸ ਉੱਤੇ ਪਰਮੇਸ਼ੁਰ ਦੀ ਮਿਹਰ ਹੋਈ ਹੈ। ਅੱਜ ਵੀ ਇਹੋ ਗੱਲ ਹੈ। ਸਾਰੇ ਲੋਕ, ਜਿਨ੍ਹਾਂ ਨੂੰ ਵਿਸ਼ਵਾਸ ਹੈ, ਉਵੇਂ ਹੀ ਅਸੀਸ ਦਿੱਤੀ ਗਈ ਹੈ ਜਿਵੇਂ ਅਬਰਾਹਾਮ ਨੂੰ ਦਿੱਤੀ ਗਈ ਸੀ।
10 ਪਰ ਜਿਹੜੇ ਲੋਕ ਧਰਮੀ ਬਨਣ ਲਈ ਨੇਮ ਉੱਤੇ ਨਿਰਭਰ ਕਰਦੇ ਹਨ ਉਹ ਸਰਾਪੇ ਹੋਏ ਹਨ। ਕਿਉਂ? ਕਿਉਂਕਿ ਪੋਥੀਆਂ ਆਖਦੀਆਂ ਹਨ, “ਇੱਕ ਵਿਅਕਤੀ ਨੂੰ ਉਹ ਸਭ ਕੁਝ ਕਰਨਾ ਚਾਹੀਦਾ ਹੈ ਜੋ ਨੇਮ ਵਿੱਚ ਲਿਖਿਆ ਹੋਇਆ ਹੈ। ਜੋ ਉਹ ਹਮੇਸ਼ਾ ਇਸਦਾ ਪਾਲਣ ਨਹੀਂ ਕਰਦਾ ਤਾਂ ਉਹ ਵਿਅਕਤੀ ਸਰਾਪਿਆ ਹੋਇਆ ਹੈ।”
11 ਇਸੇ ਲਈ ਇਹ ਬਹੁਤ ਸਪੱਸ਼ਟ ਹੈ ਕਿ ਨੇਮ ਦੁਆਰਾ ਕੋਈ ਵੀ ਧਰਮੀ ਨਹੀਂ ਬਣਾਇਆ ਜਾ ਸੱਕਦਾ। ਪੋਥੀਆਂ ਆਖਦੀਆਂ ਹਨ, “ਜਿਹੜਾ ਵਿਅਕਤੀ ਪਰਮੇਸ਼ੁਰ ਨਾਲ ਉਸਦੀ ਨਿਹਚਾ ਕਾਰਣ ਧਰਮੀ ਹੈ ਉਹ ਸਦਾ ਜੀਵੇਗਾ।”
12 ਨੇਮ ਵਿਸ਼ਵਾਸ ਦੀ ਵਰਤੋਂ ਨਹੀਂ ਕਰਦਾ ਇਹ ਵੱਖਰਾ ਢੰਗ ਅਪਨਾਉਂਦਾ ਹੈ। ਨੇਮ ਆਖਦਾ ਹੈ: ਜਿਹੜਾ, “ਵਿਅਕਤੀ ਨੇਮਾਂ ਦਾ ਅਨੁਸਰਣ ਕਰਕੇ ਜੀਵਨ ਪਾਉਣਾ ਚਾਹੁੰਦਾ ਹੈ ਉਸ ਨੂੰ ਉਹ ਸਭ ਗੱਲਾਂ ਕਰਨੀਆਂ ਚਾਹੀਦੀਆਂ ਹਨ ਜੋ ਨੇਮ ਆਖਦਾ ਹੈ।”
13 ਨੇਮ ਨੇ ਸਾਡੇ ਉੱਪਰ ਇੱਕ ਸਰਾਪ ਰੱਖ ਦਿੱਤਾ। ਪਰ ਮਸੀਹ ਨੇ ਉਸ ਸਰਾਪ ਨੂੰ ਦੂਰ ਕਰ ਦਿੱਤਾ ਹੈ। ਉਸ ਨੇ ਸਾਡੇ ਨਾਲ ਆਪਣੀ ਥਾਂ ਬਦਲ ਲਈ। ਮਸੀਹ ਨੇ ਉਹ ਸਰਾਪ ਆਪਣੇ ਆਪ ਉੱਪਰ ਲੈ ਲਿਆ। ਪੋਥੀਆਂ ਵਿੱਚ ਇਹ ਲਿਖਿਆ ਹੈ, “ਜੇ ਕਿਸੇ ਵਿਅਕਤੀ ਦੇ ਸਰੀਰ ਨੂੰ ਰੁੱਖ ਉੱਤੇ ਲਟਕਾਇਆ ਜਾਂਦਾ ਹੈ ਤਾਂ ਉਹ ਵਿਅਕਤੀ ਸਰਾਪ ਹੇਠਾਂ ਹੁੰਦਾ ਹੈ।”
14 ਯਿਸੂ ਮਸੀਹ ਨੇ ਅਜਿਹਾ ਇਸ ਲਈ ਕੀਤਾ ਤਾਂ ਜੋ ਸਾਰੇ ਲੋਕਾਂ ਨੂੰ ਪਰਮੇਸ਼ੁਰ ਦੀ ਅਸੀਸ ਮਿਲ ਸੱਕੇ, ਪਰਮੇਸ਼ੁਰ ਨੇ ਇਸ ਅਸੀਸ ਦਾ ਵਚਨ ਅਬਰਾਹਾਮ ਨੂੰ ਦਿੱਤਾ ਸੀ। ਇਹੀ ਅਸੀਸ ਯਿਸੂ ਮਸੀਹ ਰਾਹੀਂ ਆਉਂਦੀ ਹੈ। ਯਿਸੂ ਇਸ ਲਈ ਕੁਰਬਾਨ ਹੋਇਆ ਕਿ ਅਸੀਂ ਉਸ ਪਵਿੱਤਰ ਆਤਮਾ ਨੂੰ ਪ੍ਰਾਪਤ ਕਰ ਸੱਕੀਏ ਜਿਸਦਾ ਪਰਮੇਸ਼ੁਰ ਨੇ ਵਾਇਦਾ ਕੀਤਾ ਸੀ। ਇਹ ਵਾਇਦਾ ਸਾਡੇ ਵਿਸ਼ਵਾਸ ਕਾਰਣ ਸਾਨੂੰ ਪ੍ਰਾਪਤ ਹੋਇਆ ਹੈ।
ਨੇਮ ਅਤੇ ਵਾਇਦਾ
15 ਭਰਾਵੋ ਅਤੇ ਭੈਣੋ ਮੈਂ ਤੁਹਾਨੂੰ ਇੱਕ ਉਦਾਹਰਣ ਦਿੰਦਾ ਹਾਂ। ਇੱਕ ਕਰਾਰ ਬਾਰੇ ਸੋਚੋ ਜੋ ਇੱਕ ਵਿਅਕਤੀ ਲਿਖਦਾ ਹੈ। ਜਦੋਂ ਇਹ ਕਰਾਰ ਕਾਨੂੰਨੀ ਹੁੰਦਾ ਹੈ, ਤਾਂ ਕੋਈ ਵੀ ਇਸ ਨੂੰ ਰੱਦ ਨਹੀਂ ਕਰ ਸੱਕਦਾ ਤੇ ਨਾ ਹੀ ਉਸ ਵਿੱਚ ਕੁਝ ਜੋੜ ਸੱਕਦਾ ਹੈ। ਅਤੇ ਕੋਈ ਵਿਅਕਤੀ ਉਸ ਇਕਰਾਰਨਾਮੇ ਨੂੰ ਅਣਡਿੱਠ ਨਹੀਂ ਕਰ ਸੱਕਦਾ।
16 ਪਰਮੇਸ਼ੁਰ ਨੇ ਅਬਰਾਹਾਮ ਨੂੰ ਅਤੇ ਉਸਦੀ ਔਲਾਦ ਨਾਲ ਵਾਇਦੇ ਕੀਤੇ। ਪਰਮੇਸ਼ੁਰ ਨੇ ਇਹ ਨਹੀਂ ਆਖਿਆ, “ਅਤੇ ਤੁਹਾਡੀਆਂ ਔਲਾਦਾਂ ਨੂੰ।” ਉਸਦਾ ਅਰਥ ਬਹੁਤ ਸਾਰੇ ਲੋਕ ਹੋ ਸੱਕਦਾ ਹੈ। ਇਸਦੀ ਜਗ਼੍ਹਾ ਪਰਮੇਸ਼ੁਰ ਨੇ ਆਖਿਆ, “ਅਤੇ ਤੁਹਾਡੀ ਔਲਾਦ ਨੂੰ।” ਇਸਦਾ ਅਰਥ ਹੈ ਕੇਵਲ ਇੱਕ ਵਿਅਕਤੀ; ਅਤੇ ਉਹ ਮਸੀਹ ਹੈ।
17 ਮੇਰਾ ਕਹਿਣ ਦਾ ਭਾਵ ਇਹ ਹੈ ਕਿ; ਜਿਹੜਾ ਕਰਾਰ ਪਰਮੇਸ਼ੁਰ ਨੇ ਅਬਰਾਹਾਮ ਨੂੰ ਦਿੱਤਾ ਜੋ ਨੇਮ ਦੇਣ ਤੋਂ ਬਹੁਤ ਸਮਾਂ ਪਹਿਲਾਂ ਕਾਨੂੰਨੀ ਬਣ ਗਿਆ ਸੀ। ਨੇਮ 430 ਵਰ੍ਹੇ ਬਾਦ ਵਿੱਚ ਆਇਆ। ਇਸ ਲਈ ਨੇਮ ‘ਕਰਾਰ’ ਨੂੰ ਰੱਦ ਕਰਨ ਦੇ ਯੋਗ ਨਹੀਂ ਸੀ ਅਤੇ ਨਾ ਹੀ ਪਰਮੇਸ਼ੁਰ ਦੇ ਅਬਰਾਹਾਮ ਨੂੰ ਦਿੱਤੇ ਵਾਇਦੇ ਨੂੰ ਰੱਦ ਕਰਨ ਯੋਗ ਸੀ।
18 ਕੀ ਨੇਮ ਦੀ ਪਾਲਣਾ ਕਰਨਾ ਸਾਨੂੰ ਉਹ ਚੀਜ਼ਾਂ ਪ੍ਰਦਾਨ ਕਰ ਸੱਕਦਾ ਹੈ ਜਿਸਦਾ ਪਰਮੇਸ਼ੁਰ ਨੇ ਵਾਇਦਾ ਕੀਤਾ? ਨਹੀਂ! ਜੇ ਅਸੀਂ ਪਾਲਣਾ ਕਰਕੇ ਪ੍ਰਾਪਤ ਕਰ ਸੱਕਦੇ ਹੁੰਦੇ, ਤਾਂ ਉਹ ਪਰਮੇਸ਼ੁਰ ਦਾ ਵਾਇਦਾ ਨਹੀਂ ਜਿਹੜਾ ਸਾਨੂੰ ਉਹ ਚੀਜ਼ਾਂ ਪ੍ਰਦਾਨ ਕਰਦਾ ਹੈ। ਪਰੰਤੂ ਪਰਮੇਸ਼ੁਰ ਨੇ ਆਪਣੀਆਂ ਭਰਪੂਰ ਅਸੀਸਾਂ ਅਬਰਾਹਾਮ ਨੂੰ ਆਪਣੇ ਵਾਇਦੇ ਰਾਹੀਂ ਦਿੱਤੀਆਂ।
19 ਫ਼ੇਰ ਸ਼ਰ੍ਹਾ ਕਾਹਦੇ ਵਾਸਤੇ ਹੈ? ਨੇਮ ਲੋਕਾਂ ਦੀਆਂ ਕੀਤੀਆਂ ਬਦਕਾਰੀਆਂ ਨੂੰ ਉਜਾਗਰ ਕਰਨ ਲਈ ਦਿੱਤਾ ਸੀ। ਸ਼ਰ੍ਹਾ ਉਦੋਂ ਤੱਕ ਜਾਰੀ ਰਹੀ ਜਦੋਂ ਤੱਕ ਕਿ ਅਬਰਾਹਾਮ ਦੀ ਖਾਸ ਨਸਲ ਨਹੀਂ ਆਈ। ਪਰਮੇਸ਼ੁਰ ਦਾ ਵਾਇਦਾ ਇਸ ਖਾਸ ਉਲਾਦ ਨਾਲ ਸੰਬੰਧਿਤ ਸੀ। ਸ਼ਰ੍ਹਾ ਦੂਤਾਂ ਰਾਹੀਂ ਦਿੱਤੀ ਗਈ ਸੀ। ਦੂਤਾਂ ਨੇ ਲੋਕਾਂ ਤੱਕ ਸ਼ਰ੍ਹਾ ਪਹੁੰਚਾਉਣ ਲਈ ਮੂਸਾ ਨੂੰ ਵਿੱਚੋਲੇ ਦੀ ਤਰ੍ਹਾਂ ਇਸਤੇਮਾਲ ਕੀਤਾ।
20 ਪਰ ਜਦੋਂ ਕੇਵਲ ਇੱਕ ਧਿਰ ਹੁੰਦੀ ਹੈ ਤਾਂ ਵਿੱਚੋਲੇ ਦੀ ਕੋਈ ਲੋੜ ਨਹੀਂ ਹੁੰਦੀ, ਅਤੇ ਪਰਮੇਸ਼ੁਰ ਕੇਵਲ ਇੱਕ ਹੈ।
ਮੂਸਾ ਦੇ ਨੇਮ ਦਾ ਮੰਤਵ
21 ਕੀ ਇਸਦਾ ਇਹ ਅਰਥ ਹੈ ਕਿ ਨੇਮ ਪਰਮੇਸ਼ੁਰ ਦੇ ਵਾਇਦਿਆਂ ਦੇ ਬਰੱਖਿਲਾਫ਼ ਹੈ? ਨਹੀਂ। ਜੇਕਰ ਅਜਿਹੀ ਸ਼ਰ੍ਹਾ ਹੁੰਦੀ ਜਿਹੜੀ ਲੋਕਾਂ ਨੂੰ ਜੀਵਨ ਦੇ ਸੱਕਦੀ, ਫ਼ੇਰ ਅਸੀਂ ਬੇਸ਼ੱਕ ਉਸ ਸ਼ਰ੍ਹਾ ਦਾ ਅਨੁਸਰਣ ਕਰਕੇ ਧਰਮੀ ਬਣਾਏ ਜਾਂਦੇ।
22 ਪਰ ਇਹ ਸੱਚ ਨਹੀਂ ਹੈ, ਕਿਉਂਕਿ ਪੋਥੀਆਂ ਨੇ ਪਰਗਟ ਕੀਤਾ ਕਿ ਸਾਰੇ ਲੋਕੀਂ ਪਾਪ ਨਾਲ ਬੱਝੇ ਹੋਏ ਕੈਦੀ ਹਨ। ਪੋਥੀਆਂ ਨੇ ਇਹ ਕਿਉਂ ਪਰਗਟ ਕੀਤਾ? ਤਾਂ ਜੋ ਵਿਸ਼ਵਾਸ ਰਾਹੀਂ ਲੋਕਾਂ ਨੂੰ ਵਾਇਦਾ ਦਿੱਤਾ ਜਾ ਸੱਕੇ। ਇਹ ਵਾਇਦਾ ਲੋਕਾਂ ਨੂੰ ਯਿਸੂ ਮਸੀਹ ਵਿੱਚ ਵਿਸ਼ਵਾਸ ਕਰਨ ਲਈ ਦਿੱਤਾ ਗਿਆ ਹੈ।
23 ਇਸ ਵਿਸ਼ਵਾਸ ਦੇ ਆਉਣ ਤੋਂ ਪਹਿਲਾਂ ਅਸੀਂ ਸਾਰੇ ਨੇਮ ਦੇ ਕੈਦੀ ਬਣੇ ਹੋਏ ਸਾਂ ਅਤੇ ਨੇਮ ਦੀ ਨਿਗਰਾਨੀ ਹੇਠ ਸਾਂ। ਸਾਨੂੰ ਉਦੋਂ ਤੱਕ ਕੋਈ ਅਜ਼ਾਦੀ ਨਹੀਂ ਸੀ ਜਦੋਂ ਤੱਕ ਪਰਮੇਸ਼ੁਰ ਨੇ ਸਾਡੇ ਤੇ ਵਿਸ਼ਵਾਸ ਦਾ ਉਹ ਮਾਰਗ, ਪਰਗਟ ਨਹੀਂ ਕੀਤਾ, ਜਿਹੜਾ ਆ ਰਿਹਾ ਸੀ।
24 ਇਸੇ ਲਈ ਮਸੀਹ ਦੇ ਆਉਣ ਤੱਕ ਨੇਮ ਸਾਡਾ ਨਿਗਹਬਾਨ ਸੀ। ਮਸੀਹ ਦੇ ਆਉਣ ਤੋਂ ਮਗਰੋਂ ਅਸੀਂ ਵਿਸ਼ਵਾਸ ਰਾਹੀਂ ਪਰਮੇਸ਼ੁਰ ਨਾਲ ਧਰਮੀ ਬਣਾਏ ਜਾ ਸੱਕਾਂਗੇ।
25 ਹੁਣ ਵਿਸ਼ਵਾਸ ਦਾ ਮਾਰਗ ਆ ਚੁੱਕਿਆ ਹੈ। ਇਸੇ ਲਈ, ਅਸੀਂ ਹੁਣ ਨੇਮ ਦੇ ਨਿਯੰਤ੍ਰਣ ਹੇਠਾਂ ਨਹੀਂ ਜਿਉਂਦੇ।
26 ਤੁਸੀਂ ਸਾਰੇ ਮਸੀਹ ਯਿਸੂ ਵਿੱਚ ਇਸ ਨਿਹਚਾ ਦੁਆਰਾ ਪਰਮੇਸ਼ੁਰ ਦੇ ਬੱਚੇ ਹੋ।
27 ਕਿਉਂ ਕਿ ਤੁਹਾਨੂੰ ਸਾਰਿਆਂ ਨੂੰ ਮਸੀਹ ਅੰਦਰ ਬਪਤਿਸਮਾ ਦਿੱਤਾ ਗਿਆ ਹੈ ਅਤੇ ਤੁਸੀਂ ਆਪਣੇ ਆਪ ਨੂੰ ਮਸੀਹ ਨਾਲ ਢੱਕ ਲਿਆ ਹੈ।
28 ਹੁਣ, ਮਸੀਹ ਯਿਸੂ ਵਿੱਚ, ਯਹੂਦੀਆਂ ਅਤੇ ਯੂਨਾਨੀਆਂ ਵਿੱਚਕਾਰ ਵੀ ਕੋਈ ਫ਼ਰਕ ਨਹੀਂ। ਇੱਥੇ ਗੁਲਾਮਾਂ ਅਤੇ ਆਜ਼ਾਦਾਂ ਵਿੱਚਕਾਰ ਵੀ ਕੋਈ ਫ਼ਰਕ ਨਹੀਂ। ਨਰ ਅਤੇ ਮਾਦਾ ਵਿੱਚ ਕੋਈ ਫ਼ਰਕ ਨਹੀਂ ਹੈ। ਕਿਉਂ ਕਿ ਤੁਸੀਂ ਸਾਰੇ ਮਸੀਹ ਯਿਸੂ ਵਿੱਚ ਇੱਕ ਹੋ।
29 ਤੁਸੀਂ ਮਸੀਹ ਦੇ ਹੋ ਇਸ ਲਈ ਤੁਸੀਂ ਅਬਰਾਹਾਮ ਦੀ ਔਲਾਦ ਹੋ। ਤੁਸੀਂ ਸਾਰੇ ਪਰਮੇਸ਼ੁਰ ਦੇ ਅਬਰਾਹਾਮ ਨੂੰ ਵਾਇਦੇ ਕਾਰਣ ਪਰਮੇਸ਼ੁਰ ਦੀਆਂ ਅਸੀਸਾਂ ਪ੍ਰਾਪਤ ਕਰਦੇ ਹੋ।